ਬਰਨਾਲਾ, 30 ਜੁਲਾਈ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਬਰਨਾਲਾ ਵਿਖੇ ਸਫ਼ਾਈ ਕਰਮੀਆਂ ਉੱਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਸਫ਼ਾਈ ਸੇਵਕਾਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਸ਼ਹਿਰ ਬਰਨਾਲਾ ਦੇ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਸਫ਼ਾਈ ਸੇਵਕ ਯੂਨੀਅਨ ਵਲੋਂ ਸ਼ਹਿਰ ਵਿਚ ਕੱਢੇ ਗਏ ਰੋਸ ਮਾਰਚ ਦੌਰਾਨ ਵੱਖ-ਵੱਖ ਰਾਜਨੀਤਕ ਪਾਰਟੀਆਂ, ਕਿਸਾਨ-ਮਜ਼ਦੂਰ ਯੂਨੀਅਨਾਂ, ਮੁਲਾਜ਼ਮ, ਵਪਾਰਕ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਬੰਦ ਦਾ ਪੂਰਨ ਤੌਰ ’ਤੇ ਸਮਰਥਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ ਨੂੰ ਪੁਲਿਸ ਤੋਂ ਬੁਰੀ ਤਰ੍ਹਾਂ ਕੁਟਵਾਉਣਾ ਅਤੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨਾ ਸਿੱਧੇ ਤੌਰ ’ਤੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ ਕਿ ਕਿਸ ਤਰ੍ਹਾਂ ਅਜੇ ਵੀ ਸਬੰਧਿਤ ਪੁਲਿਸ ਅਧਿਕਾਰੀਆਂ ਦਾ ਬਚਾਅ ਕੀਤਾ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਮਹਿਜ਼ ਡਰਾਮਾ ਹੈ। ਜਿਨ੍ਹਾਂ ਚਿਰ ਉਨ੍ਹਾਂ ਨੂੰ ਬਰਖ਼ਾਸਤ ਕਰ ਕੇ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ ਹੈ, ਉਨ੍ਹਾਂ ਚਿਰ ਪੀੜ੍ਹਤ ਸਫ਼ਾਈ ਸੇਵਕਾਂ ਨੂੰ ਇਨਸਾਫ਼ ਨਹੀਂ ਮਿਲੇਗਾ। ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ, ਆਗੂ ਵਿਕਰਮ ਵਿੱਕੀ ਅਤੇ ਹੋਰ ਅਹੁਦੇਦਾਰਾਂ ਨੇ ਅੱਜ ਦੇ ਬੰਦ ਅਤੇ ਸੰਘਰਸ਼ ਵਿਚ ਸਾਥ ਦੇਣ ਲਈ ਸਮੂਹ ਜਥੇਬੰਦੀਆਂ ਅਤੇ ਬਰਨਾਲਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਪੱਕਾ ਕਰਨ ਸਮੇਤ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਡੀ.ਐਸ.ਪੀ. ਤੇ ਐਸ.ਐਚ.