10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅਜੋਕੇ ਨਾਰੀ ਸੰਦਰਭ ਵਿਚ ਗੁਰਬਾਣੀ ਦੀ ਪ੍ਰਸੰਗਿਕਤਾ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026

ਮੱਧਕਾਲੀਨ ਭਾਰਤ ਵਿਚ ਸਮਾਜਿਕ ਅਧੋਗਤੀ ਦੇ ਪ੍ਰਤੀਕਰਮ ਵਜੋਂ ਆਰੰਭੇ ਹੋਏ ਭਗਤੀ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ 'ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ' ਦੀ ਸੰਪਾਦਨਾ ਹੈ। ਸਦੀਆਂ ਤੋਂ ਗੁਰਬਾਣੀ ਮਨੁੱਖੀ ਜੀਵਨ ਲਈ ਪ੍ਰਸੰਗਿਕ ਰਹੀ ਹੈ ਅਤੇ ਅੱਗੋਂ ਵੀ ਰਹੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿੱਥੇ ਮਨੁੱਖੀ ਜੀਵਨ ਦੇ ਸਮੁੱਚੇ ਸਰੋਕਾਰਾਂ ਦੀ ਚਰਚਾ ਮਿਲਦੀ ਹੈ, ਉੱਥੇ ਸਮਾਜ ਦੇ ਮਹੱਤਵਪੂਰਨ ਅੰਗ ਨਾਰੀ ਵਰਗ ਬਾਰੇ ਵੀ ਚਰਚਾ ਕੀਤੀ ਗਈ ਹੈ।
ਭਾਰਤ ਵਿਚ ਸਿੱਖ ਗੁਰੂਆਂ ਵਲੋਂ ਪੰਦ੍ਹਰਵੀਂ ਤੇ ਸੋਲ੍ਹਵੀਂ ਸਦੀ ਦੀ ਮਰਦ ਅਤੇ ਇਸਤਰੀ ਦੀ ਬਰਾਬਰੀ ਦਾ ਆਗਾਜ਼ ਇਨਕਲਾਬੀ ਸੀ। ਇਤਿਹਾਸਕ ਪੱਖ ਵੱਲ ਨਜ਼ਰ ਮਾਰੀਏ ਤਾਂ ਗੁਰੂਕਾਲ ਤੋਂ ਪਹਿਲਾਂ ਨਾਰੀ ਦੀ ਦਸ਼ਾ ਚੰਗੀ ਨਹੀਂ ਸੀ। ਬਿਨਾਂ ਸ਼ੱਕ ਵੈਦਿਕ ਕਾਲ ਵਿਚ ਨਾਰੀ ਉੱਚੇ ਤੇ ਸਤਿਕਾਰਯੋਗ ਸਥਾਨ ਦੀ ਲਖਾਇਕ ਸੀ। ਉੱਤਰ ਵੈਦਿਕ ਕਾਲ ਵਿਚ ਨਾਰੀ ਦੀ ਅਵਸਥਾ ਮੁਢਲੇ ਵੈਦਿਕ ਕਾਲ ਦੇ ਨਿਆਈਂ ਨਹੀਂ ਸੀ। ਫ਼ਲਸਰੂਪ ਨਾਰੀ ਦੀ ਮਹੱਤਤਾ ਘਟਦੀ ਗਈ ਅਤੇ ਉਸ ਨੂੰ ਮਰਦ ਦੇ ਪੈਰ ਦੀ ਜੁੱਤੀ, ਦਾਸੀ ਆਦਿ ਕਿਹਾ ਜਾਣ ਲੱਗਾ।
ਸਿੱਖ ਗੁਰੂਆਂ ਨੇ ਇਸਤਰੀ ਦੀ ਇਸ ਦਸ਼ਾ ਨੂੰ ਵੇਖ ਕੇ ਇਸ ਦੀ ਸਿਰਫ਼ ਨਿੰਦਾ ਹੀ ਨਹੀਂ ਕੀਤੀ, ਸਗੋਂ ਸਿੱਖ ਸੱਭਿਆਚਾਰ ਵਿਚ ਇਨ੍ਹਾਂ ਲਾਹਣਤਾਂ ਨੂੰ ਦੂਰ ਕਰਨ ਦੀ ਤਾਕੀਦ ਕੀਤੀ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਸਪੱਸ਼ਟ ਸ਼ਬਦਾਂ ਵਿਚ ਸਮਝਾਇਆ ਕਿ ਇਸਤਰੀ ਤੋਂ ਹੀ ਸਾਰੇ ਜਗਤ ਦਾ ਪਸਾਰ ਹੋਇਆ ਹੈ। ਰਾਜੇ-ਮਹਾਰਾਜੇ ਵੀ ਇਸਤਰੀ ਦੀ ਕੁੱਖ ਤੋਂ ਹੀ ਜਨਮ ਲੈਂਦੇ ਹਨ ਤਾਂ ਉਸ ਨੂੰ ਮਾੜੀ ਕਿਵੇਂ ਕਿਹਾ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:-
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
