09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

09-03-26

Ad Position 21
repet_subhas-goyals [Copy P29]
ਅਜੀਤ ਡੈਸਕ 09-03-2026

 ਵਿਸ਼ਵਾਸ ਕਾਇਮ ਰੱਖਣਾ ਜ਼ਰੂਰੀ
ਵਿਸ਼ਵਾਸ ਜੀਵਨ ਦਾ ਮੂਲ ਆਧਾਰ ਹੁੰਦਾ ਹੈ। ਇਸ ਤੋਂ ਬਿਨਾਂ ਜੀਵਨ ਵਿਚ ਕੋਈ ਵੀ ਰਿਸ਼ਤਾ ਮਜ਼ਬੂਤ ਨਹੀਂ ਰਹਿ ਸਕਦਾ, ਚਾਹੇ ਉਹ ਦੋਸਤੀ ਹੋਵੇ, ਪਰਿਵਾਰਿਕ ਸੰਬੰਧ ਹੋਣ ਜਾਂ ਪਿਆਰ। ਵਿਸ਼ਵਾਸ ਇਕ ਅਜਿਹਾ ਅਹਿਸਾਸ ਹੈ ਜੋ ਦਿਲਾਂ ਨੂੰ ਜੋੜਦਾ ਹੈ ਅਤੇ ਮਨ ਨੂੰ ਸਕੂਨ ਦਿੰਦਾ ਹੈ। ਜਦੋਂ ਅਸੀਂ ਕਿਸੇ ਉੱਤੇ ਵਿਸ਼ਵਾਸ ਕਰਦੇ ਹਾਂ, ਤਾਂ ਅਸੀਂ ਆਪਣੇ ਡਰ, ਰਾਜ ਅਤੇ ਭਾਵਨਾਵਾਂ ਉਸਦੇ ਹਵਾਲੇ ਕਰ ਦਿੰਦੇ ਹਾਂ। ਵਿਸ਼ਵਾਸ ਬਣਾਉਣ ਵਿਚ ਲੰਮਾ ਸਮਾਂ ਲਗਦਾ ਹੈ, ਪਰ ਟੁੱਟਣ ਵਿਚ ਇੱਕ ਪਲ ਵੀ ਨਹੀਂ ਲਗਦਾ। ਇਸ ਲਈ ਇਸਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਸਚਾਈ, ਇਮਾਨਦਾਰੀ ਅਤੇ ਆਪਸੀ ਸਮਝ ਨਾਲ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਇਹੀ ਵਿਸ਼ਵਾਸ ਜਅੀਵਨ ਨੂੰ ਸੰਤੁਲਿਤ, ਸ਼ਾਂਤ ਅਤੇ ਅਰਥਪੂਰਨ ਬਣਾਉਂਦਾ ਹੈ।

