05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਿਦੇਸ਼ 'ਚ ਰਹਿ ਕੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਕਬੱਡੀ ਪ੍ਰਮੋਟਰ

ਵਿਦੇਸ਼ 'ਚ ਰਹਿ ਕੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਕਬੱਡੀ ਪ੍ਰਮੋਟਰ

Ad Position 21
No active advertisement
ਅਜੀਤ ਡੈਸਕ 04-08-2026

ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਤੇ ਪੰਜਾਬੀਆਂ ਨੇ ਅਨੇਕਾਂ ਸੰਤਾਪ ਹੰਢਾਏ, ਜਿਸ ਦੇ ਚਲਦਿਆਂ ਬਹੁਤਿਆਂ ਨੂੰ ਆਪਣਾ ਪਿਆਰਾ ਪੰਜਾਬ ਛੱਡ ਕੇ ਪ੍ਰਵਾਸ ਕਰਨਾ ਪਿਆ, ਜਿਨ੍ਹਾਂ 'ਚੋਂ ਕਈ ਤਾਂ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਚਲੇ ਗਏ ਤੇ ਬਹੁਤੇ ਵਿਦੇਸ਼ਾਂ 'ਚ ਜਾ ਵਸੇ, ਪਰ ਵਿਦੇਸ਼ਾਂ ਵਿਚ ਗਏ ਅਨੇਕਾਂ ਪੰਜਾਬੀਆਂ ਨੂੰ ਆਪਣੇ ਪੰਜਾਬ ਦੀ ਮਿੱਟੀ ਦਾ ਮੋਹ ਕਿਤੇ ਨਾ ਕਿਤੇ ਪੰਜਾਬ ਨਾਲ ਜੋੜੀ ਰੱਖਦਾ ਤੇ ਅਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਹਨ ਹਰਿੰਦਰਪਾਲ ਸਿੰਘ ਟਿੱਕਾ ਨਾਰਵੇ, ਜੋ ਵਿਦੇਸ਼ 'ਚ ਰਹਿ ਕੇ ਪੰਜਾਬ ਤੇ ਪੰਜਾਬ ਦੀ ਮਾਂ ਖੇਡ ਕਬੱਡੀ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਦਾ ਜਨਮ 4 ਜੁਲਾਈ ਨੂੰ ਪਿੰਡ ਬਾਲੀਆ ਮੰਝਪੁਰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਜਗਦੀਸ਼ ਕੌਰ ਤੇ ਪਿਤਾ ਹਰਭਜਨ ਸਿੰਘ ਦੇ ਘਰ ਹੋਇਆ, ਜੋ ਕਿਸਾਨ ਤੇ ਕੋਆਪ੍ਰੇਟਿਵ ਮਹਿਕਮੇ 'ਚ ਸੈਕਟਰੀ ਹਨ।

