ਮਹਾਨ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਨੂੰ ਪਿੰਡ ਭਕਨਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੀ ਵਿੱਦਿਆ ਤਾਂ ਪ੍ਰਾਇਮਰੀ ਤੱਕ ਸੀ ਪਰ ਰਾਜਨੀਤੀ ਦੀ ਖ਼ਾਸੀ ਸੂਝ-ਬੂਝ ਸੀ। ਮਨੁੱਖ ਨੂੰ ਪਰਖਣ ਤੇ ਹਾਲਾਤ ਦਾ ਜਾਇਜ਼ਾ ਲੈਣ ਵਾਸਤੇ ਵੀ ਉਹ ਤਿੱਖੀ ਸਮਝ ਰੱਖਦੇ ਸਨ। ਬਾਬਾ ਸੋਹਣ ਸਿੰਘ ਭਕਨਾ 1909 'ਚ ਅਮਰੀਕਾ ਪਹੁੰਚੇ। ਉਸ ਵਕਤ ਅਮਰੀਕਾ ਦੇ ਮਜ਼ਦੂਰਾਂ 'ਚ ਬੇਚੈਨੀ ਸੀ ਕਿਉਂਕਿ ਗ਼ੈਰ-ਮੁਲਕੀ ਮਜ਼ਦੂਰ ਸਸਤੀ ਮਜ਼ਦੂਰੀ ਲੈ ਕੇ ਕਾਰਖਾਨਿਆਂ ਅਤੇ ਖੇਤਾਂ 'ਚ ਕੰਮ ਕਰਨ ਲੱਗ ਜਾਂਦੇ ਸਨ ਤੇ ਅਮਰੀਕੀ ਮਜ਼ਦੂਰਾਂ ਦੀ ਮਜ਼ਦੂਰੀ ਖੁਸ ਜਾਂਦੀ ਸੀ। ਅਮਰੀਕਨ ਮਜ਼ਦੂਰ ਇਹ ਗੁੱਸਾ ਹਿੰਦੀ ਕਾਮਿਆਂ 'ਤੇ ਹੋਟਲਾਂ, ਰੇਲ ਗੱਡੀਆਂ, ਸੈਰਗਾਹਾਂ ਤੇ ਸਿਨੇਮਿਆਂ ਆਦਿ 'ਚ ਭੱਦੇ ਸ਼ਬਦ ਬੋਲ ਕੇ ਕੱਢਦੇ ਸਨ।
ਅਮਰੀਕੀਆਂ ਦੇ ਇਸ ਨਫ਼ਰਤ ਦੇ ਦੌਰ 'ਚ ਹਿੰਦੀ ਕਿਰਤੀਆਂ ਦਾ ਆਸਟੋਰੀਆ ਵਿਖੇ ਭਾਈ ਕੇਸਰ ਸਿੰਘ ਠੱਠਗੜ੍ਹ ਦੇ ਡੇਰੇ 'ਚ 21 ਅਪ੍ਰੈਲ, 1913 ਨੂੰ ਇਕੱਠ ਹੋਇਆ, ਜਿਸ ਵਿਚ ਬਾਬਾ ਸੋਹਣ ਸਿੰਘ ਭਕਨਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਹਿੰਦੀਆਂ ਦੀ ਇਸ ਸੰਸਥਾ ਨੂੰ ਬਾਅਦ 'ਚ ਗ਼ਦਰ ਪਾਰਟੀ ਦੇ ਨਾਂਅ ਨਾਲ ਜਾਣਿਆ ਗਿਆ। ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਕਾਮਾਗਾਟਾਮਾਰੂ ਜਹਾਜ਼ ਰਾਹੀਂ ਹਿੰਦ ਦੇ ਮੁਸਾਫ਼ਰ ਕੈਨੇਡਾ ਦੀ ਧਰਤੀ 'ਤੇ ਲਿਆਂਦੇ ਪਰ ਹਕੂਮਤ ਨੇ ਜਹਾਜ਼ ਸਮੁੰਦਰ ਦੇ ਕੰਢੇ ਤੇ ਲੱਗਣ ਨਾ ਦਿੱਤਾ। ਮੁਸਾਫ਼ਰਾਂ ਨੂੰ ਜਹਾਜ਼ ਚੋਂ ਉਤਰਨ ਲਈ ਕਾਮਯਾਬੀ ਨਾ ਮਿਲੀ। ਸਮਝੌਤੇ ਤਹਿਤ ਜਹਾਜ਼ ਵਾਪਸ ਆ ਗਿਆ। ਮੁਸਾਫ਼ਰਾਂ ਦੇ ਗੁੱਸੇ ਦਾ ਫ਼ਾਇਦਾ ਲੈ ਕੇ ਉਨ੍ਹਾਂ ਨੂੰ ਗਦਰ ਪਾਰਟੀ ਨਾਲ ਜੋੜਨ ਲਈ ਬਾਬਾ ਸੋਹਣ ਸਿੰਘ ਭਕਨਾ 21 ਜੁਲਾਈ, 1914 ਨੂੰ ਸਾਨਫਰਾਂਸਿਸਕੋ ਤੋਂ ਕਾਮਾਗਾਟਾਮਾਰੂ ਮੁਸਾਫ਼ਰਾਂ ਨੂੰ ਮਿਲਣ ਚਲੇ ਗਏ। ਫ਼ੈਸਲੇ ਅਨੁਸਾਰ ਕਰਤਾਰ ਸਿੰਘ ਸਰਾਭਾ ਬਾਬੇ ਭਕਨੇ ਵਾਲੇ ਜਹਾਜ਼ 'ਚ ਹਥਿਆਰਾਂ ਦੀਆਂ ਪੇਟੀਆਂ ਤੇ ਗੋਲੀ-ਸਿੱਕਾ ਪਹੁੰਚਾ ਦਿੰਦਾ ਹੈ। ਜਾਪਾਨ ਦੇ ਸ਼ਹਿਰ ਯੋਕੋਹਾਮਾ 'ਚ ਬਾਬਾ ਸੋਹਣ ਸਿੰਘ ਭਕਨਾ ਦਾ ਪਾਰਟੀ ਨੇ ਠਹਿਰਨ ਦਾ ਇੰਤਜ਼ਾਮ ਕੀਤਾ ਸੀ। ਬਾਬਾ ਭਕਨਾ ਦੇ ਸੱਦਣ 'ਤੇ ਕਾਮਾਗਾਟਾਮਾਰੂ ਜਹਾਜ਼ ਕਮੇਟੀ ਦਾ ਸੈਕਟਰੀ ਰਾਇ ਸਿੰਘ ਤੇ ਹਰਨਾਮ ਸਿੰਘ ਕਮੇਟੀ ਮੈਂਬਰ ਹੋਟਲ 'ਚ ਆਏ। ਉਸੇ ਦਿਨ ਤਰਕਾਲਾਂ ਨੂੰ ਬਾਬਾ ਸੋਹਣ ਸਿੰਘ ਭਕਨਾ ਜਹਾਜ਼ ਵਿਚ ਗਏ ਤੇ ਸਾਰਾ ਕੁਝ ਮੁਸਾਫ਼ਰਾਂ ਨੂੰ ਸਮਝਾ ਆਏ।
ਸੰਸਾਰ ਜੰਗ ਲੱਗਣ ਉਪਰੰਤ ਕਰਤਾਰ ਸਿੰਘ ਸਰਾਭਾ ਬਾਬਾ ਸੋਹਣ ਸਿੰਘ ਭਕਨਾ ਨੂੰ ਜਾਪਾਨ ਮਿਲਿਆ ਅਤੇ ਪਾਰਟੀ ਦੇ ਪ੍ਰੋਗਰਾਮ ਬਾਰੇ ਦੱਸਿਆ ਕਿ ਪਾਰਟੀ ਦੇ ਸਾਰੇ ਜ਼ਿੰਮੇਵਾਰ ਪਿਛਲੇ ਜਹਾਜ਼ਾਂ 'ਚ ਗ਼ਦਰ ਕਰਨ ਲਈ ਹਿੰਦੁਸਤਾਨ ਪਹੁੰਚ ਰਹੇ ਹਨ। ਬਾਬਾ ਸੋਹਣ ਸਿੰਘ ਭਕਨਾ ਨੇ ਕਿਹਾ, 'ਮੈਂ ਸਮਝਦਾ ਹਾਂ ਕਿ ਪਾਰਟੀ ਦੇ ਜ਼ਿੰਮੇਵਾਰਾਂ ਨੇ ਬਹੁਤ ਗਲਤੀ ਕੀਤੀ ਹੈ ਕਿ ਇਕਦਮ ਹੀ ਸੈਂਟਰ ਛੱਡ ਕੇ ਸਾਰਿਆਂ ਦਾ ਤੁਰ ਪੈਣਾ ਠੀਕ ਨਹੀਂ ਸੀ। ਕੇਂਦਰੀ ਦਫ਼ਤਰ ਨੂੰ ਕਿਸੇ ਜ਼ਿੰਮੇਵਾਰ ਤੇ ਇਤਬਾਰੀ ਦੇ ਹੱਥ ਸੌਂਪਣਾ ਚਾਹੀਦਾ ਸੀ।' ਇਸ ਗਲਤੀ ਦਾ ਨਤੀਜਾ ਇਹ ਨਿਕਲਿਆ ਕਿ ਰਾਮ ਚੰਦ ਵਰਗੇ ਗ਼ਦਾਰ ਦੇ ਹੱਥ ਦਫ਼ਤਰ ਆ ਗਿਆ।
ਬਾਬਾ ਸੋਹਣ ਸਿੰਘ ਭਕਨਾ ਦਾ ਜਹਾਜ਼ 14 ਅਕਤੂਬਰ, 1914 ਨੂੰ ਕਲਕੱਤਾ ਬੰਦਰਗਾਹ 'ਤੇ ਪਹੁੰਚਿਆ ਤਾਂ ਅੰਗਰੇਜ਼ੀ ਹਕੂਮਤ ਨੇ ਬਾਬਾ ਸੋਹਣ ਸਿੰਘ ਭਕਨਾ, ਬਖ਼ਤਾਵਰ ਸਿੰਘ ਤੇ ਜਵੰਦ ਸਿੰਘ ਕਪੂਰਥਲਾ ਨੂੰ ਗ੍ਰਿਫ਼ਤਾਰ ਕਰਕੇ ਲੁਧਿਆਣਾ ਲਿਆਂਦਾ ਤੇ ਫਿਰ ਮੁਲਤਾਨ ਜੇਲ੍ਹ 'ਚ ਬੰਦ ਕਰ ਦਿੱਤਾ। ਬਾਬਾ ਸੋਹਣ ਸਿੰਘ ਭਕਨਾ ਅਨੁਸਾਰ, 'ਮੈਨੂੰ ਮੁਲਤਾਨ ਜੇਲ੍ਹ 'ਚ ਫਾਂਸੀ ਘਰ ਦੇ ਸਾਹਮਣੇ ਇਸ ਲਈ ਬੰਦ ਕੀਤਾ ਗਿਆ ਸੀ ਕਿ ਮੇਰੇ ਦਿਲ 'ਤੇ ਫਾਂਸੀ ਦਾ ਭੈਅ ਛਾ ਜਾਵੇ ਪਰ ਨਤੀਜਾ ਬਿਲਕੁਲ ਇਸ ਦੇ ਉਲਟ ਨਿਕਲਿਆ, ਜਦ ਮੈਂ ਇਖਲਾਕੀ ਕੈਦੀਆਂ ਨੂੰ ਫਾਂਸੀ ਲਗਦਿਆਂ ਵੇਖਿਆ ਕਿ ਉਹ ਕਿਸ ਤਰ੍ਹਾਂ ਫਾਂਸੀ ਵੱਲ ਜਾਣ ਸਮੇਂ ਆਖਰੀ ਨਾਅਰੇ ਲਗਾਉਂਦੇ ਜਾਂਦੇ ਹਨ ਤੇ ਫਾਂਸੀ ਦੇ ਤਖ਼ਤੇ 'ਤੇ ਖਲੋ ਕੇ ਮੈਜਿਸਟ੍ਰੇਟ ਦਾ ਆਖਰੀ ਹੁਕਮ ਸੁਣ ਕੇ ਇਕੋ ਝਟਕੇ ਨਾਲ ਫਾਂਸੀ 'ਤੇ ਲਟਕ ਕੇ ਹਮੇਸ਼ਾ ਲਈ ਸੌਂ ਜਾਂਦੇ ਹਨ। ਇਹ ਵੇਖ ਕੇ ਮੇਰਾ ਦਿਲ ਪਹਿਲਾਂ ਨਾਲੋਂ ਵੀ ਮਜ਼ਬੂਤ ਤੇ ਬੇਖ਼ੌਫ਼ ਹੋ ਗਿਆ।'
ਬਾਬਾ ਸੋਹਣ ਸਿੰਘ ਭਕਨਾ ਨੂੰ 25 ਨਵੰਬਰ, 1915 ਨੂੰ 15 ਹੋਰ ਦੇਸ਼ ਭਗਤਾਂ ਸਮੇਤ ਕਾਲੇਪਾਣੀ ਦੀ ਜੇਲ੍ਹ ਭੇਜ ਦਿੱਤਾ ਗਿਆ। ਬਾਬਾ ਸੋਹਣ ਸਿੰਘ ਭਕਨਾ ਤੇ ਬਾਕੀ ਗ਼ਦਰੀਆਂ ਨੇ ਜੇਲ੍ਹ 'ਚ ਚੰਗੀ ਖ਼ੁਰਾਕ ਤੇ ਰਾਜਸੀ ਕੈਦੀਆਂ ਵਾਲੇ ਹੱਕ ਲੈਣ ਲਈ ਸਿਰੜੀ ਘੋਲ ਲੜੇ। ਅਖੀਰ ਸਰਕਾਰ ਝੁਕ ਗਈ ਤੇ ਰਾਜਸੀ ਕੈਦੀਆਂ ਨੂੰ ਕਾਲੇਪਾਣੀ ਤੋਂ ਵਾਪਸ ਲਿਆਂਦਾ ਗਿਆ। ਬਾਬਾ ਸੋਹਣ ਸਿੰਘ ਭਕਨਾ ਤੇ ਬਾਬਾ ਕੇਸਰ ਸਿੰਘ ਠੱਠਗੜ੍ਹ ਨੂੰ ਜਨਵਰੀ 1928 'ਚ ਲਾਹੌਰ ਜੇਲ੍ਹ ਲਿਆਂਦਾ ਗਿਆ। ਇੱਥੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਰਾਜਸੀ ਕੈਦੀਆਂ ਦੇ ਅਧਿਕਾਰਾਂ ਲਈ ਲੰਮੀ ਭੁੱਖ ਹੜਤਾਲ ਕੀਤੀ ਹੋਈ ਸੀ। ਬਾਬਾ ਸੋਹਣ ਸਿੰਘ ਭਕਨਾ ਵੀ ਹੜਤਾਲ 'ਚ ਸ਼ਾਮਿਲ ਹੋ ਗਏ। ਇਸ ਹੜਤਾਲ ਦੀ ਜਿੱਤ ਹੋਈ ਤੇ ਰਾਜਸੀ ਕੈਦੀਆਂ ਦੇ ਹੱਕ ਮੰਨੇ ਗਏ।
