ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਘਰ ਸੁਦੀ ਪੰਚਮੀ 12 ਮੱਘਰ, ਸੰਮਤ 1732 ਅਥਵਾ 11 ਨਵੰਬਰ, 1675 ਈ. ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ। ਗੁਰੂ ਪਾਤਿਸ਼ਾਹ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਾਜ਼ੀ ਵਹਾਬਉਲਾ ਨੇ ਫਤਵਾ ਪੜ੍ਹਿਆ ਅਤੇ ਸਯਦ ਜਲਾਲ ਦੀਨ 'ਸਮਾਣਾ' ਦੀ ਤਲਵਾਰ ਚੱਲੀ ਤੇ ਸਤਿਗੁਰ ਭਾਣਾ ਵਰਤਾ ਗਏ।
ਗਿਆਨੀ ਗਰਜਾ ਸਿੰਘ ਭਾਈ ਸੇਵਾ ਸਿੰਘ ਕਰਤਾ ਸ਼ਹੀਦ ਬਿਲਾਸ ਦਾ ਹਵਾਲਾ ਦੇ ਲਿਖਦੇ ਹਨ ਕਿ ਬਾਬਾ ਗੁਰਦਿੱਤਾ ਜੀ, ਭਾਈ ਜੈਤਾ ਦਿਲਵਾਲੀ ਤੇ ਉਦਾ ਰਾਠੌਰ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਦਿੱਲੀ ਪਹਿਲਾ ਦਿਲਵਾਲੀ ਦੇ ਸਿੱਖ ਨਾਨੂ ਸਿੰਘ ਦੇ ਘਰ ਪਹੁੰਚੇ ਤੇ ਇਥੇ ਹੀ ਭਾਈ ਆਗਯਾ ਰਾਮ ਲੱਖੀ ਸ਼ਾਹ ਤੇ ਭਾਈ ਨਗਰੀਆ ਆਦਿ ਗੁਰ ਸਿੱਖ ਇਨ੍ਹਾਂ ਨੂੰ ਮਿਲੇ ਸਨ ਅਤੇ ਸਤਿਗੁਰੂ ਜੀ ਦੀ ਪਵਿੱਤਰ ਦੇਹ ਨੂੰ ਸ਼ਹਾਦਤ ਉਪਰੰਤ ਸੰਭਾਲਣ ਲਈ ਯੋਜਨਾ ਬਣਾਈ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦ੍ਰਿਸ਼ ਭਾਈ ਜੈਤਾ, ਭਾਈ ਊਦਾ ਅਤੇ ਭਾਈ ਗੁਰਬਖ਼ਸ਼ ਨੇ ਆਪਣੀ ਅੱਖੀਂ ਚਾਂਦਨੀ ਚੌਕ ਵਿਚ ਖੜ੍ਹ ਕੇ ਵੇਖਿਆ ਸੀ। ਇਨ੍ਹਾਂ ਸਿੱਖਾਂ ਨੇ ਉਸੇ ਸਮੇਂ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਭਾਵੇਂ ਕਿੰਨੀ ਵੀ ਮੁਸੀਬਤ ਝਲਣੀ ਪਵੇ ਉਹ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਅਤੇ ਧੜ ਨੂੰ ਦਿੱਲੀ ਵਿਚ ਰੁਲਣ ਨਹੀਂ ਦੇਣਗੇ। ਇਹ ਦ੍ਰਿੜ੍ਹਤਾ ਨਾਲ ਲਿਆ ਗਿਆ ਫ਼ੈਸਲਾ ਲੋਕਾਂ ਨੂੰ ਅਚੰਭੇ ਵਿਚ ਪਾਉਣ ਵਾਲਾ ਸੀ।
