ਅੱਜ ਦੇ ਸਮੇਂ ਵਿਚ ਔਰਤਾਂ ਵਿਚ 'ਹਾਈ ਰਿਸਕ ਪ੍ਰੈਗਨੈਂਸੀ' ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਹਰ ਚੜ੍ਹਦੇ ਦਿਨ ਨਾਲ ਇਸ ਦੀ ਦਰ ਵਧਦੀ ਨਜ਼ਰ ਆ ਰਹੀ ਹੈ, ਜੋ ਮਾਵਾਂ ਅਤੇ ਬੱਚਿਆਂ ਦੀ ਸਿਹਤ ਲਈ ਖ਼ਤਰੇ ਦੀ ਘੰਟੀ ਹੈ। 'ਹਾਈ ਰਿਸਕ ਪ੍ਰੈਗਨੈਂਸੀ' ਉਹ ਹਾਲਤ ਹੁੰਦੀ ਹੈ ਜਦੋਂ ਗਰਭ ਅਵਸਥਾ ਦੌਰਾਨ ਮਾਤਾ ਜਾਂ ਭਰੂਣ ਨੂੰ ਵੱਖ-ਵੱਖ ਤਰ੍ਹਾਂ ਦੀਆਂ ਜਟਿਲਤਾਵਾਂ/ਪ੍ਰੇਸ਼ਾਨੀਆਂ ਦਾ ਖ਼ਤਰਾ ਹੋਵੇ। ਇਹ ਜਟਿਲਤਾਵਾਂ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ, ਇਸ ਲਈ ਸਮੇਂ-ਸਮੇਂ ਉੱਤੇ ਜਾਂਚ ਅਤੇ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਜੇਕਰ ਹਾਈ ਰਿਸਕ ਪ੍ਰੈਗਨੈਂਸੀ ਦਰ ਵਧਣ ਦੇ ਕਾਰਨਾਂ ਬਾਰੇ ਵਿਚਾਰ ਕੀਤਾ ਜਾਵੇ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਅੱਜਕਲ੍ਹ ਕਰੀਅਰ, ਜ਼ਿੰਮੇਵਾਰੀਆਂ ਅਤੇ ਜੀਵਨ ਦੀ ਰਫ਼ਤਾਰ ਕਰਕੇ ਕਈ ਔਰਤਾਂ ਦੇਰ ਨਾਲ ਮਾਤਾ ਬਣਦੀਆਂ ਹਨ। 35 ਸਾਲ ਤੋਂ ਉੱਪਰ ਦੀ ਉਮਰ ਵਿਚ ਪ੍ਰੈਗਨੈਂਸੀ ਦੌਰਾਨ ਸਰੀਰ ਵਿਚ ਰਿਸਕ ਵਧ ਜਾਂਦਾ ਹੈ। ਇਸ ਤੋਂ ਇਲਾਵਾ ਅਜੋਕੇ ਸਮੇਂ ਵਿਚ ਕਈ ਜੋੜੇ ਆਪਣੇ ਸ਼ੁਰੂਆਤੀ ਵਿਆਹੁਤਾ ਜੀਵਨ ਦੇ ਸੁੱਖ ਨੂੰ ਲੰਮਾ ਸਮਾਂ ਮਾਨਣ ਦੀ ਲਾਲਸਾ ਦੇ ਚੱਲਦਿਆਂ ਪ੍ਰੈਗਨੈਂਸੀ ਨੂੰ ਅੱਗੇ ਪਾਉਂਦੇ ਰਹਿੰਦੇ ਹਨ। ਜੇਕਰ ਕਿਤੇ ਪ੍ਰੈਗਨੈਂਸੀ ਹੋ ਵੀ ਜਾਵੇ ਤਾਂ ਉਹ ਜਾਇਜ਼ ਜਾਂ ਨਾਜਾਇਜ਼ ਤਰੀਕੇ ਨਾਲ ਗਰਭਪਾਤ ਕਰਵਾਉਣ ਤੋਂ ਵੀ ਨਹੀਂ ਝਿਜਕਦੇ। ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਮਾਂ ਲੰਘਾ ਕੇ ਅਜਿਹੇ ਜੋੜੇ ਕੁਦਰਤੀ ਤਰੀਕੇ ਨਾਲ ਗਰਭ ਧਾਰਨ ਕਰਨ/ਕਰਵਾਉਣ ਵਿਚ ਨਾ-ਕਾਮਯਾਬ ਰਹਿੰਦੇ ਹਨ।
ਅੱਜ ਸ਼ੂਗਰ ਰੋਗ ਤੇ ਬਲੱਡ ਪ੍ਰੈੱਸ਼ਰ ਵਰਗੀਆਂ ਬਿਮਾਰੀਆਂ ਆਮ ਹੋ ਗਈਆਂ ਹਨ। ਇਨ੍ਹਾਂ ਬਿਮਾਰੀਆਂ ਨੇ ਉਮਰ ਹੱਦ ਦੀਆਂ ਵਲਗਣਾਂ ਨੂੰ ਵੀ ਤੋੜ ਕੇ ਰੱਖ ਦਿੱਤਾ ਹੈ, ਭਾਵ ਅੱਜ ਨਿਆਣੀ ਉਮਰ ਦੇ ਬੱਚੇ ਵੀ ਇਨ੍ਹਾਂ ਦੋ ਬਿਮਾਰੀਆਂ ਦੀ ਜਕੜ ਵਿਚ ਆਉਂਦੇ ਜਾ ਰਹੇ ਹਨ। ਗਰਭ ਅਵਸਥਾ ਤੋਂ ਪਹਿਲਾਂ ਜਾਂ ਦੌਰਾਨ ਸ਼ੂਗਰ, ਹਾਈ ਬਲਡ ਪ੍ਰੈੱਸ਼ਰ, ਥਾਇਰਾਇਡ ਆਦਿ ਬਿਮਾਰੀਆਂ 'ਹਾਈ ਰਿਸਕ ਪ੍ਰੈਗਨੈਂਸੀ' ਦਾ ਮੁੱਖ ਕਾਰਨ ਬਣਦੀਆਂ ਹਨ।
ਨਿੱਤ ਦਿਨ ਦੇ ਤਣਾਅ ਅਤੇ ਗ਼ਲਤ ਜੀਵਨ ਸ਼ੈਲੀ ਨੇ ਸਰੀਰਕ ਅਤੇ ਮਾਨਸਿਕ ਤਵਾਜ਼ਨ ਵਿਗਾੜ ਕੇ ਰੱਖ ਦਿੱਤਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਅਨਿਯਮਿਤ ਖੁਰਾਕ, ਕਸਰਤ ਦੀ ਕਮੀ, ਨੀਂਦ ਦੀ ਘਾਟ ਅਤੇ ਤਣਾਅ ਵੀ ਇਸ ਸਮੱਸਿਆ ਨੂੰ ਵਧਾਉਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਾਸੀ ਦੇਸ਼ ਦੇ ਹੋਰ ਖਿੱਤਿਆਂ ਦੇ ਮੁਕਾਬਲੇ ਜ਼ਿਆਦਾ ਜਾਗਰੂਕ ਅਤੇ ਸੰਜੀਦਾ ਹਨ। ਪਰ ਗਰਭ ਅਵਸਥਾ ਦੌਰਾਨ ਸਮੇਂ-ਸਮੇਂ ਉੱਤੇ ਸਿਹਤ ਜਾਂਚ ਨੂੰ ਹਾਲੇ ਵੀ ਕਈ ਪਰਿਵਾਰ ਬਹੁਤੀ ਪ੍ਰਾਥਮਿਕਤਾ ਨਹੀਂ ਦਿੰਦੇ। ਕਈ ਮਾਵਾਂ ਸਮੇਂ-ਸਮੇਂ ਉਤੇ 1©3 (1ntenata& 3heckups) ਨਹੀਂ ਕਰਵਾਉਂਦੀਆਂ, ਜਿਸ ਕਾਰਨ ਛੋਟੀ ਸਮੱਸਿਆ ਵੀ ਵੱਡਾ ਰੂਪ ਧਾਰ ਲੈਂਦੀ ਹੈ।
ਹੁਣ ਗੱਲ ਕਰਦੇ ਹਾਂ ਕਿ 'ਹਾਈ ਰਿਸਕ ਪ੍ਰੈਗਨੈਂਸੀ' ਨਾਲ ਮਾਤਾ ਅਤੇ ਬੱਚੇ ਲਈ ਕੀ-ਕੀ ਖ਼ਤਰੇ ਪੈਦਾ ਹੋ ਸਕਦੇ ਹਨ। ਅਜਿਹੀ ਸਥਿਤੀ ਵਿਚ ਆਮ ਤੌਰ ਉੱਤੇ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੁੰਦਾ ਹੈ। ਜਨਮ ਵੇਲੇ ਬੱਚੇ ਦਾ ਭਾਰ ਬਹੁਤ ਘੱਟ ਹੁੰਦਾ ਹੈ। ਜਣੇਪੇ ਦੌਰਾਨ ਮਾਤਾ ਨੂੰ ਜ਼ਿਆਦਾ ਖੂਨ ਵਗਣ ਜਾਂ ਪ੍ਰੀ-ਐਕਲੈਂਪਸੀਆ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਨਮ ਦੌਰਾਨ ਜਟਿਲਤਾਵਾਂ ਦਾ ਵਧ ਜਾਣਾ ਵੀ ਆਮ ਵਰਤਾਰਾ ਬਣਦਾ ਜਾ ਰਿਹਾ ਹੈ।
