10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸ਼ਹੀਦੀ ਦਿਵਸ 'ਤੇ ਵਿਸ਼ੇਸ਼-ਸਿੱਖ ਪੰਥ ਦੀ ਅਹਿਮ ਸ਼ਖ਼ਸੀਅਤ ਬਾਬੂ ਲਾਭ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026

ਬਾਬੂ ਲਾਭ ਸਿੰਘ ਦਾ ਜਨਮ 1895 ਈ. ਵਿਚ ਸਰਦਾਰ ਦੂਲਾ ਸਿੰਘ ਦੇ ਘਰ ਪਿੰਡ ਲਸਾੜਾ ਤਹਿਸੀਲ ਫਿਲੌਰ (ਜ਼ਿਲ੍ਹਾ ਜਲੰਧਰ) ਵਿਖੇ ਹੋਇਆ। ਉਨ੍ਹਾਂ ਦੇ ਬਚਪਨ 'ਚ ਹੀ ਮਾਪੇ ਅਕਾਲ ਚਲਾਣਾ ਕਰ ਗਏ। ਲਾਭ ਸਿੰਘ ਨੇ ਮੈਟ੍ਰਿਕ ਤੱਕ ਵਿੱਦਿਆ ਪ੍ਰਾਪਤ ਕੀਤੀ। 1914-15 ਵਿਚ ਉਹ ਫੌਜ 'ਚ ਕਲਰਕ ਭਰਤੀ ਹੋ ਗਏ। ਇੱਥੋਂ ਹੀ ਉਨ੍ਹਾਂ ਦੇ ਨਾਂਅ ਨਾਲ 'ਬਾਬੂ' ਸ਼ਬਦ ਜੁੜਿਆ। 1920 ਵਿਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਦਾ ਉਨ੍ਹਾਂ 'ਤੇ ਚੋਖਾ ਪ੍ਰਭਾਵ ਪਿਆ। ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਪਿੱਛੋਂ ਉਨ੍ਹਾਂ ਨੇ ਕਾਲੀ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ। ਉਹ ਨੌਕਰੀ ਛੱਡ ਕੇ ਕੌਮੀ ਸੇਵਾ ਦੇ ਮੈਦਾਨ ਵਿਚ ਆ ਗਏ। ਉਹ 1922 ਵਿਚ ਗੁਰੂ ਕੇ ਬਾਗ ਦੇ ਮੋਰਚੇ 'ਚ ਸ਼ਾਮਿਲ ਹੋਏ। ਉਨ੍ਹਾਂ ਜੈਤੋ ਦੇ ਮੋਰਚੇ ਸਮੇਂ 18 ਅਪ੍ਰੈਲ 1924 ਨੂੰ ਗ੍ਰਿਫ਼ਤਾਰੀ ਦਿੱਤੀ ਤੇ ਉਨ੍ਹਾਂ ਨੂੰ ਨਾਭਾ ਬੀੜ ਤੇ ਕਾਰਖਾਸ ਵਿਚ ਰੱਖਿਆ ਗਿਆ। ਉਨ੍ਹਾਂ ਨੂੰ 1925 ਵਿਚ ਗੁਰਦੁਆਰਾ ਐਕਟ ਪਾਸ ਹੋਣ 'ਤੇ ਰਿਹਾਅ ਕੀਤਾ ਗਿਆ। ਉਹ 1926 ਵਿਚ ਅਕਾਲੀ ਜਥਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਚੁਣੇ ਗਏ। 1928 ਵਿਚ ਉਨ੍ਹਾਂ ਨੇ ਸਾਈਮਨ ਕਮਿਸ਼ਨ ਦਾ ਡਟ ਕੇ ਵਿਰੋਧ ਕੀਤਾ। ਸਿਵਲ-ਨਾ-ਫਰਮਾਨੀ ਲਹਿਰ ਵਿਚ ਉਨ੍ਹਾਂ ਕਰੀਬ ਇਕ ਸਾਲ ਕੈਦ ਕੱਟੀ। ਗਾਂਧੀ-ਇਰਵਨ ਸਮਝੌਤਾ ਹੋਣ 'ਤੇ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। 