-ਸਤਵਿੰਦਰ ਕੌਰ ਮੱਲੇਵਾਲ

ਸੱਥਾਂ 'ਤੇ ਮੋਬਾਈਲ ਦਾ ਪ੍ਰਭਾਵ
ਇਕ ਅਜਿਹਾ ਸਮਾਂ ਸੀ ਜਦੋਂ ਘਰਾਂ ਤੋਂ ਇਲਾਵਾ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਲੋਕਾਂ ਅੰਦਰ ਹੋ ਰਿਹਾ ਸੰਵਾਦ ਜਿੱਥੇ ਆਪਸੀ ਪਿਆਰ ਦਾ ਪ੍ਰਤੀਕ ਸੀ, ਉੱਥੇ ਹੀ ਦੁੱਖਾਂ-ਸੁੱਖਾਂ ਅੰਦਰ ਵੱਡਾ ਭਾਗੀਦਾਰੀ ਸੀ। ਅਜੋਕੇ ਸਮੇਂ ਦੀ ਤਸਵੀਰ ਅੰਦਰ ਅੱਖਾਂ ਖੋਲ੍ਹ ਕੇ ਝਾਤ ਮਾਰੀਏ ਤਾਂ ਬੱਚਿਆਂ ਤੋਂ ਲੈ ਕੇ ਨੌਜਵਾਨ ਪੀੜ੍ਹੀ ਤਾਂ ਮੋਬਾਈਲ ਦੀ ਮੁਰੀਦ ਹੋ ਹੀ ਚੁੱਕੀ ਹੈ ਪਰੰਤੂ ਹੁਣ ਸਾਡੇ ਬਜ਼ੁਰਗਾਂ ਦੇ ਹੱਥਾਂ ਵਿਚ ਵੀ ਆਏ ਇਸ ਮੋਬਾਈਲ ਨੇ ਸੰਵਾਦ 'ਤੇ ਵਿਰਾਮ ਚਿੰਨ੍ਹ ਲਗਾ ਦਿੱਤਾ ਹੈ। ਪਿੰਡਾਂ ਦੀਆਂ ਸੱਥਾਂ 'ਚ ਹੋ ਰਹੀ 'ਖੁੰਡ ਚਰਚਾ' 'ਤੇ ਰੂਹ ਨੂੰ ਰੂਹ ਦਾ ਮਿਲਾਪ ਦੇ ਅਲੋਪ ਹੋਣ ਵਿਚ ਮੋਬਾਇਲ ਦੀ ਅਹਿਮ ਭੂਮਿਕਾ ਹੈ। ਲਗਭਗ ਦੋ ਤੋਂ ਤਿੰਨ ਦਹਾਕੇ ਪਹਿਲਾਂ ਘਰਾਂ ਅਤੇ ਸਾਂਝੀਆਂ ਥਾਵਾਂ 'ਤੇ ਬੈਠੇ ਲੋਕਾਂ ਦੇ ਚਿਹਰੇ ਇੱਕ ਦੂਜੇ ਦੇ ਸਾਹਮਣੇ ਹੋ ਕੇ ਅਕਸਰ ਕੁੱਝ ਨਾ ਕੁੱਝ ਅਪਣੱਤ ਦੀ ਭਾਵਨਾ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ ਪਰੰਤੂ ਸੱਥਾਂ ਵਿਚ ਬੈਠੇ ਲੋਕਾਂ ਦੇ ਹੱਥਾਂ ਵਿਚ ਫੜੇ ਮੋਬਾਈਲ ਨੇ ਇਕੱਠੇ ਬੈਠੇ ਲੋਕਾਂ ਨੂੰ ਇਕ ਦੂਜੇ ਤੋਂ ਦੂਰ ਕਰ ਦਿੱਤਾ ਹੈ ਇਨਸਾਨਾਂ ਦੀ ਜਗ੍ਹਾ 'ਤੇ ਮੋਬਾਈਲ ਹੀ ਉਨ੍ਹਾਂ ਦਾ ਸਾਥੀ ਬਣ ਗਿਆ ਹੈ। ਥੋੜਾ ਸਮਾਂ ਵੀ ਮੋਬਾਈਲ ਦੂਰ ਹੋ ਜਾਵੇ ਤਾਂ ਉਨ੍ਹਾਂ ਨੂੰ ਅਜਿਹਾ ਲਗਦਾ ਹੈ ਕਿ ਜਿਵੇਂ ਦੁਨੀਆ ਹੀ ਖ਼ਤਮ ਹੋ ਗਈ ਹੋਵੇ। ਅੱਜ ਲੋੜ ਹੈ ਸਮਾਜਿਕ ਰਿਸ਼ਤਿਆਂ ਨੂੰ ਜਿੰਦਾ ਰੱਖਣ ਲਈ ਆਪਸੀ ਸੰਵਾਦ ਨੂੰ ਕਾਇਮ ਰੱਖੀਏ 'ਤੇ ਮੋਬਾਇਲ ਫੋਨ ਨੂੰ ਸੰਜਮ ਨਾਲ ਵਰਤੀਏ।

-ਰਵਿੰਦਰ ਸਿੰਘ ਰੇਸ਼ਮ
ਪਿੰਡ-ਨੱਥੂਮਾਜਰਾ, (ਮਾਲੇਰਕੋਟਲਾ)

