10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਨਿਰੰਜਣੀ ਸੰਪ੍ਰਦਾਇ ਦੇ ਮੋਢੀ ਭਾਈ ਹੰਦਾਲ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026

ਤੀਜੇ ਪਾਤਿਸ਼ਾਹ ਸ੍ਰੀ ਗੁਰੁੂ ਅਮਰਦਾਸ ਜੀ ਵਲੋਂ ਗੁਰਮਤਿ ਦੇ ਪ੍ਰਚਾਰ ਹਿਤ 22 ਮੰਜੀਆਂ ਦੀ ਸਥਾਪਨਾ ਕਰਕੇ ਇਨ੍ਹਾਂ ਦੇ ਮੰਜੀਦਾਰ (ਪ੍ਰਚਾਰਕਾਂ) ਨਿਯੁਕਤ ਕੀਤੇ। ਇਨ੍ਹਾਂ 'ਚੋਂ ਇਕ ਨਿਯੁਕਤੀ ਜ਼ਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਕ ਕਸਬੇ ਜੰਡਿਆਲਾ ਗੁਰੁੂ ਦੇ ਵਸਨੀਕ ਭਾਈ ਹੰਦਾਲ ਜੀ ਦੀ ਵੀ ਹੈ। ਸਿੱਖੀ ਦੇ ਪ੍ਰਚਾਰ ਲਈ ਮੰਜੀਦਾਰ ਵਜੋਂ ਨਿਯੁਕਤ ਕੀਤੇ ਭਾਈ ਹੰਦਾਲ ਗੁਰੁੂ ਅਮਰਦਾਸ ਜੀ ਦੇ ਅਨਿਨ ਸੇਵਕ ਸਨ, ਜਿਨ੍ਹਾਂ ਨੂੰ ਮੰਜੀਦਾਰ ਦੀ ਸੇਵਾ ਸੌਂਪਣ ਤੋਂ ਪਹਿਲਾਂ ਗੁਰੁੂ ਸਾਹਿਬ ਵਲੋਂ ਗੁਰਮਤਿ ਦੀ ਪੂਰਨ ਸਿਖਲਾਈ ਦਿੱਤੀ ਗਈ। ਸਿੱਖ ਧਰਮ ਦੇ ਮੁੱਖ ਪ੍ਰਚਾਰਕਾਂ ਵਜੋਂ ਸਤਿਕਾਰੇ ਜਾਂਦੇ ਭਾਈ ਹੰਦਾਲ ਦਾ ਜਨਮ ਕਸਬਾ ਜੰਡਿਆਲਾ ਦੇ ਵਸਨੀਕ ਭਾਈ ਗਾਜੀ ਤੇ ਮਾਤਾ ਸੁੱਖੀ ਦੇ ਘਰ ਹੋਇਆ। ਭਾਈ ਹੰਦਾਲ ਦਾ ਵਿਆਹ ਹਮਜ਼ੇ ਚਾਹਲ ਦੀ ਪੁੱਤਰੀ ਬੀਬੀ ਉੱਤਮੀ ਨਾਲ ਹੋਇਆ। ਇਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਬਿਧੀ ਚੰਦ ਰੱਖਿਆ ਗਿਆ।
ਇਕ ਵਾਰ ਭਾਈ ਹੰਦਾਲ ਗੁਰੁੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਗੋਇੰਦਵਾਲ ਸਾਹਿਬ ਆਏ ਤੇ ਦਰਸ਼ਨ ਕਰਕੇ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ। ਇੱਥੇ ਰਹਿ ਕੇ ਉਨ੍ਹਾਂ ਨੇ ਗੁਰੁੂ ਸਾਹਿਬ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਤੇ ਸਿੱਖੀ ਦੀ ਕਮਾਈ (ਸੇਵਾ ਤੇ ਸਿਮਰਨ ਰਾਹੀਂ) ਆਰੰਭ ਕਰ ਦਿੱਤੀ। ਭਾਈ ਹੰਦਾਲ ਰੋਜ਼ਾਨਾ ਗੁਰੂ ਸਾਹਿਬ ਦਾ ਉਪਦੇਸ਼ ਸੁਣਦੇ ਤੇ ਉਸ ਅਨੁਸਾਰ ਆਪਣਾ ਜੀਵਨ ਢਾਲਣ ਦਾ ਅਭਿਆਸ ਕਰਦੇ। ਗੁਰੂੂ ਅਮਰਦਾਸ ਜੀ ਦੀ ਕਿਰਪਾ ਤੇ ਆਪਣੀ ਲਗਨ ਨਾਲ ਭਾਈ ਸਾਹਿਬ ਹੁਣ ਪੂਰੀ ਤਰ੍ਹਾਂ ਗੁਰਮਤਿ ਦੇ ਗਿਆਤਾ ਬਣ ਗਏ ਸਨ। ਉਨ੍ਹਾਂ ਦੀ ਸੂਝ-ਬੂਝ ਤੇ ਅਭਿਆਸੀ ਜੀਵਨ ਨੂੰ ਦੇਖ ਕੇ ਤੀਜੇ ਪਾਤਿਸ਼ਾਹ ਵਲੋਂ ਉਨ੍ਹਾਂ ਨੂੰ ਜੰਡਿਆਲਾ ਇਲਾਕੇ ਦੀ ਮੰਜੀ ਸੌਂਪੀ ਗਈ। ਮੰਜੀਦਾਰ ਬਣਨ ਤੋਂ ਬਾਅਦ ਭਾਈ ਹੰਦਾਲ ਮਾਝੇ ਦੇ ਇਸ ਖੇਤਰ ਵਿਚ ਗੁਰਮਤਿ ਦਾ ਪ੍ਰਚਾਰ ਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਵੱਡੇ ਉਪਰਾਲੇ ਕਰਨ ਲੱਗੇ। ਭਾਈ ਸਾਹਿਬ ਦੇ ਉਪਰਾਲਿਆਂ ਦੀ ਬਦੌਲਤ ਜੰਡਿਆਲਾ ਹੁਣ ਗੁਰੂ ਕਾ ਅਖਵਾਉਣ ਲੱਗਾ। ਉਨ੍ਹਾਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਸਦਕਾ ਸੰਗਤ ਵਿਚ ਸਿੱਖੀ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਵਿਚ ਦਿਨ-ਬ-ਦਿਨ ਵਾਧਾ ਹੋਣ ਲੱਗਾ।
ਗੁਰੁੂ ਅਮਰਦਾਸ ਜੀ ਤੋਂ ਬਾਅਦ ਗੁਰੁੂ ਰਾਮਦਾਸ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਏ। ਮੰਜੀਦਾਰਾਂ ਵਲੋਂ ਆਪਣੇ ਪ੍ਰਚਾਰ ਦੀ ਰਿਪੋਰਟ ਸਮੇਂ-ਸਮੇਂ ਗੁਰੂ-ਦਰਬਾਰ 'ਚ ਪਹੁੰਚਾਈ ਜਾਂਦੀ। ਭਾਈ ਹੰਦਾਲ ਵੀ ਇਕ ਦਿਨ ਆਪਣੇ ਇਲਾਕੇ 'ਚ ਸਿੱਖੀ ਦੇ ਪ੍ਰਚਾਰ ਦਾ ਵੇਰਵਾ ਗੁਰੁੂ ਰਾਮਦਾਸ ਜੀ ਨੂੰ ਦੇਣ ਸ੍ਰੀ ਗੋਇੰਦਵਾਲ ਸਾਹਿਬ ਪੁੱਜੇ। ਗੁਰੁੂ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਤਨ-ਮਨ ਨਿਹਾਲ ਹੋ ਗਿਆ। ਵੇਰਵਾ ਦੇ ਕੇ ਉਹ ਲੰਗਰ ਬਣਾਉਣ ਦੀ ਸੇਵਾ ਵਿਚ ਜੁਟ ਗਏ। ਇਕ ਦਿਨ ਭਾਈ ਹੰਦਾਲ ਆਟਾ ਗੁੰਨਣ ਦੀ ਸੇਵਾ ਕਰ ਰਹੇ ਸਨ ਕਿ ਚੌਥੇ ਪਾਤਿਸ਼ਾਹ ਨਿਗਰਾਨੀ ਹਿਤ ਆ ਗਏ। ਸੇਵਾ ਦੇ ਨਾਲ-ਨਾਲ ਭਾਈ ਸਾਹਿਬ ਮੁੱਖ 'ਚੋਂ 'ਨਿਰੰਜਣ-ਨਿਰੰਜਣ' ਉਚਾਰ ਰਹੇ ਸਨ। ਇਸ ਧੁਨ ਵਿਚ ਏਨੇ ਮਗਨ ਹੋ ਗਏ ਕਿ ਉਨ੍ਹਾਂ ਨੂੰ ਗੁਰੁੂ ਜੀ ਦੀ ਆਮਦ ਦਾ ਵੀ ਪਤਾ ਨਾ ਲੱਗਾ। ਅਚਾਨਕ ਜਦੋਂ ਗੁਰੂੁ ਸਾਹਿਬ ਨੂੰ ਦੇਖਿਆ ਤਾਂ ਆਟੇ ਵਾਲੇ ਲਿਬੜੇ ਹੱਥ ਪਿੱਛੇ ਕਰਕੇ ਚਰਨੀ ਢਹਿ ਪਏ। ਭਾਈ ਹੰਦਾਲ ਦੀ ਸਤਿਕਾਰਤ ਭਾਵਨਾ ਨੂੰ ਦੇਖ ਕੇ ਗੁਰੂੁ ਰਾਮਦਾਸ ਜੀ ਨੇ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ। ਗੁਰੂੁ ਜੀ ਨੇ ਭਾਈ ਸਾਹਿਬ ਵਲੋਂ ਸਿੱਖੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਇਨ੍ਹਾਂ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।
ਕੁਝ ਦਿਨ ਗੁਰੁੂਘਰ ਦੀ ਸੇਵਾ ਕਰਨ ਤੋਂ ਬਾਅਦ ਉਹ ਵਾਪਸ ਜੰਡਿਆਲੇ ਆ ਗਏ ਤੇ ਫਿਰ ਗੁਰਮਤਿ ਦੇ ਪ੍ਰਚਾਰ 'ਚ ਲੱਗ ਗਏ। ਭਾਈ ਹੰਦਾਲ ਅਕਾਲ ਪੁਰਖ ਨੂੰ ਨਿਰੰਜਣ ਦੇ ਨਾਂਅ ਨਾਲ ਯਾਦ ਕਰਦੇ ਸਨ, ਜਿਸ ਤੋਂ ਜੰਡਿਆਲਾ ਗੁਰੁੂ ਵਿਖੇ ਨਿਰੰਜਣੀ ਸੰਪ੍ਰਦਾਇ ਦਾ ਮੁੱਢ ਬੱਝਦਾ ਹੈ। ਭਾਈ ਸਾਹਿਬ ਇਸ ਸੰਪ੍ਰਦਾਇ ਦੇ ਮੋਢੀ ਮੰਨੇ ਜਾਂਦੇ ਹਨ। ਇਸ ਸੰਪ੍ਰਦਾਇ ਦਾ ਇਕ ਪੈਰੋਕਾਰ ਹਰਭਗਤ ਨਿਰੰਜਣੀ ਵੀ ਹੋਇਆ ਹੈ, ਜਿਸ ਨੇ ਸਿੱਖ ਇਤਿਹਾਸ 'ਚ ਨਾਂਹ-ਪੱਖੀ ਤੇ ਨਿੰਦਣਯੋਗ ਭੂਮਿਕਾ (ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਵਾਉਣ ਵਾਲੀ) ਨਿਭਾਈ ਸੀ। ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਤੇ ਸੰਗਤ ਨੂੰ ਇਨ੍ਹਾਂ ਨਾਲ ਜੋੋੜਨ ਦੀ ਸੇਵਾ ਕਰਦਿਆਂ ਭਾਈ ਹੰਦਾਲ ਸੰਮਤ 1705 ਮੁਤਾਬਿਕ 1648 ਈ. ਵਿਚ ਅਕਾਲ ਚਲਾਣਾ ਕਰ ਗਏ। ਇਕ ਮੰਜੀਦਾਰ/ਪ੍ਰਚਾਰਕ ਦੀ ਹੈਸੀਅਤ ਵਿਚ ਉਨ੍ਹਾਂ ਵਲੋਂ ਨਿਭਾਈ ਇਤਿਹਾਸਕ ਭੂਮਿਕਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

#1348/17/1, ਗਲੀ. ਨੰ. 8, ਰਿਸ਼ੀ ਨਗਰ ਐਕਸਟੈਂਸ਼ਨ, (ਲੁਧਿਆਣਾ)।
ਮੋਬਾਈਲ : 9463132719

Ad Position 22
No active advertisement
ਪਿਛਲੀ ਖ਼ਬਰ ਮਉਲੀ ਧਰਤੀ ਮਉਲਿਆ ਅਕਾਸੁ ਅਗਲੀ ਖ਼ਬਰ 09-03-26
Ad Position 24