10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮਉਲੀ ਧਰਤੀ ਮਉਲਿਆ ਅਕਾਸੁ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026

ਅਧਿਆਤਮਵਾਦ ਤੇ ਪ੍ਰਕਿਰਤੀਵਾਦ ਦਾ ਨਿਖੇੜਾ ਕਰਦਿਆਂ ਸਿਰਲੇਖ ਅਧੀਨ ਸ਼ਬਦ ਦੇ ਵੱਖ-ਵੱਖ ਸੁਨੇਹੇ ਜਾਂਦੇ ਹਨ ਪਰ ਭਾਵ ਅਰਥ ਇਕੋ ਹੀ ਆਉਂਦੇ ਹਨ। ਪ੍ਰਕਿਰਤੀਵਾਦ ਅਸਲਵਾਦ ਦਾ ਦੂਸਰਾ ਰੂਪ ਹੈ। ਸਾਹਿਤ ਵਿਚ ਭਾਵਾਂ ਦਾ ਪ੍ਰਗਟਾ ਹਮੇਸ਼ਾ ਕੁਦਰਤੀ ਢੰਗ ਨਾਲ ਆਉਂਦਾ ਹੈ। ਇਸ ਲਈ ਕੁਦਰਤ ਦੇ ਹਰ ਰੰਗ ਨੂੰ ਸਾਹਿਤ ਨੇ ਆਪਣੀ ਬੁੱਕਲ ਵਿਚ ਲਿਆ ਹੈ। ਪ੍ਰਕਿਰਤੀ ਦਾ ਭਾਵ ਆਲੇ-ਦੁਆਲੇ ਪੱਸਰੇ ਬ੍ਰਹਮੰਡੀ ਪਸਾਰੇ ਵਿਚ ਸਮੇਂ-ਸਮੇਂ 'ਤੇ ਜੋ ਪੁੰਗਾਰੇ ਫੁੱਟਦੇ ਹਨ, ਉਸ ਨੂੰ ਹੀ ਪ੍ਰਕਿਰਤੀ ਕਿਹਾ ਜਾਂਦਾ ਹੈ। ਸਾਹਿਤਕ ਰੂਪ ਵਿਚ ਪ੍ਰਕਿਰਤੀ ਨੂੰ ਖ਼ੂਬ ਮਾਨਤਾ ਮਿਲੀ ਹੋਈ ਹੈ। ਆਲੇ-ਦੁਆਲੇ ਕੁਦਰਤ ਦਾ ਹੀ ਪਸਾਰਾ ਪੱਸਰਿਆ ਹੋਇਆ ਹੈ। ਸਮੇਂ-ਸਮੇਂ ਤੇ ਦਿਨੋ-ਦਿਨ ਬਦਲਦੇ ਮੌਸਮ, ਰੁੱਤਾਂ ਤੇ ਤਿੱਥਾਂ ਦੇ ਆਗਾਜ਼ ਵਿਚ ਤਰ੍ਹਾਂ-ਤਰ੍ਹਾਂ ਦੇ ਸੁਨੇਹੇ ਮਿਲਦੇ ਹਨ। ਇਸੇ ਕਰਕੇ ਪ੍ਰਕਿਰਤੀ ਨੂੰ ਕਾਦਰ ਆਪਣੇ ਰੰਗਾਂ ਵਿਚ ਵਲੇਟ ਕੇ ਰੱਖਦਾ ਹੈ। ਰਚਨਹਾਰਾ ਸਮੁੱਚੇ ਬ੍ਰਹਿਮੰਡ ਦੀ ਰਚਨਾ ਕਰਦਾ ਹੈ। ਜਿਵੇਂ ਕਿ ਮਨੁੱਖਤਾ, ਜੀਵ-ਜੰਤੂ, ਮੀਂਹ-ਪਾਣੀ ਆਦਿ। ਪਹਿਲੇ ਪਾਤਿਸ਼ਾਹ ਫਰਮਾਉਂਦੇ ਹਨ:-
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ॥