1932 'ਚ ਉਨ੍ਹਾਂ ਨੇ ਜਲੰਧਰ ਵਿਚ ਸ਼ਾਨਦਾਰ ਅਕਾਲੀ ਕਾਨਫਰੰਸ ਕੀਤੀ। ਉਹ ਲਗਾਤਾਰ ਕਈ ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਕਾਂਗਰਸ ਦੇ ਪ੍ਰਮੁੱਖ ਆਗੂ ਰਹੇ। ਉਨ੍ਹਾਂ 1942 ਵਿਚ ਡਿਫੈਂਸ ਆਫ ਇੰਡੀਆ ਐਕਟ ਅਧੀਨ ਗ੍ਰਿਫ਼ਤਾਰ ਹੋ ਕੇ ਕੈਦ ਕੱਟੀ। 26 ਜਨਵਰੀ 1943 ਨੂੰ ਉਨ੍ਹਾਂ ਮੁਲਤਾਨ ਜੇਲ੍ਹ ਵਿਚ ਕੌਮੀ ਝੰਡਾ ਝੁਲਾਇਆ। ਫਿਰ 1944 'ਚ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਉਨ੍ਹਾਂ ਸਾਥੀਆਂ ਨਾਲ ਮਿਲ ਕੇ ਨਵੰਬਰ 1944 'ਚ ਜੰਡਿਆਲਾ (ਜਲੰਧਰ) ਵਿਖੇ ਅਕਾਲੀ ਜਥੇ ਦੀ 25 ਸਾਲਾ ਜੁਬਲੀ ਕਾਨਫਰੰਸ ਕੀਤੀ। 1945 ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ। '47 ਦੀ ਵੰਡ ਤੋਂ ਪਹਿਲਾਂ ਹੀ ਦੇਸ਼ 'ਚ ਥਾਂ-ਥਾਂ ਫਿਰਕੂ ਫ਼ਸਾਦ ਹੋਣੇ ਸ਼ੁਰੂ ਹੋ ਗਏ ਸਨ। ਇਸ ਸਮੇਂ ਉਹ ਸਾਥੀਆਂ ਸਮੇਤ ਜਲੰਧਰ ਵਿਚ ਲੋਕਾਂ ਨੂੰ ਏਕਤਾ ਤੇ ਸ਼ਾਂਤੀ ਬਣਾਈ ਰੱਖਣ ਲਈ ਪ੍ਰੇਰਿਤ ਕਰਦੇ ਰਹੇ ਪਰ ਉਹ ਖ਼ੁਦ ਹੀ ਫਿਰਕੂਪੁਣੇ ਦੀ ਲਪੇਟ 'ਚ ਆ ਗਏ ਤੇ ਰੈਣਕ ਬਾਜ਼ਾਰ (ਜਲੰਧਰ) ਵਿਚ ਉਨ੍ਹਾਂ 'ਤੇ ਲੀਗੀਆਂ ਨੇ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਹਾਲਤ 'ਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ 9 ਮਾਰਚ 1947 ਨੂੰ ਉਹ ਸ਼ਹੀਦੀ ਪ੍ਰਾਪਤ ਕਰ ਗਏ। ਜਲੰਧਰ ਦੇ ਸਿਵਲ ਹਸਪਤਾਲ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਹੀ ਰੱਖਿਆ ਹੋਇਆ ਹੈ ਤੇ ਰੈਣਕ ਬਾਜ਼ਾਰ 'ਚ ਉਨ੍ਹਾਂ ਦੇ ਨਾਂਅ 'ਤੇ ਗੁਰਦੁਆਰਾ ਬਣਾਇਆ ਗਿਆ ਹੈ। ਜਲੰਧਰ ਵਿਖੇ ਉਨ੍ਹਾਂ ਦੀ ਯਾਦਗਾਰ ਵੀ ਬਣੀ ਹੋਈ ਹੈ, ਜਿੱਥੇ ਹਰ ਸਾਲ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।

-ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ।
ਮੋਬਾਈਲ : 97812-00168

Ad Position 22
No active advertisement
ਪਿਛਲੀ ਖ਼ਬਰ ਸਭਿ ਦੂਖ ਵਿਸਾਰਣਹਾਰਾ ਅਗਲੀ ਖ਼ਬਰ ਬਰਸੀ 'ਤੇ ਵਿਸ਼ੇਸ਼-ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਨੂੰ ਯਾਦ ਕਰਦਿਆਂ
Ad Position 24