ਹੁਣ ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਵਧਦੀ ਸਮੱਸਿਆ ਤੋਂ ਕਿਵੇਂ ਬਚਿਆ ਜਾਵੇ? ਇਸ ਲਈ ਜ਼ਰੂਰੀ ਹੈ ਕਿ ਸਮੇਂ-ਸਮੇਂ 'ਤੇ ਡਾਕਟਰੀ ਜਾਂਚ ਨੂੰ ਪਹਿਲ ਦਿੱਤੀ ਜਾਵੇ। ਹਰ ਪ੍ਰੈਗਨੈਂਟ ਔਰਤ ਲਈ ਮਹੀਨੇਵਾਰ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਅਲਟਰਾਸਾਊਂਡ, ਬਲਡ ਟੈਸਟ, ਬਲੱਡ ਪ੍ਰੈੱਸ਼ਰ ਜਾਂਚ ਆਦਿ ਜ਼ਰੂਰ ਕਰਵਾਉਣੇ ਚਾਹੀਦੇ ਹਨ। ਅਜਿਹੀ ਸਥਿਤੀ ਵਿਚ ਸਿਹਤਮੰਦ ਖੁਰਾਕ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਪ੍ਰੋਟੀਨ, ਆਇਰਨ, ਕੈਲਸ਼ੀਅਮ ਅਤੇ ਫ਼ੋਲਿਕ ਐਸਿਡ ਨਾਲ ਭਰਪੂਰ ਡਾਇਟ ਲੈਣ ਨਾਲ ਖਤਰਾ ਘੱਟ ਹੁੰਦਾ ਹੈ। ਭਾਵੇਂ ਮਾਤਾ ਹੈ ਜਾਂ ਪਿਤਾ, ਦੋਵਾਂ ਨੂੰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ। ਯੋਗਾ ਅਤੇ ਹਲਕੀ ਕਸਰਤ ਹਰੇਕ ਉਮਰ ਦੇ ਵਿਅਕਤੀ ਲਈ ਹੀ ਜ਼ਰੂਰੀ ਹੈ ਪਰ ਗਰਭਵਤੀ ਔਰਤ ਵਲੋਂ ਡਾਕਟਰ ਦੀ ਸਲਾਹ ਨਾਲ ਨਿਯਮਿਤ ਕਸਰਤ ਕਰਨ ਨਾਲ ਤਣਾਅ ਘਟਦਾ ਹੈ ਅਤੇ ਸਿਹਤ ਚੰਗੀ ਰਹਿੰਦੀ ਹੈ। ਜਿੱਥੇ ਤੱਕ ਹੋਵੇ ਤਣਾਅ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਮਨ ਨੂੰ ਸ਼ਾਂਤ ਰੱਖਣਾ ਬਹੁਤ ਜ਼ਰੂਰੀ ਹੈ। ਕਿਸੇ ਉਲਟ ਸਥਿਤੀ ਤੋਂ ਬਚਣ ਲਈ ਪਰਿਵਾਰਕ ਸਹਿਯੋਗ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ।
ਹਾਈ ਰਿਸਕ ਪ੍ਰੈਗਨੈਂਸੀ ਦੀ ਦਰ ਵਧਣਾ ਸਮਾਜ ਲਈ ਚਿੰਤਾਜਨਕ ਗੱਲ ਹੈ। ਇਸ ਸਮੱਸਿਆ ਨੂੰ ਰੋਕਣ ਲਈ ਜਾਗਰੂਕਤਾ, ਸਮੇਂ-ਸਿਰ ਜਾਂਚ ਅਤੇ ਸਿਹਤਮੰਦ ਜੀਵਨ ਸ਼ੈਲੀ ਬਹੁਤ ਜ਼ਰੂਰੀ ਹਨ। ਸਰਕਾਰ ਤੋਂ ਲੈ ਕੇ ਸਿਹਤ ਵਿਭਾਗ ਅਤੇ ਪਰਿਵਾਰ ਤੱਕ, ਹਰ ਕਿਸੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਾਂ ਅਤੇ ਬੱਚੇ ਦੀ ਸੁਰੱਖਿਆ ਨੂੰ ਪਹਿਲ ਦਿਤੀ ਜਾਵੇ। ਜੇਕਰ ਮਹਿਲਾਵਾਂ ਖੁਦ ਵੀ ਸਾਵਧਾਨ ਰਹਿਣ, ਤਾਂ ਬਹੁਤ ਸਾਰੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ।
-ਕਮਿਊਨਟੀ ਹੈਲਥ ਅਫ਼ਸਰ, ਜੋਧਾਂ (ਜ਼ਿਲ੍ਹਾ ਲੁਧਿਆਣਾ)
ਮੋਬਾਈਲ : 99882-92401