ਮਹਾਰਾਸ਼ਟਰ ਸਰਕਾਰ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਦੀਵਾਲੀਆ ਹੋ ਚੁੱਕੀ ਹੈ ਤੇ ਉਸ ਕੋਲ ਰੋਜ਼ਮਰ੍ਹਾ ਦੇ ਖਰਚਿਆਂ ਲਈ ਵੀ ਪੈਸੇ ਨਹੀਂ ਹਨ, ਇਸ ਲਈ ਸਰਕਾਰ ਨੂੰ ਆਪਣੇ ਸਾਗਵਾਨ ਦੇ ਰੁੱਖ ਗਹਿਣੇ ਰੱਖ ਕੇ ਕਰਜ਼ ਲੈਣਾ ਪੈ ਰਿਹਾ ਹੈ। ਇਹ ਕੋਈ ਮਜ਼ਾਕ ਦੀ ਗੱਲ ਨਹੀਂ ਹੈ, ਮਹਾਰਾਸ਼ਟਰ ਦੇ ਸੀਨੀਅਰ ਮੰਤਰੀ ਗਣੇਸ਼ ਨਾਈਕ ਨੇ ਖੁਦ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਸਾਹਮਣੇ ਪੈਸੇ ਦਾ ਸੰਕਟ ਹੋਣ ਕਰਕੇ ਰੁੱਖਾਂ ਨੂੰ ਗਹਿਣੇ ਰੱਖ ਕੇ ਕਰਜ਼ ਲਿਆ ਜਾਵੇਗਾ। ਦਰਅਸਲ ਪਿਛਲੀਆਂ ਚੋਣਾਂ ਦੇ ਮੌਕੇ ਮਹਾਰਾਸ਼ਟਰ 'ਚ 'ਮੁਫਤ ਦੀਆਂ ਰਿਉੜੀਆਂ' ਵੰਡਣ ਦੇ ਚਲਦਿਆਂ ਸੂਬੇ ਦੇ ਮਾਲੀਏ 'ਤੇ ਵੱਡਾ ਬੋਝ ਵਧਿਆ ਹੈ। ਮੰਤਰੀ ਅਨੁਸਾਰ 'ਮਾਝੀ ਲਾੜਕੀ ਬਹਿਨ' ਯੋਜਨਾ ਕਾਰਨ ਸਰਕਾਰ 'ਤੇ ਵੱਡਾ ਵਿੱਤੀ ਦਬਾਅ ਹੈ ਅਤੇ ਅਜਿਹੀਆਂ ਯੋਜਨਾਵਾਂ ਕਰਕੇ ਸਰਕਾਰ ਦੇ ਵਿਕਾਸ ਪ੍ਰੋਜੈਕਟ ਠੱਪ ਹੋ ਰਹੇ ਹਨ। ਸੂਬਾ ਸਰਕਾਰ ਨੇ ਆਪਣੇ ਸਾਗਵਾਨ ਦੇ ਰੁੱਖ ਗਹਿਣੇ ਰੱਖਣ ਦਾ ਫ਼ੈਸਲਾ ਲਿਆ ਹੈ, ਜਿਨ੍ਹਾਂ ਦੀ ਕੀਮਤ ਕਰੀਬ 12 ਹਜ਼ਾਰ ਕਰੋੜ ਰੁਪਏ ਹੈ ਅਤੇ ਸਰਕਾਰ ਇਨ੍ਹਾਂ 'ਤੇ 6 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਆਪਣਾ ਕੰਮ ਚਲਾਏਗੀ। ਜੇਕਰ ਸੁਪਰੀਮ ਕੋਰਟ ਨੇ ਜਲਦੀ ਸੁਣਵਾਈ ਕਰਕੇ ਅਜਿਹੀਆਂ ਮੁਫਤ ਦੀਆਂ ਯੋਜਨਾਵਾਂ 'ਤੇ ਰੋਕ ਨਾ ਲਗਾਈ ਤਾਂ ਪਤਾ ਨਹੀਂ ਸੂਬਾ ਸਰਕਾਰਾਂ ਨੂੰ ਕੀ-ਕੀ ਗਹਿਣੇ ਰੱਖਣਾ ਪੈ ਜਾਵੇ।
ਭਾਜਪਾ ਨੂੰ ਵੱਡਾ ਝਟਕਾ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਭਾਜਪਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੱਡਾ ਝਟਕਾ ਦੇ ਦਿੱਤਾ ਹੈ, ਅਮਿਤ ਸ਼ਾਹ ਪਿਛਲੇ ਕੁਝ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸਨ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ ਨੂੰ ਕਿਸੇ ਵੀ ਤਰ੍ਹਾਂ ਐਨ.