(ਆਸਾ, ਮ:1, ਅੰਗ : 473)
ਗੁਰੂ ਨਾਨਕ ਦੇਵ ਜੀ ਨੇ ਸੰਗਤ ਅਤੇ ਪੰਗਤ ਦਾ ਸਿਧਾਂਤ ਦੇ ਕੇ ਔਰਤ-ਮਰਦ ਦੇ ਵਿਤਕਰੇ ਨੂੰ ਦੂਰ ਕਰਨ ਦਾ ਸਫ਼ਲ ਯਤਨ ਕੀਤਾ। ਸੰਗਤ-ਪੰਗਤ ਜਿੱਥੇ ਔਰਤ, ਮਰਦ ਤੇ ਹੋਰ ਸਭ ਲੋਕ ਇਕੱਠੇ ਬੈਠ ਕੇ ਨਾਮ ਸਿਮਰਨ ਕਰਦੇ ਅਤੇ ਇਕ ਸਮਾਨ ਭੋਜਨ ਛਕਦੇ। ਜਿਵੇਂ ਗੁਰੂ ਸਾਹਿਬ ਨੇ ਫੁਰਮਾਇਆ ਹੈ:-
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ॥
(ਸਿਰੀਰਾਗ, ਮ:1, ਅੰਗ : 17)
ਔਰਤ ਨਾਲ ਕੀਤੇ ਜਾਂਦੇ ਵਿਤਕਰੇ ਨੂੰ ਲੈ ਕੇ ਇਕ ਹੋਰ ਧਾਰਨਾ ਸੂਤਕ ਜਾਂ ਅਪਵਿੱਤਰਤਾ ਦੀ ਹੈ। ਗੁਰੂ ਸਾਹਿਬਾਨ ਨੇ ਇਸ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਕੇ ਔਰਤ ਨੂੰ ਕਿਸੇ ਵੀ ਹਾਲਾਤ ਵਿਚ ਸੂਤਕ ਜਾਂ ਅਪਵਿੱਤਰ ਨਹੀਂ ਕਿਹਾ ਜਾ ਸਕਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:-
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨਾ ਕੋਇ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਸੂਤਕ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨ ਉਤਾਰੇ ਧੋਇ॥
(ਆਸਾ, ਮ:1, ਅੰਗ : 472)
ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਪਰਦੇ ਤੇ ਸਤੀ ਦੀ ਭੈੜੀ ਵਾਦੀ ਦੀ ਸਖ਼ਤ ਨਿਖੇਧੀ ਕੀਤੀ ਅਤੇ ਔਰਤ ਨੂੰ ਆਜ਼ਾਦ ਜੀਵਨ ਜਿਉਣ ਦੀ ਜਾਚ ਸਿਖਾਈ। ਸਤੀ ਦੇ ਅਸਲ ਅਰਥਾਂ ਤੋਂ ਜਾਣੂ ਕਰਵਾਉਂਦੇ ਹੋਏ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ:-
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹਿ॥
ਨਾਨਕ ਸਤੀਆ ਜਾਣਅਨ੍ਹਿ ਜਿ ਬਿਰਹੇ ਚੋਟ ਮਰੰਨ੍ਹਿ॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹਿ॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾਲੰਨ੍ਹਿ॥
(ਸੂਹੀ, ਮ:3, ਅੰਗ : 787)
