ਮਹਿਲ ਕਲਾਂ, 20 ਜੁਲਾਈ (ਤਰਸੇਮ ਸਿੰਘ ਗਹਿਲ)-ਪਿੰਡ ਛੀਨੀਵਾਲ ਕਲਾਂ ਦੇ ਪੰਚਾਂ ਦਾ ਵਫ਼ਦ ਅੱਜ ਐਸ.ਡੀ.ਐਮ. ਤਪਾ ਨੂੰ ਮਿਲਿਆ ਅਤੇ ਗ੍ਰਾਮ ਪੰਚਾਇਤ ਛੀਨੀਵਾਲ ਕਲਾਂ ਦੇ ਪੰਚਾਇਤ ਫ਼ੰਡਾਂ ਦੀ ਹੋਈ ਦੁਰਵਰਤੋਂ ਕਰਨ ਵਾਲੇ ਆਹਲਾ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪੰਚਾਂ ਦੇ ਵਫ਼ਦ ਵਲੋਂ ਐਸ.ਡੀ.ਐਮ. ਤਪਾ ਨੂੰ ਦਿੱਤੇ ਮੰਗ-ਪੱਤਰ ਅਨੁਸਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਡਾਇਰੈਕਟਰ ਹੁਕਮਾਂ ਦੇ ਉਲਟ ਪ੍ਰਬੰਧਕ ਦੀ ਨਿਯੁਕਤੀ ਕੀਤੀ ਗਈ ਅਤੇ ਜਬਰੀ ਘੰਟਿਆਂ ਵਿਚ ਕਾਰਵਾਈ ਮੁਕੰਮਲ ਕਰ ਕੇ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਜੋ ਕੰਮ ਕਈ ਦਿਨਾਂ ਵਿਚ ਮੁਕੰਮਲ ਹੋਣਾ ਸੀ ਉਸ ਨੂੰ ਦਿਨਾਂ ਵਿਚ ਹੀ ਮੁਕੰਮਲ ਕਰ ਦਿੱਤਾ ਗਿਆ ਜੋ ਸਵਾਲਾਂ ਦੇ ਘੇਰੇ ਵਿਚ ਹੈ। ਪੰਚਾਂ ਦੇ ਵਫ਼ਦ ਨੇ ਕਿਹਾ ਕਿ ਬੀ.ਡੀ.ਪੀ.ਓ. ਵਲੋਂ ਪੰਚਾਂ ਨੂੰ ਲਿਖਤੀ ਵਿਸ਼ਵਾਸ ਦਿੱਤਾ ਸੀ ਕਿ ਕਿਸੇ ਵੀ ਤਰ੍ਹਾਂ ਗ੍ਰਾਮ ਪੰਚਾਇਤ ਦੇ ਪੰਚਾਂ ਨੂੰ ਅਣਗੌਲਿਆ ਕਰ ਕੇ ਕੋਈ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਪ੍ਰੰਤੂ ਹੈਰਾਨੀ ਦੀ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮਿਲੀ ਭੁਗਤ ਕਰ ਕੇ ਪਾਈਪ ਲਾਈਨ ਪਾਉਣ ਲਈ ਦੀ ਪਾਈਪ ਦੀ ਖ਼ਰੀਦੋ ਫ਼ਰੋਖ਼ਤ ਗਿੱਦੜਬਾਹਾ ਦੀ ਇਕ ਨਿੱਜੀ ਕੰਪਨੀ ਤੋਂ ਦੁੱਗਣੇ ਰੇਟਾਂ ’ਤੇ ਕਰ ਕੇ ਗ੍ਰਾਮ ਪੰਚਾਇਤ ਦੇ ਫ਼ੰਡਾਂ ਨੂੰ ਵੱਡਾ ਚੂਨਾ ਲਗਾ ਦਿੱਤਾ ਹੈ, ਜਿਸ ਨੂੰ ਗ੍ਰਾਮ ਪੰਚਾਇਤ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਮੇਂ ਪੰਚਾਂ ਵਲੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਐਸ.ਡੀ.ਐਮ. ਤਪਾ ਪਾਸੋਂ ਮੰਗ ਕੀਤੀ ਕਿ ਗ਼ਬਨ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਤੇ ਫ਼ੌਜਦਾਰੀ ਕਾਰਵਾਈ ਜਲਦ ਅਮਲ ਵਿਚ ਲਿਆਂਦੀ ਜਾਵੇ। ਪੰਚਾਂ ਦੇ ਮੰਗ ਪੱਤਰ ਰਾਹੀਂ ਐਸ.ਡੀ.ਐਮ. ਨੂੰ ਜਾਣੂ ਕਰਵਾਇਆ ਕਿ ਸਰਪੰਚ ਸੁਖਦੀਪ ਕੌਰ ਦੀ ਮੁਅੱਤਲੀ ਤੋਂ ਪਹਿਲਾਂ ਗ੍ਰਾਮ ਪੰਚਾਇਤ ਦੇ ਪੰਚਾਂ ਤੇ ਸਰਪੰਚ ਵਲੋਂ ਕੀਤੇ ਵਿਕਾਸ ਕਾਰਜਾਂ ਦੀ ਅਦਾਇਗੀ ਹਾਲੇ ਬਾਕੀ ਹੈ ਉਸ ਅਦਾਇਗੀ ਨੂੰ ਪੂਰਾ ਕਰਨ ਲਈ ਗ੍ਰਾਮ ਪੰਚਾਇਤ ਪਾਸ ਫ਼ੰਡਾਂ ਦੀ ਕਮੀ ਹੈ, ਜਿਸ ਨੂੰ ਪੂਰਾ ਕੀਤਾ ਜਾਵੇ ਅਤੇ ਹੋਏ ਵਿਕਾਸ ਕਾਰਜਾਂ ਦੀ ਅਦਾਇਗੀ ਵਰਤੋਂ ਸਰਟੀਫਿਕੇਟ ਅਮਲ ਵਿਚ ਲਿਆ ਕੇ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਪੰਚ ਬੇਅੰਤ ਸਿੰਘ, ਪੰਚ ਮਨਜੀਤ ਕੌਰ, ਪੰਚ ਅਮਰਜੀਤ ਕੌਰ, ਏਕਮ ਸਿੰਘ ਪੰਚ, ਕਿਰਨਪਾਲ ਕੌਰ ਪੰਚ, ਗੁਰਜੀਤ ਸਿੰਘ ਧਾਲੀਵਾਲ ਪੰਚ, ਸੰਦੀਪ ਕੌਰ ਪੰਚ, ਗੁਰਮੇਲ ਸਿੰਘ ਪੰਚ, ਪੰਚ ਹਰਜੀਤ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।