ਬੀ.ਐੱਸ.ਐੱਨ.ਐੱਲ. ਵਲੋਂ ਮੈਗਾ ਮੇਲਾ, ਲੋਕਾਂ ਨੂੰ ਨਵੀਆਂ ਸੇਵਾਵਾਂ ਤੇ ਵਿਸ਼ੇਸ਼ ਸਕੀਮਾਂ ਬਾਰੇ ਕੀਤਾ ਜਾਗਰੂਕ
ਮਹਿਲ ਕਲਾਂ, 14 ਅਗਸਤ (ਅਵਤਾਰ ਸਿੰਘ ਅਣਖੀ)-ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ.
ਮਹਿਲ ਕਲਾਂ, 14 ਅਗਸਤ (ਅਵਤਾਰ ਸਿੰਘ ਅਣਖੀ)-ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐਲ.) ਮਹਿਲ ਕਲਾਂ ਵਲੋਂ ਬੀ.ਬੀ.ਐਮ. ਯਾਦਵਿੰਦਰ ਸਿੰਘ ਵਜੀਦਕੇ, ਇੰਚਾਰਜ ਮਹਿਲ ਕਲਾਂ ਦੀ ਅਗਵਾਈ ਹੇਠ ਬੀ.ਐੱਸ.ਐੱਨ.ਐਲ. ਮੈਗਾ ਮੇਲਾ ਲਗਾਇਆ ਗਿਆ। ਇਸ ਮੌਕੇ ਲੋਕਾਂ ਨੂੰ ਬੀ.ਐੱਸ.ਐੱਨ.ਐਲ. ਦੇ ਨਵੇਂ ਸਿਮ ਕਾਰਡ, ਹਾਈ ਸਪੀਡ ਇੰਟਰਨੈੱਟ ਅਤੇ ਵੱਖ-ਵੱਖ ਪਲਾਨਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਅਤੇ ਨਵੇਂ ਸਿਮ ਕਾਰਡ ਮੁਫ਼ਤ ਵੰਡੇ ਗਏ। ਮੈਗਾ ਮੇਲੇ ਵਿਚ ਡੀ.ਜੀ.ਐਮ. ਰਾਜਪਾਲ ਦਾਹੀਆ, ਏ.ਜੀ.ਐਮ. ਸੰਦੀਪ ਕੁਮਾਰ, ਐੱਸ.ਡੀ.ਈ. ਅਜੈ ਕੁਮਾਰ ਅਤੇ ਜੇ.ਟੀ.ਓ. ਰਵਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਅਧਿਕਾਰੀ ਯਾਦਵਿੰਦਰ ਸਿੰਘ ਵਜੀਦਕੇ ਨੇ ਦੱਸਿਆ ਕਿ 15 ਅਗਸਤ ਆਜ਼ਾਦੀ ਦਿਵਸ ਮੌਕੇ ਬੀ.ਐੱਸ.ਐੱਨ.ਐਲ. ਵਲੋਂ ਆਪਣੇ ਗਾਹਕਾਂ ਅਤੇ ਆਮ ਲੋਕਾਂ ਲਈ ਵਿਸ਼ੇਸ਼ ਆਫ਼ਰ ਦਿੱਤੇ ਜਾ ਰਹੇ ਹਨ, ਜਿਨ੍ਹਾਂ ਤਹਿਤ ਮੁਫ਼ਤ ਸਕਿਉਰਿਟੀ, ਮੁਫ਼ਤ ਇੰਸਟਾਲੇਸ਼ਨ ਅਤੇ ਮੁਫ਼ਤ ਮੌਡਮ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਹਰ ਮਹੀਨੇ ਦੀਆਂ ਮੁਫ਼ਤ ਸੇਵਾਵਾਂ, ਸਸਤੇ ਪਲਾਨ, ਓ.ਟੀ.ਟੀ. ਅਕਾਊਂਟ, ਅਨਲਿਮਟਡ ਕਾਲਿੰਗ ਅਤੇ ਅਨਲਿਮਟਡ ਡਾਟਾ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਨ.ਐਲ. ਆਪਣੇ ਗਾਹਕਾਂ ਨੂੰ ਬਿਹਤਰ ਕਾਲ ਕੁਆਲਿਟੀ, ਸਾਫ਼ ਆਵਾਜ਼, ਹਰ ਨੈੱਟਵਰਕ ਨਾਲ ਕਨੈਕਟੀਵਿਟੀ, ਤੇਜ਼ ਇੰਟਰਨੈੱਟ ਅਤੇ ਭਰੋਸੇਮੰਦ ਸਰਕਾਰੀ ਦੂਰ ਸੰਚਾਰ ਸੇਵਾ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਸ ਮੌਕੇ ਸਰਪੰਚ ਕਿਰਨਾ ਰਾਣੀ ਬਾਂਸਲ ਅਤੇ ਯੂਥ ਆਗੂ ਅਰੁਣ ਕੁਮਾਰ ਨੇ ਬੀ.ਐੱਸ.ਐੱਨ.ਐਲ. ਦੇ ਅਧਿਕਾਰੀਆਂ ਅਤੇ ਸਮੁੱਚੇ ਸਟਾਫ਼ ਨੂੰ ਵਿਸ਼ਵਾਸ ਦਿਵਾਇਆ ਕਿ ਇਲਾਕੇ ਵਿਚ ਸੇਵਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਗ੍ਰਾਮ ਪੰਚਾਇਤ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਸੁਖਜੀਤ ਸਿੰਘ, ਆਤਮਾ ਸਿੰਘ, ਗੁਰਜੰਟ ਸਿੰਘ ਅਤੇ ਬਲਪ੍ਰੀਤ ਸਿੰਘ ਆਦਿ ਹਾਜ਼ਰ ਸਨ।