ਅਜੋਕੇ ਸਮੇਂ 'ਚ ਜੋ ਇਹ ਦਾਜ ਪ੍ਰਥਾ ਵਧਦੀ ਜਾ ਰਹੀ ਹੈ, ਉਸ ਬਾਰੇ ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਨੇ ਬਾਖ਼ੂਬੀ ਆਪਣੇ ਵਿਚਾਰ ਪੇਸ਼ ਕੀਤੇ ਹਨ। ਗੁਰੂ ਸਾਹਿਬ ਦਾ ਫੁਰਮਾਨ ਹੈ ਕਿ ਕਿਸੇ ਵੀ ਪ੍ਰਕਾਰ ਦਾ ਦਾਜ ਦੇਣਾ ਤੇ ਲੈਣਾ ਦੋਵੇਂ ਹੀ ਸਿੱਖ ਰਹਿਤ-ਮਰਿਆਦਾ ਦੇ ਵਿਰੁੱਧ ਹਨ। ਗੁਰੂ ਜੀ ਨੇ ਇਕ ਹੀ ਪ੍ਰਕਾਰ ਦੇ ਦਾਨ ਭਾਵ 'ਹਰਿ ਨਾਮ' ਦੇ ਦਾਜ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਦੀ ਬਾਣੀ ਅਨੁਸਾਰ:-
ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ॥
(ਸਿਰੀਰਾਗ, ਮ:4 ਅੰਗ : 78)
ਇਹੋ ਔਰਤ ਜਿਸ ਨੂੰ ਬਹੁਤ ਕੁਝ ਆਖ ਕੇ ਭੰਡਿਆ ਗਿਆ, ਉਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ 'ਯਕੀਨ', ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 'ਈਮਾਨ' ਕਹਿ ਕੇ ਸਤਿਕਾਰਿਆ ਅਤੇ ਭਾਈ ਗੁਰਦਾਸ ਨੇ 'ਮੋਖ ਦੁਆਰੀ' ਕਹਿ ਕੇ ਵਡਿਆਇਆ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਵੰਡਣ ਸਮੇਂ ਔਰਤ-ਮਰਦ ਦੇ ਭੇਦਭਾਵ ਨੂੰ ਸਦਾ ਲਈ ਖ਼ਤਮ ਕੀਤਾ। ਸਿੱਖ ਇਤਿਹਾਸ ਵਿਚ ਬੇਬੇ ਨਾਨਕੀ, ਮਾਤਾ ਖੀਵੀ, ਬੀਬੀ ਭਾਨੀ, ਮਾਤਾ ਗੁਜਰੀ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਮਾਈ ਭਾਗੋ, ਮਾਈ ਸਦਾ ਕੌਰ ਤੇ ਹੋਰ ਬਹੁਤ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਦਰਜ ਹਨ।
ਅਜੋਕੇ ਸਮਾਜ ਦਾ ਮੌਜੂਦਾ ਸੰਦਰਭ ਇਹ ਹੈ ਕਿ ਅੱਜ ਦੇ ਸਮਾਜ ਵਿਚ ਲਿੰਗ ਸਮਾਨਤਾ ਦਾ ਕਾਨੂੰਨੀ ਤੇ ਸਮਾਜਿਕ ਸੰਦਰਭ ਤਾਂ ਹੈ, ਪਰ ਵਿਹਾਰ ਵਿਚ ਕੋਈ ਗੱਲ ਨਜ਼ਰ ਨਹੀਂ ਆਉਂਦੀ। ਪੰਜਾਬੀ ਸਮਾਜ ਵਿਚ ਵੀ ਅੱਜ ਕਈ ਕੁਰੀਤੀਆਂ ਆਪਣੀ ਜਗ੍ਹਾ ਬਣਾ ਚੁੱਕੀਆਂ ਹਨ, ਜਿਨ੍ਹਾਂ ਤੋਂ ਨਿਜਾਤ ਪਾਉਣ ਲਈ ਸਾਨੂੰ ਆਪਣਾ ਵਿਰਸਾ ਫਰੋਲਣ ਦੀ ਲੋੜ ਹੈ। ਗੁਰੂ ਸਾਹਿਬਾਨ ਦੁਆਰਾ ਦੱਸੇ ਫ਼ਲਸਫ਼ੇ ਨੂੰ ਅਪਣਾ ਕੇ ਹੀ ਅਸੀਂ ਆਪਣੇ ਸਮਾਜ ਨੂੰ ਇਕ ਆਦਰਸ਼ ਸਮਾਜ ਬਣਾ ਸਕਦੇ ਹਾਂ।

-ਮੋਬਾਈਲ : 73476-59179

Ad Position 22
No active advertisement
ਪਿਛਲੀ ਖ਼ਬਰ ਬਰਸੀ 'ਤੇ ਵਿਸ਼ੇਸ਼-ਉਸਤਾਦ ਰਾਗੀ ਜਸਵੰਤ ਸਿੰਘ ਤੀਬਰ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਮਉਲੀ ਧਰਤੀ ਮਉਲਿਆ ਅਕਾਸੁ
Ad Position 24