12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸੂਰਬੀਰ ਸਿੱਖ ਯੋਧਾ ਭਾਈ ਬਾਜ ਸਿੰਘ

Ad Position 21
No active advertisement
ਅਜੀਤ ਡੈਸਕ 05-01-2026

ਸਿੱਖਾਂ ਦੇ ਮਾਣਮੱਤੇ ਇਤਿਹਾਸ ਵਿਚ ਬੇਸ਼ੁਮਾਰ ਸਿੱਖ ਸੂਰਬੀਰਾਂ, ਬਹਾਦਰ ਯੋਧਿਆਂ, ਅਮਰ ਸ਼ਹੀਦਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਵਿਚ ਇਕ ਨਾਂਅ ਅਮਰ ਸ਼ਹੀਦ ਤੇ ਅਣਖੀਲੇ ਸੂਰਬੀਰ ਭਾਈ ਬਾਜ ਸਿੰਘ ਦਾ ਵੀ ਸ਼ਾਮਿਲ ਹੈ। ਭਾਈ ਬਾਜ ਸਿੰਘ ਦਾ ਜਨਮ ਮੀਰਪੁਰ ਪੱਟੀ ਨਾਂਅ ਦੇ ਸਥਾਨ 'ਤੇ ਹੋਇਆ ਸੀ, ਜੋ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਚ ਸਥਿਤ ਹੈ। ਉਨ੍ਹਾਂ ਨੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਗੁਰੂ ਜੀ ਨੇ ਸ੍ਰੀ ਨਾਂਦੇੜ ਸਾਹਿਬ ਤੋਂ ਜਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਸੀ ਤਾਂ ਉਨ੍ਹਾਂ ਦੀ ਮਦਦ ਲਈ ਜਿਨ੍ਹਾਂ ਪੰਜ ਸਿੰਘਾਂ ਨੂੰ ਪੰਜ ਪਿਆਰਿਆਂ ਦੇ ਸਰੂਪ 'ਚ ਉਨ੍ਹਾਂ ਨਾਲ ਭੇਜਿਆ ਸੀ, ਉਨ੍ਹਾਂ 'ਚ ਭਾਈ ਬਾਜ ਸਿੰਘ ਵੀ ਇਕ ਸਨ। ਬਾਕੀ ਚਾਰ ਸਿੰਘਾਂ ਭਾਈ ਬਿਨੋਦ ਸਿੰਘ, ਬਾਈ ਕਾਹਨ ਸਿੰਘ, ਭਾਈ ਦਯਾ ਸਿੰਘ ਤੇ ਭਾਈ ਰਣ ਸਿੰਘ ਸਨ।
ਸਰਹਿੰਦ 'ਤੇ ਫ਼ਤਹਿ ਪ੍ਰਾਪਤ ਕਰਨ ਲਈ ਚੱਪੜਚਿੜੀ ਦੇ ਯੁੱਧ ਦੌਰਾਨ ਜਦੋਂ ਬਾਬਾ ਬੰਦਾ ਸਿਘ ਬਹਾਦਰ ਨੇ ਸਿੰਘਾਂ ਦੇ ਜਥੇ ਦੀ ਵਾਗਡੋਰ ਭਾਈ ਫ਼ਤਹਿ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਭਾਈ ਆਲੀ ਸਿੰਘ ਤੇ ਭਾਈ ਸ਼ਾਮ ਜੀ ਨੂੰ ਸੰਭਾਲੀ ਹੋਈ ਸੀ ਤਾਂ ਉਦੋਂ ਇਕ ਉੱਚੇ ਥੇਹ (ਟਿੱਲੇ) 'ਤੇ ਖੜ੍ਹੇ ਹੋ ਕੇ ਭਾਈ ਬਾਜ ਸਿੰਘ ਨੇ ਪੂਰੇ ਯੁੱਧ ਦੌਰਾਨ ਵਿਰੋਧੀ ਫ਼ੌਜ 'ਤੇ ਬਾਜ ਵਰਗੀ ਤਿੱਖੀ ਨਜ਼ਰ ਰੱਖੀ ਹੋਈ ਸੀ। ਇਸ ਯੁੱਧ ਦੌਰਾਨ ਬਾਕੀ ਸਿੰਘਾਂ ਸਮੇਤ ਭਾਈ ਬਾਜ ਸਿੰਘ ਨੇ ਵੀ ਬਹੁਤ ਚੁਸਤੀ-ਫੁਰਤੀ ਨਾਲ ਵੈਰੀਆਂ ਨੂੰ ਭਾਜੜਾਂ ਪਾਈਆਂ।
ਸਰਹਿੰਦ ਨੂੰ ਮਲੀਆ ਮੇਟ ਕਰਨ ਪਿੱਛੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਜਿੱਤੇ ਹੋਏ ਇਲਾਕਿਆਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਹਾਕਮ ਲਾਇਆ ਤੇ ਭਾਈ ਆਲੀ ਸਿੰਘ ਨੂੰ ਉਨ੍ਹਾਂ ਦਾ ਨਾਇਬ ਮੁਕੱਰਰ ਕੀਤਾ। ਇਸੇ ਤਰ੍ਹਾਂ ਭਾਈ ਬਾਜ ਸਿੰਘ ਦੇ ਭਰਾ ਭਾਈ ਰਾਮ ਸਿੰਘ ਨੂੰ ਥਾਨੇਸਰ (ਕੁਰੂਕਸ਼ੇਤਰ) ਦਾ ਹਾਕਮ ਤੇ ਬਾਬਾ ਬਿਨੋਦ ਸਿੰਘ ਨੂੰ ਉਨ੍ਹਾਂ ਦਾ ਸਹਾਇਕ ਨਿਯੁਕਤ ਕੀਤਾ।
ਅਣਖੀਲੇ ਸੂਰਬੀਰ ਯੋਧੇ ਭਾਈ ਬਾਜ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਕਈ ਯੁੱਧਾਂ ਵਿਚ ਹਿੱਸਾ ਲਿਆ ਤੇ ਇਕ ਸੁਤੰਤਰ ਸਿੱਖ ਰਾਜ ਕਾਇਮ ਕਰਨ ਵਿਚ ਆਪਣਾ ਹਿੱਸਾ ਪਾਇਆ। ਉਨ੍ਹਾਂ ਨੇ ਮੁਗਲਾਂ ਤੇ ਪਠਾਣਾਂ ਕੋਲੋਂ ਆਪਣੀ ਸੂਰਬੀਰਤਾ ਦਾ ਲੋਹਾ ਮਨਵਾਇਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦੀ ਬਣਾ ਲਿਆ ਗਿਆ ਤਾਂ ਉਦੋਂ ਉਨ੍ਹਾਂ ਨਾਲ ਭਾਈ ਬਾਜ ਸਿੰਘ ਸਣੇ ਅਨੇਕ ਸਿੰਘਾਂ ਨੂੰ ਵੀ ਕੈਦ ਕਰ ਲਿਆ ਗਿਆ। ਇਤਿਹਾਸ ਗਵਾਹ ਹੈ ਕਿ 9 ਜੂਨ 1716 ਈ. ਤੋਂ ਮੁਗ਼ਲ ਹਕੂਮਤ ਵਲੋਂ ਕੈਦ ਕੀਤੇ ਗਏ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਬਾਦਸ਼ਾਹ ਫਰੁਖ਼ਸਿਅਰ ਨੇ ਹੱਥਕੜੀਆਂ ਤੇ ਬੇੜੀਆਂ 'ਚ ਜਕੜੇ ਸਿੰਘਾਂ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਤੁਹਾਡੇ ਵਿਚ (ਭਾਈ) ਬਾਜ ਸਿੰਘ ਨਾਂਅ ਦਾ ਇਕ ਸਿੱਖ ਹੈ, ਜਿਹੜਾ ਬਹੁਤ ਬਹਾਦਰ ਹੈ, ਜਿਸ 'ਤੇ ਉਸ ਦੇ ਗੁਰੂ ਦੀ ਖ਼ਾਸ ਮਿਹਰ ਹੈ।
ਇੰਨਾ ਸੁਣਦਿਆਂ ਹੀ ਭਾਈ ਬਾਜ ਸਿੰਘ ਨੇ ਕਿਹਾ, 'ਮੇਰਾ ਨਾਂਅ ਬਾਜ ਸਿੰਘ ਏ। ਮੈਂ ਹੀ ਆਪਣੇ ਗੁਰੂ ਜੀ ਦਾ ਇਕ ਨਿਮਾਣਾ ਜਿਹਾ ਸੇਵਕ ਹਾਂ।'
ਬਾਦਸ਼ਾਹ ਨੇ ਤੰਜ ਨਾਲ ਆਖਿਆ, 'ਤੂੰ ਖ਼ੁਦ ਨੂੰ ਬਹੁਤ ਬਹਾਦਰ ਸਮਝਦਾ ਏਂ ਪਰ ਹੁਣ ਤੇਰੇ ਕੋਲੋਂ ਕੁਝ ਨਹੀਂ ਹੋ ਸਕਦਾ।'
ਭਾਈ ਬਾਜ ਸਿੰਘ ਨੇ ਉੱਚੀ ਆਵਾਜ਼ 'ਚ ਬਾਦਸ਼ਾਹ ਨੂੰ ਲਲਕਾਰਦਿਆਂ ਕਿਹਾ, 'ਜੇ ਤੂੰ ਮੇਰੀਆਂ ਬੇੜੀਆਂ ਖੁਲ੍ਹਵਾ ਦਏਂ ਤਾਂ ਮੈਂ ਹੁਣੇ ਤੈਨੂੰ ਕੋਈ ਜਲਵਾ ਦਿਖਾ ਸਕਦਾ ਹਾਂ।'
ਹਕੂਮਤ ਦੇ ਨਸ਼ੇ 'ਚ ਚੂਰ ਬਾਦਸ਼ਾਹ ਨੇ ਭਾਈ ਬਾਜ ਸਿੰਘ ਦੀਆਂ ਬੇੜੀਆਂ ਖੋਲ੍ਹਣ ਦਾ ਹੁਕਮ ਦੇ ਦਿੱਤਾ। ਜਿਵੇਂ ਹੀ ਉਨ੍ਹਾਂ ਦੀਆਂ ਕੁਝ ਬੇੜੀਆਂ ਖੁੱਲ੍ਹੀਆਂ ਤਾਂ ਉਸੇ ਸਮੇਂ ਭਾਈ ਬਾਜ ਸਿੰਘ ਨੇ ਆਪਣੀਆਂ ਹੱਥਕੜੀਆਂ ਦੇ ਵਾਰ ਨਾਲ ਕੋਲ ਖੜ੍ਹੇ ਦੋ-ਤਿੰਨ ਮੁਗ਼ਲ ਸੈਨਿਕ ਮਾਰ ਦਿੱਤੇ। ਫਿਰ ਇਕ ਸੈਨਿਕ ਦੀ ਤਲਵਾਰ ਖੋਹ ਕੇ ਇਕ ਆਹਲਾ ਅਧਿਕਾਰੀ 'ਤੇ ਹਮਲਾ ਕਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਵੇਖ ਬਹੁਤ ਸਾਰੇ ਮੁਗ਼ਲ ਸੈਨਿਕਾਂ ਨੇ ਮਿਲ ਕੇ ਭਾਈ ਬਾਜ ਸਿੰਘ 'ਤੇ ਹਮਲਾ ਕਰਕੇ ਸ਼ਹੀਦ ਕਰ ਦਿੱਤਾ।
ਮਹਾਨ ਸਿੱਖ ਯੋਧੇ ਭਾਈ ਬਾਜ ਸਿੰਘ ਦੇ ਤਿੰਨ ਭਰਾਵਾਂ ਭਾਈ ਰਾਮ ਸਿੰਘ, ਭਾਈ ਸ਼ਾਮ ਸਿੰਘ, ਭਾਈ ਸੁੱਖਾ ਸਿੰਘ ਨੇ ਵੀ ਧਰਮ, ਸੱਚ, ਨਿਆਂ ਤੇ ਮਨੁੱਖਤਾ ਦੇ ਭਲੇ ਲਈ ਕੁਰਬਾਨੀਆਂ ਦਿੱਤੀਆਂ ਸਨ। 9 ਜੂਨ 1716 ਈ. ਨੂੰ ਅਣਖੀਲੇ ਸੂਰਬੀਰ ਸਿੱਖ ਯੋਧੇ ਭਾਈ ਬਾਜ ਸਿੱਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਮਾਸੂਮ ਪੁੱਤਰ ਅਜੈ ਸਿੰਘ ਅਤੇ ਚੋਣਵੇਂ ਜਰਨੈਲਾਂ ਨਾਲ ਦਿੱਲੀ ਵਿਖੇ ਕੁਤਬ ਮੀਨਾਰ ਕੋਲ ਸਥਿਤ ਖ਼ਵਾਜ਼ਾ ਕੁਤਬਦੀਨ ਕਾਕੀ ਦੇ ਰੋਜ਼ੇ ਨੇੜੇ ਸ਼ਹੀਦ ਕਰ ਦਿੱਤਾ ਗਿਆ ਸੀ।

-ਬੀ. ਐਕਸ/925, ਮੁਹੱਲਾ ਸੰਤੋਖਪੁਰਾ,
ਹੁਸ਼ਿਆਰਪੁਰ ਰੋਡ, ਜਲੰਧਰ-144008,
ਮੋਬਾਈਲ : 987225499

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁੁਰਦੁਆਰਾ ਲੋਹਗੜ੍ਹ ਸਾਹਿਬ, ਦੀਨਾ (ਮੋਗਾ) ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਕਿਵੇਂ ਪਹੁੰਚਿਆ?
Ad Position 24