09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਆਮ ਆਦਮੀ ਕਲੀਨਿਕ (ਅਰੋਗਿਆ ਕੇਂਦਰ) ਦੇ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ

Ad Position 21
No active advertisement
ਅਜੀਤ ਡੈਸਕ 28-07-2026
ਬਰਨਾਲਾ, 27 ਜੁਲਾਈ (ਨਰਿੰਦਰ ਅਰੋੜਾ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ, ਜਿਨ੍ਹਾਂ ਦਾ ਨਵਾਂ ਨਾਮ ਅਰੋਗਿਆ ਕੇਂਦਰ ਰੱਖਿਆ ਗਿਆ ਹੈ, ਵਿਚ ਸੇਵਾਵਾਂ ਨਿਭਾ ਰਹੇ ਮੈਡੀਕਲ ਅਫ਼ਸਰਾਂ, ਫਾਰਮਾਸਿਸਟਾਂ ਅਤੇ ਕਲੀਨਿਕਲ ਅਸਿਸਟੈਂਟਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ। ਹੜਤਾਲ ਦੇ ਪਹਿਲੇ ਹੀ ਦਿਨ ਬਰਨਾਲਾ ਜ਼ਿਲ੍ਹੇ ਦੇ ਜ਼ਿਆਦਾਤਰ ਆਮ ਆਦਮੀ ਕਲੀਨਿਕਾਂ ਵਿਚ ਸਿਹਤ ਸੇਵਾਵਾਂ ਠੱਪ ਰਹੀਆਂ, ਜਿਸ ਕਾਰਨ ਇਲਾਜ ਲਈ ਪਹੁੰਚੇ ਮਰੀਜ਼ਾਂ ਨੂੰ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕਾਂ ਨੂੰ ਬਿਨਾਂ ਇਲਾਜ ਕਰਵਾਏ ਹੀ ਵਾਪਸ ਪਰਤਣਾ ਪਿਆ। ਹੜਤਾਲ ਆਮ ਆਦਮੀ ਕਲੀਨਿਕ ਸਾਂਝਾ ਫ਼ਰੰਟ, ਪੰਜਾਬ ਦੇ ਸੱਦੇ ’ਤੇ ਕੀਤੀ ਜਾ ਰਹੀ ਹੈ। ਇਸ ਤਹਿਤ ਬਰਨਾਲਾ ਦੇ ਸਿਹਤ ਕਰਮਚਾਰੀਆਂ ਨੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ ਅਤੇ ਸਿਵਲ ਸਰਜਨ ਬਰਨਾਲਾ ਰਾਹੀਂ ਪੰਜਾਬ ਸਰਕਾਰ ਦੇ ਨਾਂਅ ਮੰਗ-ਪੱਤਰ ਵੀ ਸੌਂਪਿਆ। ਕਰਮਚਾਰੀਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਮ ਲੋਕਾਂ ਨੂੰ ਮੁਫ਼ਤ ਅਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਪਰ ਸਰਕਾਰ ਵਲੋਂ ਉਨ੍ਹਾਂ ਦੀ ਨੌਕਰੀ ਦੀ ਸੁਰੱਖਿਆ, ਤਨਖ਼ਾਹ ਅਤੇ ਹੋਰ ਸਹੂਲਤਾਂ ਸਬੰਧੀ ਕੋਈ ਠੋਸ ਫ਼ੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਕਈ ਵਾਰ ਸਰਕਾਰ ਦੇ ਧਿਆਨ ਵਿਚ ਇਹ ਮਸਲੇ ਲਿਆਂਦੇ ਗਏ ਹਨ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਇਸ ਲਈ ਮਜਬੂਰਨ ਉਨ੍ਹਾਂ ਨੂੰ ਅਣਮਿਥੇ ਸਮੇਂ ਲਈ ਹੜਤਾਲ ਦਾ ਰਾਹ ਅਪਣਾਉਣਾ ਪਿਆ ਹੈ। ਮੁੱਖ ਮੰਗਾਂ ਕਰਮਚਾਰੀਆਂ ਨੇ ਸਰਕਾਰ ਅੱਗੇ ਹੇਠ ਲਿਖੀਆਂ ਮੰਗਾਂ ਰੱਖੀਆਂ—ਸਮੂਹ ਕਰਮਚਾਰੀਆਂ ਨੂੰ ਇਨ ਪੈਨਲ ਪ੍ਰਣਾਲੀ ਤੋਂ ਹਟਾ ਕੇ ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ਼ ਹੈਲਥ ਸਰਵਿਸਿਜ਼ (ਡੀ.ਐਚ.ਐਸ.) ਅਧੀਨ ਰੈਗੂਲਰ ਕੀਤਾ ਜਾਵੇ ਅਤੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਮੈਡੀਕਲ ਅਫ਼ਸਰਾਂ ਨੂੰ 80 ਰੁਪਏ ਪ੍ਰਤੀ ਮਰੀਜ਼ ਅਤੇ ਕਲੀਨਿਕਲ ਅਸਿਸਟੈਂਟਾਂ ਨੂੰ 25 ਰੁਪਏ ਪ੍ਰਤੀ ਮਰੀਜ਼ ਇੰਨਸੈਂਟਿਵ ਦਿੱਤਾ ਜਾਵੇ, ਕਲੀਨਿਕਲ ਅਸਿਸਟੈਂਟਾਂ ਦੀ ਵਿੱਦਿਅਕ ਯੋਗਤਾ ਏ.ਐਨ.ਐਮ. ਹੋਣ ਕਰ ਕੇ ਉਨ੍ਹਾਂ ਦਾ ਅਹੁਦਾ ਵੀ ਏ.ਐਨ.ਐਮ. ਵਜੋਂ ਦਰਜ ਕੀਤਾ ਜਾਵੇ, ਭਵਿੱਖ ਵਿਚ ਹੋਣ ਵਾਲੀਆਂ ਸਰਕਾਰੀ ਭਰਤੀਆਂ ਵਿਚ ਆਮ ਆਦਮੀ ਕਲੀਨਿਕਾਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਤਜਰਬੇ ਦੇ ਅੰਕ ਦਿੱਤੇ ਜਾਣ ਅਤੇ ਉਮਰ ਸੀਮਾ ਵਿਚ ਛੋਟ ਪ੍ਰਦਾਨ ਕੀਤੀ ਜਾਵੇ, ਹਰ ਸਾਲ 15 ਕੈਜ਼ੂਅਲ ਲੀਵ, ਮੈਡੀਕਲ ਲੀਵ ਅਤੇ ਹੋਰ ਸਰਕਾਰੀ ਛੁੱਟੀਆਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ, ਕਰਮਚਾਰੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਸਵੀਕਾਰ ਨਾ ਕੀਤਾ ਤਾਂ ਪੰਜਾਬ ਪੱਧਰ ’ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਡਾ: ਯਸ਼ ਗੋਇਲ, ਡਾ: ਲਵੀਸ਼, ਡਾ: ਹਰਪ੍ਰੀਤ, ਡਾ: ਅਮਰਵੀਰ, ਡਾ: ਚਾਰੂ ਸਿੰਗਲਾ, ਡਾ: ਗੀਤਾਂਜਲੀ, ਡਾ: ਵਿਕਰਮ, ਡਾ: ਪੁਸ਼ਪਿੰਦਰ, ਫਾਰਮਾਸਿਸਟ ਦਿਲਦੀਪ, ਜਗਦੀਪ, ਮੁਕੇਸ਼, ਮਨਪ੍ਰੀਤ, ਗੁਰਪ੍ਰੀਤ, ਹੀਨਾ, ਗੁਰਕੀਰਨ, ਜਸਪ੍ਰੀਤ, ਪ੍ਰਿੰਸ ਅਤੇ ਕਲੀਨਿਕਲ ਅਸਿਸਟੈਂਟ ਰਾਜਵੀਰ ਕੌਰ, ਰੂਪਨਦੀਪ, ਜਸਦੀਪ, ਲਵਪ੍ਰੀਤ ਕੌਰ, ਅਮਨਦੀਪ, ਗਗਨਦੀਪ, ਕਮਲਦੀਪ, ਹਰਪ੍ਰੀਤ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਰਮੀ ਦੇ ਸਤਾਏ ਸ਼ਹਿਰ ਵਾਸੀਆਂ ਨੇ ਤਪਾ ਗਰਿੱਡ ਵਿਖੇ ਇਕੱਠੇ ਹੋ ਕੇ ਸੂਬਾ ਸਰਕਾਰ ਅਤੇ ਵਿਭਾਗ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਖ਼ੂਨਦਾਨ ਕੈਂਪ 2 ਨੂੰ
Ad Position 24