09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗਰਮੀ ਦੇ ਸਤਾਏ ਸ਼ਹਿਰ ਵਾਸੀਆਂ ਨੇ ਤਪਾ ਗਰਿੱਡ ਵਿਖੇ ਇਕੱਠੇ ਹੋ ਕੇ ਸੂਬਾ ਸਰਕਾਰ ਅਤੇ ਵਿਭਾਗ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 28-07-2026
ਤਪਾ ਮੰਡੀ, 27 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਿਜਲੀ ਵਿਭਾਗ ਦੇ ਕਰਮਚਾਰੀ ਜਿੱਥੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੇ ਹਨ, ਉੱਥੇ ਦੂਜੇ ਪਾਸੇ ਇਸ ਦਾ ਖ਼ਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੋਗਣਾ ਪੈ ਰਿਹਾ ਹੈ। ਬੀਤੀ ਰਾਤ ਤਪਾ ਗਰਿੱਡ ’ਚ ਕੋਈ ਨੁਕਸ ਪੈਣ ’ਤੇ ਵਿਭਾਗ ਵਲੋਂ ਕੋਈ ਹੱਲ ਨਾ ਹੁੰਦਾ ਦੇਖ ਰੋਹ ’ਚ ਆਏ ਸ਼ਹਿਰ ਵਾਸੀਆਂ ਨੇ ਸੂਬਾ ਸਰਕਾਰਾਂ ਤੇ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠੇ ਹੋਏ ਸ਼ਹਿਰ ਵਾਸੀਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਅੱਜ ਪੰਜਾਬ ਅੰਦਰ ਸਫ਼ਾਈ ਕਰਮਚਾਰੀ, ਬਿਜਲੀ ਮੁਲਾਜ਼ਮ, ਮਨਿਸਟਰੀਅਲ ਕਾਮੇ ਤੋਂ ਲੈ ਕੇ ਹਰ ਇੱਕ ਮਹਿਕਮਾ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਜਾ ਰਿਹਾ ਹੈ, ਪ੍ਰੰਤੂ ਇਸ ਵਿਚ ਆਮ ਲੋਕਾਂ ਦਾ ਕੀ ਕਸੂਰ ਹੈ, ਜਿਨ੍ਹਾਂ ਨੂੰ ਬਿਨਾਂ ਕਿਸੇ ਮਤਲਬ ਤੋਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਜਦਕਿ ਸਰਕਾਰ ਦੀਆਂ ਨਾਕਾਮੀਆਂ ਦਾ ਖ਼ਮਿਆਜ਼ਾ ਵੀ ਆਮ ਲੋਕਾਂ ਨੂੰ ਭੋਗਣਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਬਿਜਲੀ ਗਰਿੱਡ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਗਰਿੱਡ ਅੰਦਰ ਕੋਈ ਨੁਕਸ ਪੈ ਜਾਂਦਾ ਹੈ ਤਾਂ ਉਸ ਨੂੰ ਦਰੁਸਤ ਕਰਨ ਲਈ ਕੋਈ ਵੀ ਮੁਲਾਜ਼ਮ ਮੌਕੇ ’ਤੇ ਨਹੀਂ ਹੁੰਦਾ। ਜਿਸ ਕਰ ਕੇ ਗਰਮੀ ਕਾਰਨ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਬੁਰਾ ਹਾਲ ਹੋ ਜਾਂਦਾ ਹੈ। ਜਦੋਂ ਲੋਕ ਆਪਣੀ ਸਮੱਸਿਆ ਲੈ ਕੇ ਬਿਜਲੀ ਘਰ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਹੜਤਾਲ ਦਾ ਹਵਾਲਾ ਦੇ ਕੇ ਕੋਈ ਠੋਸ ਜਵਾਬ ਨਹੀਂ ਦਿੱਤਾ ਜਾਂਦਾ। ਬਿਜਲੀ ਨਾ ਹੋਣ ਕਾਰਨ ਘਰਾਂ ’ਚ ਪਾਣੀ ਨਹੀਂ ਆ ਰਿਹਾ, ਇਨਵਰਟਰ ਵੀ ਜਵਾਬ ਦੇ ਚੁੱਕੇ ਹਨ ਤੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਖ਼ਾਸ ਕਰ ਕੇ ਬਜ਼ੁਰਗਾਂ, ਬੱਚਿਆਂ ਅਤੇ ਮਰੀਜ਼ਾਂ ਦੀ ਹਾਲਤ ਹੋਰ ਵੀ ਨਾਜ਼ੁਕ ਬਣ ਗਈ ਹੈ। ਇਸ ਤੋਂ ਇਲਾਵਾ ਫ਼ਰਿਜਾਂ ਵਿਚ ਰੱਖਿਆ ਦੁੱਧ, ਦਵਾਈਆਂ ਅਤੇ ਹੋਰ ਜ਼ਰੂਰੀ ਖਾਣ-ਪੀਣ ਦਾ ਸਮਾਨ ਵੀ ਖ਼ਰਾਬ ਹੋਣ ਲੱਗਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਅਗਰ ਹਰ ਇੱਕ ਮਹਿਕਮਾ ਆਪਣੀਆਂ ਮੰਗਾਂ ਨੂੰ ਲੈ ਕੇ ਇੰਜ ਹੜਤਾਲ ਕਰੇਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਅੰਦਰ ਹਰ ਵਰਗ ਦੇ ਕੀਰਤੀ ਲੋਕ ਵੀ ਆਪੋ ਆਪਣੇ ਕਾਰੋਬਾਰ ਬੰਦ ਕਰ ਕੇ ਸੜਕਾਂ ’ਤੇ ਨਿਕਲਣ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ’ਤੇ ਸਾਰੇ ਸਫ਼ਾਈ ਸੇਵਕਾਂ ਨੂੰ ਕੀਤਾ ਜਾਵੇਗਾ ਪੱਕਾ-ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਆਮ ਆਦਮੀ ਕਲੀਨਿਕ (ਅਰੋਗਿਆ ਕੇਂਦਰ) ਦੇ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ
Ad Position 24