ਉਸਤਾਦ ਰਾਗੀ ਜਸਵੰਤ ਸਿੰਘ ਤੀਬਰ (ਕੁਲਾਰ) ਦਾ ਜਨਮ ਮਿਤੀ 10 ਜੁਲਾਈ 1913 ਨੂੰ ਪਿੰਡ ਕੁਲਾਰ (ਲੁਧਿਆਣਾ) ਵਿਖੇ ਮਾਤਾ ਰਾਜ ਕੌਰ ਤੇ ਪਿਤਾ ਸ. ਕੇਹਰ ਸਿੰਘ ਦੇ ਘਰ ਹੋਇਆ। ਬਚਪਨ ਵਿਚ ਹੀ ਚੇਚਕ ਦੀ ਬਿਮਾਰੀ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਜੋਤ ਚਲੀ ਗਈ ਸੀ। ਮੁਢਲੀ ਵਿੱਦਿਆ ਦੇ ਤੌਰ 'ਤੇ ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਭਾਈ ਪੂਰਨ ਸਿੰਘ ਤੋਂ ਨਿਤਨੇਮ ਦੀਆਂ ਬਾਣੀਆਂ ਤੇ ਗੁਰਬਾਣੀ ਸ਼ਬਦਾਂ ਦੀ ਸਿੱਖਿਆ ਹਾਸਿਲ ਕੀਤੀ। 11 ਸਾਲ ਦੀ ਉਮਰ ਵਿਚ ਰਾਗ ਵਿੱਦਿਆ ਦੀ ਪ੍ਰਸਿੱਧ ਟਕਸਾਲ ਦੌਧਰ ਵਿਖੇ ਸੰਗੀਤ ਵਿੱਦਿਆ ਹਾਸਿਲ ਕਰਨ ਲਈ ਦਾਖ਼ਲ ਹੋਏ। ਦੌਧਰ ਵਿਖੇ ਉਨ੍ਹਾਂ ਨੇ ਸੰਨ 1924 ਤੋਂ 1939 ਤੱਕ ਸੰਗੀਤ ਵਿੱਦਿਆ ਦਾ ਗਿਆਨ ਹਾਸਿਲ ਕੀਤਾ। ਉਪਰੰਤ ਉਹ ਪ੍ਰਸਿੱਧ ਉਸਤਾਦ ਪੰਡਤ ਨੱਥੂ ਰਾਮ ਕੋਲ ਤਰਨ ਤਾਰਨ ਚਲੇ ਗਏ, ਜਿੱਥੇ ਉਨ੍ਹਾਂ ਰਾਗ ਵਿੱਦਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਚੱਕ ਨੰਬਰ 20 ਮਿੰਟਗੁਮਰੀ (ਅੱਜ ਪਾਕਿਸਤਾਨ 'ਚ) ਵਿਖੇ ਰਾਗ ਵਿੱਦਿਆ ਦੇ ਮੰਨੇ-ਪ੍ਰਮੰਨੇ ਉਸਤਾਦ ਝੰਡੇ ਖ਼ਾਨ ਦੀ ਸ਼ਾਗਿਰਦੀ 'ਚ ਰਹਿ ਕੇ ਵਿੱਦਿਆ ਹਾਸਿਲ ਕੀਤੀ। ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਉਨ੍ਹਾਂ ਮਹਾਨ ਗੁਣਾਂ ਦੇ ਧਾਰਨੀ ਸਨ, ਜਿਨ੍ਹਾਂ ਸਦਕਾ ਉਨ੍ਹਾਂ ਦੀ ਸੋਭਾ ਇਲਾਕੇ 'ਚ ਹੀ ਨਹੀਂ, ਸਗੋਂ ਦੇਸ਼-ਵਿਦੇਸ਼ਾਂ 'ਚ ਹੁੰਦੀ ਹੈ ਤੇ ਹੁੰਦੀ ਰਹੇਗੀ। ਉਨ੍ਹਾਂ ਦੇ ਜੀਵਨ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਅੱਖਾਂ ਦੀ ਜੋਤ ਤੋਂ ਵਿਹੂਣੇ ਹੋਣ ਦੇ ਬਾਵਜੂਦ ਸੰਗੀਤਕ ਖ਼ੇਤਰ ਵਿਚ ਜੋ ਲਾਮਿਸਾਲ ਕਾਰਜ ਕੀਤੇ ਹਨ, ਉਨ੍ਹਾਂ ਦਾ ਕੋਈ ਸਾਨੀ ਹੀ ਨਹੀਂ। ਅਕਸਰ ਇਹ ਹੁੰਦਾ ਹੈ ਕਿ ਮਨੁੱਖ ਆਪਣੀ ਸਰੀਰਕ ਹੀਣਤਾ ਕਾਰਨ ਕੇਵਲ ਨਿੱਜੀ ਗੁਣਾਂ ਦਾ ਧਾਰਨੀ ਤਾਂ ਬਣ ਜਾਂਦਾ ਹੈ, ਪਰ ਦੂਜਿਆਂ ਖ਼ਾਤਰ ਉਹ ਕੁਝ ਨਹੀਂ ਕਰ ਸਕਦਾ ਪਰ ਇਸ ਮਾਮਲੇ 'ਚ ਉਨ੍ਹਾਂ ਦੀ ਘਾਲਣਾ ਅੱਗੇ ਸੀਸ ਝੁਕਦਾ ਹੈ ਕਿ ਉਨ੍ਹਾਂ ਨੇ ਆਪ ਸੰਗੀਤਕ ਗੁਣਾਂ ਨੂੰ ਹਾਸਿਲ ਕਰਕੇ ਇਸ ਦੀ ਇਸ ਖ਼ੁਸ਼ਬੋਈ ਨੂੰ ਚਾਰੇ ਪਾਸੇ ਵੰਡਿਆ। ਉਨ੍ਹਾਂ ਸਮਿਆਂ 'ਚ ਜਦੋਂ ਆਵਾਜਾਈ ਦੇ ਸਾਧਨ ਸੀਮਤ ਸਨ, ਉਹ ਐਡਾ ਮਹਾਨ ਕਾਰਜ ਕਰਦੇ ਰਹੇ, ਜਿਸ ਬਾਰੇ ਲਿਖਦਿਆਂ ਸ਼ਬਦਾਂ ਦੀ ਘਾਟ ਮਹਿਸੂਸ ਹੁੰਦੀ ਹੈ। ਉਨ੍ਹਾਂ ਨੇ ਮਿੰਟਗੁਮਰੀ, ਮਾਨਪੁਰ ਖੰਟ, ਪਟਿਆਲਾ, ਚੂਹੜਕਾਣਾ, ਹੇਰਾਂ, ਪਿੰਡ ਦੁਲਏ (ਲੁਧਿਆਣਾ), ਸਮਰਾਲਾ, ਕਲਕੱਤਾ, ਮਸਤੂਆਣਾ ਸਾਹਿਬ, ਸੰਗਰੂਰ, ਬੋਪਾਰਾਏ, ਮੁੱਲਾਂਪੁਰ, ਚੌਕ ਮਹਿਤਾ ਤੇ ਸਿੰਗਾਪੁਰ ਵਿਖੇ ਅਣਗਿਣਤ ਵਿਦਿਆਰਥੀਆਂ ਨੂੰ ਸੰਗੀਤਕ ਦਾਤਾਂ ਬਖਸ਼ੀਆਂ। ਉਹ ਹਰਮੋਨੀਅਮ ਤੋਂ ਇਲਾਵਾ ਤਬਲਾ, ਸਰੰਦਾ, ਤਾਊਸ, ਜਲ ਤਰੰਗ ਤੇ ਹੋਰ ਅਨੇਕਾਂ ਸਾਜ਼ਾਂ ਦੇ ਗਿਆਤਾ ਸਨ। ਉਨ੍ਹਾਂ ਦਾ ਸਮੁੱਚਾ ਜੀਵਨ ਜਿੱਥੇ ਗੁਰਮਤਿ ਸੰਗੀਤ ਅਭਿਆਸ ਅਤੇ ਸੰਗੀਤ ਦਾਨੀ ਦੇ ਤੌਰ 'ਤੇ ਸੇਵਾ ਪ੍ਰਤੀ ਸਮਰਪਿਤ ਸੀ, ਉੱਥੇ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਬਚਨਾਂ 'ਤੇ ਖ਼ਰੇ ਉਤਰਦਿਆਂ ਗ੍ਰਹਿਸਥੀ ਜੀਵਨ ਨੂੰ ਵੀ ਬਾਖੂਬੀ ਨਿਭਾਇਆ। ਉਨ੍ਹਾਂ ਨੇ ਦੋ ਸਪੁੱਤਰਾਂ ਤੇ ਦੋਵਾਂ ਸਪੁੱਤਰੀਆਂ ਨੂੰ ਸੰਸਾਰਿਕ ਵਿੱਦਿਆ ਪ੍ਰਾਪਤ ਕਰਾ ਕੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਫ਼ਲਤਾ ਨਾਲ ਨੇਪਰੇ ਚੜ੍ਹਾਇਆ। ਉਨ੍ਹਾਂ ਦੇ ਸਪੁੱਤਰ ਹਰਕੀਰਤ ਸਿੰਘ ਸਰੀ (ਕੈਨੇਡਾ) ਵਿਖੇ ਪੰਜਾਬੀ ਦੇ ਇਕ ਅਖ਼ਬਾਰ ਦੇ ਮੁੱਖ ਸੰਪਾਦਕ ਹੋਣ ਦੇ ਨਾਲ-ਨਾਲ ਪਿਤਾ ਪੁਰਖੀ ਸੰਗੀਤਕ ਖ਼ਜ਼ਾਨੇ ਨੂੰ ਵੰਡ ਰਹੇ ਹਨ। ਜਿਨ੍ਹਾਂ ਵਿਦਿਆਰਥੀਆਂ ਨੂੰ ਉਸਤਾਦ ਰਾਗੀ ਜਸਵੰਤ ਸਿੰਘ ਤੀਬਰ (ਕੁਲਾਰ) ਨੇ ਕਦੇ ਉਂਗਲੀ ਫੜ ਕੇ ਸੰਗੀਤ ਦੇ ਸਮੁੰਦਰ ਵੱਲ ਤੋਰਿਆ ਸੀ, ਉਹ ਹੁਣ ਉਸਤਾਦ ਬਣ ਕੇ ਦੁਨੀਆ ਭਰ 'ਚ ਗੁਰਮਤਿ ਸੰਗੀਤ ਵੰਡ ਰਹੇ ਹਨ ਅਤੇ ਮਿਤੀ 13, 14 ਤੇ 15 ਮਾਰਚ 2026 ਨੂੰ ਉਨ੍ਹਾਂ ਦੀ 40ਵੀਂ ਯਾਦ 'ਚ ਸਮਾਗਮ ਕਰਾ ਰਹੇ ਹਨ, ਜੋ ਉਨ੍ਹਾਂ ਦੇ ਜੱਦੀ ਪਿੰਡ ਕੁਲਾਰ (ਲੁਧਿਆਣਾ) ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ।
-ਚੌਕੀਮਾਨ, ਤਹਿਸੀਲ-ਜਗਰਾਉਂ, ਜ਼ਿਲ੍ਹਾ-ਲੁਧਿਆਣਾ।
ਮੋਬਾਈਲ : 90565-00006