ਟਿੱਕਾ ਨੇ ਮੁਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੇ ਦਸਵੀਂ ਸਰਕਾਰੀ ਸੀ.ਸੈ. ਸਕੂਲ ਮੱਲੀਆਂ ਤੋਂ ਕਰਨ ਮਗਰੋਂ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਤੋਂ ਬੀ.ਏ. ਕੀਤੀ। ਦਸਵੀਂ 'ਚ ਪੜ੍ਹਦਿਆਂ ਮਾ. ਗੁਰਦਿਆਲ ਸਿੰਘ ਬੱਲ ਪਾਸੋਂ ਮਾਂ ਖੇਡ ਕਬੱਡੀ ਦੇ ਗੁਰ ਸਿੱਖੇ ਤੇ ਉੱਚੇ ਲੰਬੇ ਕੱਦ ਵਾਲੇ ਟਿੱਕੇ ਨੇ ਪੇਂਡੂ ਖੇਡ ਮੇਲਿਆਂ 'ਚ ਖੇਡਣਾ ਸ਼ੁਰੂ ਕੀਤਾ। ਇਸੇ ਦੌਰਾਨ ਚੱਲੇ ਸ਼ੰਘਰਸ਼ 'ਚ ਕੌਮ ਦੀ ਸੇਵਾ 'ਚ ਹਿੱਸਾ ਪਾਉਣ ਦਾ ਮੌਕਾ ਮਿਲਿਆ ਤਾਂ '84 ਵੀ ਪਿੰਡੇ 'ਚ ਹੰਢਾਈ ਤੇ 2 ਸਾਲ ਜੇਲ੍ਹ 'ਚ ਵੀ ਲੰਘਾਏ। ਘਰ ਤੇ ਪੰਜਾਬ ਦੇ ਵਿਗੜਦੇ ਹਾਲਾਤ ਦੇਖਦਿਆਂ ਅਖੀਰ ਉਨ੍ਹਾਂ ਨੇ ਨਾਰਵੇ ਦੀ ਧਰਤੀ 'ਤੇ ਜਾਣ ਫ਼ੈਸਲਾ ਕੀਤਾ, ਜੋ ਉਨ੍ਹਾਂ ਦੀ ਕਰਮਭੂਮੀ ਬਣ ਗਈ। ਸ਼ੁਰੂਆਤੀ ਦੌਰ 'ਚ ਸੰਘਰਸ਼ ਤੇ ਮਿਹਨਤ ਨੇ ਉਨ੍ਹਾਂ ਦਾ ਕਰੜਾ ਇਮਤਿਹਾਨ ਲਿਆ, ਪਰ ਉਨ੍ਹਾਂ ਨੇ ਹੌਸਲਾ ਨਾ ਹਾਰਿਆ ਅਤੇ ਉਹ ਸਿਫ਼ਰ ਤੋਂ ਸਿਖਰ 'ਤੇ ਪਹੁੰਚ ਗਏ। ਵਿਦੇਸ਼ ਰਹਿੰਦਿਆਂ ਵੀ ਉਨ੍ਹਾਂ ਦਾ ਦਿਲ ਆਪਣੇ ਪੰਜਾਬ, ਵਿਰਸੇ ਤੇ ਮਾਂ ਖੇਡ ਕਬੱਡੀ ਨਾਲ ਜੁੜਿਆ ਰਿਹਾ। ਛੋਟੇ-ਛੋਟੇ ਮੈਚ ਖੇਡਦਿਆਂ ਉਹ ਕਬੱਡੀ ਪ੍ਰਮੋਟਰ ਬਣ ਗਏ ਤੇ ਫਿਰ ਮਾਂ ਖੇਡ ਦੇ ਸੇਵਾਦਾਰ ਵਜੋਂ ਜਾਣੇ ਜਾਣ ਲੱਗੇ। ਖਿਡਾਰੀਆਂ ਨੂੰ ਉਭਾਰਨ ਤੇ ਉਨ੍ਹਾਂ ਨੂੰ ਵਿਦੇਸ਼ਾਂ 'ਚ ਮੌਕੇ ਦਿਵਾਉਣ ਲਈ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਪਿਛਲੇ ਸਮੇਂ 'ਚ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਦੀ ਟੀਮ ਦੇ 12 ਖਿਡਾਰੀਆਂ ਨੂੰ ਨਾਰਵੇ 'ਚ ਖਿਡਾਉਣ ਦਾ ਮਾਣ ਵੀ ਉਨ੍ਹਾਂ ਨੂੰ ਹੀ ਮਿਲਿਆ। ਅੱਜ ਸੈਂਕੜੇ ਖਿਡਾਰੀ ਵਿਦੇਸ਼ਾਂ 'ਚ ਰੋਜ਼ੀ-ਰੋਟੀ ਕਮਾ ਰਹੇ ਹਨ, ਜਿਸ ਦੇ ਪਿੱਛੇ ਟਿੱਕੇ ਦੀ ਮਿਹਨਤ ਤੇ ਸਹਿਯੋਗ ਨੂੰ ਬੜੇ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ। ਖੇਡ ਜਗਤ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੀ ਪਹਿਲੀ ਮਹਿਲਾ ਟੀਮ ਤੇ ਸਕੈਂਡੀਨੇਵੀਆ ਕਬੱਡੀ ਅਕੈਡਮੀ ਦੀ ਸਥਾਪਨਾ ਕਰਨਾ ਹੈ। ਇਸ ਉਪਰਾਲੇ ਨਾਲ ਲੜਕੀਆਂ ਨੂੰ ਕਬੱਡੀ ਨਾਲ ਜੋੜਿਆ ਗਿਆ ਤੇ  ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦੇ ਮੌਕੇ ਪ੍ਰਦਾਨ ਕੀਤੇ ਗਏ। ਇਸ ਟੀਮ ਨੇ ਵਿਸ਼ਵ ਕਬੱਡੀ ਕੱਪ 'ਚ ਹਿੱਸਾ ਲੈ ਕੇ ਦੁਨੀਆ ਭਰ 'ਚ ਬੱਲੇ-ਬੱਲੇ ਕਰਾਈ ਅਤੇ ਟਿੱਕੇ ਦਾ ਨਾਂਅ ਖੇਡ ਜਗਤ ਦੀ ਮੂਹਰਲੀ ਕਤਾਰ 'ਚ ਸ਼ਾਮਿਲ ਹੋ ਗਿਆ। ਸੈਕੜੇ ਮਾਣ-ਸਨਮਾਨਾਂ ਦੇ ਨਾਲ ਤਿੰਨ ਗੋਲਡ ਮੈਡਲ ਹਾਸਿਲ ਕਰਨ ਵਾਲੇ ਹਰਿੰਦਰ ਪਾਲ ਸਿੰਘ ਟਿੱਕਾ ਅੱਜ ਵਰਲਡ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਅ ਰਹੇ ਹਨ।