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥
(ਆਸਾ, ਮ : 1, ਅੰਗ : 467)
ਜਿਉਂ-ਜਿਉਂ ਫੱਗਣ ਆਪਣੇ ਖੰਭਾਂ ਨੂੰ ਲਪੇਟਦਾ ਹੈ, ਤਿਉਂ ਤਿਉਂ ਧਰਤੀ ਮਉਲੀ ਹੀ ਜਾਂਦੀ ਹੈ। ਸਭ ਪਾਸੇ ਪ੍ਰਕਿਰਤੀ ਦੀ ਬਹਾਰ ਸਾਹਿਤਕ ਪ੍ਰੇਮੀਆਂ ਨੂੰ ਸੁਨੇਹਾ ਤੇ ਹੁਲਾਰਾ ਦਿੰਦੀ ਹੈ। ਇਸ 'ਚੋਂ ਹੀ ਅੱਗੇ ਖੁਸ਼ਹਾਲੀ ਝਲਕਦੀ ਹੈ। ਮੌਸਮ ਵਿਚ ਕੁਝ ਤਪਸ਼ ਹੁੰਦੀ ਹੈ। ਉਂਝ ਵੀ ਤਬਦੀਲੀ ਕੁਦਰਤ ਦਾ ਨਿਯਮ ਹੈ। ਪ੍ਰਕਿਰਤੀ ਪਾਪੂਲਰ ਦਾ ਪੁੰਗਾਰਾ, ਨਿੰਬੂ ਜਾਤੀ ਅਤੇ ਫ਼ਸਲਾਂ ਆਪਣੇ ਜੋਬਨ ਵੱਲ ਰੁਖ਼ ਕਰਦੀਆਂ ਸਵਰਗਾਂ ਦਾ ਭੁਲੇਖਾ ਪਾਉਂਦੀਆਂ ਹਨ। ਧਰਤੀ ਦਾ ਸ਼ਿੰਗਾਰ ਕਲਮਾਂ ਨੂੰ ਹੁਲਾਰਾ ਦੇ ਕੇ ਹੰਭਲਾ ਮਾਰਨ ਦਾ ਵੱਖਰਾ ਹੀ ਸੁਨੇਹਾ ਦਿੰਦਾ ਹੈ। ਆਖਰ ਫੱਗਣ ਖੰਭ ਲਪੇਟ ਕੇ ਗੁੰਮਿਆ ਵਿਚ ਅਨੰਤ ਹੋ ਕੇ ਅਗਲੇ ਰਸਤੇ ਪ੍ਰਕਿਰਤੀ ਦਾ ਰਸਤਾ ਅਖ਼ਤਿਆਰ ਕਰਦਾ ਹੈ। ਨਿੱਤ ਦਿਨ ਨਵੇਂ ਰੰਗਾਂ ਦਾ ਪਸਾਰਾ ਹੁੰਦਾ ਹੈ। ਮਉਲੀ ਹੋਈ ਧਰਤੀ ਨਾਲ ਧਰਤੀ ਤੇ ਪ੍ਰਕਿਰਤੀ ਸੁਹਾਗਮਈ ਹੀ ਹੁੰਦੀ ਜਾਂਦੀ ਹੈ। ਇਹ ਵਰਤਾਰਾ ਕੁਦਰਤ ਦੀ ਪ੍ਰਕਿਰਿਆ ਹੈ, ਕ੍ਰਿਸ਼ਮਾ ਨਹੀਂ ਹੁੰਦਾ। ਕੁਦਰਤ ਅਨੰਦ ਮਾਣਦੀ ਹੋਈ ਮਾਨਵਤਾ ਨੂੰ ਵੀ ਆਪਣੇ ਵੱਖਰੇ ਰੰਗਾਂ ਵਿਚ ਰੰਗਣ ਦਾ ਸੁਨੇਹਾ ਦਿੰਦੀ ਹੈ। ਇਸੇ ਲਈ ਅਧਿਆਤਮਵਾਦ ਵੀ ਆਪਣੇ-ਆਪ ਸੋਝੀ ਦਿੰਦਾ ਹੈ।
ਕੁਦਰਤਿ ਹੈ ਕੀਮਤਿ ਨਹੀ ਪਾਇ॥
ਜਾ ਕੀਮਤ ਪਾਇ ਤ ਕਹੀ ਨ ਜਾਇ॥
(ਸਿਰੀਰਾਗੁ, ਮ : 1, ਅੰਗ : 83)
