![]()
ਅੱਜ ਦੇ ਸਮੇਂ ਵਿਚ ਹਰ ਮਾਪੇ ਆਪਣੇ ਬੱਚੇ ਨੂੰ ਜ਼ਿੰਦਗੀ ਵਿਚ ਕਾਮਯਾਬ ਵੇਖਣਾ ਚਾਹੁੰਦੇ ਹਨ | ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਚੰਗੀ ਪੜ੍ਹਾਈ ਕਰੇ, ਵਧੀਆ ਨੌਕਰੀ ਹਾਸਿਲ ਕਰੇ ਅਤੇ ਸਮਾਜ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਏ ਪਰ ਇਸ ਦੌੜ ਵਿਚ ਇਕ ਮਹੱਤਵਪੂਰਨ ਸਵਾਲ ਅਕਸਰ ਪਿੱਛੇ ਰਹਿ ਜਾਂਦਾ ਹੈ ਤੇ ਉਹ ਸਵਾਲ ਇਹ ਹੈ ਕਿ ਸੰਬੰਧਿਤ ਬੱਚਾ ਅਸਲ ਵਿਚ ਕੀ ਕਰਨਾ ਚਾਹੁੰਦਾ ਹੈ? ਉਸ ਦੀ ਰੁਚੀ ਕੀ ਹੈ? ਉਸ ਦੀ ਸਮਰੱਥਾ ਅਤੇ ਸੁਭਾਅ ਕਿਸ ਖੇਤਰ ਨਾਲ ਮੇਲ ਖਾਂਦੇ ਹਨ?
ਕਈ ਵਾਰ ਮਾਪੇ ਆਪਣੇ ਤਜਰਬੇ ਦੇ ਆਧਾਰ 'ਤੇ ਬੱਚੇ ਲਈ ਕਰੀਅਰ ਚੁਣ ਲੈਂਦੇ ਹਨ | ਕਿਸੇ ਨੂੰ ਲਗਦਾ ਹੈ ਕਿ ਡਾਕਟਰ ਬਣਨਾ ਸਭ ਤੋਂ ਵਧੀਆ ਹੈ, ਕਿਸੇ ਨੂੰ ਇੰਜੀਨੀਅਰਿੰਗ, ਸਰਕਾਰੀ ਨੌਕਰੀ ਜਾਂ ਕਿਸੇ ਹੋਰ ਪ੍ਰਸਿੱਧ ਖੇਤਰ ਵਿਚ ਭਵਿੱਖ ਨਜ਼ਰ ਆਉਂਦਾ ਹੈ | ਮਾਪਿਆਂ ਦੀ ਇਹ ਇੱਛਾ ਗ਼ਲਤ ਨਹੀਂ ਹੁੰਦੀ ਕਿਉਂਕਿ ਇਸ ਦੇ ਪਿੱਛੇ ਆਪਣੇ ਬੱਚੇ ਲਈ ਚੰਗਾ ਭਵਿੱਖ ਵੇਖਣ ਦੀ ਭਾਵਨਾ ਹੁੰਦੀ ਹੈ, ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਬੱਚੇ ਦੀ ਆਪਣੀ ਪਸੰਦ, ਰੁਚੀ ਅਤੇ ਯੋਗਤਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ |
ਕਰੀਅਰ ਦੀ ਚੋਣ ਸਿਰਫ਼ ਇਕ ਨੌਕਰੀ ਚੁਣਨ ਦਾ ਨਾਂਅ ਨਹੀਂ ਹੈ | ਇਹ ਇਕ ਅਜਿਹਾ ਫ਼ੈਸਲਾ ਹੈ ਜਿਸ ਨਾਲ ਬੱਚੇ ਦੀ ਆਉਣ ਵਾਲੀ ਜ਼ਿੰਦਗੀ, ਉਸ ਦੀ ਖੁਸ਼ੀ, ਆਤਮ-ਵਿਸ਼ਵਾਸ ਅਤੇ ਮਾਨਸਿਕ ਸੰਤੁਸ਼ਟੀ ਜੁੜੀ ਹੁੰਦੀ ਹੈ | ਜੇ ਬੱਚਾ ਆਪਣੀ ਰੁਚੀ ਦੇ ਵਿਰੁੱਧ ਕਿਸੇ ਖੇਤਰ ਵਿਚ ਜਾਂਦਾ ਹੈ ਤਾਂ ਉਸ ਨੂੰ ਪੜ੍ਹਾਈ ਅਤੇ ਕੰਮ ਦੋਵਾਂ ਵਿਚ ਦਬਾਅ ਮਹਿਸੂਸ ਹੋ ਸਕਦਾ ਹੈ | ਇਸ ਦੇ ਉਲਟ, ਜਦੋਂ ਬੱਚੇ ਨੂੰ ਆਪਣੀ ਪਸੰਦ ਦੇ ਖੇਤਰ ਵਿਚ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਸਮਰੱਥਾ ਨੂੰ ਹੋਰ ਚੰਗੀ ਤਰ੍ਹਾਂ ਵਰਤ ਸਕਦਾ ਹੈ |
