ਟੱਲੇਵਾਲ, 20 ਜੁਲਾਈ (ਸੋਨੀ ਚੀਮਾ)-ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਪੰਜਾਬ ਵਲੋਂ ਪਾਵਰਕਾਮ ਦੇ ਹੈੱਡ ਆਫਿਸ ਪਟਿਆਲਾ ਵਿਖੇ ਵਿਸਾਲ ਰੋਸ ਪ੍ਰਦਰਸ਼ਨ ਅਤੇ ਧਰਨਾ 21 ਜੁਲਾਈ ਨੂੰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਵੈਦ ਨੇ ਦੱਸਿਆ ਕਿ ਕਿਹਾ ਕਿ ਆਊਟਸੋਰਸ ਕਰਮਚਾਰੀਆਂ ਨੂੰ ਮਹਿਕਮੇ ਵਿਚ ਸ਼ਾਮਿਲ ਕਰਨ ਸਬੰਧੀ ਬਣਾਈ ਗਈ ਨੀਤੀ ਨੂੰ ਲਾਗੂ ਕਰਵਾਉਣ ਲਈ ਸਮੂਹ ਸਪੋਟ ਬਿਲਿੰਗ ਕਾਮਿਆਂ ਵਲੋਂ 23 ਜੂਨ 2026 ਤੋਂ ਪੀ.ਐਸ.ਪੀ.ਸੀ.ਐਲ ਹੈੱਡ ਆਫ਼ਿਸ ਪਟਿਆਲਾ ਵਿਖੇ ਲਗਾਤਾਰ ਧਰਨਾ ਅਤੇ ਹੜਤਾਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 16 ਜੁਲਾਈ 2026 ਨੂੰ ਮਹਿਕਮੇ ਅਤੇ ਪ੍ਰਸ਼ਾਸਨ ਵਲੋਂ ਜਥੇਬੰਦੀ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਸੀ ਕਿ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ। ਇਸ ਭਰੋਸੇ ਦਾ ਸਨਮਾਨ ਕਰਦਿਆਂ ਜਥੇਬੰਦੀ ਨੇ ਆਪਣੀ ਹੜਤਾਲ ਅਸਥਾਈ ਤੌਰ ’ਤੇ ਸਮਾਪਤ ਕਰ ਦਿੱਤੀ ਅਤੇ ਮਹਿਕਮੇ ਨੂੰ ਲਿਖਤੀ ਰੂਪ ਵਿਚ ਸੂਚਿਤ ਕੀਤਾ ਕਿ ਸਮੂਹ ਮੀਟਰ ਰੀਡਰ ਅਤੇ ਸੁਪਰਵਾਈਜ਼ਰ ਤੁਰੰਤ ਡਿਊਟੀ ਸੰਭਾਲਣ ਲਈ ਤਿਆਰ ਹਨ। ਇਸ ਦੇ ਨਾਲ ਹੀ ਸਾਰੇ ਕਰਮਚਾਰੀਆਂ ਦੀਆਂ ਆਈਡੀਜ਼ ਤੁਰੰਤ ਐਕਟੀਵੇਟ ਕਰਨ ਦੀ ਵੀ ਮੰਗ ਕੀਤੀ ਗਈ। ਪਰ ਬਹੁਤ ਹੀ ਅਫ਼ਸੋਸ ਅਤੇ ਹੈਰਾਨੀ ਦੀ ਗੱਲ ਹੈ ਕਿ ਹੜਤਾਲ ਖ਼ਤਮ ਹੋਣ ਦੇ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਮੀਟਰ ਰੀਡਰ ਜਾਂ ਸੁਪਰਵਾਈਜ਼ਰ ਦੀ ਆਈਡੀ ਐਕਟੀਵੇਟ ਨਹੀਂ ਕੀਤੀ ਗਈ। ਇਸ ਕਾਰਨ ਪੂਰੇ ਪੰਜਾਬ ਵਿਚ ਸਪੋਟ ਬਿਲਿੰਗ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੰਬੰਧਤ ਕੰਪਨੀ ਜਾਣ-ਬੁੱਝ ਕੇ ਆਈਡੀਜ਼ ਐਕਟੀਵੇਟ ਨਹੀਂ ਕਰ ਰਹੀ ਅਤੇ ਪੰਜਾਬ ਸਰਕਾਰ ਦੀ ਬਣਾਈ ਨੀਤੀ ਨੂੰ ਲਾਗੂ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਬਾ ਪ੍ਰਧਾਨ ਲਖਵਿੰਦਰ ਸਿੰਘ ਵੈਦ ਨੇ ਕਿਹਾ ਕਿ ਜਦੋਂ ਜਥੇਬੰਦੀ ਨੇ ਆਪਣਾ ਵਾਅਦਾ ਨਿਭਾਉਂਦਿਆਂ ਕੰਮ ’ਤੇ ਵਾਪਸੀ ਕਰ ਲਈ ਹੈ ਤਾਂ ਹੁਣ ਕੰਪਨੀ ਅਤੇ ਸਬੰਧਿਤ ਅਧਿਕਾਰੀਆਂ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਅੱਜ ਪੀ.ਐਸ.ਪੀ.ਸੀ.ਐਲ ਨੂੰ ਹੋ ਰਿਹਾ ਕਰੋੜਾਂ ਰੁਪਏ ਦਾ ਰੈਵੇਨਿਊ ਨੁਕਸਾਨ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਨਹੀਂ, ਸਗੋਂ ਕੰਪਨੀ ਦੀ ਮਨਮਰਜ਼ੀ, ਲਾਪਰਵਾਹੀ ਅਤੇ ਆਪਣੇ ਨਿੱਜੀ ਹਿਤਾਂ ਦੀ ਰੱਖਿਆ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹੜਤਾਲ ਖ਼ਤਮ ਕੀਤੇ ਜਾਣ ਤੋਂ ਬਾਅਦ ਵੀ ਜਦੋਂ ਕਿਸੇ ਵੀ ਸਾਥੀ ਦੀ ਆਈਡੀ ਚਾਲੂ ਨਹੀਂ ਕੀਤੀ ਗਈ ਤਾਂ ਸਮੂਹ ਸਪੋਟ ਬਿਲਿੰਗ ਕਾਮਿਆਂ ਵਿਚ ਭਾਰੀ ਰੋਸ ਹੈ। ਇਸ ਲਈ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ 21 ਜੁਲਾਈ ਨੂੰ ਪੀ.ਐਸ.ਪੀ.ਸੀ.ਐਲ ਹੈੱਡ ਆਫ਼ਿਸ ਪਟਿਆਲਾ ਦੇ ਦੋਵੇਂ ਗੇਟਾਂ ’ਤੇ ਵਿਸ਼ਾਲ ਰੋਸ ਪ੍ਰਦਰਸ਼ਨ ਧਰਨਾ ਦਿੱਤਾ ਜਾਵੇਗਾ ਜਥੇਬੰਦੀ ਨੇ ਪੰਜਾਬ ਸਰਕਾਰ, ਮਹਿਕਮੇ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਵਿਚ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਪੂਰੀ ਜ਼ਿੰਮੇਵਾਰੀ ਮਹਿਕਮੇ ਅਤੇ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਜਥੇਬੰਦੀ ਨੇ ਸਮੂਹ ਸਾਥੀਆਂ ਨੂੰ ਵੱਡੀ ਗਿਣਤੀ ਵਿਚ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ।