05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

23ਵੀਆਂ ਰਾਸ਼ਟਰਮੰਡਲ ਖੇਡਾਂ ਭਾਰਤੀ ਧੀਆਂ ਨੇ ਦਿਖਾਇਆ ਦਮ ਲੜਕਿਆਂ ਨੇ ਜਗਾਈ ਨਵੀਂ ਆਸ

23ਵੀਆਂ ਰਾਸ਼ਟਰਮੰਡਲ ਖੇਡਾਂ ਭਾਰਤੀ ਧੀਆਂ ਨੇ ਦਿਖਾਇਆ ਦਮ ਲੜਕਿਆਂ ਨੇ ਜਗਾਈ ਨਵੀਂ ਆਸ

Ad Position 21
No active advertisement
ਅਜੀਤ ਡੈਸਕ 04-08-2026

23ਵੀਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੇ ਪ੍ਰਦਰਸ਼ਨ ਦਾ ਸਭ ਤੋਂ ਸ਼ਾਨਦਾਰ ਪਹਿਲੂ ਸਿਰਫ਼ ਤਗਮਿਆਂ ਦੀ ਗਿਣਤੀ ਹੀ ਨਹੀਂ ਸੀ, ਸਗੋਂ ਉਹ ਸੰਦੇਸ਼ ਵੀ ਰਿਹਾ ਜਿਹੜਾ ਭਾਰਤੀ ਧੀਆਂ ਨੇ ਦੁਨੀਆ ਨੂੰ ਦਿੱਤਾ। ਭਾਰਤ ਨੇ ਜਿੰਨੇ ਸੋਨ ਤਗਮੇ ਜਿੱਤੇ ਹਨ, ਉਨ੍ਹਾਂ ਵਿਚ 61 ਫ਼ੀਸਦੀ ਤੋਂ ਵੱਧ ਦਾ ਯੋਗਦਾਨ ਭਾਰਤੀ ਬੇਟੀਆਂ ਦਾ ਰਿਹਾ। ਭਾਰਤ ਨੇ ਇਨ੍ਹਾਂ ਖੇਡਾਂ 'ਚ ਕੁੱਲ 13 ਸੋਨ ਤਗਮੇ ਜਿੱਤੇ, ਜਿਨ੍ਹਾਂ 'ਚੋਂ 8 ਸੋਨ ਤਗਮੇ ਲੜਕੀਆਂ ਦੇ ਖਾਤੇ 'ਚ ਰਹੇ। ਗਲਾਸਗੋ (ਸਕਾਟਲੈਂਡ) 'ਚ 11 ਦਿਨ ਤੱਕ ਚੱਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 39 ਤਗਮੇ ਜਿੱਤੇ, ਜਿਨ੍ਹਾਂ 'ਚ 13 ਸੋਨ, 17 ਚਾਂਦੀ ਤੇ 9 ਕਾਂਸੀ ਦੇ ਹਨ। ਇਸ ਨਾਲ ਭਾਰਤ ਤਗਮਾ ਸੂਚੀ 'ਚ ਚੌਥੇ ਸਥਾਨ 'ਤੇ ਰਿਹਾ। ਕੈਨੇਡਾ ਨੇ ਤੀਜਾ, ਇੰਗਲੈਂਡ ਨੇ ਦੂਜਾ, ਜਦਕਿ ਆਸਟ੍ਰੇਲੀਆ ਨੇ ਪਹਿਲਾ ਸਥਾਨ ਮੱਲਿਆ। ਤਗਮਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਵੇਂ ਭਾਰਤ ਦੇ ਖਾਤੇ 'ਚ ਸੰਪੂਰਨਤਾ ਪੱਖੋਂ ਇਹ ਵੱਡਾ ਪ੍ਰਦਰਸ਼ਨ ਨਾ ਹੋਵੇ, ਪਰ ਉਦੋਂ ਇਹ ਬੇਹੱਦ ਇਤਿਹਾਸਕ ਬਣ ਜਾਂਦਾ ਹੈ, ਜਦ 23ਵੀਆਂ ਰਾਸ਼ਟਰਮੰਡਲ ਖੇਡਾਂ 'ਚ ਕੁੱਲ ਸਿਰਫ਼ 10 ਖੇਡਾਂ ਸ਼ਾਮਿਲ ਹੋਣ ਅਤੇ ਉਹ ਸਭ ਖੇਡਾਂ ਇਨ੍ਹਾਂ ਦਾ ਹਿੱਸਾ ਨਾ ਹੋਣ, ਜਿਨ੍ਹਾਂ ਵਿਚ ਸਾਡੀ ਕਾਰਗੁਜ਼ਾਰੀ ਹਮੇਸ਼ਾ ਸ਼ਾਨਦਾਰ ਰਹੀ ਹੈ, ਜਿਵੇਂ ਕੁਸ਼ਤੀ, ਬੈਡਮਿੰਟਨ ਤੇ ਕ੍ਰਿਕਟ। ਭਾਰਤ ਨੇ ਚੌਥੇ ਸਥਾਨ 'ਤੇ ਆ ਕੇ ਕਿਸ ਤਰ੍ਹਾਂ ਦਾ ਚਮਤਕਾਰ ਕੀਤਾ ਹੈ, ਇਸ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਸਾਡੇ 69 ਫ਼ੀਸਦੀ ਤਗਮੇ ਕੁੱਲ ਤਿੰਨ ਖੇਡਾਂ 'ਚ ਆਏ ਹਨ-10 ਮੁੱਕੇਬਾਜ਼ੀ 'ਚ, 9 ਐਥਲੈਟਿਕਸ ਵਿਚ ਅਤੇ 8 ਵੇਟਲਿਫਟਿੰਗ 'ਚ। ਜਦੋਂ ਗਲਾਸਗੋ ਵਿਖੇ ਆਸਮਾਨ ਵਿਚ ਤਿਰੰਗਾ ਲਹਿਰਾ ਰਿਹਾ ਸੀ, ਉਦੋਂ ਸਿਰਫ਼ ਭਾਰਤੀ ਖਿਡਾਰੀਆਂ ਦੇ ਗਲਾਂ 'ਚ ਤਗਮੇ ਨਹੀਂ ਪੈ ਰਹੇ ਸਨ, ਸਗੋਂ 140 ਕਰੋੜ ਭਾਰਤੀਆਂ ਦੇ ਸੁਪਨਿਆਂ ਨੂੰ ਵੀ ਨਵੀਂ ਉਡਾਣ ਮਿਲ ਰਹੀ ਸੀ। ਹਰ ਵਾਰ ਜਦੋਂ ਰਾਸ਼ਟਰੀ ਗਾਣ ਗਾਇਨ ਕੀਤਾ ਗਿਆ, ਹਰ ਭਾਰਤੀ ਦੀਆਂ ਅੱਖਾਂ ਮਾਣ ਨਾਲ ਚਮਕ ਉੱਠੀਆਂ। ਮੁੱਕੇਬਾਜ਼ੀ, ਅਥਲੈਟਿਕਸ, ਜੂਡੋ, ਵੇਟਲਿਫਟਿੰਗ ਅਤੇ ਪੈਰਾ ਖੇਡਾਂ ਵਿਚ ਮਿਲੀ ਕਾਮਯਾਬੀ ਦੱਸਦੀ ਹੈ ਕਿ ਭਾਰਤ ਦਾ ਖੇਡ ਆਧਾਰ ਹੁਣ ਕਾਫ਼ੀ ਵਿਸ਼ਾਲ ਹੋ ਰਿਹਾ ਹੈ।

ਜਦੋਂ ਭਾਰਤੀ ਧੀਆਂ ਨੇ ਦਿੱਤਾ ਜਵਾਬ-ਇਕ ਸਮਾਂ ਸੀ ਜਦੋਂ ਪਿੰਡਾਂ ਦੀਆਂ ਧੀਆਂ ਨੂੰ ਖੇਡ ਮੈਦਾਨ ਤੱਕ ਪਹੁੰਚਣਾ ਵੀ ਮੁਸ਼ਕਿਲ ਸੀ। ਅੱਜ ਉਹੀ ਧੀਆਂ ਵਿਸ਼ਵ ਮੰਚ 'ਤੇ ਤਿਰੰਗਾ ਲਹਿਰਾ ਰਹੀਆਂ ਹਨ, ਭਾਰਤ ਦੀ ਜਿੱਤ ਦੀ ਸਭ ਤੋਂ ਵੱਡੀ ਕਹਾਣੀ ਲਿਖ ਰਹੀਆਂ ਹਨ। ਉਹ ਸਿਰਫ਼ ਤਗਮਾ ਜੇਤੂ ਨਹੀਂ ਸਨ, ਉਹ ਹਿੰਮਤ, ਸੰਘਰਸ਼ ਅਤੇ ਆਤਮਵਿਸ਼ਵਾਸ ਦੀ ਜਿਊਂਦੀ ਜਾਗਦੀ ਮਿਸਾਲ ਸਨ। ਮੀਰਾਬਾਈ ਚਾਨੂ ਨੇ ਆਪਣੇ ਤੀਜੇ ਲਗਾਤਾਰ ਰਾਸ਼ਟਰਮੰਡਲ ਦੇ ਸੋਨ ਤਗਮੇ ਨਾਲ ਸਾਬਤ ਕਰ ਦਿੱਤਾ ਕਿ ਚੈਂਪੀਅਨ ਉਹ ਨਹੀਂ ਜੋ ਇਕ ਵਾਰ ਜਿੱਤਦਾ ਹੈ, ਸਗੋਂ ਉਹ ਹੈ ਜੋ ਸਾਲਾਂ ਤੱਕ ਆਪਣਾ ਦਬਦਬਾ ਕਾਇਮ ਰੱਖਦਾ ਹੈ। ਉਨ੍ਹਾਂ ਦੀ ਯਾਤਰਾ ਉੱਤਰ-ਪੂਰਬ ਦੇ ਇਕ ਛੋਟੇ ਜਿਹੇ ਪਿੰਡ ਤੋਂ ਵਿਸ਼ਵ ਖੇਡ ਮੰਚ ਤੱਕ ਪਹੁੰਚਣ ਦੀ ਇਕ ਪ੍ਰੇਰਨਾਦਾਇਕ ਕਹਾਣੀ ਹੈ। ਮੁੱਕੇਬਾਜ਼ੀ ਵਿਚ ਜੈਸਮੀਨ ਲੈਂਬੋਰੀਆ, ਪ੍ਰੀਤੀ ਪਵਾਰ, ਪ੍ਰਿਆ ਅਤੇ ਅਰੁੰਧਤੀ ਚੌਧਰੀ ਨੇ ਸੋਨ ਤਗਮੇ ਜਿੱਤ ਕੇ ਇਹ ਸਾਬਤ ਕੀਤਾ ਕਿ ਭਾਰਤੀ ਮਹਿਲਾ ਮੁੱਕੇਬਾਜ਼ ਹੁਣ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਖਿਡਾਰਨਾਂ 'ਚ ਸ਼ਾਮਿਲ ਹਨ। ਜੂਡੋ ਵਿਚ ਅਸਮਿਤਾ ਦੇ ਨੇ ਇਤਿਹਾਸ ਰਚਿਆ ਹੈ। ਪੈਰਾ ਅਥਲੈਟਿਕਸ ਵਿਚ ਸ਼ਰਮੀਲਾ ਨੇ ਸੋਨ ਤਗਮਾ ਜਿੱਤ ਕੇ ਹਰ ਉਸ ਇਨਸਾਨ ਨੂੰ ਨਵੀਂ ਉਮੀਦ ਦਿੱਤੀ, ਜੋ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਲੜ ਰਿਹਾ ਹੈ। ਲਵਲੀਨਾ ਬੋਰਗੋਹੇਨ ਭਾਵੇਂ ਸੋਨੇ ਤੋਂ ਇਕ ਕਦਮ ਦੂਰ ਰਹੀ, ਪਰ ਉਸ ਦਾ ਚਾਂਦੀ ਦਾ ਤਗਮਾ ਵੀ ਭਾਰਤੀ ਮੁੱਕੇਬਾਜ਼ੀ ਦੀ ਲਗਾਤਾਰ ਮਜ਼ਬੂਤੀ ਦਾ ਪ੍ਰਤੀਕ ਬਣਿਆ। ਅੱਜ ਭਾਰਤ ਦੀਆਂ ਧੀਆਂ ਸਿਰਫ਼ ਤਗਮੇ ਨਹੀਂ ਜਿੱਤ ਰਹੀਆਂ, ਉਹ ਸਮਾਜ ਦੀ ਸੋਚ ਵੀ ਬਦਲ ਰਹੀਆਂ ਹਨ। ਉਹ ਹਰ ਮਾਂ-ਪਿਓ ਨੂੰ ਇਹ ਵਿਸ਼ਵਾਸ ਦਿਵਾ ਰਹੀਆਂ ਹਨ ਕਿ ਧੀਆਂ ਨੂੰ ਮੌਕਾ ਮਿਲੇ ਤਾਂ ਉਹ ਦੇਸ਼ ਦਾ ਮਾਣ ਦੁਨੀਆ ਭਰ ਵਿਚ ਵਧਾ ਸਕਦੀਆਂ ਹਨ।
