ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖ਼ਾਲਸਾ ਪੰਥ ਦੀ ਸਿਰਜਣਾ ਮੌਕੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਜਾਏ ਪੰਜ ਪਿਆਰਿਆਂ 'ਚ ਇਕ ਭਾਈ ਹਿੰਮਤ ਰਾਏ ਵੀ ਸਨ। ਉਨ੍ਹਾਂ ਦਾ ਜਨਮ ਓਡੀਸਾ ਦੇ ਪ੍ਰਸਿੱਧ ਸ਼ਹਿਰ ਜਗਨਨਾਥ ਪੁਰੀ ਵਿਖੇ 1661 ਈ. ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਭਾਈ ਗੁਲਜ਼ਾਰੀ ਜੀ ਤੇ ਮਾਤਾ ਦਾ ਨਾਮ ਧੰਨੋ ਸੀ। 17 ਸਾਲ ਦੀ ਉਮਰ ਵਿਚ ਉਹ ਜਗਨਨਾਥ ਪੁਰੀ ਤੋਂ ਸ੍ਰੀ ਅਨੰਦਪੁਰ ਸਾਹਿਬ ਆਏ ਅਤੇ ਗੁਰੂ ਘਰ ਦੀ ਸੇਵਾ 'ਚ ਲੱਗ ਗਏ। ਜਦੋਂ ਕਲਗੀਧਰ ਪਾਤਿਸ਼ਾਹ ਨੇ ਅਕਾਲ ਪੁਰਖ ਦੀ ਫੌਜ (ਖ਼ਾਲਸਾ) ਦੀ ਸਿਰਜਣਾ ਕੀਤੀ ਤਾਂ ਉਸ ਵਕਤ ਭਾਈ ਹਿੰਮਤ ਰਾਏ ਦੀ ਉਮਰ 38 ਸਾਲ ਦੇ ਨੇੜੇ ਪਹੁੰਚ ਚੁੱਕੀ ਸੀ। ਗੁਰੂ ਸਾਹਿਬ ਦੇ ਮਿਸ਼ਨ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਨੇ ਖੰਡੇ-ਬਾਟੇ ਦਾ ਅੰਮਿਤ ਛਕਿਆ ਤੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣ ਗਏ।
ਭਾਈ ਹਿੰਮਤ ਸਿੰਘ ਭਾਵੇਂ ਉੜੀਆ ਪਰਿਵਾਰ ਨਾਲ ਸਬੰਧ ਰੱਖਦੇ ਸਨ ਪਰ ਉਨ੍ਹਾਂ ਦੀਆਂ ਜੜ੍ਹਾਂ ਸਿੱਖੀ ਨਾਲ ਡੂੰਘੀਆਂ ਜੁੜੀਆਂ ਹੋਈਆਂ ਸਨ। ਇਨ੍ਹਾਂ ਜੜ੍ਹਾਂ ਦੇ ਅਨੁਸਾਰ ਭਾਈ ਹਿੰਮਤ ਸਿੰਘ ਉਸ ਛੱਜੂ ਝਿਊਰ ਦੇ ਪੋਤਰੇ ਲੱਗਦੇ ਸਨ, ਜਿਨ੍ਹਾਂ 'ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅਪਾਰ ਬਖ਼ਸ਼ਿਸ਼ ਹੋਈ ਸੀ। ਅੱਠਵੇਂ ਪਾਤਿਸ਼ਾਹ ਦੀ ਪੰਜੋਖਰੇ ਦੀ ਠਹਿਰ ਸਮੇਂ ਜਦੋਂ ਇਕ ਹੰਕਾਰੀ ਪੰਡਤ ਲਾਲ ਚੰਦ ਨੇ ਗੁਰੂ ਜੀ ਪ੍ਰਤੀ ਆਪਣੀ ਸ਼ੰਕਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕੋਲੋਂ ਗੀਤਾ ਦੇ ਅਰਥ ਕਰਵਾਉਣੇ ਚਾਹੇ ਤਾਂ ਗੁਰੂ ਜੀ ਨੇ ਉਸ ਦਾ ਹੰਕਾਰ ਤੋੜਨ ਲਈ ਉਸ ਨੂੰ ਕਿਹਾ ਕਿ ਉਹ ਪਿੰਡ 'ਚੋਂ ਕਿਸੇ ਅਜਿਹੇ ਵਿਅਕਤੀ ਨੂੰ ਭਾਲ ਕੇ ਲਿਆਵੇ ਜਿਹੜਾ ਉਸ (ਪੰਡਤ) ਦੀ ਤੇ ਨਗਰ ਨਿਵਾਸੀਆਂ ਦੀ ਨਜ਼ਰ ਵਿਚ ਅਨਪੜ੍ਹ ਹੋਵੇ। ਪੰਡਤ ਲਾਲ ਚੰਦ ਚਲਾਕੀ ਨਾਲ ਛੱਜੂ ਨਾਂਅ ਦੇ ਇਕ ਅਨਪੜ੍ਹ ਤੇ ਗੂੰਗੇ ਵਿਅਕਤੀ ਨੂੰ ਲੈ ਆਇਆ। ਗੁਰੂ ਜੀ ਨੇ ਛੱਜੂ ਵੱਲ ਤੱਕ ਕੇ ਬਚਨ ਕੀਤਾ ਕਿ ਛੱਜੂ, ਗੁਰੂ ਨਾਨਕ ਜੀ ਦੀ ਕਿਰਪਾ ਨਾਲ ਤੂੰ ਹੁਣ ਧਾਰਮਿਕ ਵਿਦਵਾਨ ਬਣ ਗਿਆ ਹੈਂ, ਇਸ ਪੰਡਤ ਨਾਲ ਸ਼ਾਸਤਰ-ਅਰਥ ਕਰਕੇ ਇਸ ਦੀ ਤਸੱਲੀ ਕਰ ਦੇ। ਇਹ ਬਚਨ ਕਹਿ ਕੇ ਗੁਰੂ ਜੀ ਨੇ ਆਪਣੀ ਸੋਟੀ ਛੱਜੂ ਦੇ ਸਿਰ 'ਤੇ ਰੱਖ ਦਿੱਤੀ ਤੇ ਉਹ ਇਕ ਚੰਗੇ ਗਿਆਨੀ ਵਾਂਗ ਗੀਤਾ ਦੇ ਸਲੋਕਾਂ ਦੇ ਅਰਥ ਕਰੀ ਗਿਆ। ਇਸ ਨਾਲ ਲਾਲ ਚੰਦ ਦਾ ਹੰਕਾਰ ਟੁੱਟ ਗਿਆ।
ਜਦੋਂ ਗੁਰੂ ਹਰਿਕ੍ਰਿਸ਼ਨ ਜੀ ਅਗਲੇਰੇ ਪੰਧ ਲਈ ਰਵਾਨਾ ਹੋਣ ਲੱਗੇ ਤਾਂ ਛੱਜੂ ਹੱਥ ਜੋੜ ਕੇ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ, ਹੁਣ ਮੇਰੇ ਲਈ ਕੀ ਹੁਕਮ ਹੈ? ਗੁਰੂ ਜੀ ਨੇ ਕਿਹਾ ਕਿ ਉਹ ਹੁਣ ਜਗਨਨਾਥ ਪੁਰੀ ਜਾਣ ਤੇ ਸਿੱਖ ਸੰਗਤ ਵਿਚ ਸਿੱਖੀ ਦਾ ਪ੍ਰਚਾਰ ਤੇ ਪਾਸਾਰ ਕਰਨ। ਭਾਈ ਛੱਜੂ ਜਗਨਨਾਥ ਪੁਰੀ (ਓਡੀਸਾ) ਆ ਗਏ ਤੇ ਇੱਥੇ ਆ ਕੇ ਉਨ੍ਹਾਂ ਨੇ ਆਪਣਾ ਘਰ ਵੀ ਵਸਾ ਲਿਆ। ਕੁਝ ਸਮੇਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਪੁੱਤਰ ਗੁਲਜ਼ਾਰੀ ਪੈਦਾ ਹੋਇਆ। ਸਮਾਂ ਪੈਣ 'ਤੇ ਗੁਲਜ਼ਾਰੀ ਦਾ ਵਿਆਹ ਉੱਥੋਂ ਦੀ ਧੰਨੋ ਨਾਲ ਕਰ ਦਿੱਤਾ ਗਿਆ। ਇਹ ਗੁਲਜ਼ਾਰੀ ਤੇ ਮਾਤਾ ਧੰਨੋ ਹੀ ਭਾਈ ਹਿੰਮਤ ਸਿੰਘ ਦੇ ਮਾਤਾ-ਪਿਤਾ ਸਨ, ਜਿਨ੍ਹਾਂ ਨੇ ਬਚਪਨ ਵਿਚ ਹੀ ਉਨ੍ਹਾਂ ਨੂੰ ਗੁਰਸਿੱਖੀ ਦੀ ਗੁੜ੍ਹਤੀ ਦੇ ਦਿੱਤੀ ਸੀ। ਇਸੇ ਕਾਰਨ ਭਾਈ ਹਿੰਮਤ ਸਿੰਘ ਜਗਨਨਾਥ ਪੁਰੀ ਤੋਂ ਸ੍ਰੀ ਅਨੰਦਪੁਰ ਸਾਹਿਬ ਆਏ ਅਤੇ ਖ਼ਾਲਸਾ ਪੰਥ 'ਚ ਸ਼ਾਮਿਲ ਹੋ ਕੇ ਗੁਰੂ ਦੇ ਪਿਆਰੇ ਬਣੇ। ਉਨ੍ਹਾਂ ਨੇ ਆਖਰੀ ਦਮ ਤੱਕ ਗੁਰੂ ਜੀ ਦਾ ਸਾਥ ਦਿੱਤਾ ਅਤੇ ਚਮਕੌਰ ਦੀ ਲੜਾਈ ਦੌਰਾਨ 7 ਦਸੰਬਰ 1761 ਈ. 'ਚ ਮੁਗ਼ਲਾਂ ਦਾ ਮੁਕਾਬਲਾ ਕਰਕੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ।
ਓਡੀਸਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਲਗਭਗ 65 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਬਲੀਆ ਪਾਂਡਾ (ਜਗਨਨਾਥ ਪੁਰੀ) ਵਿਖੇ ਉਨ੍ਹਾਂ ਦੀ ਪਵਿੱਤਰ ਸ਼ਹਾਦਤ ਨੂੰ ਸਮਰਪਿਤ ਭਾਈ ਹਿੰਮਤ ਸਿੰਘ ਮੈਮੋਰੀਅਲ ਚਿਲਡਰਨ ਪਾਰਕ ਬਣਾਈ ਗਈ ਹੈ, ਜੋ ਬੱਚਿਆਂ ਸਮੇਤ ਹਰ ਇਕ ਨੂੰ ਸਿੱਖ ਇਤਿਹਾਸ ਦੀ ਗਾਥਾ ਸੁਣਾਉਂਦੀ ਹੈ।
#1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)।
ਮੋਬਾਈਲ : 946313271