ਜਿਸ ਦਿਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉਸੇ ਦਿਨ ਰਾਤ ਦੇ ਸਮੇਂ ਦਿੱਲੀ ਦੇ ਸਿੱਖਾਂ ਦੀ ਇਕ ਵਿਸ਼ੇਸ਼ ਇਕੱਤਰਤਾ ਕੂਚਾ ਦਿਲਵਾਲੀ ਦੇ ਭਾਈ ਨਾਨੂ ਰਾਇ ਛੀਪੇ ਦੇ ਘਰ ਹੋਈ। ਗੁਰੂ ਕੀਆਂ ਸਾਖੀਆਂ ਅਨੁਸਾਰ 'ਇਸ ਇਕੱਤਰਤਾ ਵਿਚ ਭਾਈ ਨਾਨੂ ਤੋਂ ਇਲਾਵਾ ਭਾਈ ਤੁਲਸੀ, ਭਾਈ ਆਗਿਆ, ਭਾਈ ਊਦਾ, ਭਾਈ ਜੈਤਾ, ਭਾਈ ਗੁਰਬਖ਼ਸ਼ ਤੇ ਕੁਝ ਹੋਰ ਸਿੱਖ ਸ਼ਾਮਿਲ ਸਨ। ਸਭ ਤੋਂ ਪਹਿਲਾਂ ਤਾਂ ਇਸ ਦੁਖਦਾਈ ਘਟਨਾ 'ਤੇ ਸਾਰਿਆਂ ਨੇ ਭਰੀਆਂ ਅੱਖਾਂ ਨਾਲ ਆਪਣਾ ਅਫਸੋਸ ਪ੍ਰਗਟ ਕੀਤਾ। ਫਿਰ ਜਿਸ ਮਸਲੇ 'ਤੇ ਗੰਭੀਰਤਾ ਨਾਲ ਵਿਚਾਰ ਕੀਤੀ ਗਈ ਕਿ ਸਖ਼ਤ ਸ਼ਾਹੀ ਪਹਿਰਿਆਂ ਵਿਚ ਰੱਖੇ ਗਏ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਅਤੇ ਧੜ ਨੂੰ ਉਥੋਂ ਕਿਵੇਂ ਚੁੱਕਿਆ ਜਾਵੇ ਅਤੇ ਕਿਵੇਂ ਸਤਿਕਾਰ ਸਹਿਤ ਇਨ੍ਹਾਂ ਦਾ ਸਸਕਾਰ ਕੀਤਾ ਜਾਵੇ ਜਾਂ ਅਨੰਦਪੁਰ ਸਾਹਿਬ ਪਹੁੰਚਾਇਆ ਜਾਵੇ। ਬਾਕੀ ਤਿੰਨ ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ) ਦੀ ਸ਼ਹਾਦਤ ਬਾਰੇ ਵੀ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਸਸਕਾਰ ਦੀ ਵੀ ਯੋਜਨਾ ਬਣਾਈ ਗਈ।
ਜਿਸ ਸਮੇਂ ਵਿਚਾਰ ਚੱਲ ਰਹੀ ਸੀ ਤਾਂ ਭਾਈ ਨਾਨੂ ਨੇ ਕਿਹਾ ਕਿ ਰਾਇਸੀਨਾ ਦਾ ਲੱਖੀ ਦਾਸ (ਲੱਖੀ ਸ਼ਾਹ ਵਣਜਾਰਾ) ਅੱਜ ਹੀ ਕਲੀ ਚੂਨੇ ਨਾਲ ਲੱਦੇ ਆਪਣੇ ਗੱਡਿਆਂ (ਟਾਂਡਿਆਂ) ਸਮੇਤ ਨਾਰਨੋਲ ਤੋਂ ਵਾਪਸ ਆਇਆ ਹੈ ਅਤੇ ਉਹ ਯਮਨਾ ਦੇ ਦੂਜੇ ਪਾਸੇ ਠਹਿਰਿਆ ਹੋਇਆ ਹੈ। ਸਾਨੂੰ ਉਸ ਨਾਲ ਵੀ ਚੱਲ ਕੇ ਗੱਲ ਕਰ ਲੈਣੀ ਚਾਹੀਦੀ ਹੈ। ਲੱਖੀ ਸ਼ਾਹ ਦਾ ਦਿੱਲੀ ਦੇ ਸਿੱਖਾਂ ਵਿਚ ਬੜਾ ਪ੍ਰਭਾਵ ਸੀ। ਉਸ ਦੀ ਗਿਣਤੀ ਗੁਰੂ ਘਰ ਦੇ ਪ੍ਰਸਿੱਧ ਸਿੱਖਾਂ ਵਿਚ ਕੀਤੀ ਜਾਂਦੀ ਸੀ। ਇਸ ਵਿਚਾਰ ਦੇ ਨਾਲ ਹੀ ਭਾਈ ਆਗਿਆ, ਭਾਈ ਨਾਨੂ, ਭਾਈ ਤੁਲਸੀ ਤੇ ਕੁਝ ਹੋਰ ਸਿੱਖ ਅੱਗੇ ਪਿੱਛੇ ਚਲਦਿਆਂ ਯਮਨਾ ਦੇ ਕਿਨਾਰੇ ਭਾਈ ਲੱਖੀ ਸ਼ਾਹ ਨੂੰ ਜਾ ਮਿਲੇ। ਉਨ੍ਹਾਂ ਨੇ ਭਾਈ ਲੱਖੀ ਸ਼ਾਹ ਨੂੰ ਸਾਰੀ ਵਾਰਤਾ ਦੱਸੀ। ਅੱਧੀ ਰਾਤ ਦਾ ਸਮਾਂ ਸੀ ਅਤੇ ਯੋਜਨਾ ਅਨੁਸਾਰ ਇਹ ਸਾਰੇ ਚਾਂਦਨੀ ਚੌਕ ਵੱਲ ਚੱਲ ਪਏ। ਚਾਰੇ ਪਾਸੇ ਛਨਾਟਾ ਛਾਇਆ ਹੋਇਆ ਸੀ। ਮੌਸਮ ਖ਼ਰਾਬ ਹੋਣ ਦੇ ਕਾਰਨ ਸ਼ਾਹੀ ਪਹਿਰੇਦਾਰ ਅਵੇਸਲੇ ਹੋ ਕੇ ਕੋਤਵਾਲੀ ਦੇ ਅੰਦਰ ਸੁੱਤੇ ਪਏ ਸਨ। ਅਚਾਨਕ ਆਕਾਸ਼ ਵਿਚ ਬਿਜਲੀ ਲਿਸ਼ਕੀ। ਭਾਈ ਲੱਖੀ ਸ਼ਾਹ (ਬੇਟਾ ਗੋਧੂ ਦਾ), ਉਸ ਦੇ ਪੁੱਤਰਾਂ ਭਾਈ ਨਗਾਹੀਆ, ਭਾਈ ਹੇਮਾ, ਭਾਈ ਹਾੜੀ ਅਤੇ ਭਾਈ ਧੂਮਾਂ ਬੇਟਾ ਕਾਨ੍ਹੇ ਕਾ ਨੇ ਅੱਗੇ ਵਧ ਕੇ ਗੁਰੂ ਜੀ ਦੇ ਧੜ ਨੂੰ ਆਪਣੇ ਗੱਡੇ ਵਿਚ ਲੱਦ ਲਿਆ ਅਤੇ ਛੇਤੀ ਦੇਣੇ ਰਾਇਸੀਨਾ ਵੱਲ ਚਲ ਪਏ। ਭਟ ਕੇਸ਼ੋ ਜੀ ਲਿਖਦੇ ਹਨ:
ਚਲਾ ਚਲਾਈ ਹੋ ਰਹੀ, ਗਢ ਗਢ ਉਪਰੇ ਮੇਖ।
ਲੱਖੀ ਨਿਗਾਹੀਆ ਲੈ ਚਲੇ, ਤੂ ਖੜਾ ਤਮਾਸ਼ਾ ਵੇਖ।੧।
ਲੱਖੀ ਨਿਗਾਹੀਆ ਲੱਖ ਗਏ, ਹੇਮ ਹੜਾਉ ਆਠ।
ਸੁਖ ਸਰੀਖਾ ਲਖ ਗਏ ਬਹੁਰ ਨ ਆਏ ਇਸ ਬਟ।੧।
ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿਚ ਲਿਖਦੇ ਹਨ ਕਿ ਭਾਈ ਨਗਾਹੀਆ ਗੱਡਿਆਂ ਸਮੇਤ ਗੁਰੂ ਸਾਹਿਬ ਦੀ ਸ਼ਹਾਦਤ ਵਾਲੀ ਜਗ੍ਹਾ 'ਤੇ ਲਾਲ ਕਿਲ੍ਹੇ ਦੇ ਪਿੱਛੋਂ ਥਾਣੀਂ ਹੁੰਦਾ ਹੋਇਆ ਨਿਗਮ ਬੋਧ ਘਾਟ ਰਾਹੀਂ ਚਾਂਦਨੀ ਚੌਕ ਵੱਲ ਆਇਆ:
ਨਿਗਮੋਦ ਜਹਿ ਘਾਟ ਕਹਾਵੈ।
ਤਿਸ ਦਿਸਿ ਬ੍ਰਿਖ ਭਨਿ ਬ੍ਰਿੰਦ ਚਲਾਵੈ।
ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ, ਉਸ ਅਨੁਸਾਰ 'ਭਾਈ ਜੈਤਾ ਬੇਟਾ ਆਗਿਆ ਕਾ, ਭਾਈ ਨਾਨੂੰ ਬੇਟਾ ਬਾਘੇ ਕਾ, ਭਾਈ ਉਦਾ ਬੇਟਾ ਖੇਮੇ ਕਾ ਅਤੇ ਭਾਈ ਆਗਿਆ ਗੁਰੂ ਜੀ ਦੇ ਸੀਸ ਨੂੰ ਚੁੱਕ ਕੇ ਪਹਿਲਾਂ ਆਪਣੇ ਘਰ ਦਿਲਵਾਲੀ ਲੈ ਆਏ। ਇਥੋਂ ਉਨ੍ਹਾਂ ਨੇ ਅਨੰਦਪੁਰ ਸਾਹਿਬ ਲਈ ਆਪਣਾ ਸਫ਼ਰ ਸ਼ੁਰੂ ਕਰਨਾ ਸੀ। ਇਨ੍ਹਾਂ ਨੇ ਆਪਣਾ ਸਫਰ ਦਿਨ ਚੜ੍ਹਨ ਤੋਂ ਪਹਿਲਾਂ ਸੁਰੂ ਕਰ ਦਿੱਤਾ।
'ਭੱਟ ਵਹੀ ਜਾਦੋਬੰਸੀਆ ਕੀ, ਖਾਤਾ ਬੜਤੀਏ ਕਨਾਉਂਤੋ ਕਾ' ਵਿਚ ਜ਼ਿਕਰ ਹੈ ਕਿ 'ਲੱਖੀ ਬੇਟਾ ਗੋਧੂ ਕਾ, ਨਗਾਹੀਆ, ਹੇਮਾ, ਹਾੜੀ, ਬੇਟੇ ਲਖੀਏ ਕੇ ਜਾਦੋ ਬੰਸੀ ਬੜਤੀਏ ਕਨਾਉਂਤ, ਨਾਇਕ ਧੂਮਾ ਬੇਟਾ ਕਾਨ੍ਹੇ ਕਾ ਬਿੰਜਲਉਤ ਕਾ। ਗੁਰੂ ਤੇਗ ਬਹਾਦਰ ਜੀ ਮਹਲ ਨਾਵਾਂ ਕੀ ਲਾਸ਼ ਉਠਾਇ ਲਾਏ, ਸਾਲ ਸਤਰਾਂ ਸੈ ਬਤੀਸ, ਮੰਗਸਰ ਸੁਦੀ ਛਠ ਗੁਰੂਵਾਰ ਕੇ ਦਿੰਹੁ। ਦਾਗ ਦੀਆ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ।'