ਨੇਜੇਬਾਜ਼ੀ 'ਚ ਤਗਮੇ-ਨੀਰਜ ਚੋਪੜਾ ਦਾ ਚਾਂਦੀ ਦਾ ਤਗਮਾ ਵੀ ਵੱਡੀ ਜਿੱਤ ਹੈ ਅਤੇ ਉਸ ਦੀ ਖੇਡ ਭਾਵਨਾ ਤੇ ਲਗਾਤਾਰ ਉੱਚ ਪੱਧਰ 'ਤੇ ਪ੍ਰਦਰਸ਼ਨ ਨੇ ਸਾਬਤ ਕੀਤਾ ਕਿ ਅਸਲ ਚੈਂਪੀਅਨ ਉਹ ਹੁੰਦਾ ਹੈ, ਜੋ ਹਰ ਮੁਕਾਬਲੇ ਵਿਚ ਦੇਸ਼ ਲਈ ਆਪਣਾ ਸਰਬੋਤਮ ਪ੍ਰਦਰਸ਼ਨ ਦਿੰਦਾ ਹੈ। ਇਸੇ ਮੁਕਾਬਲੇ ਵਿਚ ਯਸ਼ਵੀਰ ਸਿੰਘ ਦਾ ਕਾਂਸੀ ਦਾ ਤਗਮਾ ਭਾਰਤੀ ਜੈਵਲਿਨ ਦੇ ਭਵਿੱਖ ਦਾ ਐਲਾਨ ਸੀ। ਹੁਣ ਭਾਰਤ ਕੋਲ ਇਕ ਨਹੀਂ, ਕਈ ਵਿਸ਼ਵ ਪੱਧਰੀ ਨੇਜ਼ਾ ਸੁੱਟਣ ਵਾਲੇ ਖਿਡਾਰੀ ਹਨ। ਗਲਾਸਗੋ ਵਿਚ ਸਭ ਦੀਆਂ ਨਜ਼ਰਾਂ ਨੀਰਜ ਚੋਪੜਾ 'ਤੇ ਸਨ, ਹਾਲਾਂਕਿ ਉਸ ਨੇ ਸੋਨ ਤਗਮਾ ਜਿੱਤਿਆ। ਪਰ ਕੀ ਇਸ ਨਾਲ ਉਸ ਦੀ ਮਹਾਨਤਾ ਘਟ ਜਾਂਦੀ ਹੈ? ਬਿਲਕੁਲ ਨਹੀਂ।
ਮੁੱਕੇਬਾਜ਼ੀ 'ਚ ਸੁਨਹਿਰੀ ਯੁੱਗ-ਗਲਾਸਗੋ ਵਿਚ ਭਾਰਤੀ ਮੁੱਕੇਬਾਜ਼ਾਂ ਨੇ 7 ਸੋਨ ਤੇ 3 ਚਾਂਦੀ ਦੇ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ। ਇਹ ਜਿੱਤ ਸਿਰਫ਼ ਰਿੰਗ ਵਿਚ ਨਹੀਂ ਮਿਲੀ। ਇਸ ਦੇ ਪਿੱਛੇ ਸਾਲਾਂ ਦੀ ਕੋਚਿੰਗ, ਖੇਡ ਵਿਗਿਆਨ, ਫਿਟਨੈਸ, ਪੋਸ਼ਣ ਤੇ ਮਾਨਸਿਕ ਤਿਆਰੀ ਦੀ ਮਿਹਨਤ ਸੀ। ਭਾਰਤ ਹੁਣ ਮੁੱਕੇਬਾਜ਼ੀ ਦੀਆਂ ਵਿਸ਼ਵ ਤਾਕਤਾਂ ਵਿਚ ਗਿਣਿਆ ਜਾ ਰਿਹਾ ਹੈ। ਅੱਜ ਮੁੱਕੇਬਾਜ਼ੀ ਭਾਰਤ ਦੀ ਨਵੀਂ ਪਛਾਣ ਬਣੀ ਹੈ ਅਤੇ ਭਾਰਤੀ ਮੁੱਕੇਬਾਜ਼ਾਂ ਨੇ ਗਲਾਸਗੋ 'ਚ ਜੋ ਪ੍ਰਦਰਸ਼ਨ ਕੀਤਾ, ਉਹ ਆਉਣ ਵਾਲੇ ਸਮੇਂ ਲਈ ਵੱਡਾ ਸੰਕੇਤ ਹੈ। 7 ਸੋਨ ਤਗਮੇ ਤੇ 3 ਚਾਂਦੀ ਦੇ ਤਗਮੇ ਦੱਸਦੇ ਹਨ ਕਿ ਭਾਰਤ ਦੀ ਕੋਚਿੰਗ ਪ੍ਰਣਾਲੀ, ਖੇਡ ਵਿਗਿਆਨ ਤੇ ਹੁਨਰ ਵਿਕਾਸ ਦੀ ਦਿਸ਼ਾ ਸਹੀ ਹੈ। ਜੇ ਇਹੀ ਰਫ਼ਤਾਰ ਜਾਰੀ ਰਹੀ ਤਾਂ ਲਾਸ ਏਂਜਲਸ ਉਲੰਪਿਕ ਅਤੇ ਅਗਲੇ ਵਿਸ਼ਵ ਮੁਕਾਬਲਿਆਂ ਵਿਚ ਵੀ ਭਾਰਤ ਤੋਂ ਵੱਡੀਆਂ ਉਮੀਦਾਂ ਹੋਣਗੀਆਂ।
