ਨਿਪਾਲ 'ਚ 5 ਮਾਰਚ ਨੂੰ ਹੋਈਆਂ ਆਮ ਚੋਣਾਂ 'ਚ ਜੈਨ-ਜ਼ੈੱਡ ਸਮਰਥਿਤ ਰਾਸ਼ਟਰੀ ਸਵਤੰਤਰ ਪਾਰਟੀ (ਆਰ.ਐੱਸ.ਪੀ.) ਦੀ ਸ਼ਾਨਦਾਰ ਜਿੱਤ ਨਾ ਸਿਰਫ਼ ਇਸ ਛੋਟੇ ਜਿਹੇ ਹਿਮਾਲਿਆਈ ਦੇਸ਼ ਦੇ ਰਾਜਨੀਤਿਕ ਇਤਿਹਾਸ ਵਿਚ, ਸਗੋਂ ਦੱਖਣੀ ਏਸ਼ੀਆ ਦੀ ਬਦਲਦੀ ਰਾਜਨੀਤੀ ਵਿਚ ਵੀ ਇਕ ਖੇਡ ਬਦਲਣ ਵਾਲੀ ਘਟਨਾ (ਗੇਮ-ਚੇਂਜਰ) ਹੈ। ਨਿਪਾਲ ਹੁਣ ਦੱਖਣੀ ਏਸ਼ੀਆ ਦਾ ਦੂਜਾ ਦੇਸ਼ ਹੈ ਜੋ ਨੌਜਵਾਨਾਂ ਦੇ ਇਕ ਅੰਦੋਲਨ ਦੁਆਰਾ ਸਮਰਥਿਤ ਸਰਕਾਰ ਦੀ ਸਥਾਪਨਾ ਦਾ ਗਵਾਹ ਬਣਿਆ ਹੈ, ਜਿਸ ਨੇ ਸਤੰਬਰ 2025 ਦੇ ਦੂਜੇ ਹਫ਼ਤੇ ਅੰਦੋਲਨ ਰਾਹੀਂ ਇਕ ਰਵਾਇਤੀ ਰਾਜਨੀਤਿਕ ਪਾਰਟੀ ਦਾ ਤਖ਼ਤਾਪਲਟ ਦਿੱਤਾ ਸੀ। ਦੱਖਣੀ ਏਸ਼ੀਆ ਦੇ ਇਕ ਹੋਰ ਦੇਸ਼ ਸ੍ਰੀਲੰਕਾ 'ਚ ਵੀ ਸਤੰਬਰ 2024 ਦੌਰਾਨ ਅਜਿਹਾ ਹੀ ਇਕ ਦ੍ਰਿਸ਼ ਦੇਖਣ ਨੂੰ ਮਿਲਿਆ ਸੀ, ਜਦੋਂ ਨੈਸ਼ਨਲ ਪੀਪਲਜ਼ ਪਾਵਰ (ਐਨ.ਪੀ.ਪੀ.) ਦੇ ਨੇਤਾ ਨੇ ਦਹਾਕਿਆਂ ਤੋਂ ਦੇਸ਼ 'ਤੇ ਰਾਜ ਕਰਨ ਵਾਲੀਆਂ ਰਵਾਇਤੀ ਰਾਜਨੀਤਿਕ ਪਾਰਟੀਆਂ ਨੂੰ ਹਰਾ ਕੇ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ। ਇਹ ਚੋਣਾਂ ਸ੍ਰੀਲੰਕਾ 'ਚ 2022 ਦੌਰਾਨ ਮਹਿੰਗਾਈ ਤੇ ਬੇਰੁਜ਼ਗਾਰੀ ਵਿਰੁੱਧ ਵਿਦਿਆਰਥੀਆਂ ਤੇ ਲੋਕਾਂ ਦੇ ਵਿਰੋਧ ਬਾਅਦ ਹੋਈਆਂ ਸਨ। ਇਸੇ ਤਰ੍ਹਾਂ ਇਕ ਹੋਰ ਦੱਖਣੀ ਏਸ਼ੀਆਈ ਦੇਸ਼ ਬੰਗਲਾਦੇਸ਼ ਵਿਚ ਵਿਦਿਆਰਥੀਆਂ ਦੇ ਵਿਦਰੋਹ ਨੇ ਅਗਸਤ 2024 ਵਿਚ ਸ਼ੇਖ ਹਸੀਨਾ ਸਰਕਾਰ ਨੂੰ ਬੇਦਖਲ ਕਰ ਦਿੱਤਾ ਸੀ ਅਤੇ ਇਸ ਸਾਲ 12 ਫਰਵਰੀ ਨੂੰ ਹੋਈਆਂ ਚੋਣਾਂ ਦੌਰਾਨ ਵਿਰੋਧੀ ਧਿਰ ਦੀ ਪਾਰਟੀ ਬੰਗਲਾ ਦੇਸ਼ ਨੈਸ਼ਨਲਿਸਟ ਪਾਰਟੀ ਦੀ ਸਰਕਾਰ ਬਣ ਗਈ ਹੈ। ਹਾਲਾਂਕਿ ਸ਼ੇਖ ਹਸੀਨਾ ਨੂੰ ਬੇਦਖਲ ਕਰਨ ਵਾਲੇ ਤੇ ਵਿਦਰੋਹ ਦੇ ਸਮਰਥਕਾਂ ਦੁਆਰਾ ਬਣਾਈ ਗਈ ਪਾਰਟੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਇਸ ਤਰ੍ਹਾਂ ਬੰਗਲਾਦੇਸ਼ ਬਦਲਾਅ ਤੋਂ ਖੁੰਝ ਗਿਆ ਪਰ ਸ੍ਰੀਲੰਕਾ ਤੇ ਨਿਪਾਲ ਸਫਲ ਹੋ ਗਏ।
ਨਿਪਾਲ ਚੋਣਾਂ ਦੇ ਨਤੀਜਿਆਂ ਦੇ ਅੰਤਿਮ ਅੰਕੜੇ ਅਜੇ ਨਹੀਂ ਆਏ, ਪਰ ਇਹ ਲੇਖ ਲਿਖੇ ਜਾਣ ਤੱਕ ਆਰ.ਐੱਸ.ਪੀ. ਸਿੱਧੇ ਤੌਰ 'ਤੇ ਚੁਣੇ ਜਾਣ ਵਾਲੀਆਂ 165 ਸੀਟਾਂ 'ਚੋਂ 119 ਸੀਟਾਂ ਜਿੱਤ ਚੁੱਕੀ ਹੈ। ਜਦਕਿ ਗਗਨ ਥਾਪਾ ਦੀ ਅਗਵਾਈ ਵਾਲੀ ਨਿਪਾਲ ਕਾਂਗਰਸ 14, ਸਾਬਕਾ ਪ੍ਰਧਾਨ ਮੰਤਰੀ ਓਲੀ ਦੀ ਅਗਵਾਈ ਵਾਲੀ ਸੀ.ਪੀ.ਐਨ- ਯ.ੂਐਮ.ਐਲ. 7 ਅਤੇ ਐਨ.ਸੀ.ਪੀ. 4 ਸੀਟਾਂ ਜਿੱਤ ਚੁੱਕੀ ਹੈ। ਇਨ੍ਹਾਂ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਆਰ.ਐੱਸ.ਪੀ ਨੂੰ ਨਵੀਂ ਸਰਕਾਰ ਬਣਾਉਣ ਦੇ ਲਈ ਕਿਸੇ ਹੋਰ ਪਾਰਟੀ 'ਤੇ ਨਿਰਭਰ ਨਹੀਂ ਹੋਣਾ ਪਵੇਗਾ। ਨਿਪਾਲ ਦੇ ਸੰਸਦੀ ਲੋਕਤੰਤਰ ਵਿਚ ਪਿਛਲੇ ਦੋ ਦਹਾਕਿਆਂ ਦੌਰਾਨ ਅਜਿਹਾ ਰੁਝਾਨ ਰਿਹਾ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਇੱਕਲੀ ਬਹੁਮਤ ਹਾਸਲ ਨਹੀਂ ਕਰ ਸਕੀ, ਜਿਸ ਕਰਕੇ ਸਰਕਾਰ ਬਣਾਉਣ ਤੇ ਚਲਾਉਣ ਲਈ ਚੋਣਾਂ ਤੋਂ ਬਾਅਦ ਗੱਠਜੋੜ ਹੁੰਦੇ ਰਹੇ ਹਨ, ਜਿਸ ਕਰਕੇ ਅਕਸਰ ਸਹਿਯੋਗੀ ਬਦਲਦੇ ਰਹਿਣ ਕਾਰਨ ਮੰਤਰੀ-ਮੰਡਲ ਵਿਚ ਬਦਲਾਅ ਅਤੇ ਸੱਤਾ ਬਰਕਰਾਰ ਰੱਖਣ ਲਈ ਨਵੇਂ ਗੱਠਜੋੜ ਬਣਦੇ ਰਹੇ ਹਨ। ਸਿਆਸੀ ਹਲਕਿਆਂ ਦਾ ਅਨੁਮਾਨ ਹੈ ਕਿ ਪਿਛਲੇ 27 ਸਾਲਾਂ ਵਿਚ ਪਹਿਲੀ ਵਾਰ ਕੋਈ ਪਾਰਟੀ ਆਪਣੇ ਤੌਰ 'ਤੇ ਬਹੁਮਤ ਪ੍ਰਾਪਤ ਕਰਨ ਵੱਲ ਵਧ ਰਹੀ ਹੈ ਅਤੇ 2026 ਦੀਆਂ ਇਨ੍ਹਾਂ ਚੋਣਾਂ ਦੇ ਨਾਲ ਨਿਪਾਲ 'ਚ ਗੱਠਜੋੜਾਂ ਦੀ ਰਾਜਨੀਤੀ ਦਾ ਰੁਝਾਨ ਖਤਮ ਹੋਣ ਦੇ ਆਸਾਰ ਹਨ।
ਆਰ.ਐੱਸ.ਪੀ. 2026 ਦੀਆਂ ਚੋਣਾਂ ਲੜਨ ਵਾਲੀਆਂ ਨਿਪਾਲ ਦੀਆਂ ਸਭ ਤੋਂ ਨਵੀਆਂ ਰਾਜਨੀਤਿਕ ਪਾਰਟੀਆਂ 'ਚੋਂ ਇਕ ਹੈ, ਜਿਸ ਦਾ ਗਠਨ 2022 ਵਿਚ ਚੋਣਾਂ ਤੋਂ ਪਹਿਲਾਂ ਹੋਇਆ ਸੀ। ਇਸ ਪਾਰਟੀ ਨੇ 131 ਸੀਟਾਂ 'ਤੇ ਚੋਣ ਲੜ ਕੇ 10.7 ਫ਼ੀਸਦੀ ਵੋਟਾਂ ਪ੍ਰਾਪਤ ਕਰਦਿਆਂ ਸਿੱਧੀਆਂ ਚੋਣਾਂ ਵਿਚ 7 ਸੀਟਾਂ ਤੇ ਅਨੁਪਾਤਕ ਪ੍ਰਤੀਨਿਧਤਾ ਅਧੀਨ 13 ਸੀਟਾਂ ਜਿੱਤੀਆਂ ਸਨ। ਇਸ ਪਾਰਟੀ ਦੀ ਅਗਵਾਈ ਬਾਬਾ ਲਮਚਨੇ ਕਰ ਰਹੇ ਹਨ, ਜੋ ਕਿ ਇਕ ਮੀਡੀਆ ਹਾਊਸ ਦੇ ਮਾਲਕ ਹਨ। ਕਾਠਮੰਡੂ ਦੇ ਸਾਬਕਾ ਮੇਅਰ ਬਾਲੇਂਦਰ ਸ਼ਾਹ ਵੀ ਬਾਅਦ ਵਿਚ ਆਰ.ਐੱਸ.ਪੀ ਵਿਚ ਸ਼ਾਮਿਲ ਹੋ ਗਏ ਸਨ, ਜਿਸ ਨੇ ਇਨ੍ਹਾਂ ਚੋਣਾਂ 'ਚ ਸਾਬਕਾ ਪ੍ਰਧਾਨ ਮੰਤਰੀ ਕੇ.ਪੀ.ਐਸ. ਓਲੀ ਨੂੰ ਹਰਾ ਕੇ ਚੋਣ ਜਿੱਤੀ ਹੈ। ਉਨ੍ਹਾਂ ਨੂੰ ਆਰ.ਐੱਸ.ਪੀ. ਸਰਕਾਰ ਦਾ ਅਗਲਾ ਪ੍ਰਧਾਨ ਮੰਤਰੀ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਨਿਪਾਲ ਸਰਕਾਰ ਦੀ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਅਤੇ ਜੇਨ-ਜ਼ੈੱਡ. ਅੰਦੋਲਨ ਦੇ ਸੀਨੀਅਰ ਨੇਤਾਵਾਂ ਦੇ ਬਹੁਤ ਨੇੜੇ ਹਨ। ਬਾਲੇਂਦਰ ਸ਼ਾਹ ਨੇ ਜੇਨ.ਜ਼ੈੱਡ. ਦੇ ਸਰਪ੍ਰਸਤ ਵਜੋਂ ਸੇਵਾ ਨਿਭਾਈ ਹੈ। ਇਕ ਸਮੇਂ ਉਨ੍ਹਾਂ ਜੇਨ.ਜ਼ੈੱਡ. ਨੂੰ ਆਪਣੀ ਪਾਰਟੀ ਬਣਾਉਣ ਬਾਰੇ ਵੀ ਚਰਚਾ ਹੋਈ ਸੀ, ਪਰ ਅੰਤ ਵਿਚ ਉਹ ਆਰ.ਐੱਸ.ਪੀ.ਕੇ. ਵਿਚ ਸ਼ਾਮਿਲ ਹੋ ਗਏ।
ਨਿਪਾਲ ਵਿਚ ਜੇਨ-ਜ਼ੈਡ ਵਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾਉਣ ਦੇ ਸਰਕਾਰ ਦੇ ਹੁਕਮ ਦਾ ਵਿਰੋਧ ਕਰਨ ਲਈ ਸਕੂਲੀ ਵਿਦਿਆਰਥੀਆਂ ਨਾਲ ਮਿਲ ਕੇ ਇਕ ਅੰਦੋਲਨ ਸ਼ੁਰੂ ਕੀਤਾ ਸੀ। ਫਿਰ ਇਹ ਅੰਦੋਲਨ ਸੱਤਾਧਾਰੀ ਕੇ.ਪੀ.ਐੱਸ. ਓਲੀ ਸਰਕਾਰ ਤੇ ਸਾਰੀਆਂ ਸਥਾਪਿਤ ਰਾਜਨੀਤਿਕ ਪਾਰਟੀਆਂ ਦੇ ਵਿਰੁੱਧ ਇਕ ਵੱਡੇ ਪੱਧਰ ਦੇ ਵਿਰੋਧ ਵਿਚ ਬਦਲ ਗਿਆ ਸੀ। ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਹੋਈਆਂ, ਪਰ ਨਿਪਾਲੀ ਫ਼ੌਜ ਨੇ ਨਿਰਪੱਖ ਰਹਿੰਦਿਆਂ ਸਾਵਧਾਨੀ ਵਰਤੀ। ਜਦੋਂ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਤਾਂ ਨਿਪਾਲੀ ਫ਼ੌਜ ਮੁਖੀ ਨੇ ਪ੍ਰਧਾਨ ਮੰਤਰੀ ਓਲੀ ਨੂੰ ਅਹੁਦਾ ਛੱਡਣ ਲਈ ਕਹਿ ਦਿੱਤਾ ਤਾਂ ਓਲੀ ਅਤੇ ਉਨ੍ਹਾਂ ਦੀ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ। ਫੌਜ ਮੁਖੀ ਨੇ ਜੇਨ-ਜ਼ੈਡ. ਨੇਤਾਵਾਂ ਤੇ ਸਿਵਲ ਸੁਸਾਇਟੀ ਦੇ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰ ਕੇ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਦੀ ਅਗਵਾਈ 'ਚ ਇਕ ਅੰਤਰਿਮ ਸਰਕਾਰ ਬਣਾਉਣ ਵਿਚ ਮਦਦ ਕੀਤੀ।
ਨਿਪਾਲ ਦੀ ਸੰਸਦ ਦੇ ਹੇਠਲੇ ਸਦਨ ਵਿਚ 275 ਸੀਟਾਂ ਹਨ, ਇਨ੍ਹਾਂ 'ਚੋਂ 165 ਸੀਟਾਂ ਸਿੱਧੀ ਚੋਣ ਨਾਲ ਭਰੀਆਂ ਜਾਂਦੀਆਂ ਹਨ ਅਤੇ ਬਾਕੀ 110 ਅਨੁਪਾਤਕ ਪ੍ਰਤੀਨਿਧਤਾ ਦੁਆਰਾ ਭਰੀਆਂ ਜਾਣਗੀਆਂ। ਨਿਪਾਲ ਵਿਚ ਸਾਰੀਆਂ ਪ੍ਰਮੁੱਖ ਪਾਰਟੀਆਂ ਸਾਰੀਆਂ ਸੀਟਾਂ 'ਤੇ ਚੋਣ ਲੜਦੀਆਂ ਹਨ ਅਤੇ ਚੋਣਾਂ ਤੋਂ ਬਾਅਦ ਆਪਣੀ ਤਾਕਤ ਨਿਰਧਾਰਤ ਹੋਣ ਬਾਅਦ ਬਹੁਮਤ ਨਾ ਮਿਲਣ 'ਤੇ ਗੱਠਜੋੜ ਬਣਾਉਂਦੀਆਂ ਹਨ। ਇਸੇ ਤਰ੍ਹਾਂ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਕੇ.ਪੀ.ਐਸ. ਓਲੀ (73) ਕਮਿਊਨਿਸਟ ਪਾਰਟੀ ਆਫ਼ ਨਿਪਾਲ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) (ਸੀ.ਪੀ.ਆਈ.ਐਨ.) (ਯੂ.ਐਮ.ਐਲ.) ਦੇ ਗੱਠਜੋੜ ਦੀ ਅਗਵਾਈ ਕਰਦੇ ਹਨ। ਉਹ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਨਿਪਾਲੀ ਕਾਂਗਰਸ ਨਾਲ ਗੱਠਜੋੜ ਵਿਚ ਸਨ। ਇਕ ਹੋਰ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਉਰਫ਼ 'ਪ੍ਰਚੰਡ' ਨਿਪਾਲ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਕਰਦੇ ਹਨ। ਉਹ ਹੋਰ ਕਮਿਊਨਿਸਟ ਧੜਿਆਂ ਨੂੰ ਇਕੱਠੇ ਕਰਨ ਵਿਚ ਕਾਮਯਾਬ ਰਹੇ ਹਨ ਅਤੇ ਓਲੀ ਦੇ ਮੁੱਖ ਚੁਣੌਤੀਕਰਤਾ ਵਜੋਂ ਉਭਰੇ ਹਨ। ਜਦੋਂ ਕਿ ਦੋਵੇਂ ਕਮਿਊਨਿਸਟ ਪਾਰਟੀਆਂ ਨੇ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਆਗੂਆਂ ਨੂੰ ਬਰਕਰਾਰ ਰੱਖਿਆ ਹੈ, ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ, ਨਿਪਾਲੀ ਕਾਂਗਰਸ ਨੇ ਜਨਵਰੀ ਵਿਚ ਇਕ ਨੌਜਵਾਨ ਗਗਨ ਥਾਪਾ (49) ਨੂੰ ਆਪਣਾ ਨਵਾਂ ਨੇਤਾ ਚੁਣਿਆ। ਉਸ ਨੇ ਪ੍ਰਸਿੱਧ ਆਗੂ ਸ਼ੇਰ ਬਹਾਦੁਰ ਦੇਉਬਾ (79) ਦੀ ਥਾਂ ਲਈ ਹੈ, ਜੋ 2006 ਵਿਚ ਲੋਕਤੰਤਰ ਦੇ ਆਗਮਨ ਤੋਂ ਬਾਅਦ ਪਿਛਲੇ ਦੋ ਦਹਾਕਿਆਂ ਦੌਰਾਨ ਵੱਖ-ਵੱਖ ਗੱਠਜੋੜਾਂ ਵਿਚ 5 ਵਾਰ ਪ੍ਰਧਾਨ ਮੰਤਰੀ ਰਹੇ ਹਨ।