ਓ. ਨੂੰ ਬਰਖ਼ਾਸਤ ਕਰ ਕੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ਼ ਨਹੀਂ ਕੀਤਾ ਜਾਂਦਾ, ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਰੋਸ ਮਾਰਚ ਵਿਚ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਵਰੁਣ ਬੱਤਾ, ਕੈਪਟਨ ਭੁਪਿੰਦਰ ਸਿੰਘ ਝਲੂਰ, ਬਜਰੰਗ ਦਲ ਤੋਂ ਨੀਲਮਣੀ ਸਮਾਧੀਆ, ਭਾਜਪਾ ਆਗੂ ਮੋਨੂੰ ਗੋਇਲ, ਮਨੀਸ਼ ਕੁਮਾਰ, ਸ਼ਿਵ ਚੰਦ ਸਿੰਗਲਾ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰੈਣ ਦੱਤ, ਬਸਪਾ ਤੋਂ ਜ਼ਿਲ੍ਹਾ ਪ੍ਰਧਾਨ ਡਾ: ਸਰਬਜੀਤ ਸਿੰਘ ਖੇੜੀ, ਸੀ.ਪੀ.ਆੲਂੀ. ਤੋਂ ਕਾਮਰੇਡ ਖੁਸ਼ੀਆ ਸਿੰਘ, ਜਮਹੂਰੀ ਅਧਿਕਾਰ ਸਭਾ ਤੋਂ ਹਰਚਰਨ ਸਿੰਘ ਚੰਨਾ, ਗੁਰਮੀਤ ਸਿੰਘ ਸੁਖਪੁਰਾ, ਦੀ ਕਲਾਸ ਫੌਰ ਇੰਪਲਾਈਜ਼ ਯੂਨੀਅਨ ਤੋਂ ਰਮੇਸ਼ ਕੁਮਾਰ ਹਮਦਰਦ, ਭਾਕਿਯੂ ਏਕਤਾ ਉਗਰਾਹਾਂ, ਭਾਕਿਯੂ ਏਕਤਾ ਡਕੌਂਦਾ, ਮੁਲਾਜ਼ਮ ਜਥੇਬੰਦੀਆਂ ਵਲੋਂ ਕਰਮਜੀਤ ਸਿੰਘ ਬੀਹਲਾ, ਦਰਸ਼ਨ ਸਿੰਘ ਚੀਮਾ, ਅਨਿਲ ਕੁਮਾਰ ਤੋਂ ਇਲਾਵਾ ਸੱਤਪਾਲ ਰਿੰਕੂ, ਵਿਨੈ ਕੁਮਾਰ, ਮੁਕੇਸ਼ ਕੁਮਾਰ, ਸੰਜੇ ਕੁਮਾਰ, ਮੰਗਤ ਰਾਮ ਸਮੇਤ ਵੱਡੀ ਗਿਣਤੀ ਵਿਚ ਸਫ਼ਾਈ ਸੇਵਕ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਧਨੌਲਾ ਵਿਚ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਹੁੰਗਾਰਾ
ਧਨੌਲਾ, (ਜਤਿੰਦਰ ਸਿੰਘ ਧਨੌਲਾ)-ਦੀ ਪੰਜਾਬ ਮਿਊਂਸੀਪਲ ਆਊਟਸੋਰਸ ਯੂਨੀਅਨ ਪੰਜਾਬ ਅਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਅੱਜ ਦੁਪਹਿਰ ਤੱਕ ਮੰਡੀ ਦੀਆਂ ਤਕਰੀਬਨ ਸਮੁੱਚੀਆਂ ਦੁਕਾਨਾਂ ਬੰਦ ਰਹੀਆਂ। ਮੰਡੀ ਦੇ ਉੱਘੇ ਕਾਰੋਬਾਰੀ ਰਿੰਪਲ ਬਾਂਸਲ ਤੇ ਜਗਦੀਪ ਦਾਸ ਨੇ ਕਿਹਾ ਕਿ ਅਸੀਂ ਤਾਂ ਹਰ ਭਾਈਚਾਰੇ ਦਾ ਡਟ ਕੇ ਸਾਥ ਦਿੰਦੇ ਹਾਂ। ਪ੍ਰੰਤੂ ਜਦੋਂ ਅਸੀਂ ਨਿਕਾਸੀ ਪਾਣੀ ਦੀ ਮਾਰ ਹੇਠ ਗ਼ੁਰਬਤ ਦੀ ਜੂਨ ਹੰਢਾ ਰਹੇ ਹੁੰਦੇ ਹਾਂ ਤਾਂ ਕਈ ਵਾਰ ਸਾਡੀ ਵਿਥਿਆ ਸੁਣਨ ਤੋਂ ਕਰਮਚਾਰੀ ਕੰਨੀ ਕਤਰਾ ਜਾਂਦੇ ਹਨ। ਉਕਤ ਜਥੇਬੰਦਕਾਂ ਨੇ ਆਖਿਆ ਕਿ ਆਪਸੀ ਭਾਈਚਾਰਕ ਸਾਂਝ ਗੂੜ੍ਹੀ ਰੱਖਣ ਲਈ ਇਹ ਜ਼ਰੂਰੀ ਹੈ ਕਿ ਸਭ ਇੱਕ ਦੂਜੇ ਦੀ ਤਕਲੀਫ਼ ਮੌਕੇ ਡਟ ਕੇ ਸਾਥ ਦੇਣ।
(ਬਾਕੀ ਸਫਾ 11 ’ਤੇ)
ਸਫ਼ਾਈ ਸੇਵਕਾਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ’ਤੇ ਬਰਨਾਲਾ ਦੇ ਬਾਜ਼ਾਰ ਰਹੇ ਪੂਰੀ ਤਰ੍ਹਾਂ ਬੰਦ
ਅਜੀਤ ਡੈਸਕ
31-07-2026