02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮੈਸੀ ਦੀਆਂ ਬਾਹਾਂ ਤੋਂ ਵਿਸ਼ਵ ਫੁੱਟਬਾਲ ਦੇ ਮੰਚ ਤੱਕ : ਲਾਮਿਨ ਯਮਾਲ

Ad Position 21
No active advertisement
ਅਜੀਤ ਡੈਸਕ 28-07-2026

ਕਈ ਵਾਰ ਇਤਿਹਾਸ ਕਿਤਾਬਾਂ 'ਚ ਨਹੀਂ, ਸਗੋਂ ਇਕ ਤਸਵੀਰ ਵਿਚ ਲਿਖਿਆ ਜਾਂਦਾ ਹੈ। ਇਕ ਤਸਵੀਰ ਜਿਸ ਵਿਚ ਦੁਨੀਆ ਦਾ ਮਹਾਨਤਮ ਫੁੱਟਬਾਲਰ ਲਿਓਨਲ ਮੈਸੀ ਪੰਜ ਮਹੀਨੇ ਦੇ ਇਕ ਬੱਚੇ ਨੂੰ ਆਪਣੀਆਂ ਬਾਹਾਂ 'ਚ ਫੜ ਕੇ ਨਹਿਲਾ ਰਿਹਾ ਹੈ। ਉਸ ਵੇਲੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਬੱਚਾ ਇਕ ਦਿਨ ਉਸੇ ਮਹਾਨ ਖਿਡਾਰੀ ਦੇ ਯੁੱਗ ਨੂੰ ਚੁਣੌਤੀ ਦੇ ਸਕਦਾ ਹੈ। ਹਰ ਮਹਾਨ ਖਿਡਾਰੀ ਦੇ ਪਿੱਛੇ ਇਕ ਐਸੀ ਕਹਾਣੀ ਹੁੰਦੀ ਹੈ, ਜੋ ਮੈਦਾਨ ਦੀ ਚਮਕ ਤੋਂ ਕਈ ਗੁਣਾ ਵੱਡੀ ਹੁੰਦੀ ਹੈ। ਲਾਮਿਨ ਯਮਾਲ ਦੀ ਕਹਾਣੀ ਵੀ ਅਜਿਹੀ ਹੀ ਹੈ- ਜਿੱਥੇ ਗਰੀਬੀ ਹੈ, ਪਰ ਹੌਸਲੇ ਵੀ ਹਨ, ਅੱਖਾਂ ਵਿਚ ਹੰਝੂ ਹਨ, ਪਰ ਵੱਡੇ ਸੁਪਨੇ ਵੀ ਹਨ। ਅੱਜ ਜਦੋਂ ਸਾਰਾ ਸੰਸਾਰ ਉਸ ਦੇ ਖੱਬੇ ਪੈਰ ਦੀ ਜਾਦੂਗਰੀ 'ਤੇ ਮੋਹਿਤ ਹੈ ਤਾਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਜਾਦੂ ਦੀ ਨੀਂਹ ਰੋਕਾਫੋਂਡਾ ਦੀਆਂ ਤੰਗ ਗਲੀਆਂ 'ਚ ਪਈ ਸੀ। ਮੋਰੱਕੋ ਤੋਂ ਆਏ ਪਿਤਾ ਮੁਨੀਰ ਨਸਰਾਉਈ ਤੇ ਇਕਵੇਟੋਰੀਅਲ ਗਿਨੀ ਨਾਲ ਸੰਬੰਧਿਤ ਮਾਤਾ ਸ਼ੀਲਾ ਏਬਾਨਾ ਨੇ ਬੇਹੱਦ ਮੁਸ਼ਕਿਲ ਹਾਲਾਤ ਵਿਚ ਆਪਣੇ ਪੁੱਤਰ ਨੂੰ ਪਾਲਿਆ। ਘਰ ਵਿਚ ਪੈਸੇ ਘੱਟ ਸਨ, ਪਰ ਹੌਸਲਾ ਕਦੇ ਘੱਟ ਨਹੀਂ ਹੋਇਆ। ਯਮਾਲ ਅੱਜ ਵੀ ਮੰਨਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਸੁਪਨੇ ਛੱਡ ਕੇ ਉਸ ਦੇ ਸੁਪਨਿਆਂ ਨੂੰ ਜਿਉਂਦਾ ਰੱਖਿਆ। ਲਾਮਿਨ ਯਮਾਲ ਦਾ ਨਾਂਅ ਸਿਰਫ਼ ਇਕ ਪਛਾਣ ਨਹੀਂ, ਸਗੋਂ ਸ਼ੁਕਰਗੁਜ਼ਾਰੀ ਦੀ ਮਿਸਾਲ ਹੈ। ਜਦੋਂ ਉਨ੍ਹਾਂ ਦੇ ਪਿਤਾ ਮੁਸ਼ਕਿਲ ਦੌਰ 'ਚ ਸਨ ਤਾਂ ਦੋ ਦੋਸਤਾਂ ਨੇ ਮਦਦ ਕੀਤੀ। ਉਸ ਮਦਦ ਨੂੰ ਜ਼ਿੰਦਗੀ ਭਰ ਯਾਦ ਰੱਖਣ ਲਈ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਉਨ੍ਹਾਂ ਦੋਸਤਾਂ ਦੇ ਨਾਵਾਂ ਨਾਲ ਜੋੜ ਦਿੱਤਾ। ਅੱਜ ਜਦੋਂ ਸਾਰਾ ਸੰਸਾਰ ਯਮਾਲ ਦਾ ਨਾਂਅ ਲੈਂਦਾ ਹੈ ਤਾਂ ਉਸ ਦੇ ਪਿੱਛੇ ਇਕ ਪਰਿਵਾਰ ਦੀ ਕਹਾਣੀ ਵੀ ਲੁਕੀ ਹੋਈ ਹੈ। '304' ਜਦੋਂ ਸੈਲੀਬ੍ਰੇਸ਼ਨ ਵੀ ਇਕ ਸੰਦੇਸ਼ ਬਣ ਜਾਂਦਾ ਹੈ ਤੇ ਹਰ ਗੋਲ ਤੋਂ ਬਾਅਦ ਯਮਾਲ ਆਪਣੀਆਂ ਉਂਗਲਾਂ ਨਾਲ 304 ਬਣਾਉਂਦਾ ਹੈ। ਇਹ ਕੋਈ ਫੈਸ਼ਨ ਨਹੀਂ। ਇਹ ਉਸ ਇਲਾਕੇ ਰੋਕਾਫੋਂਡਾ (08304) ਨੂੰ ਸਲਾਮ ਹੈ, ਜਿੱਥੇ ਉਨ੍ਹਾਂ ਨੇ ਪਹਿਲੀ ਵਾਰ ਫੁੱਟਬਾਲ ਨੂੰ ਪੈਰ ਲਾਇਆ ਸੀ। ਜਿਸ ਸਮਾਜ ਨੇ ਉਨ੍ਹਾਂ ਨੂੰ ਜਨਮ ਦਿੱਤਾ, ਉਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਮੰਚ 'ਤੇ ਯਾਦ ਕਰਨਾ ਹੀ ਉਨ੍ਹਾਂ ਦੀ ਅਸਲ ਮਹਾਨਤਾ ਹੈ। ਜਦੋਂ ਕਿਸਮਤ ਨੇ ਦੋ ਦੰਤਕਥਾਵਾਂ ਨੂੰ ਮਿਲਾਇਆ ਸਾਲ 2007 ਸੀ, ਜਦੋਂ ਮੈਸੀ ਆਪਣੇ ਕਰੀਅਰ ਦੀ ਉਡਾਣ ਭਰਨ ਲੱਗਾ ਸੀ। ਇਕ ਚੈਰਿਟੀ ਫੋਟੋਸ਼ੂਟ ਦੌਰਾਨ ਮੈਸੀ ਦੀਆਂ ਬਾਹਾਂ 'ਚ ਯਮਾਲ ਸੀ, ਮੁਸਕਰਾਏ ਤੇ ਤਸਵੀਰ ਖਿੱਚੀ ਗਈ ਅਤੇ ਇਤਿਹਾਸ ਨੇ ਚੁੱਪਚਾਪ ਆਪਣੇ ਅਗਲੇ ਅਧਿਆਇ 'ਤੇ ਦਸਤਖ਼ਤ ਕਰ ਦਿੱਤੇ। ਉਸ ਦਿਨ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਤਸਵੀਰ ਇਕ ਦਿਨ ਫੁੱਟਬਾਲ ਇਤਿਹਾਸ ਦੀ ਸਭ ਤੋਂ ਕੀਮਤੀ ਯਾਦ ਬਣ ਜਾਵੇਗੀ। ਤਸਵੀਰ ਦਾ ਅਸਲੀ ਮਤਲਬ 17 ਸਾਲ ਬਾਅਦ ਸਮਝ ਆਇਆ, ਜਦੋਂ 2024 ਵਿਚ ਉਹ ਤਸਵੀਰ ਦੁਬਾਰਾ ਸਾਹਮਣੇ ਆਈ ਤਾਂ ਪੂਰੀ ਦੁਨੀਆ ਹੈਰਾਨ ਰਹਿ ਗਈ। ਯਮਾਲ ਦੇ ਪਿਤਾ ਨੇ ਲਿਖਿਆ, 'ਦੋ ਮਹਾਨ ਖਿਡਾਰੀਆਂ ਦੀ ਸ਼ੁਰੂਆਤ। ਉਹ ਸ਼ਬਦ ਅੱਜ ਹਕੀਕਤ ਬਣਦੇ ਨਜ਼ਰ ਆ ਰਹੇ ਹਨ। ਜੇ ਮੈਸੀ ਫੁੱਟਬਾਲ ਦੀ ਕਵਿਤਾ ਹੈ ਤਾਂ ਯਮਾਲ ਉਸ ਦਾ ਨਵਾਂ ਅਧਿਆਇ ਹੈ। ਮੈਸੀ ਨੇ ਇਕ ਪੀੜ੍ਹੀ ਨੂੰ ਸੁਪਨੇ ਦੇਖਣੇ ਸਿਖਾਏ ਤੇ ਯਮਾਲ ਦੂਜੀ ਪੀੜ੍ਹੀ ਨੂੰ ਵਿਸ਼ਵਾਸ ਦਿਵਾ ਰਹੇ ਹਨ ਕਿ ਸੁਪਨੇ ਸੱਚ ਵੀ ਹੁੰਦੇ ਹਨ। ਯਮਾਲ ਦੀ ਕਹਾਣੀ ਇਹ ਦੱਸਦੀ ਹੈ ਕਿ ਮਾਪਿਆਂ ਦੀ ਕੁਰਬਾਨੀ, ਆਪਣੀਆਂ ਜੜ੍ਹਾਂ ਨਾਲ ਪਿਆਰ ਅਤੇ ਨਿਮਰਤਾ ਕਿਸੇ ਵੀ ਖਿਡਾਰੀ ਨੂੰ ਸਿਰਫ਼ ਸਟਾਰ ਨਹੀਂ, ਸਗੋਂ ਪ੍ਰੇਰਨਾ ਸਰੋਤ ਬਣਾ ਦਿੰਦੇ ਹਨ। ਹੋ ਸਕਦਾ ਹੈ ਆਉਣ ਵਾਲੇ ਸਾਲਾਂ ਵਿਚ ਦੁਨੀਆ ਯਮਾਲ ਨੂੰ ਮੈਸੀ ਦਾ ਉਤਰਾਧਿਕਾਰੀ ਕਹੇ, ਪਰ ਅੱਜ ਉਹ ਆਪਣੇ ਸੰਘਰਸ਼ ਤੇ ਆਪਣੇ ਸੁਪਨਿਆਂ ਕਰਕੇ ਪਹਿਲਾਂ ਹੀ ਇਕ ਵੱਖਰੀ ਪਛਾਣ ਬਣਾ ਚੁੱਕਾ ਹੈ। ਇਹੀ ਅਸਲ ਜਿੱਤ ਹੈ।
-ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਬਰਸੀ ਸੰਬੰਧੀ ਸਮਾਗਮ ਸ੍ਰੀ ਸਹਿਜ ਪਾਠ ਦੀ ਆਰੰਭਤਾ ਨਾਲ ਸ਼ੁਰੂ ਹੋਏ ਅਗਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਏ
Ad Position 24
No active advertisement