ਸਵੇਰ ਹੋਣ ਤੇ ਜਦੋਂ ਪਹਿਰੇਦਾਰਾਂ ਨੇ ਵੇਖਿਆ ਕਿ ਗੁਰੂ ਜੀ ਦਾ ਸੀਸ ਅਤੇ ਧੜ ਨਹੀਂ ਹਨ ਤਾਂ ਸਾਰੇ ਪਾਸੇ ਰੌਲਾ ਪੈ ਗਿਆ। ਜਦੋਂ ਤੱਕ ਮੁਗਲ ਅਧਿਕਾਰੀ ਹਰਕਤ ਵਿਚ ਆਏ ਉਸ ਸਮੇਂ ਤੱਕ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਅਤੇ ਵਪਾਰ ਵਾਲੇ ਸਮਾਨ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋ ਚੁੱਕਾ ਸੀ। ਕੋਤਵਾਲੀ ਵਾਲਿਆਂ ਨੇ ਵਿਚਾਰਿਆ ਕਿ ਚਾਂਦਨੀ ਚੌਕ ਵਿਚੋਂ ਲੱਖੀ ਸ਼ਾਹ ਦਾ 'ਕਾਫਲਾ' ਹੀ ਲੰਘਿਆ ਸੀ, ਇਸ ਲਈ ਸਿਪਾਹੀ ਪਿੱਛਾ ਕਰਦੇ ਹੋਏ ਲੱਖੀ ਸ਼ਾਹ ਦੇ ਘਰ ਕੋਲ ਪਹੁੰਚਦੇ, ਜਦੋਂ ਇਨ੍ਹਾਂ ਨੇ ਵੇਖਿਆ ਕਿ ਸਾਰਾ ਪਿੰਡ ਲੱਖੀ ਸ਼ਾਹ ਦੇ ਘਰ ਨੂੰ ਲੱਗੀ ਅੱਗ ਨੂੰ ਬੁਝਾ ਰਿਹਾ ਹੈ ਤਾਂ ਸਿਰ ਜਿਹਾ ਸੁੱਟ ਕੇ ਮੁੜ ਕੋਤਵਾਲੀ ਪਰਤ ਆਏ। ਉਸੇ ਰਾਤ ਕੀ ਦੇਖਦੇ ਹਨ ਕਿ ਜਿਸ ਬੋਹੜ ਦੇ ਦਰੱਖਤ ਹੇਠਾਂ ਗੁਰੂ ਪਾਤਿਸ਼ਾਹ ਨੂੰ ਸ਼ਹੀਦ ਕੀਤਾ ਗਿਆ ਸੀ, ਉਥੇ ਕੋਈ ਗੁਰੂ ਪਿਆਰਾ, ਧਰਮੀ ਮਰਜੀਵੜਾ ਜੋਤ ਜਗ੍ਹਾ ਕੇ ਰੱਖ ਗਿਆ।
ਕੂਚਾ ਦਿਲਵਾਲੀ ਅਤੇ ਯਮਨਾ ਕੰਢੇ ਭਾਈ ਲੱਖੀ ਸ਼ਾਹ ਦੇ ਡੇਰੇ ਯੋਜਨਾ ਬਣਾਈ ਗਈ ਸੀ ਕਿ ਭਾਈ ਜੈਤਾ ਜਰਨੈਲੀ ਸੜਕ ਦੇ ਨਾਲ-ਨਾਲ ਪਿੰਡਾਂ 'ਚੋਂ ਸਫਰ ਕਰਦਾ ਕੀਰਤਪੁਰ ਵਲ ਵਧੇਗਾ, ਭਾਈ ਊਦਾ ਅਤੇ ਭਾਈ ਨਾਨੂੰ ਉਸ ਦੀ ਰੱੱਖਿਆ ਲਈ ਉਸ ਦੇ ਅੱਗੇ ਪਿਛੇ ਅਣਭੋਲ ਬਣ ਕੇ ਚਲਦੇ ਰਹਿਣਗੇ। ਗੁਰੂ ਜੀ ਦਾ ਸੀਸ ਲੈ ਕੇ ਜਾਣ ਵਾਲੇ ਸਾਰੇ ਸਿੱਖ ਸ਼ਸਤਰਧਾਰੀ, ਯੁੱਧ ਵਿੱਦਿਆ ਦੇ ਮਾਹਰ ਅਤੇ ਤਕੜੇ ਘੋੜ ਸਵਾਰ ਸਨ। ਗੁਰੂ ਸਾਹਿਬ ਦੇ ਸੀਸ ਨੂੰ ਚੰਗੀ ਤਰ੍ਹਾਂ ਰੁਮਾਲਿਆਂ ਵਿਚ ਲਪੇਟਿਆ ਹੋਇਆ ਸੀ। ਭਾਈ ਜੈਤਾ ਜੀ ਨੇ ਪਹਿਲਾ ਪੜਾਅ ਤ੍ਰਾਵੜੀ ਕੀਤਾ ਜਿਥੇ ਉਨ੍ਹਾਂ ਨੇ ਰਾਤ ਦੇ ਸਮੇਂ ਬਿਸਰਾਮ ਕੀਤਾ। ਗੁਰੂ ਕੀਆਂ ਸਾਖੀਆਂ ਅਨੁਸਾਰ 'ਦਿੱਲੀ ਤੋ ਭਾਈ ਜੈਤਾ ਕੱਲਾ ਗੁਰੂ ਜੀ ਦਾ ਸੀਸ ਖਾਰੇ ਵਿਚ ਪਾ ਕੇ ਨਿਕਲਿਆ ਸੀ। ਭਾਈ ਨਾਨੂੰ, ਭਾਈ ਆਗਿਆ ਅਤੇ ਭਾਈ ਊਦਾ ਉਸ ਨੂੰ ਅੱਗੇ ਜਾ ਕੇ ਰਾਹ ਵਿਚ ਮਿਲੇ ਸਨ।' ਭਾਈ ਜੈਤਾ ਜੀ ਨੇ ਪਹਿਲੀ ਰਾਤ ਤ੍ਰਾਵੜੀ ਵਿਖੇ ਭਾਈ ਦੇਵਾ ਜੀ ਦੇ ਘਰ ਕੱਟੀ ਸੀ। ਭਾਈ ਦੇਵਾ ਜੀ ਦਾ ਸਾਰਾ ਪਰਿਵਾਰ ਸਾਰੀ ਰਾਤ ਜਾਗਦਾ ਰਿਹਾ ਅਤੇ ਭਾਈ ਜੈਤਾ ਜੀ ਤੇ ਭਾਈ ਦੇਵਾ ਜੀ ਸਾਰੀ ਰਾਤ ਬਾਣੀ ਦਾ ਪਾਠ ਕਰਦੇ ਰਹੇ।
ਅਗਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਭਾਈ ਜੈਤਾ ਜੀ ਨੇ ਸਾਥੀ ਸਿੱਖਾਂ ਨਾਲ ਸਫਰ ਸ਼ੁਰੂ ਕੀਤਾ ਅਤੇ ਅੰਬਾਲਾ ਪਹੁੰਚ ਗਏ ਅਤੇ ਭਾਈ ਰਾਮ ਦੇਵਾ ਦੇ ਸਿੱਖ ਦੇ ਘਰ ਰਹੇ। ਭਾਈ ਜੈਤਾ ਜੀ ਦੋ ਦਿਨ ਦੇ ਉਨੀਂਦਰੇ ਸਨ, ਇਥੇ ਪਹੁੰਚ ਕੇ ਕੁਝ ਆਰਾਮ ਕੀਤਾ ਅਤੇ ਭਾਈ ਰਾਮ ਦੇਵਾ ਜੀ ਦੇ ਸੀਸ 'ਤੇ ਪਹਿਰਾ ਦਿੰਦਾ ਰਿਹਾ। ਅੰਬਾਲਾ ਤੋਂ ਚੱਲ ਕੇ ਭਾਈ ਜੈਤਾ ਦਾ ਅਗਲਾ ਪੜਾਅ ਪਿੰਡ ਨਾਭਾ ਸੀ। ਪਿੰਡ ਨਾਭਾ ਵਿਚ ਇਕ ਮੁਸਲਮਾਨ ਦਰਵੇਸ਼ ਦਰਗਾਹੀ ਸ਼ਾਹ ਦੀ ਕੁਟੀਆ ਸੀ। ਭਾਈ ਜੈਤਾ ਗੁਰੂ ਜੀ ਦੇ ਸੀਸ ਦੇ ਨਾਲ ਇਕ ਰਾਤ ਇਥੇ ਰੁਕੇ ਸਨ। ਭਾਈ ਜੈਤਾ ਆਪਣੇ ਨਾਲ ਵਾਲੇ ਸਿੱਖਾਂ ਦੇ ਨਾਲ ਸਫਰ ਤੈਅ ਕਰਦੇ ਕੀਰਤਪੁਰ ਸਾਹਿਬ ਪਹੁੰਚੇ। ਕੀਰਤਪੁਰ ਸਾਹਿਬ ਪਹੁੰਚਣ 'ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਸ ਥਾਂ ਰੱਖਿਆ ਗਿਆ, ਜਿਥੇ ਹੁਣ ਗੁਰਦੁਆਰਾ ਬਿਬਾਣਗੜ੍ਹ ਅਤੇ ਦਮਦਮਾ ਸਾਹਿਬ ਸਥਾਪਿਤ ਹੈ। ਗੁਰੂ ਜੀ ਦਾ ਸੀਸ ਆਉਣ ਦੀ ਖ਼ਬਰ ਅਨੰਦਪੁਰ ਸਾਹਿਬ ਪਹਿਲਾਂ ਹੀ ਪਹੁੰਚ ਚੁੱਕੀ ਸੀ। ਗੁਰੂ ਤੇਗ ਬਹਾਦਰ ਜੀ ਦਾ ਸਾਰਾ ਪਰਿਵਾਰ ਕੀਰਤਪੁਰ ਸਾਹਿਬ ਪਹੁੰਚ ਚੁੱਕਾ ਸੀ। ਜਦੋਂ ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚਿਆ ਤਾਂ ਸਾਰਿਆਂ ਦੇ ਚਿਹਰੇ 'ਤੇ ਵੈਰਾਗ ਸੀ ਅਤੇ ਅੱਖਾਂ ਵਿਚ ਨੀਰ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵਧ ਕੇ ਗੁਰੂ ਪਿਤਾ ਦਾ ਸੀਸ ਪ੍ਰਾਪਤ ਕਰਦੇ ਹੋਏ ਭਾਈ ਜੈਤਾ ਨੂੰ ਕਲਾਵੇ ਵਿਚ ਲਿਆ ਤੇ ਕਿਹਾ 'ਰੰਗਰੇਟਾ ਗੁਰੂ ਕਾ ਬੇਟਾ' ਅਤੇ ਪ੍ਰਸੰਨ ਹੋ ਕੇ 'ਗੁਰੂ ਦਾ ਪੁੱਤਰ' ਹੋਣ ਦਾ ਮਾਣ ਬਖ਼ਸ਼ਿਆ।
ਇਥੋਂ ਗੁਰੂ ਜੀ ਦੇ ਸੀਸ ਨੂੰ ਬਿਬਾਨ (ਪਾਲਕੀ) ਵਿਚ ਰੱਖ ਕੇ ਚੱਕ ਨਾਨਕੀ (ਅਨੰਦਪੁਰ ਸਾਹਿਬ) ਲਿਜਾਇਆ ਗਿਆ। ਗੁਰੂ (ਗੋਬਿੰਦ ਸਿੰਘ) ਦੇ ਤਾਏ ਸੂਰਜ ਮੱਲ ਦਾ ਸਾਰਾ ਪਰਿਵਾਰ ਵੀ ਨਾਲ ਹੀ ਸੀ। ਸੰਗਤਾਂ ਸਾਰੇ ਰਸਤੇ ਗੁਰਬਾਣੀ ਪੜ੍ਹਦੀਆਂ ਅਤੇ ਵਾਹਿਗੁਰੂ ਦਾ ਸਿਮਰਨ ਕਰਦੀਆਂ ਚੱਕ ਨਾਨਕੀ ਪਹੁੰਚੀਆਂ। ਇਸੇ ਸਥਾਨ 'ਤੇ 16 ਨਵੰਬਰ, 1675 ਈ. ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ। ਸਸਕਾਰ ਵਾਲੀ ਥਾਂ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਕ ਥੜ੍ਹਾ ਬਣਵਾਇਆ। ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹੋਈਆਂ ਪ੍ਰਣਾਮ ਕਰਦੀਆਂ ਹਨ।
-ਬਠਿੰਡਾ। ਮੋਬਾਈਲ : 98155-33725