ਪੰਜਾਬ ਵਿਚ ਨਸ਼ਿਆਂ ਦੀ ਮਾਰ ਬੁਰੀ
ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰਵਲੋਂ ਯਤਨ ਅਰੰਭੇ ਹੋਏ ਹਨ। ਮਨੀਪੁਰ ਦੀ ਨੀਤੀ ਦਾ ਅਧਿਐਨ ਕਰਕੇ ਨਸ਼ਿਆਂ ਦੀ ਰੋਕਥਾਮ, ਨਸ਼ੇ ਛੂਡਾਊ ਉਪਰਾਲੇ, ਛੱਡਣ ਵਾਲਿਆਂ ਦੇ ਮੁੜ ਵਸੇਬੇ ਆਦਿ ਵਿਸ਼ਿਆਂ 'ਤੇ ਅਮਲ ਲਈ ਮੁੱਖ ਸਕੱਤਰ ਅਧੀਨ ਕਮੇਟੀ ਬਣਾਈ ਗਈ ਸੀ। ਪੰਜਾਬ ਸਰਕਾਰ ਨੇ ਪਹਿਲੇ ਵੀ ਸੁਹਿਰਦ ਯਤਨਾਂ ਸਦਕੇ ਚਿੱਟੇ ਖਿਲਾਫ ਜੰਗ ਆਰੰਭੀ ਹੋਈ ਹੈ। ਰੋਜ਼ਾਨਾ ਘਰਾਂ ਦੇ ਚਿਰਾਗ ਅਜੇ ਵੀ ਬੁੱਝ ਰਹੇ ਹਨ। ਪੰਚਾਇਤਾਂ ਦੇ ਐਕਟ ਵਿਚ ਪਿੰਡ ਵਿਚੋਂ ਸ਼ਰਾਬ ਬੰਦ ਕਰਨ ਦਾ ਅਧਿਕਾਰ ਹੈ। ਪਰ ਮਾਫੀਆ ਪੇਸ਼ ਨਹੀਂ ਜਾਣ ਦਿੰਦਾ। ਦੂਜੇ ਪਾਸੇ ਲੋਕ ਅਜੇ ਵੀ ਸਰਕਾਰ ਸਿਰ ਦੋਸ਼ ਮੜਦੇ ਹਨ। ਹਣ ਸਰਕਾਰ ਦੀ ਨੀਅਤ 'ਤੇ ਕੋਈ ਸ਼ੱਕ ਨਹੀਂ ਹੈ। ਸਰਕਾਰ ਜੋਰ ਸ਼ੋਰ ਨਾਲ ਲੱਗੀ ਹੋਈ ਹੈ। ਬਾਰਡਰ ਸਟੇਟ ਹੋਣ ਕਰਕੇ ਪੰਜਾਬ ਵਿਚੋਂ ਨਸ਼ਿਆਂ ਦੇ ਲਾਂਘੇ ਦੀਆਂ ਕਨਸੋਆਂ ਵੀ ਹਨ। ਪੰਜਾਬ ਵਿਚ ਦਰਜ਼ ਹੋਏ ਕੇਸ ਵੀ ਕਿਸੇ ਅੰਜਾਮ ਅਤੇ ਮੰਜ਼ਿਲ 'ਤੇ ਪਹੁੰਚਣੇ ਬਾਕੀ ਹਨ। ਨਸ਼ੇ ਖ਼ਿਲਾਫ਼ ਹਰ ਸੰਭਵ ਯਤਨ ਹੋਣ, ਕੋਈ ਸਮਝੌਤਾ ਨਾ ਹੋਵੇ। ਚਿਰਾਗ ਬੁੱਝਣ ਦੇ ਤਰਲੇ ਲੈ ਕੇ ਸਾਰੇ ਖੇਤਰ ਰਲ-ਮਿਲ ਕੇ ਨਸ਼ੇ ਮੁਕਾਉਣ ਲਈ ਹੰਭਲੇ ਮਾਰਨ। ਲੋਕ ਨਸ਼ੇ ਮੁਕਾਉਣ ਲਈ ਸਰਕਾਰ ਦਾ ਸਾਥ ਦੇਣ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ

ਹੋਲੀ 'ਤੇ ਹੁੱਲੜਬਾਜ਼ੀ ਕਿਉਂ
ਹੋਲੀ ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਰੰਗ ਖੁਸ਼ੀ ਦਾ ਪ੍ਰਤੀਕ ਹੁੰਦੇ ਹਨ ਜੋ ਸਾਡੀ ਜ਼ਿੰਦਗੀ ਨੂੰ ਵੀ ਰੰਗੀਨ ਬਣਾਉਂਦੇ ਹਨ। ਹਰ ਉਮਰ ਦੇ ਲੋਕ ਹੋਲੀ ਦਾ ਤਿਉਹਾਰ ਆਪਣੇ ਆਪਣੇ ਢੰਗ ਨਾਲ ਬੜੇ ਹੀ ਚਾਅ ਨਾਲ ਮਨਾਉਂਦੇ ਹਨ।
ਬੱਚੇ ਰੰਗਾਂ ਨਾਲ ਪਿਚਕਾਰੀਆਂ ਭਰ ਕੇ, ਪਾਣੀ ਨਾਲ ਗੁਬਾਰੇ ਭਰ ਕੇ ਇੱਕ ਦੂਜੇ 'ਤੇ ਸੁੱਟਦੇ ਹਨ। ਪਰ ਅੱਜ ਚਾਮਲੇ ਹੋਏ, ਸ਼ਰਾਰਤੀ ਨੌਜਵਾਨ ਮੋਟਰਸਾਈਕਲਾਂ 'ਤੇ 4-4 ਜਣੇ ਬੈਠ ਕੇ, ਕਾਰਾਂ ਦੀਆਂ ਤਾਕੀਆਂ ਵਿਚ ਖੜ੍ਹੇ ਹੋ, ਪੁਲਿਸ ਹੂਟਰ ਲਾ ਕੇ ਹੁੱਲੜਬਾਜ਼ੀ ਕਰਦੇ ਹਨ। ਬੁਲੇਟ ਮੋਟਰਸਾਈਕਲ ਦੇ ਖੁੱਲ੍ਹੇ ਸਿਲੈਂਸਰ ਕਰ ਕੇ ਪਟਾਕੇ ਵਜਾਉਂਦੇ ਹਨ। 10-12 ਮੋਟਰਸਾਈਕਲਾਂ ਦੀਆਂ ਡਾਰਾਂ ਤੇਜ਼ ਰਫ਼ਤਾਰ ਨਾਲ ਸ਼ਹਿਰ ਦੀਆਂ ਗਲੀਆਂ ਵਿਚ ਘੁੰਮਦੀਆਂ ਹਨ। ਕੋਈ ਪੈਦਲ ਜਾਂਦਾ ਜਾਂ ਨੇੜੇ ਕੋਈ ਬੰਦਾ ਹੋਵੇ ਉਸ 'ਤੇ ਰੰਗ ਸੁੱਟਦੇ ਹਨ। ਜੇ ਕੋਈ ਇਤਰਾਜ਼ ਕਰਦਾ ਹੈ ਤਾਂ ਅੱਗੋਂ ਲੜਨ ਨੂੰ ਪੈਂਦੇ ਹਨ ਤੇ ਕਹਿੰਦੇ ਹਨ ਕਿ ਹੋਲੀ ਦਾ ਤਿਉਹਾਰ ਹੈ। ਬੇਜ਼ੁਬਾਨ ਪਸ਼ੂਆਂ, ਅਵਾਰਾ ਕੁੱਤਿਆਂ ਤੱਕ ਨੂੰ ਵੀ ਰੰਗਾਂ ਨਾਲ ਲਬੇੜ ਦਿੱਤਾ ਜਾਂਦਾ ਹੈ। ਕੁੱਤਿਆਂ ਲਈ ਇਹ ਰੰਗ ਬਹੁਤ ਹੀ ਜ਼ਿਆਦਾ ਘਾਤਕ ਹੁੰਦੇ ਹਨ। ਹਾਲਾਂਕਿ ਕਈ ਧਾਰਮਿਕ ਥਾਵਾਂ 'ਤੇ ਰੰਗ ਬਿਰੰਗੇ ਫੁੱਲਾਂ ਨਾਲ ਹੋਲੀ ਖੇਡੀ ਜਾਂਦੀ ਹੈ। ਅਕਸਰ ਰੰਗਾਂ ਵਿਚ ਕੈਮੀਕਲ ਹੁੰਦਾ ਹੈ ਜੋ ਕਿ ਬਹੁਤ ਨੁਕਸਾਨ ਕਰਦਾ ਹੈ। ਤਿਉਹਾਰਾਂ ਨੂੰ ਭਾਈਚਾਰਕ ਸਾਂਝ ਤੇ ਮਰਿਆਦਾ ਨਾਲ ਮਨਾਉਣਾ ਚਾਹੀਦਾ ਹੈ।

-ਸੰਜੀਵ ਸਿੰਘ ਸੈਣੀ,
ਮੁਹਾਲੀ

Ad Position 22
No active advertisement
ਪਿਛਲੀ ਖ਼ਬਰ ਨਿਰੰਜਣੀ ਸੰਪ੍ਰਦਾਇ ਦੇ ਮੋਢੀ ਭਾਈ ਹੰਦਾਲ ਅਗਲੀ ਖ਼ਬਰ ਰੁੱਖ ਗਹਿਣੇ ਰੱਖ ਕੇ ਕਰਜ਼ਾ ਲਵੇਗੀ ਮਹਾਰਾਸ਼ਟਰ ਸਰਕਾਰ
Ad Position 24