ਬਰਨਾਲਾ, 25 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਸਰੀਰਕ ਤੰਦਰੁਸਤੀ, ਮਾਨਸਿਕ ਸਿਹਤ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਵਿਖੇ ਅਤਿ-ਆਧੁਨਿਕ ਵਿਸ਼ਵ ਪੱਧਰੀ ਸਪੋਰਟਸ ਕੰਪਲੈਕਸ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਸਪੋਰਟਸ ਕੰਪਲੈਕਸ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਖੇਡ ਸਹੂਲਤਾਂ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਖਿਡਾਰੀ ਬਣਨ ਲਈ ਪ੍ਰੇਰਿਤ ਕਰੇਗਾ। ਸੰਸਥਾ ਦੇ ਚੇਅਰਮੈਨ ਆਰ. ਕੇ. ਗੁਪਤਾ ਨੇ ਦੱਸਿਆ ਕਿ ਨਵੇਂ ਸਪੋਰਟਸ ਕੰਪਲੈਕਸ ਵਿਚ 3 ਪਿਕਲਬਾਲ ਕੋਰਟ, 3 ਬੈਡਮਿੰਟਨ ਕੋਰਟ, 1 ਵਾਲੀਬਾਲ ਕੋਰਟ, 1 ਬਾਸਕਟਬਾਲ ਕੋਰਟ, 1 ਟੈਨਿਸ ਕੋਰਟ ਅਤੇ ਇੱਕ ਸ਼ਾਨਦਾਰ ਓਪਨ ਏਅਰ ਥੀਏਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਕੰਪਲੈਕਸ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ, ਸਾਹਿਤਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਵੀ ਇੱਕ ਆਧੁਨਿਕ ਅਤੇ ਬਹੁ-ਉਦੇਸ਼ੀ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਸਪੋਰਟਸ ਕੰਪਲੈਕਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਅਤਿ-ਆਧੁਨਿਕ ਪਿਕਲਬਾਲ ਅਰੀਨਾ ਹੋਵੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਇਸ ਖੇਡ ਦੀ ਮਿਆਰੀ ਸਿਖਲਾਈ ਅਤੇ ਅਭਿਆਸ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਸਪੋਰਟਸ ਕੰਪਲੈਕਸ ਵਿਚ ਬਣਾਇਆ ਜਾ ਰਿਹਾ ਓਪਨ ਏਅਰ ਥੀਏਟਰ ਵਿਦਿਆਰਥੀਆਂ ਲਈ ਸੱਭਿਆਚਾਰਕ ਸਮਾਗਮਾਂ, ਯੁਵਾ ਉਤਸਵਾਂ, ਨਾਟਕਾਂ, ਸੰਗੀਤਕ ਪ੍ਰੋਗਰਾਮਾਂ, ਸੈਮੀਨਾਰਾਂ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਦਾ ਇੱਕ ਆਧੁਨਿਕ ਕੇਂਦਰ ਹੋਵੇਗਾ। ਸੰਸਥਾ ਦੇ ਵਾਈਸ ਚੇਅਰਮੈਨ ਰਣਜੀਵ ਮੰਗਲਾ, ਜਨਰਲ ਸਕੱਤਰ ਵਿੱਕੀ ਸਿੰਗਲਾ, ਜੁਆਇੰਟ ਸਕੱਤਰ ਇੰਦਰਪਾਲ ਗੋਇਲ, ਖ਼ਜ਼ਾਨਚੀ ਅਸ਼ਵਨੀ ਸਿੰਗਲਾ, ਵਧੀਕ ਸਕੱਤਰ ਮੋਹਿਤ ਮੰਗਲਾ, ਕਾਰਜਕਾਰੀ ਮੈਂਬਰ ਹਰਭਜਨ ਸਿੰਘ ਅਤੇ ਸੰਸਥਾ ਦੇ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਕਿਹਾ ਕਿ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਸਪੋਰਟਸ ਕੰਪਲੈਕਸ ਭਵਿੱਖ ਵਿਚ ਖੇਡ ਪ੍ਰੇਮੀਆਂ ਲਈ ਇੱਕ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੇਗਾ ਅਤੇ ਵਿਦਿਆਰਥੀਆਂ ਨੂੰ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਉੱਚ ਪੱਧਰੀ ਮੰਚ ਪ੍ਰਦਾਨ ਕਰੇਗਾ। ਇਸ ਮੌਕੇ ਡੀਨ ਅਕਾਦਮਿਕ ਡਾ. ਭਾਵੇਤ ਗਰਗ, ਡੀਨ ਇੰਜੀਨੀਅਰਿੰਗ ਰਜਨੀਸ਼ ਨਰੂਲਾ, ਡਾ. ਜਸ਼ਨਜੋਤ ਸਿੰਘ (ਮੁਖੀ, ਕਾਮਰਸ ਅਤੇ ਮੈਨੇਜਮੈਂਟ ਵਿਭਾਗ), ਸ੍ਰੀਮਤੀ ਭਾਵੁਕਤਾ ਸ਼ਰਮਾ (ਮੁਖੀ, ਆਰਟਸ ਅਤੇ ਹਿਊਮੈਨਿਟੀਜ਼ ਵਿਭਾਗ), ਵਿਜੈ ਕੁਮਾਰ (ਆਈ.ਕਿਊ.ਏ.ਸੀ. ਕੋਆਰਡੀਨੇਟਰ ਅਤੇ ਮੁਖੀ, ਮਕੈਨੀਕਲ ਇੰਜੀਨੀਅਰਿੰਗ ਵਿਭਾਗ), ਚਤਿੰਦਰ ਸਿੰਘ (ਮੁਖੀ, ਮਾਰਕੀਟਿੰਗ ਵਿਭਾਗ), ਜਤਿੰਦਰ ਦਹੀਆ (ਅਕਾਊਂਟਸ ਅਫ਼ਸਰ), ਕੁਲਦੀਪ ਸਿੰਘ (ਮੁਖੀ, ਡਿਸਟੈਂਸ ਐਂਡ ਓਪਨ ਲਰਨਿੰਗ), ਸ੍ਰੀਮਤੀ ਕੁਲਵਿੰਦਰ ਕੌਰ, ਸ੍ਰੀਮਤੀ ਕਮਲਜੀਤ ਕੌਰ (ਮੁਖੀ, ਐਡਮਿਸ਼ਨ ਸੈੱਲ) ਵੀ ਹਾਜ਼ਰ ਸਨ।