22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਉੱਭਰਦੇ ਖਿਡਾਰੀਆਂ ਨੂੰ ਸਿਖਲਾਈ ਦੇਣ ਪ੍ਰਸਿੱਧ ਤੇ ਸਾਬਕਾ ਖਿਡਾਰੀ

Ad Position 21
No active advertisement
ਅਜੀਤ ਡੈਸਕ 19-05-2026

ਭਾਰਤੀ ਟੈਨਿਸ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਨੇ ਬੀਤੇ ਦਿਨੀਂ ਉੱਭਰਦੀਆਂ ਟੈਨਿਸ ਖਿਡਾਰਨਾਂ ਨੂੰ ਸਿਖਲਾਈ ਦੇਣ ਦਾ ਐਲਾਨ ਕੀਤਾ ਹੈ। ਸਾਨੀਆ ਨੇ 'ਦਿ ਨੈਕਸਟ ਸੈੱਟ' ਨਾਂਅ ਦੀ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ, ਜਿਸ ਦਾ ਮੁੱਖ ਉਦੇਸ਼ ਉੱਭਰਦੀਆਂ ਟੈਨਿਸ ਖਿਡਾਰਨਾਂ ਨੂੰ ਹਰ ਸੰਭਵ ਸਹਾਇਤਾ ਤੇ ਸਹੀ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ। ਸਾਨੀਆ ਮਿਰਜ਼ਾ ਨੇ ਇਸ ਪ੍ਰੋਗਰਾਮ ਨੂੰ ਖ਼ਾਸ ਤੌਰ 'ਤੇ ਉਨ੍ਹਾਂ ਖਿਡਾਰਨਾਂ ਲਈ ਤਿਆਰ ਕੀਤਾ ਹੈ, ਜੋ ਖੇਡ 'ਚ ਅੱਗੇ ਵਧਣ ਦਾ ਜਜ਼ਬਾ ਰੱਖਦੀਆਂ ਹਨ। 'ਦਿ ਨੈਕਸਟ ਸੈੱਟ' ਰਾਹੀਂ ਭਾਰਤੀ ਮਹਿਲਾ ਟੈਨਿਸ ਖਿਡਾਰਨਾਂ ਨੂੰ ਵਿਸ਼ਵ ਪੱਧਰੀ ਸਿਖਲਾਈ, ਜ਼ਰੂਰੀ ਸਹੂਲਤਾਂ ਤੇ ਮਾਰਗਦਰਸ਼ਨ ਕੀਤਾ ਜਾਵੇਗਾ ਤਾਂ ਜੋ ਉਹ ਕੌਮਾਂਤਰੀ ਪੱਧਰ 'ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ਸਾਨੀਆ ਮਿਰਜ਼ਾ ਦੇ ਇਸ ਕਦਮ ਨੂੰ ਖੇਡ ਹਲਕਿਆਂ 'ਚ ਕਾਫ਼ੀ ਸਲਾਹਿਆ ਗਿਆ ਹੈ। ਭਾਰਤ ਵਿਚ ਬਹੁਤ ਸਾਰੇ ਪ੍ਰਸਿੱਧ ਤੇ ਵਿਸ਼ਵ ਜੇਤੂ ਖਿਡਾਰੀ ਹਨ, ਜਿਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਇਨ੍ਹਾਂ 'ਚੋਂ ਕਈ ਖਿਡਾਰੀ ਤਾਂ ਖੇਡਾਂ ਤੋਂ ਸਨਿਆਸ ਲੈ ਕੇ ਹੋਰ ਕੰਮਾਂ 'ਚ ਰੁਝੇ ਹੋਏ ਹਨ, ਜਦਕਿ ਅਨੇਕਾਂ ਖਿਡਾਰੀ ਰਾਜਨੀਤੀ 'ਚ ਆ ਗਏ ਹਨ। ਇਸ ਤੋਂ ਇਲਾਵਾ ਅਨੇਕਾਂ ਪ੍ਰਸਿੱਧ ਖਿਡਾਰੀ ਜਾਂ ਤਾਂ ਹੁਣ ਕੋਚ ਹਨ ਜਾਂ ਚੁੱਪ ਕਰਕੇ ਘਰ ਬੈਠੇ ਹਨ। ਇਨ੍ਹਾਂ ਪ੍ਰਸਿੱਧ ਖਿਡਾਰੀਆਂ ਕੋਲ ਆਪਣੇ ਖੇਡ ਜੀਵਨ ਦਾ ਪੂਰਾ ਤਜਰਬਾ ਹੁੰਦਾ ਹੈ। ਇਨ੍ਹਾਂ ਦੀ ਸਿਖਲਾਈ 'ਤੇ ਇਨ੍ਹਾਂ ਦਾ ਆਪਣਾ ਤੇ ਦੇਸ਼ ਦਾ ਕਾਫ਼ੀ ਪੈਸਾ ਲੱਗਾ ਹੁੰਦਾ ਹੈ। ਇਸ ਲਈ ਅਜਿਹੇ ਖਿਡਾਰੀਆਂ ਨੂੰ ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਉੱਭਰਦੇ ਖਿਡਾਰੀਆਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਤਰਾਸ਼ਣਾ ਚਾਹੀਦਾ ਹੈ। ਭਾਰਤ ਵਿਚ ਕਈ ਖਿਡਾਰੀ ਅਜਿਹੇ ਹਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਖੇਡਾਂ ਦੇ ਹਵਾਲੇ ਕੀਤਾ ਹੋਇਆ ਹੈ। ਇਹ ਖਿਡਾਰੀ ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਖੇਡਾਂ ਨਾਲ ਜੁੜੇ ਹੋਏ ਹਨ। ਸਾਬਕਾ ਖਿਡਾਰੀਆਂ ਨੂੰ ਜਿੱਥੇ ਆਪਣੀ ਖੇਡ ਸਮਰੱਥਾ 'ਤੇ ਮਾਣ ਹੁੰਦਾ ਹੈ, ਉੱਥੇ ਉਨ੍ਹਾਂ ਕੋਲ ਖੇਡਾਂ ਦਾ ਵੱਡਾ ਤਜਰਬਾ ਵੀ ਹੁੰਦਾ ਹੈ। ਇਹ ਸਾਬਕਾ ਖਿਡਾਰੀ ਉੱਭਰਦੇ ਖਿਡਾਰੀਆਂ ਨੂੰ ਖੇਡਾਂ ਦੀਆਂ ਬਾਰੀਕੀਆਂ ਤੇ ਖੇਡ ਕਲਾ 'ਚ ਨਿਖਾਰ ਲਿਆਉਣ ਦੇ ਤਰੀਕੇ ਦੱਸ ਸਕਦੇ ਹਨ। ਜੇ ਉੱਭਰਦੇ ਖਿਡਾਰੀਆਂ ਦੀਆਂ ਟੀਮਾਂ ਸਾਬਕਾ ਤੇ ਪ੍ਰਸਿੱਧ ਖਿਡਾਰੀਆਂ ਦੀ ਦੇਖਰੇਖ 'ਚ ਤਿਆਰ ਹੋਣ ਤਾਂ ਦੇਸ਼ 'ਚ ਚੰਗੇ ਖਿਡਾਰੀਆਂ ਦੀ ਪੂਰੀ ਫ਼ੌਜ ਖੜ੍ਹੀ ਹੋ ਸਕਦੀ ਹੈ ਤੇ ਦੇਸ਼ ਖੇਡਾਂ ਖੇਤਰ 'ਚ ਪੂਰੇ ਵਿਸ਼ਵ ਵਿਚ ਆਪਣਾ ਝੰਡਾ ਲਹਿਰਾ ਸਕੇਗਾ।
ਸਾਨੀਆ ਮਿਰਜ਼ਾ ਵਰਗੇ ਅਨੇਕਾਂ ਪ੍ਰਸਿੱਧ ਖਿਡਾਰੀ ਸਾਡੇ ਦੇਸ਼ ਦਾ ਮਾਣ ਹਨ। ਇਨ੍ਹਾਂ ਦੀ ਖੇਡ ਕਲਾ ਤੋਂ ਉੱਭਰਦੇ ਖਿਡਾਰੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਖੇਡ ਕਲੱਬਾਂ ਅਤੇ ਖੇਡ ਸੰਸਥਾਵਾਂ 'ਤੇ ਸਿਆਸੀ ਲੋਕਾਂ ਦਾ ਕਬਜ਼ਾ ਹੁੰਦਾ ਹੈ, ਜਿਸ ਕਾਰਨ ਖੇਡਾਂ ਦੀ ਭਲਾਈ ਦੀ ਥਾਂ ਖੇਡਾਂ 'ਚ ਰਾਜਨੀਤੀ ਆ ਜਾਂਦੀ ਹੈ। ਇਸ ਕਾਰਨ ਵੀ ਦੇਸ਼ ਖੇਡਾਂ ਵਿਚ ਲੋੜੀਂਦੀ ਤਰੱਕੀ ਨਹੀਂ ਕਰ ਸਕਦਾ। ਚਾਹੀਦਾ ਤਾਂ ਇਹ ਹੈ ਕਿ ਦੇਸ਼ ਦੇ ਸਾਰੇ ਪ੍ਰਸਿੱਧ ਤੇ ਸਾਬਕਾ ਖਿਡਾਰੀਆਂ ਨੂੰ ਉੱਭਰਦੇ ਖਿਡਾਰੀਆਂ ਦੀ ਦੇਖਰੇਖ ਕਰਨ ਤੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਇਸ ਤਰ੍ਹਾਂ ਉੱਭਰਦੇ ਖਿਡਾਰੀ ਖੇਡ ਜਗਤ ਦੇ ਹੀਰੇ ਬਣ ਕੇ ਸਾਹਮਣੇ ਆ ਸਕਦੇ ਹਨ।

-ਲੱਕੀ ਨਿਵਾਸ, 61ਏ, ਵਿੱਦਿਆ ਨਗਰ, ਪਟਿਆਲਾ।
ਮੋਬਾਈਲ : 94638-19174

Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਦੀ ਲੋੜ ਅਗਲੀ ਖ਼ਬਰ ਬੋਹਾ ਤੇ ਬਰੇਟਾ ਵਿਖੇ ਖੇਤੀਬਾੜੀ ਵਿਭਾਗ ਦੇ ਸਬ-ਦਫਤਰ ਖੋਲ੍ਹਣ ਦੀ ਮੰਗ
Ad Position 24