ਡੀ.ਏ .ਵਿਚ ਲਿਆਂਦਾ ਜਾਵੇ। ਪਰ ਅੱਨਾ ਡੀ.ਐਮ.ਕੇ 'ਤੇ ਪੂਰੀ ਤਰ੍ਹਾਂ ਕਾਬਜ਼ ਈ. ਪਲਾਨੀਸਵਾਮੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਪਨੀਰਸੇਲਵਮ ਨੂੰ ਸਵੀਕਾਰ ਨਹੀਂ ਕਰਨਗੇ। ਦੂਜੇ ਪਾਸੇ ਪਨੀਰਸੇਲਵਮ ਦੀ ਵੀ ਸ਼ਰਤ ਸੀ ਕਿ ਜੇਕਰ ਪਲਾਨੀਸਵਾਮੀ ਨੂੰ ਗਠਜੋੜ ਦਾ ਨੇਤਾ ਐਲਾਨ ਕੇ ਚੋਣਾਂ ਲੜੀਆਂ ਗਈਆਂ ਤਾਂ ਉਹ ਪਾਰਟੀ 'ਚ ਸ਼ਾਮਿਲ ਨਹੀਂ ਹੋਵੇਗਾ। ਇਸੇ ਦੌਰਾਨ ਪਨੀਰਸੇਲਵਮ ਮੁੱਖ ਮੰਤਰੀ ਸਟਾਲਿਨ ਨਾਲ ਰਾਬਤਾ ਕਰਕੇ ਡੀ.ਐਮ.ਕੇ ਵਿਚ ਸ਼ਾਮਿਲ ਹੋ ਗਏ। ਸਟਾਲਿਨ ਨੇ ਪਨੀਰਸੇਲਵਮ ਨਾਲ ਵਾਅਦਾ ਕੀਤਾ ਹੈ ਕਿ ਚੋਣ ਜਿੱਤਣ 'ਤੇ ਉਸ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪਨੀਰਸੇਲਵਮ ਵਲੋਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਲਈ ਪ੍ਰਚਾਰ ਕਰਨ ਨਾਲ ਦੱਖਣੀ ਤਾਮਿਲਨਾਡੂ 'ਚ ਭਾਜਪਾ ਨੂੰ 5 ਸੀਟਾਂ ਦਾ ਫਾਇਦਾ ਹੋਇਆ ਸੀ। ਪਨੀਰਸੇਲਵਮ ਥੇਵਰ ਭਾਈਚਾਰੇ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਦਾ ਮੱਧ ਤੇ ਦੱਖਣੀ ਤਾਮਿਲਨਾਡੂ ਵਿਚ ਵੱਡਾ ਪ੍ਰਭਾਵ ਹੈ। ਪਨੀਰਸੇਲਵਮ ਦੇ ਡੀ.ਐਮ.ਕੇ 'ਚ ਸ਼ਾਮਿਲ ਹੋਣ ਨਾਲ ਡੀ.ਐਮ.ਕੇ. ਦੀ ਦੱਖਣੀ ਤਾਮਿਲਨਾਡੂ ਵਿਚ ਇਕ ਮਜ਼ਬੂਤ ਨੇਤਾ ਦੀ ਜ਼ਰੂਰਤ ਪੂਰੀ ਹੋ ਗਈ ਹੈ। ਦਰਅਸਲ ਥੇਵਰ ਭਾਈਚਾਰਾ ਕਦੇ ਵੀ ਡੀ.ਐਮ.ਕੇ. ਦਾ ਸਮਰਥਕ ਨਹੀਂ ਰਿਹਾ, ਹੁਣ ਜੇਕਰ ਪਨੀਰਸੇਲਵਮ ਉਨ੍ਹਾਂ ਦਾ ਵੋਟ ਭੁਗਤਾਉਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਡੀ.ਐਮ.ਕੇ. ਨੂੰ ਇਸ ਦਾ ਵੱਡਾ ਲਾਭ ਮਿਲੇਗਾ।
ਵੱਖਰੇ ਸੀਮਾਂਚਲ ਸੂਬੇ ਦੀ ਚਰਚਾ
ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਿੰਨ ਦਿਨ ਤੱਕ ਬਿਹਾਰ ਦੇ ਸਰਹੱਦੀ ਸੀਮਾਂਚਲ ਦਾ ਦੌਰਾ ਕੀਤਾ, ਜੋ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹ ਕਿਸੇ ਵੀ ਖੇਤਰ ਵਿਚ ਇੰਨਾ ਲੰਮਾ ਸਮਾਂ ਨਹੀਂ ਰਹਿੰਦੇੇ ਹਨ। ਅਮਿਤ ਸ਼ਾਹ ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਵੀ ਰੁਕੇ, ਪਰ ਸੀਮਾਂਚਲ ਦਾ ਮਾਮਲਾ ਕੁਝ ਵੱਖਰਾ ਹੈ। ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਰਾਸ਼ਟਰੀ ਸੁਰੱਖਿਆ ਤੇ ਘੁਸਪੈਠ ਨੂੰ ਲੈ ਕੇ ਸੀਮਾਂਚਲ ਵਿਚ ਕਈ ਬੈਠਕਾਂ ਕੀਤੀਆਂ ਸਨ, ਇਸ ਵਾਰ ਵੀ ਉਨ੍ਹਾਂ ਦੇ ਨਾਲ ਕੇਂਦਰ ਤੇ ਸੂਬੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ, ਸ਼ਾਹ ਦੀ ਇਸ ਯਾਤਰਾ ਤੇ ਬੈਠਕਾਂ ਦੇ ਬਾਅਦ ਹੀ ਵੱਖਰੇ ਸੂਬੇ ਦੀ ਚਰਚਾ ਤੇਜ਼ ਹੋ ਗਈ ਹੈ। ਭਾਵੇਂ ਅਜੇ ਤੱਕ ਕੋਈ ਠੋਸ ਪ੍ਰਸਤਾਵ ਸਾਹਮਣੇ ਨਹੀਂ ਆਇਆ, ਪਰ ਇਹ ਚਰਚਾ ਬੇਮਤਲਬ ਨਹੀਂ ਹੈ ਕਿਉਂਕਿ ਬੰਗਾਲ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਦੇਖਿਆ ਜਾਵੇ ਤਾਂ ਇਸ ਦਾ ਮਹੱਤਵ ਸਮਝ 'ਚ ਆਉਂਦਾ ਹੈ। ਭਾਜਪਾ ਨੇ ਘੁਸਪੈਠ ਨੂੰ ਬੰਗਾਲ ਚੋਣਾਂ ਲਈ ਸਭ ਤੋਂ ਵੱਡਾ ਮੁੱਦਾ ਬਣਾਇਆ ਹੈ। ਜੇਕਰ ਬਿਹਾਰ ਦੇ ਮੁਸਲਿਮ ਬਹੁਲਤਾ ਵਾਲੇ ਇਲਾਕਿਆਂ- ਕਿਸ਼ਨਗੰਜ, ਅਰਰੀਆ, ਕਟਿਹਾਰ ਤੇ ਪੂਰਨੀਆ ਦੇ ਕੁਝ ਹਿੱਸੇ ਨੂੰ ਮਿਲਾ ਕੇ ਪੱਛਮੀ ਬੰਗਾਲ ਦੇ ਮੁਸਲਿਮ ਬਹੁਲਤਾ ਵਾਲੇ ਇਲਾਕੇ ਮਾਲਦੇ ਤੇ ਉੱਤਰੀ ਦਿਨਾਜਪੁਰ ਦੇ ਨਾਲ ਜੋੜ ਕੇ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਜਾਵੇ ਤਾਂ ਇਸ ਦਾ ਵੱਡਾ ਮਨੋਵਿਗਿਆਨਿਕ ਅਸਰ ਬੰਗਾਲ ਦੇ ਵੋਟਰਾਂ 'ਤੇ ਹੋਵੇਗਾ। ਉੱਤਰੀ ਦਿਨਾਜਪੁਰ ਤੇ ਮਾਲਦਾ ਦੋਵੇਂ ਜ਼ਿਲ੍ਹੇ ਕਿਸ਼ਨਗੰਜ ਤੇ ਕਟਿਹਾਰ ਨਾਲ ਲਗਦੇ ਹਨ। ਜੇਕਰ ਇਨ੍ਹਾਂ ਜ਼ਿਲ੍ਹਿਆਂ ਨੂੰ ਮਿਲਾ ਕੇ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਦਾ ਹੈ ਤਾਂ ਇੱਥੇ ਬਹੁਸੰਖਿਅਕ ਮੁਸਲਿਮ ਆਬਾਦੀ ਦੀ ਸਥਿਤੀ ਜੰਮੂ ਕਸ਼ਮੀਰ ਵਰਗੀ ਹੋਵੇਗੀ। ਜਿੱਥੇ ਉਪ-ਰਾਜਪਾਲ ਤੇ ਸਰਹੱਦੀ ਸੂਬਾ ਹੋਣ ਕਾਰਨ ਸੈਨਾ ਤੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕਰ ਕੇ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ।
ਤਾਮਿਲਨਾਡੂ 'ਚ ਵੀ ਪੈਸੇ ਵੰਡ ਕੇ ਜਿੱਤਣਗੇ
ਭਾਵੇਂ ਸਿਆਸੀ ਮਾਹਿਰ ਬਿਹਾਰ, ਝਾਰਖੰਡ ਜਾਂ ਉੱਤਰ ਭਾਰਤ ਦੇ ਸੂਬਿਆਂ ਦੀ ਆਲੋਚਨਾ ਕਰਦੇ ਰਹਿੰਦੇ ਹਨ, ਜਿੱਥੇ ਪੈਸੇ ਵੰਡ ਕੇ ਚੋਣਾਂ ਜਿੱਤੀਆਂ ਜਾਂਦੀਆਂ ਹਨ। ਪਰ ਲੋਕਾਂ ਦੇ ਗ਼ਰੀਬ ਹੋਣ ਕਰਕੇ ਸਰਕਾਰਾਂ ਲਈ 'ਮੁਫਤ ਦੀਆਂ ਰਿਉੜੀਆਂ' ਵੰਡ ਕੇ ਚੋਣ ਜਿੱਤਣ ਦਾ ਫਾਰਮੂਲਾ ਯੂਨੀਵਰਸਲ ਹੋ ਗਿਆ ਹੈ। ਹੁਣ ਤਾਂ ਵਿਕਸਤ ਸੂਬੇ ਵੀ ਇਸ ਦਾ ਸਹਾਰਾ ਲੈਣ ਲੱਗੇ ਹਨ, ਮਹਾਰਾਸ਼ਟਰ ਤੋਂ ਬਾਅਦ ਹੁਣ ਸਭ ਤੋਂ ਵੱਧ ਜੀ.ਡੀ.ਪੀ. ਵਾਲੇ ਸੂਬਿਆਂ 'ਚੋਂ ਇਕ ਤਾਮਿਲਨਾਡੂ ਵਿਚ ਵੀ ਇਹੀ ਤਰੀਕਾ ਅਜ਼ਮਾਇਆ ਜਾ ਰਿਹਾ ਹੈ। ਤਾਮਿਲਨਾਡੂ ਵਿਚ ਤਾਂ ਪਹਿਲਾਂ ਹੀ ਇਹ ਸਿਲਸਿਲਾ ਜਾਰੀ ਹੈ, ਜਿੱਥੇ ਪਾਰਟੀਆਂ ਲੋਕਾਂ ਨੂੰ ਚੋਰੀ ਨਕਦੀ ਵੰਡਦੀਆਂ ਹਨ ਅਤੇ ਸਰਕਾਰਾਂ ਪ੍ਰੈਸ਼ਰ ਕੂਕਰ ਤੇ ਵਾਸ਼ਿੰਗ ਮਸ਼ੀਨਾਂ ਤੱਕ ਵੰਡਦੀਆਂ ਰਹੀਆਂ ਹਨ। ਸੂਬੇ ਦੀ ਸਟਾਲਿਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੀ ਸਵਾ ਕਰੋੜ ਔਰਤਾਂ ਦੇ ਖਾਤਿਆਂ ਵਿਚ 5-5 ਹਜ਼ਾਰ ਰੁਪਏ ਪਾ ਦਿੱਤੇ ਹਨ, ਜਦਕਿ ਮੁੱਖ ਵਿਰੋਧੀ ਪਾਰਟੀ ਅੰਨਾ ਡੀ.ਐਮ.ਕੇ ਦੇ ਨੇਤਾ ਪਲਾਨੀਸਵਾਮੀ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਹਰ ਔਰਤ ਦੇ ਖਾਤੇ 'ਚ 10 ਹਜ਼ਾਰ ਰੁਪਏ ਪਾਏ ਜਾਣਗੇ। ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਇੱਥੇ ਹੋਰ ਵੀ ਬਹੁਤ ਕੁਝ ਵੰਡਣ ਦੇ ਐਲਾਨ ਹੋ ਸਕਦੇ ਹਨ।
ਰੁੱਖ ਗਹਿਣੇ ਰੱਖ ਕੇ ਕਰਜ਼ਾ ਲਵੇਗੀ ਮਹਾਰਾਸ਼ਟਰ ਸਰਕਾਰ
ਅਜੀਤ ਡੈਸਕ
09-03-2026