12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁੁਰਦੁਆਰਾ ਲੋਹਗੜ੍ਹ ਸਾਹਿਬ, ਦੀਨਾ (ਮੋਗਾ)

Ad Position 21
No active advertisement
ਅਜੀਤ ਡੈਸਕ 05-01-2026

ਅਨੰਦਪੁਰ ਸਾਹਿਬ ਤੋਂ ਬਾਅਦ ਸਿੱਖ ਇਤਿਹਾਸ 'ਚ ਵਿਲੱਖਣਤਾ ਵਾਲਾ ਇਤਿਹਾਸ ਸਮੋਈ ਬੈਠਾ ਮੋਗਾ ਜ਼ਿਲ੍ਹੇ ਦਾ ਬਹੁਤ ਹੀ ਇਤਿਹਾਸਕ ਨਗਰ ਦੀਨਾ ਸਾਹਿਬ ਹੈ, ਜੋ ਮੋਗਾ ਅਤੇ ਬਠਿੰਡਾ ਜ਼ਿਲ੍ਹਿਆਂ ਦੀ ਹੱਦ 'ਤੇ ਘੁੱਗ ਵਸਿਆ ਲਗਭਗ 4200 ਕੁ ਦੀ ਅਬਾਦੀ ਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਹੈ। 'ਤਵਾਰੀਖ ਗੁਰੂ ਖ਼ਾਲਸਾ' 'ਚ ਗੁਰੂ ਗੋਬਿੰਦ ਸਿੰਘ ਜੀ ਦੇ ਦੀਨੇ ਪੁੱਜਣ ਦੀ ਲਿਖਤ ਅਨੁਸਾਰ 1705 ਈ. ਨੂੰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਦੀ ਅਸਾਵੀਂ ਜੰਗ ਲੜ ਕੇ ਮਾਛੀਵਾੜਾ, ਆਲਮਗੀਰ, ਹੇਰ, ਲੰਮਾ-ਜੱਟਪੁਰਾ, ਰਾਏਕੋਟ, ਚਕਰ, ਤਖ਼ਤੂਪੁਰਾ, ਮਧੇਕੇ ਪੁੱਜੇ ਤਾਂ ਉਸ ਸਮੇਂ ਦੇ ਪਿੰਡ ਦੀਨੇ ਦੇ ਚੌਧਰੀ ਲਖਮੀਰ, ਸ਼ਮੀਰ ਤੇ ਤਖ਼ਤਮੱਲ ਨੂੰ ਪਤਾ ਲੱਗਾ ਕਿ ਸ੍ਰੀ ਗੂਰ ਗੋਬਿੰਦ ਸਿੰਘ ਜੀ ਨੇੜਲੇ ਪਿੰਡ ਮਧੇਕੇ ਦੇ ਬਾਹਰਵਾਰ ਇਕ ਝਿੜੀ 'ਚ ਠਹਿਰੇ ਹੋਏ ਹਨ ਤਾਂ ਉਹ ਗੁੜ ਦੀ ਭੇਲੀ ਲੈ ਕੇ ਨਾਲ ਸੰਗਤਾਂ ਸਮੇਤ ਗੁਰੂ ਜੀ ਨੂੰ ਜਾ ਮਿਲੇ ਤੇ ਬੇਨਤੀ ਕੀਤੀ ਕਿ ਅਸੀਂ ਪੀੜ੍ਹੀਆਂ ਤੋਂ ਗੁਰੂਘਰ ਦੇ ਸੇਵਕ ਰਹੇ ਹਾਂ, ਤੁਸੀਂ ਸਾਨੂੰ ਸੇਵਾ ਕਰਨ ਦਾ ਮੌਕਾ ਬਖ਼ਸ਼ੋ ਤੇ ਸਾਡੇ ਨਗਰ ਦੀਨੇ 'ਚ ਆਪਣੇ ਪਾਵਨ ਚਰਨ ਪਾਓ। ਗੁਰੂ ਜੀ ਨੇ ਬੇਨਤੀ ਮਨਜ਼ੂਰ ਕਰ ਕੇ 22 ਪੋਹ 1705 ਨੂੰ ਪਿੰਡ ਦੀਨੇ ਦੀ ਧਰਤੀ 'ਤੇ ਆ ਭਾਗ ਲਾਏ। ਪਾਤਿਸ਼ਾਹ ਦੀ ਆਗਿਆ ਅਨੁਸਾਰ ਲਖਮੀਰ, ਸ਼ਮੀਰ ਦੇ ਪਰਿਵਾਰ ਨੇ ਪੂਰੀ ਸੇਵਾ ਲਈ ਅਤੇ ਪਿੰਡ ਦੇ ਇਕ ਤਰਖਾਣ ਭਾਈ ਦੇਸੂ ਦੇ ਚੁਬਾਰੇ ਨੂੰ ਗੁਰੂ ਜੀ ਦੀ ਰਿਹਾਇਸ਼ ਲਈ ਉਚਿਤ ਅਸਥਾਨ ਸਮਝ ਕੇ ਗੁਰੂ ਜੀ ਦਾ ਉਤਾਰਾ ਉਸ ਚੁਬਾਰੇ 'ਚ ਕਰਵਾ ਦਿੱਤਾ। ਭਾਈ ਦੇਸੂ ਨੇ ਬਹੁਤ ਸ਼ਰਧਾ ਨਾਲ ਇਕ ਪਲੰਘ ਵੀ ਗੁਰੂ ਜੀ ਲਈ ਤਿਆਰ ਕਰਕੇ ਰੱਖਿਆ ਹੋਇਆ ਸੀ। ਸਿੰਘ ਗੁਰੂ ਜੀ ਨਾਲ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਸ਼ਹੀਦੀਆਂ 'ਤੇ ਅਫਸੋਸ ਪ੍ਰਗਟ ਕਰ ਰਹੇ ਸਨ। ਗੁਰੂ ਜੀ ਸਿੱਖਾਂ ਨੂੰ ਧੀਰਜ ਰੱਖਣ ਲਈ ਕਿਹਾ। ਜਦ ਮਾਲਵਾ ਦੇਸ਼ 'ਚ ਇਹ ਖ਼ਬਰ ਫੈਲੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਨੇ ਪਿੰਡ ਠਹਿਰੇ ਹੋਏ ਹਨ ਤਾਂ ਮਾਝੇ, ਮਾਲਵੇ ਤੇ ਦੁਆਬੇ ਤੋਂ ਸੰਗਤ ਛੋਟੇ-ਛੋਟੇ ਜਥੇ ਬਣਾ ਕੇ ਮਾਇਆ, ਅੰਨ, ਵਸਤਰ, ਵਧੀਆ ਨਸਲ ਦੇ ਘੋੜੇ ਤੇ ਸ਼ਸਤਰ ਲੈ ਕੇ ਦੀਨੇ ਪਿੰਡ ਪੁੱਜ ਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਦੇ। ਦੀਨੇ ਦੀਆਂ ਰੌਣਕਾਂ ਅਨੰਦਪੁਰ ਦਾ ਭੁਲੇਖਾ ਪਾਉਣ ਲੱਗੀਆਂ। ਭਾਈ ਧਰਮ ਸਿੰਘ, ਪਰਮ ਸਿੰਘ, ਭਾਈ ਰੂਪੇ (ਚੰਦ) ਦੇ ਵੰਸ਼ਜ ਗੁਰੂ ਜੀ ਲਈ ਰੋਜ਼ਾਨਾ ਅੰਮ੍ਰਿਤ ਵੇਲੇ ਦਾ ਪ੍ਰਸ਼ਾਦਿ ਆਪਣੇ ਪਿੰਡ ਤੋਂ ਲੈ ਕੇ ਹਾਜ਼ਰ ਹੁੰਦੇ। ਹੁਣ ਤੱਕ ਗੁਰੂ ਜੀ ਕੋਲ ਬਹੁਤ ਸਾਰੇ ਘੋੜ-ਸਵਾਰ ਸਨ ਅਤੇ ਚਾਰ ਕੁ ਸੌ ਜੰਗੀ ਸੂਰਬੀਰ ਸਿੱਖ ਵੀ ਘੋੜੇ ਤੇ ਜੰਗੀ ਸ਼ਸਤਰ ਲੈ ਕੇ ਪੁੱਜ ਚੁੱਕੇ ਸਨ। ਇਸ ਤਰ੍ਹਾਂ ਦੀਨੇ ਵਿਖੇ ਕਈ ਵਾਰ ਅੰਮ੍ਰਿਤ ਸੰਚਾਰ ਵੀ ਹੋਇਆ ਤੇ ਮਾਲਵੇ 'ਚ ਘਰ-ਘਰ ਅੰਮ੍ਰਿਤਧਾਰੀ ਤਿਆਰ-ਬਰ ਤਿਆਰ ਖ਼ਾਲਸਾ ਸਜ ਗਿਆ। ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ ਫ਼ਾਰਸੀ ਵਿਚ ਲਿਖ ਕੇ ਆਪਣੇ ਪੰਜ ਪਿਆਰਿਆਂ 'ਚੋਂ ਭਾਈ ਦਇਆ ਸਿੰਘ ਤੇ ਧਰਮ ਸਿੰਘ ਦੇ ਹੱਥ ਭੇਜਿਆ। ਭਾਈ ਦੇਸੇ ਦੇ ਕੱਚੇ ਚੁਬਾਰੇ 'ਚ ਬੈਠ ਕੇ ਹੀ ਗੁਰੂ ਜੀ ਨੇ ਜ਼ਫਰਨਾਮੇ 'ਚ ਕਲਮ ਦੀ ਸ਼ਕਤੀ ਵਿਖਾਉਣ ਦਾ ਨਿੱਗਰ ਤੇ ਠੋਸ ਫ਼ੈਸਲਾ ਕੀਤਾ ਸੀ। ਦੀਨੇ ਦੀ ਧਰਤੀ ਤੋਂ ਲਿਖੇ ਜ਼ਫਰਨਾਮੇ ਨੇ ਔਰੰਗਜ਼ੇਬ ਨੂੰ ਐਸੇ ਜਖ਼ਮ ਦਿੱਤੇ ਕਿ ਉਹ ਲਫ਼ਜ਼ੀ ਤੀਰ ਨਾ ਸਹਾਰਦਾ ਹੋਇਆ ਕੁਰਲਾ ਉੱਠਿਆ ਅਤੇ ਦੋਜ਼ਖ ਦੇ ਰਾਹ ਜਾ ਪਿਆ।
ਗੁਰੂ ਗੋਬਿੰਦ ਸਿੰਘ ਜੀ ਦੀਨੇ ਦੀ ਧਰਤੀ 'ਤੇ ਲਗਭਗ 3 ਮਹੀਨੇ 13 ਦਿਨ ਰਹੇ। ਅੱਜਕੱਲ੍ਹ ਭਾਈ ਦੇਸੇ ਦੇ ਚੁਬਾਰੇ ਵਾਲੇ ਸਥਾਨ 'ਤੇ ਗੁਰਦੁਆਰਾ ਲੋਹਗੜ੍ਹ ਸਾਹਿਬ, ਦੀਨਾ (ਜ਼ਫਰਨਾਮਾ) ਦੀ ਸੁੰਦਰ ਇਮਾਰਤ ਸੁਸ਼ੋਭਿਤ ਹੈ, ਜਿਸ ਦੀ ਕਾਰਸੇਵਾ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਈ ਗਈ ਹੈ। ਮੌਜੂਦਾ ਸਮੇਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਕਰ ਰਹੀ ਹੈ। ਇਸ ਅਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਵਸ 'ਤੇ ਹਰ ਸਾਲ 22 ਪੋਹ ਨੂੰ ਇਕ ਵਿਸ਼ੇਸ਼ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜਿਸ ਦੀ ਸਮਾਪਤੀ ਪਿੰਡ ਮਧੇਕੇ ਤੋਂ ਸ਼ੁਰੂ ਹੋ ਕੇ ਗਾਜੀਆਣਾ, ਬੁਰਜ ਹਮੀਰਾ ਹੁੰਦਾ ਹੋਇਆ ਗੁਰਦੁਆਰਾ ਲੋਹਗੜ੍ਹ ਸਾਹਿਬ (ਦੀਨਾ) ਵਿਖੇ ਕੀਤੀ ਜਾਂਦੀ ਹੈ। ਇਸ ਅਸਥਾਨ 'ਤੇ ਮਾਘੀ ਦਾ ਭਾਰੀ ਮੇਲਾ ਲਗਦਾ ਹੈ ਅਤੇ ਇਲਾਕੇ ਭਰ ਤੋਂ ਵੱਡੀ ਗਿਣਤੀ ਸੰਗਤ ਗੁਰਦੁਆਰਾ ਲੋਹਗੜ੍ਹ ਸਾਹਿਬ, ਦੀਨਾ (ਜ਼ਫਰਨਾਮਾ) ਵਿਖੇ ਨਤਮਸਤਕ ਹੁੰਦੀ ਹੈ।

-'ਅਜੀਤ' ਪ੍ਰਤੀਨਿਧ, ਨਿਹਾਲ ਸਿੰਘ ਵਾਲਾ (ਮੋਗਾ)।
ਮੋਬਾਈਲ : 98773-92731

Ad Position 22
No active advertisement
ਪਿਛਲੀ ਖ਼ਬਰ ਸਿੱਖ ਇਤਿਹਾਸ ਨਾਲ ਜੋੜਦੀ ਭਾਈ ਹਿੰਮਤ ਸਿੰਘ ਚਿਲਡਰਨ ਪਾਰਕ, ਜਗਨਨਾਥ ਪੁਰੀ ਅਗਲੀ ਖ਼ਬਰ ਸੂਰਬੀਰ ਸਿੱਖ ਯੋਧਾ ਭਾਈ ਬਾਜ ਸਿੰਘ
Ad Position 24