ਬਾਬਾ ਸੋਹਣ ਸਿੰਘ ਭਕਨਾ ਦੀ 21 ਜੁਲਾਈ, 1930 ਨੂੰ ਰਿਹਾਈ ਹੋਈ। ਜਦੋਂ ਉਹ ਪਿੰਡ ਆਏ ਤੇ ਘਰ ਢਹਿ-ਢੇਰੀ ਹੋ ਗਿਆ ਸੀ। ਸਿਰਫ਼ ਇਕ ਕੋਠੜੀ 'ਚ ਬਾਬਾ ਭਕਨਾ ਜੀ ਦੀ ਪਤਨੀ ਆ ਕੇ ਰਹਿਣ ਲੱਗ ਪਈ ਸੀ। ਬਾਬਾ ਸੋਹਣ ਸਿੰਘ ਭਕਨਾ ਨੇ ਪਿੰਡ ਵਾਲੇ ਘਰ ਦੀ ਥਾਂ ਕੁੜੀਆਂ ਦਾ ਸਕੂਲ ਬਣਾਉਣ ਲਈ ਦੇ ਦਿੱਤੀ ਤੇ ਆਪ ਖੇਤਾਂ 'ਚ ਰਹਿਣ ਲੱਗ ਪਏ। ਸੜਕ ਕਿਨਾਰੇ ਆਪਣੀ 67 ਕਨਾਲ ਜ਼ਮੀਨ ਨੂੰ ਉਨ੍ਹਾਂ ਨੇ ਕੌਮੀ ਮਲਕੀਅਤ ਕਰਾਰ ਦੇ ਦਿੱਤਾ ਤੇ ਕਿਰਤੀ ਆਸ਼ਰਮ ਖੋਲ੍ਹ ਕੇ ਦੇਸ਼ ਭਗਤਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਜੇਲ੍ਹ ਜਾਣ ਕਰਕੇ ਆਸ਼ਰਮ ਬਹੁਤੀ ਦੇਰ ਚੱਲ ਨਾ ਸਕਿਆ।
ਉਹ 1940 'ਚ ਸਰਬ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਬਣੇ ਤੇ ਦੇਸ਼ ਭਰ 'ਚ ਕਿਸਾਨ ਜਥੇਬੰਦੀ ਕਾਇਮ ਕੀਤੀ। ਉਨ੍ਹਾਂ ਨੂੰ ਗਯਾ ਤੋਂ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ। ਬਾਬਾ ਸੋਹਣ ਸਿੰਘ ਭਕਨਾ ਨੇ ਆਜ਼ਾਦੀ ਸੰਗਰਾਮ ਤੇ ਆਜ਼ਾਦ ਭਾਰਤ 'ਚ ਮਿਹਨਤਕਸ਼ ਆਵਾਮ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਲਈ 26 ਸਾਲ ਜੇਲ੍ਹਾਂ 'ਚ ਗੁਜ਼ਾਰੇ ਸਨ। 20 ਦਸੰਬਰ 1968 ਨੂੰ ਇਸ ਮਹਾਨ ਮਨੁੱਖ ਦਾ ਦਿਹਾਂਤ ਹੋ ਗਿਆ।
-ਪਲਾਟ ਨੰ : 126-127, ਨਿਊ ਗੁਰਨਾਮ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋਬਾਈਲ : 98760-78731