27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਹਾਨ ਕੋਸ਼ ਦੇ ਪ੍ਰਕਾਸ਼ਨ ਦੀ ਗਾਥਾ

ਮਹਾਨ ਕੋਸ਼ ਦੇ ਪ੍ਰਕਾਸ਼ਨ ਦੀ ਗਾਥਾ

Ad Position 21
No active advertisement
ਅਜੀਤ ਡੈਸਕ 28-09-2026

ਭਾਈ ਕਾਨ੍ਹ ਸਿੰਘ ਨਾਭਾ ਰਚਿਤ 'ਗੁਰਸ਼ਬਦ ਰਤਨਾਕਰ ਮਹਾਨ ਕੋਸ਼' ਜਿਸ ਨੂੰ  ਵਧੇਰੇ ਕਰਕੇ ਛੋਟੇ ਨਾਂਅ 'ਮਹਾਨ ਕੋਸ਼' ਕਰਕੇ ਜਾਣਿਆ ਜਾਂਦਾ ਹੈ, ਸਿੱਖ ਅਧਿਐਨ ਵਿਚ ਇਕ ਅਤਿ ਮਹੱਤਵਪੂਰਨ ਵਾਧਾ ਹੈ | ਇਸ ਨੂੰ  'ਸਿੱਖ ਧਰਮ ਦਾ ਵਿਸ਼ਵਕੋਸ਼' ਵੀ ਕਿਹਾ ਗਿਆ ਹੈ ਕਿਉਂਕਿ ਇਸ ਵਿਚ ਕੇਵਲ ਸਿੱਖ ਸੱਭਿਆਚਾਰ, ਸਿੱਖ ਇਤਿਹਾਸ, ਗੁਰਮਤਿ ਦਰਸ਼ਨ, ਗੁਰਦੁਆਰਿਆਂ ਦਾ ਵੇਰਵਾ ਹੀ ਨਹੀਂ, ਸਗੋਂ ਸਮੁੱਚੀ ਸਿੱਖ ਰਹਿਣੀ-ਬਹਿਣੀ ਨੂੰ  ਸਮੇਟਣ ਦਾ ਯਤਨ ਹੈ | ਜੇ ਕੇਵਲ ਸਿੱਖ ਸਾਹਿਤ ਦੀ ਗੱਲ ਹੀ ਕਰਨੀ ਹੋਵੇ ਤਾਂ ਇਸ ਵਿਚ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ 'ਚੋਂ ਹੀ ਹਵਾਲੇ ਨਹੀਂ, ਸਗੋਂ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਦੀਆਂ ਰਚਨਾਵਾਂ, ਸ੍ਰੀ ਗੁਰ ਸੋਭਾ, ਸਾਚੀਆਂ, ਪ੍ਰਮੁੱਖ ਜਨਮ ਸਾਖੀਆਂ, ਸਰਬ ਲੋਹ ਗ੍ਰੰਥ, ਗੁਰ ਮਹਿਮਾ ਪ੍ਰਕਾਸ਼, ਗੁਰਬਿਲਾਸ (ਪਾਤਿਸ਼ਾਹੀ 6ਵੀਂ ਤੇ 10ਵੀਂ) ਨਾਨਕ ਪ੍ਰਕਾਸ਼, ਗੁਰਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਰਹਿਤਨਾਮਿਆਂ ਅਤੇ ਗੁਰਬਾਣੀ ਦੇ ਅਨੇਕ ਟੀਕਿਆਂ 'ਚੋਂ ਸ਼ਬਦਾਂ ਦੇ ਅਰਥ ਸਪੱਸ਼ਟ ਕਰਨ ਹਿੱਤ ਹਵਾਲੇ ਦਿੱਤੇ ਗਏ ਹਨ | ਇਹ ਕੋਸ਼ ਤਿਆਰ ਕਰਦੇ ਵਕਤ 'ਇਨਸਾਈਕਲੋਪੀਡੀਆ ਬਿ੍ਟੈਨਿਕਾ' ਦਾ ਮਾਡਲ ਵੀ ਭਾਈ ਕਾਨ੍ਹ ਸਿੰਘ ਦੇ ਮਨ ਵਿਚ ਸੀ ਪਰ ਵਧੇਰੇ ਪ੍ਰੇਰਨਾ ਸਰੋਤ ਬਣੇ ਪੰਡਤ ਤਾਰਾ ਸਿੰਘ ਨਰੋਤਮ ਦਾ 'ਗੁਰੂ ਸਿਰਾਰਥ ਕੋਸ਼' ਅਤੇ ਭਾਈ ਹਜ਼ਾਰਾ ਸਿੰਘ ਦਾ 'ਸ੍ਰੀ ਗੁਰੂ ਗ੍ਰੰਥ ਕੋਸ਼' | ਕੋਸ਼ ਦਾ ਕੰਮ ਸੰਨ 1912 ਤੋਂ ਸ਼ੁਰੂ ਹੋ ਕੇ 1926 ਵਿਚ ਖਤਮ ਹੋਇਆ | ਭਾਈ ਕਾਨ੍ਹ ਸਿੰਘ 'ਸਿੰਘ ਸਭਾ ਲਾਹੌਰ' ਦੇ ਮੈਂਬਰਾਂ ਨਾਲ ਵੀ ਜੁੜੇ ਹੋਏ ਸਨ ਅਤੇ ਉਹ ਮਿ. ਮੈਕਲਿਫ ਵਲੋਂ ਤਿਆਰ ਕੀਤੀ ਜਾ ਰਹੀ ਬਹੁ-ਜਿਲਦੀ ਪੁਸਤਕ 'ਦਾ ਸਿੱਖ ਰਿਲੀਜਨਜ਼' ਦੇ ਸਲਾਹਕਾਰ ਮੰਡਲ ਵਿਚ ਵੀ ਸ਼ਾਮਿਲ ਸਨ | ਸੋ ਇਸ ਸਾਰੇ ਰਲਵੇਂ-ਮਿਲਵੇਂ ਪ੍ਰਭਾਵਾਂ, ਲੋੜਾਂ ਅਤੇ ਤਕਾਜ਼ਿਆਂ ਦਾ ਪ੍ਰਤੀਫਲ ਇਹ ਮਹਾਨ ਕੋਸ਼ ਹੈ |

ਮਹਾਨ ਕੋਸ਼ ਤਿਆਰ ਹੋ ਗਿਆ ਅਤੇ ਹੁਣ ਇਸ ਦੀ ਪ੍ਰਕਾਸ਼ਨਾ ਦਾ ਕੰਮ ਬਾਕੀ ਸੀ | ਵਿਸਤਿ੍ਤ ਅਤੇ ਵੱਡ-ਆਕਾਰੀ ਕੰਮ ਹੋਣ ਕਰਕੇ ਇਸ ਦੀ ਪ੍ਰਕਾਸ਼ਨਾ 'ਤੇ ਖ਼ਰਚ ਵੀ ਚੋਖਾ ਹੋਣਾ ਸੀ, ਜਿਸ ਬਾਰੇ ਸੋਚਾਂ-ਵਿਚਾਰਾਂ ਹੋਣ ਲੱਗੀਆਂ | ਉਧਰ ਰਿਆਸਤ ਨਾਭਾ ਦੇ ਮਹਾਰਾਜੇ ਰਿਪੁਦਮਨ ਸਿੰਘ ਦੇ ਗੱਦੀ ਤੋਂ ਲਹਿ ਜਾਣ ਕਰਕੇ ਅਤੇ ਪ੍ਰਤਾਪ ਸਿੰਘ ਦੇ ਨਾਬਾਲਗ ਹੋਣ ਕਰਕੇ ਅੰਗਰੇਜ਼ ਅਹਿਲਕਾਰਾਂ ਨੇ ਹੱਥ ਪਿੱਛੇ ਖਿੱਚ ਲਏ | ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਛਾਪਣ ਲਈ ਕਈ ਵਿਕਲਪ ਸੋਚੇ ਗਏ ਪਰ ਕੋਈ ਵੀ ਸਿਰੇ ਨਾ ਚੜ੍ਹ ਸਕਿਆ | ਆਖਰ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਪੰਜਾਹ ਹਜ਼ਾਰ ਰੁਪਏ ਛਪਾਈ ਦਾ ਖ਼ਰਚਾ ਦੇਣਾ ਮੰਨ ਲਿਆ ਅਤੇ ਮਹਾਨ ਕੋਸ਼ 26 ਅਕਤੂਬਰ, 1927 ਨੂੰ  ਛਪਣਾ ਸ਼ੁਰੂ ਹੋ ਗਿਆ | ਕਿੱਥੇ ਛਪਿਆ ਤੇ ਕਿਸ ਦੁਆਰਾ ਛਾਪਿਆ? ਇਸ ਬਾਰੇ ਕੋਈ ਪੱਕਾ ਫ਼ੈਸਲਾ ਨਹੀਂ ਹੋ ਸਕਿਆ | ਕੁਝ ਕੁ ਦਾ ਵਿਚਾਰ ਹੈ ਕਿ ਭਾਈ ਵੀਰ ਸਿੰਘ ਨੇ ਆਪਣੀ ਪ੍ਰੈੱਸ ਵਿਚ ਛਾਪਿਆ | ਧਨੀ ਰਾਮ ਚਾਤਿ੍ਕ ਕਿਉਂਕਿ ਪਹਿਲਾਂ ਉਨ੍ਹਾਂ ਦੀ ਪ੍ਰੈੱਸ ਵਿਚ ਨੌਕਰੀ ਕਰਦਾ ਸੀ ਤੇ ਭਾਈ ਵੀਰ ਸਿੰਘ ਨੇ ਹੀ ਉਨ੍ਹਾਂ ਨੂੰ  ਬੰਗਾਲ ਦੇ ਸ਼ੀਆਪੁਰ ਸ਼ਹਿਰ ਭੇਜ ਕੇ ਗੁਰਮੁਖੀ ਅੱਖਰ ਢਲਵਾਏ ਸਨ, ਜਦਕਿ ਕਿਤੇ-ਕਿਤੇ ਇਹ ਵੀ ਲਿਖਦਾ ਮਿਲਦਾ ਹੈ ਕਿ ਮਹਾਨ ਕੋਸ਼ ਧਨੀ ਰਾਮ ਚਾਤਿ੍ਕ ਦੀ ਨਿਗਰਾਨੀ 'ਚ ਉਨ੍ਹਾਂ ਦੀ ਸੁਦਰਸ਼ਨ ਪ੍ਰੈੱਸ ਵਿਚ ਛਪਿਆ ਸੀ | ਜਦ ਚਾਤਿ੍ਕ ਨੂੰ  ਇਹ ਕੋਸ਼ ਛਾਪਣ ਦਾ ਜ਼ਿੰਮਾ ਮਿਲਿਆ ਤਾਂ ਉਨ੍ਹਾਂ ਨੇ ਆਪ ਸੰਗਮਪੁਰ ਜਾ ਕੇ ਅੱਖਰ ਢਲਵਾ ਜਾਂ ਬਣਵਾ ਕੇ ਲਿਆਂਦੇ ਸਨ ਅਤੇ ਆਪਣੀ ਨਿਗਰਾਨੀ 'ਚ ਆਪਣੀ ਸੁਦਰਸ਼ਨ ਪ੍ਰੈੱਸ ਵਿਚ ਇਸ ਕੋਸ਼ ਨੂੰ  ਛਾਪਿਆ |
ਧਨੀ ਰਾਮ ਚਾਤਿ੍ਕ 1893 ਈ. ਵਿਚ ਭਾਈ ਵੀਰ ਸਿੰਘ ਨੂੰ  ਪਹਿਲੀ ਵਾਰ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ  ਲਿਖਣ, ਪੜ੍ਹਨ, ਛਾਪਣ ਅਤੇ ਪ੍ਰਕਾਸ਼ਨਾ ਦੇ ਕਿੱਤੇ ਵਿਚ ਪਾਇਆ, ਕਿਉਂਕਿ ਉਹ 1891 ਵਿਚ ਆਪਣਾ ਵਜ਼ੀਰ ਹਿੰਦ ਪ੍ਰੈੱਸ ਲਾ ਚੁੱਕੇ ਸਨ | ਇਸ ਪ੍ਰੈੱਸ ਨੂੰ  ਅੰਮਿ੍ਤਸਰ ਦਾ ਸਭ ਤੋਂ ਵੱਡਾ ਲਿੱਥੋ ਛਾਪਾਖਾਨਾ ਅਤੇ ਕੁਝ ਚਿਰ ਪਿੱਛੋਂ ਪਹਿਲਾ ਮਸ਼ੀਨੀ ਪ੍ਰੈੱਸ ਹੋਣ ਦਾ ਮਾਣ ਪ੍ਰਾਪਤ ਹੋਇਆ | ਵਜ਼ੀਰ ਹਿੰਦ ਪ੍ਰੈੱਸ ਵਿਚ ਨੌਕਰੀ ਕਰਦਿਆਂ ਧਨੀ ਰਾਮ ਚਾਤਿ੍ਕ ਪ੍ਰਕਾਸ਼ਨ ਕਲਾ ਦੇ ਚੰਗੇ ਜਾਣਕਾਰ ਬਣ ਗਏ ਅਤੇ ਉਨ੍ਹਾਂ ਆਪਣੀ ਵੱਖਰੀ ਪ੍ਰੈੱਸ ਸੁਦਰਸ਼ਨ ਪ੍ਰੈੱਸ ਨਾਂਅ ਹੇਠ ਲਾ ਲਈ | ਇਸੇ ਸੁਦਰਸ਼ਨ ਪ੍ਰੈੱਸ ਵਿਚ ਹੀ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਪੁਸਤਕਾਂ ਅਨੇਕਾਰਥ ਕੋਸ਼ (1923) ਗੁਰਸ਼ਬਦਲੰਕਾਰ (1924) ਅਤੇ ਨਾਮ ਮਾਲਾ ਕੋਸ਼ (1925) ਪਹਿਲੀ ਵਾਰ ਪ੍ਰਕਾਸ਼ਿਤ ਹੋਈਆਂ | ਕੁਝ ਪੁਰਾਣੀ ਸਾਂਝ ਕਰਕੇ ਅਤੇ ਕੁਝ ਪਹਿਲੇ ਤਜਰਬੇ ਕਰਕੇ 'ਗੁਰਰਤਨਾਕਰ ਮਹਾਨ ਕੋਸ਼' ਦੀ ਛਪਾਈ ਦਾ ਕੰਮ ਸੁਦਰਸ਼ਨ ਪ੍ਰੈੱਸ ਨੂੰ  ਹੀ ਦੇ ਦਿੱਤਾ ਗਿਆ |
ਧਨੀ ਰਾਮ ਚਾਤਿ੍ਕ ਦੀ ਪ੍ਰਕਾਸ਼ਨ ਮੁਹਾਰਤ ਸਬੰਧੀ ਸਾਨੂੰ ਕੁਝ ਹੋਰ ਹਵਾਲੇ ਵੀ ਮਿਲਦੇ ਹਨ | ਚਾਤਿ੍ਕ ਦੀ ਇਕ ਸ਼ਹੀਦੀ ਪ੍ਰਸੰਗਾਂ ਬਾਰੇ ਕਿਤਾਬ 'ਧਰਮਬੀਰ' ਮਿਲਦੀ ਹੈ, ਜਿਸ ਦੀ ਭੂਮਿਕਾ ਵਿਚ ਗਿਆਨੀ ਗੁਰਦਿੱਤ ਸਿੰਘ ਨੇ ਲਿਖਿਆ ਹੈ, ਪੰਦਰਾਂ ਕੁ ਸਾਲ ਦੀ ਉਮਰ ਵਿਚ ਧਨੀ ਰਾਮ ਚਾਤਿ੍ਕ ਨੇ ਵਸੀਕਾ (ਅਰਜ਼ੀ) ਨਵੀਸੀ ਦਾ ਕੰਮ ਵੀ ਸ਼ੁਰੂ ਕੀਤਾ | ਫਿਰ ਛੇਤੀ ਹੀ ਅੰਮਿ੍ਤਸਰ ਵਿਚ ਆ ਕੇ ਭਾਈ ਵੀਰ ਸਿੰਘ ਦੀ ਦੇਖ-ਰੇਖ ਹੇਠ ਕੰਮ ਆਰੰਭਿਆ | ਪੰਜ-ਛੇ ਮਹੀਨੇ ਉੱਥੇ ਪੰਜਾਬੀ ਪੁਸਤਕਾਂ ਦੀ ਕਾਪੀ ਨਵੀਸੀ (ਕਿਤਾਬਤ) ਲਿਖੀ | ਧਨੀ ਰਾਮ ਚਾਤਿ੍ਕ ਵਜ਼ੀਰ ਹਿੰਦ ਪ੍ਰੈੱਸ ਵਿਚ ਕਾਪੀ ਲਿਖਣ ਦਾ ਕੰਮ ਕਰਦਾ ਰਿਹਾ | ਭੂਮਿਕਾ ਧਰਮਬੀਰ, ਪੰਨਾ 9, ਇਸੇ ਪੁਸਤਕ ਦੀ ਭੂਮਿਕਾ ਵਿਚ ਅੱਗੇ ਜਾ ਕੇ ਗਿਆਨੀ ਗੁਰਦਿੱਤ ਸਿੰਘ ਅਜਿਹੀ ਸੂਚਨਾ ਇਕ ਵਾਰ ਫਿਰ ਦੁਹਰਾਉਂਦੇ ਹਨ, ਭਾਈ ਵੀਰ ਸਿੰਘ ਪਾਸ ਉਨ੍ਹਾਂ (ਧਨੀ ਰਾਮ ਚਾਤਿ੍ਕ) ਆਰੰਭਕ ਤੌਰ 'ਤੇ ਪ੍ਰੈੱਸ ਵਿਚ ਕੰਮ ਸ਼ੁਰੂ ਕੀਤਾ | ਗੁਰਮੁਖੀ ਦੇ ਸੋਹਣੇ ਟਾਈਪ ਬਣਵਾਏ ਜਿਨ੍ਹਾਂ ਵਿਚ ਸੁੰਦਰ ਕਿਤਾਬਾਂ ਛਪਣ ਲੱਗੀਆਂ | ਇਨ੍ਹਾਂ ਨੂੰ  ਵੇਖ ਕੇ ਭਾਈ ਕਾਨ੍ਹ ਸਿੰਘ ਰਚਿਤ ਮਹਾਨ ਕੋਸ਼ ਛਾਪਣ ਲਈ ਉਨ੍ਹਾਂ ਦਾ ਸੁਦਰਸ਼ਨ ਪ੍ਰੈੱਸ ਚੁਣਿਆ ਗਿਆ | ਮਹਾਨ ਕੋਸ਼ ਲਈ ਕੁਝ ਵਿਸ਼ੇਸ਼ ਕਿਸਮ ਦੇ ਅੱਖਰ ਵੀ ਬਣਵਾਏ ਗਏ | ਮਹਾਨ ਕੋਸ਼ ਨੂੰ  ਪੂਰੀ ਰੀਝ ਨਾਲ ਛਾਪਿਆ ਗਿਆ | ਇਸ ਤੋਂ ਪਹਿਲਾਂ ਕਿਸੇ ਪੰਜਾਬੀ ਗ੍ਰੰਥ ਦੀ ਛਪਾਈ ਅਜਿਹੀ ਹੋਈ ਨਹੀਂ ਮਿਲਦੀ | ਮਹਾਨ ਕੋਸ਼ ਨੂੰ  ਸੋਧਣ ਵਾਲੇ ਪ੍ਰੋ. ਤੇਜਾ ਸਿੰਘ ਨਾਲ ਆਪ ਦਾ ਮੇਲ ਮਿਲਾਪ ਵਧਿਆ | ਉਹ ਭਾਈ ਧਰਮਾਨੰਤ ਸਿੰਘ ਦੀ ਵੀ ਸੰਗਤ ਨਾਲੋ-ਨਾਲ ਮਾਣਦੇ ਰਹੇ ਜੋ ਮਹਾਨ ਕੋਸ਼ ਦੀ ਛਪਾਈ ਵਿਚ ਪਰੂਫ ਪੜ੍ਹਨ ਵਾਲੇ ਸਹਾਇਕ ਸਨ, (ਪੰਨਾ 6) ਛਪਾਈ ਦਾ ਕੰਮ 1930 ਈ. ਵਿਚ ਖ਼ਤਮ ਹੋਇਆ |
ਮਹਾਨ ਕੋਸ਼ ਦੀ ਛਪਾਈ ਬਾਰੇ ਅੰਤਿਮ ਪਰ ਸਭ ਤੋਂ ਵੱਧ ਪ੍ਰਮਾਣਿਕ, ਬਿਆਨ ਧਨੀ ਰਾਮ ਚਾਤਿ੍ਕ ਦਾ ਸਵੈ-ਕਥਨ ਹੈ, ਜੋ ਸਭ ਤੋਂ ਪਹਿਲਾਂ 'ਚਾਤਿ੍ਕ ਅਭਿਨੰਦਨ ਗ੍ਰੰਥ' ਵਿਚ ਛਪਿਆ ਅਤੇ ਪਿੱਛੋਂ ਉੱਥੋਂ ਉਧਰਿਤ ਕਰਕੇ ਸ.