ਪੈਰਾ ਖਿਡਾਰੀਆਂ ਦਾ ਕਮਾਲ-ਹੌਸਲੇ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ। ਦਿਲੀਪ ਮਹਾਦੂ ਗਾਵਿਤ, ਸੋਮਨ ਰਾਣਾ ਅਤੇ ਸ਼ਰਮੀਲਾ ਵਰਗੇ ਪੈਰਾ ਖਿਡਾਰੀਆਂ ਨੇ ਸਾਬਤ ਕਰ ਦਿੱਤਾ ਕਿ ਸਰੀਰ ਦੀਆਂ ਕਮੀਆਂ ਕਦੇ ਵੀ ਸੁਪਨਿਆਂ ਨੂੰ ਪੂਰਾ ਕਰਨ ਵਿਚ ਰੁਕਾਵਟ ਨਹੀਂ ਬਣ ਸਕਦੀਆਂ। ਉਨ੍ਹਾਂ ਦੇ ਤਗਮੇ ਹਰ ਉਸ ਨੌਜਵਾਨ ਲਈ ਪ੍ਰੇਰਨਾਦਾਇਕ ਹਨ, ਜੋ ਹਾਲਾਤ ਨਾਲ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਦੇ ਤਗਮੇ ਸਿਰਫ਼ ਅੰਕੜੇ ਨਹੀਂ ਹਨ, ਉਹ ਸਮਾਜ ਲਈ ਇਕ ਸੁਨੇਹਾ ਹਨ ਕਿ ਹਰ ਵਿਅਕਤੀ ਨੂੰ ਮੌਕਾ ਮਿਲੇ ਤਾਂ ਉਹ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ।
ਨਵਾਂ ਭਾਰਤ ਨਵੀਂ ਖੇਡ ਕ੍ਰਾਂਤੀ-ਇਕ ਸਮਾਂ ਸੀ ਜਦੋਂ ਭਾਰਤ ਚੋਣਵੀਆਂ ਖੇਡਾਂ 'ਚ ਹੀ ਤਗਮੇ ਜਿੱਤਦਾ ਸੀ। ਪਰ ਅੱਜ ਤਸਵੀਰ ਬਦਲ ਚੁੱਕੀ ਹੈ। ਅਥਲੈਟਿਕਸ, ਮੁੱਕੇਬਾਜ਼ੀ, ਜੂਡੋ, ਵੇਟਲਿਫਟਿੰਗ, ਪੈਰਾ ਐਥਲੈਟਿਕਸ ਅਤੇ ਹੋਰ ਖੇਡਾਂ 'ਚ ਭਾਰਤ ਦਾ ਦਬਦਬਾ ਵਧ ਰਿਹਾ ਹੈ। ਇਸ ਬਦਲਾਅ ਪਿੱਛੇ ਵਿਗਿਆਨਕ ਕੋਚਿੰਗ, ਆਧੁਨਿਕ ਖੇਡ ਢਾਂਚਾ, ਨੌਜਵਾਨਾਂ ਦਾ ਹੁਨਰ ਅਤੇ ਲੰਬੇ ਸਮੇਂ ਦੀ ਯੋਜਨਾਬੰਦੀ ਦੀ ਅਹਿਮ ਭੂਮਿਕਾ ਹੈ। ਗੁਲਵੀਰ ਸਿੰਘ ਵਰਗੇ ਖਿਡਾਰੀਆਂ ਨੇ ਇਕੋ ਖੇਡਾਂ 'ਚ ਦੋ ਤਗਮੇ ਜਿੱਤ ਕੇ ਭਾਰਤੀ ਅਥਲੈਟਿਕਸ ਦੀ ਨਵੀਂ ਪੀੜ੍ਹੀ ਦੀ ਸਮਰੱਥਾ ਦਿਖਾਈ।