ਦੱਸਣਯੋਗ ਹੈ ਕਿ ਬਾਲੇਂਦਰ ਸ਼ਾਹ (35) ਦੇ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ, ਉਹ ਇਕ ਇੰਜੀਨੀਅਰ ਤੇ ਰੈਪਰ ਹੈ। ਉਨ੍ਹਾਂ ਨੇ ਕਾਠਮੰਡੂ ਦੇ ਮੇਅਰ ਵਜੋਂ ਆਪਣੇ ਕਾਰਜਕਾਲ ਦੌਰਾਨ ਇਕ ਮਜ਼ਬੂਤ ਸਾਖ ਬਣਾਈ, ਉਸ ਨੂੰ ਭ੍ਰਿਸ਼ਟਾਚਾਰ ਵਿਰੁੱਧ ਲੜਨ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ। ਉਸੇ ਨੇ ਆਰ.ਐੱਸ.ਪੀ. ਦੇ ਆਲੇ-ਦੁਆਲੇ ਕੁਝ ਨਾਗਰਿਕ ਅਧਿਕਾਰ ਕਾਰਕੁਨਾਂ ਨੂੰ ਇਕੱਠਾ ਕੀਤਾ ਹੈ, ਜੋ ਪ੍ਰਧਾਨ ਮੰਤਰੀ ਬਣਨੇ 'ਤੇ ਉਸ ਦੇ ਸਲਾਹਕਾਰ ਹੋ ਸਕਦੇ ਹਨ। ਬਾਲੇਂਦਰ ਕੁਝ ਭਾਰਤ ਵਿਰੋਧੀ ਟਿੱਪਣੀਆਂ ਲਈ ਵੀ ਜਾਣਿਆ ਜਾਂਦਾ ਹੈ, ਪਰ ਇਕ ਸਮਝਦਾਰ ਵਿਅਕਤੀ ਹੋਣ ਕਰਕੇ ਉਹ ਵਿਦੇਸ਼ੀਆਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਮਾੜੀ ਭਾਵਨਾ ਨਹੀਂ ਰੱਖਦਾ। ਉਸ ਨੇ ਇਕ ਭਾਰਤੀ ਸੰਸਥਾ ਤੋਂ ਇੰਜੀਨੀਅਰਿੰਗ ਵਿਚ ਮਾਸਟਰ ਦੀ ਡਿਗਰੀ ਕੀਤੀ ਹੋਈ ਹੈ ਅਤੇ ਉਸ ਨੂੰ ਭਾਰਤ-ਨਿਪਾਲ ਸੰਬੰਧਾਂ ਦੀ ਡੂੰਘੀ ਸਮਝ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਨਿਪਾਲ ਵਿਚ ਨਵੀਂ ਸਰਕਾਰ ਅਧੀਨ ਦੁਵੱਲੇ ਸੰਬੰਧ ਕਿਵੇਂ ਅੱਗੇ ਵਧਦੇ ਹਨ। (ਸੰਵਾਦ)
ਨਿਪਾਲ ਵਿਚ ਬਾਲੇਂਦਰ ਸ਼ਾਹ ਬਣ ਸਕਦੇ ਹਨ ਪ੍ਰਧਾਨ ਮੰਤਰੀ
ਅਜੀਤ ਡੈਸਕ
09-03-2026