ਸ. ਅਮੋਲ ਨੇ ਆਪਣੀ ਪੁਸਤਕ 'ਚਾਤਿ੍ਕ ਰਚਨਾਵਲੀ' ਵਿਚ ਪ੍ਰਕਾਸ਼ਿਤ ਕੀਤਾ | ਚਾਤਿ੍ਕ ਦਾ ਸਵੈ-ਕਥਨ ਹੈ, 'ਮੇਰੇ ਜੀਵਨ ਇਤਿਹਾਸ ਦਾ ਇਕ ਮੋਟਾ ਪੱਤਰਾ ਇਹ ਹੈ ਕਿ ਸ. ਬਹਾਦਰ ਭਾਈ ਕਾਨ੍ਹ ਸਿੰਘ ਸਾਹਿਬ ਨਾਭਾ ਰਚਿਤ ਮਹਾਨ ਕੋਸ਼ ਦੇ ਛਪਣ ਦੀ ਸੇਵਾ ਮੇਰੇ ਸਪੁਰਦ ਕੀਤੀ ਗਈ ਸੀ | ਜਿਸ ਦੀ ਛਪਾਈ, ਜਿਲਦਬੰਦੀ ਆਦਿਕ ਪੂਰੇ ਦੋ ਵਰਿ੍ਹਆਂ ਵਿਚ ਸਮਾਪਤ ਹੋਈ | ਭਾਈ ਸਾਹਿਬ ਦੀ ਪੰਦਰਾਂ ਵਰਿ੍ਹਆਂ ਦੀ ਲਗਾਤਾਰ ਘਾਲਣਾ ਨਾਲ ਬੇਸ਼ੁਮਾਰ ਫੋਟੋ ਬਲਾਕ, ਨਕਸ਼ੇ ਅਤੇ ਹੋਰ ਬਹੁਤ ਸਾਰਾ ਮਸਾਲਾ ਇਕੱਠਾ ਹੋਇਆ ਸੀ ਅਤੇ ਪਟਿਆਲਾ ਦਰਬਾਰ ਵਲੋਂ ਪੰਜਾਹ ਹਜ਼ਾਰ ਰੁਪਿਆ ਲਾਗਤ ਲਾਈ ਗਈ ਸੀ' (ਪੰਨਾ 50) | ਇਸ ਸਵੈ-ਕਥਨ ਦੀ ਰੌਸ਼ਨੀ ਵਿਚ ਇਹ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਮਹਾਨ ਕੋਸ਼ ਧਨੀ ਰਾਮ ਚਾਤਿ੍ਕ ਦੀ ਸੁਦਰਸ਼ਨ ਪ੍ਰੈੱਸ ਵਿਚ ਛਪਿਆ | ਪਹਿਲੇ ਸੰਸਕਰਣ ਦੀਆਂ ਚਾਰ ਜਿਲਦਾਂ ਸਨ ਪਰ ਪਿੱਛੋਂ ਨਵੀਂ ਤਕਨੀਕ ਆਉਣ ਨਾਲ ਇਹ ਇਕ ਜਿਲਦ ਬਣ ਗਿਆ | ਅੱਜ ਇਹ ਕੋਸ਼ ਭਾਸ਼ਾ ਵਿਭਾਗ ਪਟਿਆਲਾ ਅਤੇ ਪ੍ਰਾਈਵੇਟ ਪ੍ਰਕਾਸ਼ਨ ਵਲੋਂ ਲਗਾਤਾਰ ਛਪ ਅਤੇ ਵਿਕ ਰਿਹਾ ਹੈ |

-ਮੋਬਾਈਲ : 98889-39808

Ad Position 22
No active advertisement
ਪਿਛਲੀ ਖ਼ਬਰ ਵੇਦਾਂਤ ਅਚਾਰੀਆ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲੇ ਅਗਲੀ ਖ਼ਬਰ ਏਸ਼ਿਆਈ ਖੇਡਾਂ : ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਜਿੱਤੇ ਸੋਨ ਤਗਮੇ
Ad Position 24