ਇਸ ਦਾ ਮਤਲਬ ਇਹ ਵੀ ਨਹੀਂ ਕਿ ਬੱਚੇ ਨੂੰ ਹਰ ਫੈਸਲਾ ਬਿਨਾਂ ਸੋਚੇ-ਸਮਝੇ ਆਪਣੇ-ਆਪ ਕਰਨ ਦਿੱਤਾ ਜਾਵੇ | ਇਥੇ ਮਾਪਿਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਮਾਪਿਆਂ ਨੂੰ ਬੱਚੇ ਦੇ ਦੋਸਤ ਅਤੇ ਮਾਰਗਦਰਸ਼ਕ ਬਣਨਾ ਚਾਹੀਦਾ ਹੈ, ਸਿਰਫ਼ ਫ਼ੈਸਲਾ ਸੁਣਾਉਣ ਵਾਲੇ ਨਹੀਂ | ਉਨ੍ਹਾਂ ਨੂੰ ਬੱਚੇ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ, ਉਸ ਦੀ ਰੁਚੀ ਨੂੰ ਸਮਝਣਾ ਚਾਹੀਦਾ ਹੈ ਅਤੇ ਵੱਖ-ਵੱਖ ਕਰੀਅਰ ਬਦਲਾਂ ਬਾਰੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ |
ਮਾਪਿਆਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਬੱਚੇ ਦੀ ਤੁਲਨਾ ਦੂਜਿਆਂ ਨਾਲ ਕਰਨਾ ਉਸ ਦੇ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦਾ ਹੈ | 'ਉਸ ਦਾ ਬੱਚਾ ਇਹ ਕਰ ਰਿਹਾ ਹੈ, ਤੂੰ ਕਿਉਂ ਨਹੀਂ?' ਵਰਗੇ ਸ਼ਬਦ ਬੱਚੇ 'ਤੇ ਬੇਲੋੜਾ ਦਬਾਅ ਪੈਦਾ ਕਰ ਸਕਦੇ ਹਨ | ਹਰ ਬੱਚੇ ਦੀ ਆਪਣੀ ਸਮਰੱਥਾ ਅਤੇ ਰੁਚੀ ਹੁੰਦੀ ਹੈ ਅਤੇ ਸਫ਼ਲਤਾ ਦਾ ਰਸਤਾ ਵੀ ਹਰ ਕਿਸੇ ਲਈ ਵੱਖਰਾ ਹੋ ਸਕਦਾ ਹੈ |
ਅੱਜ ਲੋੜ ਇਸ ਗੱਲ ਦੀ ਹੈ ਕਿ ਮਾਪੇ ਆਪਣੇ ਸੁਪਨੇ ਬੱਚਿਆਂ 'ਤੇ ਥੋਪਣ ਦੀ ਬਜਾਏ ਉਨ੍ਹਾਂ ਦੇ ਸੁਪਨਿਆਂ ਨੂੰ ਸਮਝਣ | ਬੱਚੇ ਦੀ ਪਸੰਦ ਨੂੰ ਮਹੱਤਵ ਦੇਣਾ ਮਾਪਿਆਂ ਦੀ ਇੱਛਾ ਨੂੰ ਨਕਾਰਨਾ ਨਹੀਂ, ਬਲਕਿ ਦੋਵਾਂ ਵਿਚਕਾਰ ਸੰਤੁਲਨ ਬਣਾਉਣਾ ਹੈ | ਮਾਪਿਆਂ ਦਾ ਤਜਰਬਾ ਅਤੇ ਬੱਚੇ ਦੀ ਰੁਚੀ ਜਦੋਂ ਇਕੱਠੇ ਚਲਦੇ ਹਨ ਤਾਂ ਕਰੀਅਰ ਦੀ ਚੋਣ ਹੋਰ ਮਜ਼ਬੂਤ ਅਤੇ ਸਫ਼ਲ ਬਣ ਸਕਦੀ ਹੈ |
ਅਖੀਰ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਸਹੀ ਕਰੀਅਰ ਉਹ ਨਹੀਂ ਜੋ ਸਮਾਜ ਨੂੰ ਸਭ ਤੋਂ ਵਧੀਆ ਲੱਗੇ, ਸਗੋਂ ਉਹ ਹੈ ਜਿਸ ਵਿਚ ਬੱਚਾ ਆਪਣੀ ਯੋਗਤਾ, ਰੁਚੀ ਅਤੇ ਮਿਹਨਤ ਨਾਲ ਅੱਗੇ ਵਧ ਸਕੇ | ਮਾਪਿਆਂ ਦਾ ਕੰਮ ਬੱਚੇ ਲਈ ਰਸਤਾ ਚੁਣਨਾ ਨਹੀਂ, ਬਲਕਿ ਉਸ ਨੂੰ ਸਹੀ ਰਸਤਾ ਪਛਾਣਨ ਵਿਚ ਸਹਾਰਾ ਦੇਣਾ ਹੈ ਕਿਉਂਕਿ ਕਰੀਅਰ ਬੱਚੇ ਦੀ ਪੂਰੀ ਜ਼ਿੰਦਗੀ ਦਾ ਹਿੱਸਾ ਹੈ, ਸਿਰਫ਼ ਇਕ ਇਮਤਿਹਾਨ ਦਾ ਨਤੀਜਾ ਨਹੀਂ |
-ਮੋਬਾਈਲ : 82649-29755