ਉਨ੍ਹਾਂ ਦਾ ਜੀਵਨ ਸਿਰਫ਼ ਇਕ ਵਿਅਕਤੀ ਦੀ ਕਾਮਯਾਬੀ ਦੀ ਕਹਾਣੀ ਨਹੀਂ, ਸਗੋਂ ਸੰਘਰਸ਼, ਸੇਵਾ, ਵਿਰਸੇ ਤੇ ਮਾਂ ਖੇਡ ਕਬੱੱੱਡੀ ਪ੍ਰਤੀ ਸਮਰਪਣ ਦੀ ਜ਼ਿੰਦਾ ਮਿਸਾਲ ਹੈ। ਉਨ੍ਹਾਂ ਨੇ ਜਿੱਥੇ ਪੰਜਾਬ ਦੇ ਅਨੇਕਾਂ ਖੇਡ ਮੇਲਿਆਂ ਤੇ ਕਬੱਡੀ ਦੇ ਮੈਦਾਨਾਂ ਨੂੰ ਆਪਣੀ ਮਿਹਨਤ, ਸੋਚ ਤੇ ਖੇਡ ਪ੍ਰੇਮ ਨਾਲ ਪ੍ਰਫੁੱਲਿਤ ਕੀਤਾ, ਉੱਥੇ ਹੀ ਉਹ ਮਾਝੇ ਦੀ ਸਿਰਮੌਰ ਕਬੱਡੀ ਅਕੈਡਮੀ ਬਾਬਾ ਸਾਹਿਬ ਸਿੰਘ ਨਾਰਵੇ (ਜੰਡ) ਦੇ ਸੰਚਾਲਕ ਵਜੋਂ ਵੀ ਵਿਲੱਖਣ ਪਛਾਣ ਬਣਾ ਚੁੱਕੇ ਹਨ। ਇਸ ਅਕੈਡਮੀ ਦਾ ਮੁੱਖ ਮਕਸਦ ਛੋਟੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ, ਉਨ੍ਹਾਂ 'ਚ ਅਨੁਸ਼ਾਸਨ, ਨਸ਼ਾ-ਮੁਕਤ ਜੀਵਨ ਅਤੇ ਪੰਜਾਬੀ ਖੇਡ ਸੱਭਿਆਚਾਰ ਪ੍ਰਤੀ ਪਿਆਰ ਪੈਦਾ ਕਰਨਾ ਹੈ। ਟਿੱਕਾ ਨਾਰਵੇ ਦਾ ਵਿਸ਼ਵਾਸ ਹੈ ਕਿ ਜੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਹੀ ਮਾਰਗਦਰਸ਼ਨ ਤੇ ਖੇਡਾਂ ਦਾ ਮਾਹੌਲ ਮਿਲੇ ਤਾਂ ਉਹ ਭਵਿੱਖ 'ਚ ਚੰਗੇ ਖਿਡਾਰੀ ਹੀ ਨਹੀਂ, ਸਗੋਂ ਚੰਗੇ ਇਨਸਾਨ ਵੀ ਬਣ ਸਕਦੇ ਹਨ।
-ਪੱਤਰ ਪ੍ਰੇਰਕ ਮਾਨਾਂਵਾਲਾ, ਅੰਮ੍ਰਿਤਸਰ।
ਮੋਬਾਈਲ : 96825-24001

Ad Position 22
No active advertisement
ਪਿਛਲੀ ਖ਼ਬਰ ਗੁਲਦਾਉਦੀ ਦੇ ਬੂਟੇ ਲਾਉਣ ਦਾ ਹੈ ਢੁਕਵਾਂ ਸਮਾਂ ਅਗਲੀ ਖ਼ਬਰ 23ਵੀਆਂ ਰਾਸ਼ਟਰਮੰਡਲ ਖੇਡਾਂ ਭਾਰਤੀ ਧੀਆਂ ਨੇ ਦਿਖਾਇਆ ਦਮ ਲੜਕਿਆਂ ਨੇ ਜਗਾਈ ਨਵੀਂ ਆਸ
Ad Position 24
No active advertisement