09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਕੀ ਵਿਦਿਆਰਥੀਆਂ ਨੂੰ ਸੱਚਮੁੱਚ ਭਾਰੀ ਬਸਤਿਆਂ ਤੋਂ ਨਿਜਾਤ ਮਿਲੇਗੀ?

Ad Position 21
repet_subhas-goyals [Copy P29]
ਅਜੀਤ ਡੈਸਕ 09-03-2026

ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਜਦੋਂ ਤੋਂ ਪ੍ਰਾਈਵੇਟ ਸਕੂਲਾਂ ਦਾ ਜਾਲ ਵਿਛਾਇਆ ਗਿਆ ਹੈ, ਉਸ ਸਮੇ ਤੋਂ ਲੈ ਕੇ ਹੁਣ ਤੱਕ ਪੜ੍ਹਾਈ ਦੇ ਮਾਮਲੇ ਵਿਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ। ਇਸ ਤੋਂ ਪਹਿਲਾਂ ਬੱਚਿਆਂ ਨੂੰ ਪੰਜ ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਸਕੂਲ ਵਾਲੇ ਦਾਖਲ ਨਹੀਂ ਕਰਦੇ ਸਨ। ਪਤਾ ਨਹੀਂ ਕਿੱਥੋਂ ਲੋਕਾਂ ਵਿਚ ਏਨੀ ਸਿਆਣਪ ਆ ਗਈ ਕਿ ਦੋ-ਢਾਈ ਸਾਲ ਦੇ ਬੱਚਿਆਂ ਨੂੰ ਸਕੂਲਾਂ ਵਿਚ ਪੜ੍ਹਨ ਲਈ ਭੇਜਿਆ ਜਾਣ ਲੱਗਾ ਹੈ। ਜੇ ਕੋਈ ਪੁੱਛ ਵੀ ਲਵੇ ਕਿ ਐਨਾ ਛੋਟਾ ਬੱਚਾ ਕਿਉਂ ਸਕੂਲ ਭੇਜ ਰਹੇ ਹੋ ਤਾਂ ਅੱਗੋਂ ਜਵਾਬ ਮਿਲੇਗਾ ਕਿ ਇਸ ਨੂੰ ਸਕੂਲ ਵਿਚ ਉੱਠਣਾ-ਬੈਠਣਾ ਆ ਜਾਵੇਗਾ। ਮਾਵਾਂ ਨੂੰ ਵੀ ਬਹਾਨਾ ਮਿਲ ਜਾਂਦਾ ਹੈ ਕਿ ਘਰੇ ਵੀ ਤਾਂ ਬੱਚਿਆਂ ਨੂੰ ਚੁੱਕਣਾ ਹੀ ਹੈ, ਸਗੋਂ ਸਕੂਲ ਵਾਲੇ ਆਪੇ ਸਾਂਭ-ਸੰਭਾਲ ਕਰ ਲੈਣਗੇ। ਦੱਸੋ ਗੱਲ ਕਿੱਧਰ ਨੂੰ ਜਾ ਰਹੀ ਹੈ। ਬੱਚਿਆਂ ਦਾ ਬਚਪਨ ਸਕੂਲਾਂ ਨੇ ਖੋਹ ਲਿਆ ਹੈ। ਫਿਰ ਉੱਤੋਂ ਬੈਗਾਂ ਦਾ ਭਾਰ, ਬੱਚੇ ਜਾਣ ਤੇ ਕਿੱਧਰ ਨੂੰ ਜਾਣ। ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਭਾਰੀ ਬਸਤਿਆਂ ਤੋਂ ਨਿਜਾਤ ਦਿਵਾਉਣ ਲਈ ਸਖ਼ਤ ਕਦਮ ਚੁੱਕੇ ਹਨ। ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸਹਾਇਕ ਡਾਇਰੈਕਟਰ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਅਤੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਭਾਰੀ ਸਕੂਲੀ ਬਸਤਿਆਂ ਤੋਂ ਨਿਜਾਤ ਦਿਵਾਉਣ ਲਈ ਸਖ਼ਤ ਕਦਮ ਚੁੱਕੇ ਹਨ। ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸਹਾਇਕ ਡਾਇਰੈਕਟਰ ਰਾਜੀਵ ਕੁਮਾਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਕੇ ਵਿਦਿਆਰਥੀਆਂ ਦੇ ਸਕੂਲ ਬੈਗ ਦਾ ਭਾਰ ਘਟਾਉਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਹੁਕਮ ਸੂਬੇ ਦੇ ਸਾਰੇ ਸਰਕਾਰੀ, ਏਡਿਡ ਤੇ ਪ੍ਰਾਈਵੇਟ ਸਕੂਲਾਂ 'ਤੇ ਲਾਗੂ ਹੋਣਗੇ। ਇਸ ਤਹਿਤ ਪ੍ਰੀ-ਨਰਸਰੀ ਦਾ ਵਿਦਿਆਰਥੀ ਬਿਨਾਂ ਕਿਸੇ ਬਸਤੇ ਤੋਂ ਸਕੂਲ ਜਾਵੇਗਾ। ਪੱਤਰ ਵਿਚ ਕਿਹਾ ਗਿਆ ਹੈ ਕਿ ਸਕੂਲੀ ਬਸਤਿਆਂ ਦਾ ਬੇਲੋੜਾ ਭਾਰ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪਾ ਰਿਹਾ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਅਨੁਸਾਰ ਪ੍ਰੀ-ਨਰਸਰੀ ਦੇ ਬੱਚਿਆਂ ਲਈ ਕੋਈ ਬੈਗ ਨਹੀਂ ਹੋਵੇਗਾ। ਪਹਿਲੀ ਤੇ ਦੂਜੀ ਜਮਾਤ ਲਈ ਬਸਤੇ ਦਾ ਭਾਰ 1.6 ਤੋਂ 2.2 ਕਿਲੋ, ਤੀਜੀ ਤੋਂ ਪੰਜਵੀਂ ਲਈ 1.7 ਤੋਂ 2.5 ਕਿਲੋ, ਛੇਵੀਂ ਤੇ ਸੱਤਵੀਂ ਲਈ 2 ਤੋਂ 3 ਕਿਲੋ, ਅੱਠਵੀਂ ਲਈ 2.5 ਤੋਂ 4 ਕਿਲੋ, ਨੌਵੀਂ ਤੇ ਦਸਵੀਂ ਲਈ 2.5 ਤੋਂ 4.5 ਕਿਲੋ ਅਤੇ 11ਵੀਂ ਤੇ 12ਵੀਂ ਜਮਾਤ ਲਈ ਬਸਤੇ ਦਾ ਭਾਰ 3.5 ਤੋਂ 5 ਕਿਲੋ ਤੱਕ ਰੱਖਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਜੇ ਇਹ ਦਿਸ਼ਾ-ਨਿਦਰੇਸ਼ ਇੰਨ-ਬਿੰਨ ਲਾਗੂ ਕੀਤੇ ਜਾਣਗੇ ਤਾਂ ਹੀ ਇਹ ਫ਼ੈਸਲਾ ਸ਼ਲਾਘਾਯੋਗ ਮੰਨਿਆ ਜਾ ਸਕਦਾ ਹੈ।
ਸਕੂਲਾਂ ਦੇ ਦਰਵਾਜ਼ਿਆਂ 'ਤੇ ਬਸਤਿਆਂ ਦਾ ਵਜ਼ਨ ਤੋਲਣ ਲਈ ਕੋਈ ਕੰਡਾ ਰੱਖਿਆ ਜਾਵੇਗਾ ਜਾਂ ਕਿਸੇ ਹੋਰ ਯੰਤਰ ਦੀ ਵਰਤੋਂ ਕੀਤੀ ਜਾਵੇਗੀ, ਇਹ ਵਿਚਾਰਨ ਵਾਲੀ ਗੱਲ ਹੈ ਜਾਂ ਫਿਰ ਇਕ ਦਿਨ ਦੇ ਘੱਟ ਸਬਜੈਕਟ ਕਰਕੇ ਪੀਰੀਅਡ ਜ਼ਿਆਦਾ ਕੀਤੇ ਜਾਣਗੇ। ਕਿਤਾਬਾਂ ਲੈੱਸ ਪੜ੍ਹਾਈ ਵੀ ਕਰਵਾਈ ਜਾ ਸਕਦੀ ਹੈ। ਜਿਵੇਂ ਅੱਜਕੱਲ੍ਹ ਬਲੈਕ ਬੋਰਡ ਘੱਟ ਇਸਤੇਮਾਲ ਹੋ ਰਹੇ ਹਨ। ਮੋਬਾਈਲ ਦੇ ਯੁੱਗ ਵਿਚ ਸਭ ਕੁਝ ਸੰਭਵ ਹੈ। ਜੋ ਵੀ ਹੋਵੇ ਪਰ ਬੱਚਿਆਂ ਦੇ ਮੋਢਿਆਂ ਤੋਂ ਬਸਤਿਆਂ ਦਾ ਭਾਰ ਘਟਣਾ ਚਾਹੀਦਾ ਹੈ ਤਾਂ ਹੀ ਬੱਚੇ ਤੰਦਰੁਸਤ ਰਹਿ ਸਕਦੇ ਹਨ। ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਕੱਲ੍ਹ ਨੂੰ ਇਨ੍ਹਾਂ ਦੇ ਮੋਢਿਆਂ 'ਤੇ ਦੇਸ਼ ਦਾ ਭਾਰ ਆਉਣਾ ਹੈ।

-ਮਮਦੋਟ।
ਮੋਬਾਈਲ : 75891-55501

Ad Position 22
No active advertisement
ਪਿਛਲੀ ਖ਼ਬਰ ਰੁੱਖ ਗਹਿਣੇ ਰੱਖ ਕੇ ਕਰਜ਼ਾ ਲਵੇਗੀ ਮਹਾਰਾਸ਼ਟਰ ਸਰਕਾਰ ਅਗਲੀ ਖ਼ਬਰ ਨਿਪਾਲ ਵਿਚ ਬਾਲੇਂਦਰ ਸ਼ਾਹ ਬਣ ਸਕਦੇ ਹਨ ਪ੍ਰਧਾਨ ਮੰਤਰੀ
Ad Position 24