ਪੰਜਾਬ ਲਈ ਵੱਡਾ ਸੰਦੇਸ਼-ਪੰਜਾਬ ਨੇ ਹਮੇਸ਼ਾ ਭਾਰਤ ਨੂੰ ਮਹਾਨ ਖਿਡਾਰੀ ਦਿੱਤੇ ਹਨ। ਹੁਣ ਸਮਾਂ ਆ ਗਿਆ ਹੈ ਕਿ ਸਕੂਲਾਂ, ਕਾਲਜਾਂ ਤੇ ਪਿੰਡਾਂ 'ਚ ਮੁੜ ਖੇਡ ਸੱਭਿਆਚਾਰ ਨੂੰ ਮਜ਼ਬੂਤ ਕੀਤਾ ਜਾਵੇ। ਹਰ ਜ਼ਿਲ੍ਹੇ 'ਚ ਵਿਸ਼ਵ ਪੱਧਰੀ ਕੋਚਿੰਗ ਕੇਂਦਰ, ਖੇਡ ਵਿਗਿਆਨ ਲੈਬਾਂ, ਮਹਿਲਾ ਖਿਡਾਰੀਆਂ ਲਈ ਸੁਰੱਖਿਆ ਤੇ ਆਧੁਨਿਕ ਸਹੂਲਤਾਂ ਅਤੇ ਪੈਰਾ ਖਿਡਾਰੀਆਂ ਲਈ ਵਿਸ਼ੇਸ਼ ਬੁਨਿਆਦੀ ਢਾਂਚਾ ਤਿਆਰ ਕਰਨਾ ਸਮੇਂ ਦੀ ਲੋੜ ਹੈ। ਹੁਣ ਮਿਸ਼ਨ ਅਹਿਮਦਾਬਾਦ 2030-ਗਲਾਸਗੋ ਵਿਚ ਸਮਾਪਤੀ ਸਮਾਰੋਹ ਦੌਰਾਨ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਭਾਰਤ ਨੂੰ ਸੌਂਪਿਆ ਗਿਆ। ਹੁਣ ਦੁਨੀਆ ਦੀਆਂ ਨਜ਼ਰਾਂ ਰਾਸ਼ਟਰਮੰਡਲ ਖੇਡਾਂ ਅਹਿਮਦਾਬਾਦ-2030 'ਤੇ ਹੋਣਗੀਆਂ। ਇਹ ਸਿਰਫ਼ ਮੇਜ਼ਬਾਨੀ ਨਹੀਂ ਹੋਵੇਗੀ, ਸਗੋਂ ਭਾਰਤ ਲਈ ਆਪਣੀ ਖੇਡ ਤਾਕਤ, ਆਧੁਨਿਕ ਸਟੇਡੀਅਮਾਂ, ਖੇਡ ਪ੍ਰਬੰਧਨ ਅਤੇ ਨੌਜਵਾਨ ਸ਼ਕਤੀ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦਾ ਇਤਿਹਾਸਕ ਮੌਕਾ ਹੋਵੇਗਾ।
-ਖੇਡ ਪੱਤਰਕਾਰ, ਜਲੰਧਰ।
ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ 'ਚ ਰਹਿ ਕੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਕਬੱਡੀ ਪ੍ਰਮੋਟਰ ਅਗਲੀ ਖ਼ਬਰ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ ਪੰਜਾਬ ਰੋਡਵੇਜ਼, ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ...
Ad Position 24
No active advertisement