ਕਾਦਰ ਆਪਣੀ ਰਚੀ ਕੁਦਰਤ ਵਿਚ ਵਿਆਪਕ ਹੈ, ਜਿਸ ਦਾ ਮੁੱਲ ਨਹੀਂ ਪੈ ਸਕਦਾ ਅਤੇ ਜੇ ਕੋਈ ਮੁੱਲ ਲਾਉਣ ਦਾ ਯਤਨ ਵੀ ਕਰੇ ਤਾਂ ਵੀ ਉਸ ਦਾ ਮੁੱਲ ਨਹੀਂ ਦੱਸ ਸਕਦਾ। ਧਰਤੀ 'ਚੋਂ ਉਪਜਦੀ ਕੁਦਰਤ ਸੱਭਿਆਚਾਰਕ ਤੇ ਆਰਥਿਕ ਹੁਲਾਰੇ ਦਿੰਦੀ ਹੈ। ਇਹ ਵਰਤਾਰਾ ਚੰਗੀ ਤਰ੍ਹਾਂ ਰੰਗ-ਬਰੰਗੇ ਪਰਛਾਵੇਂ ਛੱਡਦਾ ਹੈ। ਪ੍ਰਕਿਰਤੀ ਭਵਿੱਖ ਦੀ ਚਿੰਤਾ ਅਤੇ ਭੂਤ ਦਾ ਪਛਤਾਵਾ ਨਹੀਂ ਕਰਦੀ। ਪ੍ਰਕਿਰਤੀ ਤੇ ਕੁਦਰਤ ਦੇ ਇਸ ਵਰਤਾਰੇ ਤੋਂ ਸਿੱਖਣਾ ਚਾਹੀਦਾ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਦੇ ਹੋ ਜਾਈਏ। ਭਗਤ ਕਬੀਰ ਜੀ ਫਰਮਾਉਂਦੇ ਹਨ:-
ਮਉਲੀ ਧਰਤੀ ਮਉਲਿਆ ਅਕਾਸੁ॥
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥
(ਬਸੰਤੁ, ਭਗਤ ਕਬੀਰ ਜੀ, ਅੰਗ : 1193)
ਭਾਵ ਕਿ ਇਹ ਧਰਤੀ ਅਤੇ ਇਹ ਆਕਾਸ਼ ਮਤਲਬ ਸਾਰੀ ਹੀ ਕੁਦਰਤ ਵਿਚ ਰੱਬੀ ਰੰਗ ਭਰਿਆ ਹੋਇਆ ਹੈ, ਜਿਸ ਨਾਲ ਧਰਤੀ ਖੁਸ਼ਹਾਲੀ ਨਾਲ ਮਹਿਕ ਉੱਠਦੀ ਹੈ। ਇਹ ਸ਼ਬਦ ਕੁਦਰਤ ਅਤੇ ਰੂਹਾਨੀਅਤ ਨੂੰ ਦਰਸਾਉਂਦੇ ਹੋਏ ਹਰ ਪਾਸੇ ਪਰਮਾਤਮਾ ਦੇ ਪ੍ਰਕਾਸ਼ ਦੇ ਖਿੜਨ ਦਾ ਸੁਨੇਹਾ ਦਿੰਦੇ ਹਨ।

-ਅਬਿਆਣਾ ਕਲਾਂ।
ਮੋਬਾਈਲ : 9878111445

Ad Position 22
No active advertisement
ਪਿਛਲੀ ਖ਼ਬਰ ਅਜੋਕੇ ਨਾਰੀ ਸੰਦਰਭ ਵਿਚ ਗੁਰਬਾਣੀ ਦੀ ਪ੍ਰਸੰਗਿਕਤਾ ਅਗਲੀ ਖ਼ਬਰ ਨਿਰੰਜਣੀ ਸੰਪ੍ਰਦਾਇ ਦੇ ਮੋਢੀ ਭਾਈ ਹੰਦਾਲ
Ad Position 24