![]()
ਘਰ ਤੇ ਬਾਹਰ ਦੋਹਰੀ ਜ਼ਿੰਮੇਵਾਰੀਆਂ ਨਿਭਾਉਂਦੇ-ਨਿਭਾਉਂਦੇ ਅਕਸਰ ਔਰਤਾਂ ਆਪਣੀ ਸਿਹਤ ਨੂੰ ਨਜ਼ਰ-ਅੰਦਾਜ਼ ਕਰ ਦਿੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਗਰਦਨ ਵਿਚ ਦਰਦ, ਜੋੜਾਂ ਵਿਚ ਦਰਦ, ਵਜ਼ਨ ਵਧਣਾ, ਪੇਟ ਸੰਬੰਧੀ ਸਮੱਸਿਆਵਾਂ, ਲਗਾਤਾਰ ਥਕਾਵਟ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਨਾਲ ਹੀ ਤਣਾਅ ਦੇ ਚਲਦਿਆਂ ਵਾਲਾਂ ਦਾ ਝੜਣਾ ਵੀ ਉਨ੍ਹਾਂ ਲਈ ਆਮ ਸਮੱਸਿਆ ਬਣ ਜਾਂਦਾ ਹੈ | ਇਨ੍ਹਾਂ ਸਮੱਸਿਆਵਾਂ ਤੋਂ ਬਚਾਅ ਲਈ ਜ਼ਰੂਰਤ ਹੈ ਥੋੜ੍ਹੀ ਜਿਹੀ ਮਿਹਨਤ ਦੀ |
ਪੋਸ਼ਕ ਪਦਾਰਥ : ਕੰਮਕਾਜੀ ਔਰਤਾਂ ਪੋਸ਼ਕ ਤੱਤਾਂ ਦੀ ਵਰਤੋਂ ਬਹੁਤ ਘੱਟ ਕਰ ਪਾਉਂਦੀਆਂ ਹਨ ਕਿਉਂਕਿ ਸਮੇਂ ਦੀ ਕਮੀ ਦੇ ਚਲਦਿਆਂ ਉਹ ਜ਼ਿਆਦਾਤਰ ਭੋਜਨ ਨਹੀਂ ਕਰਦੀਆਂ ਹਨ | ਭੋਜਨ ਮਾਹਿਰਾਂ ਅਨੁਸਾਰ ਲਗਾਤਾਰ ਫਾਸਟ ਫੂਡ ਦੀ ਵਰਤੋਂ ਨਾਲ ਵਿਅਕਤੀ ਦੇ ਅੰਦਰ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਜਿਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ | ਜ਼ਰੂਰੀ ਹੈ ਕਿ ਤੁਸੀਂ ਆਪਣੇ ਹਰ ਰੋਜ਼ ਦੇ ਭੋਜਨ ਵਿਚ ਪੋਸ਼ਕ ਪਦਾਰਥਾਂ ਨੂੰ ਸ਼ਾਮਿਲ ਕਰੋ |
ਅਨੇਕ ਤਰ੍ਹਾਂ ਦੇ ਵਿਟਾਮਿਨਾਂ ਨਾਲ ਭਰਪੂਰ ਪੁੰਗਰੇ ਅਨਾਜ ਤੁਹਾਡੇ ਲਈ ਕਿਸੇ ਦਵਾਈ ਤੋਂ ਬਿਹਤਰ ਹਨ | ਤੁਸੀਂ ਇਨ੍ਹਾਂ ਦੀ ਵਰਤੋਂ ਵੱਖ-ਵੱਖ ਤਰ੍ਹਾਂ ਕਰ ਸਕਦੇ ਹੋ, ਜਿਵੇਂ ਫਲ ਦੇ ਸਲਾਦ ਵਿਚ ਮਿਲਾ ਕੇ, ਹਲਕੀ ਭਾਫ਼ ਦੇ ਕੇ ਨਿੰਬੂ ਤੇ ਨਮਕ ਮਿਰਚ ਮਿਲਾ ਕੇ, ਰੋਟੀ ਦੇ ਨਾਲ ਖਾ ਕੇ ਜਾਂ ਫਿਰ ਜਿਵੇਂ ਵੀ ਤੁਸੀਂ ਚਾਹੋ | ਉਂਝ ਜੇਕਰ ਪੁੰਗਰੇ ਅਨਾਜ ਦੀ ਵਰਤੋਂ ਸਵੇਰੇ ਕੀਤੀ ਜਾਵੇ ਤਾਂ ਬਿਹਤਰ ਹੈ | ਇਸ ਤੋਂ ਇਲਾਵਾ ਦੋ ਬਦਾਮ, ਇਕ ਖੁਮਾਨੀ ਜਾਂ ਦੋ ਮੁਨੱਕੇ ਦੀ ਵਰਤੋਂ ਸਵੇਰੇ ਖਾਲੀ ਪੇਟ ਕਰੋ | ਇਸ ਵਿਚ ਵਿਟਾਮਿਨ ਸੀ, ਈ, ਬੀ-ਕੰਪਲੈਕਸ, ਪ੍ਰੋਟੀਨ, ਕਾਰਬੋਹਾਈਡ੍ਰੇਟ, ਇਨਜ਼ਾਈਮ, ਖਣਿਜ ਪਦਾਰਥ ਤੇ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ਵਿਚ ਹੁੰਦੇ ਹਨ |
ਜੜ੍ਹੀਆਂ-ਬੂਟੀਆਂ : ਜੜ੍ਹੀਆਂ-ਬੂਟੀਆਂ ਤੋਂ ਤਿਆਰ ਪੀਣ ਵਾਲੇ ਪਦਾਰਥ ਦੀ ਵਰਤੋਂ ਤੁਹਾਡੇ ਅੰਦਰ ਨਵਾਂ ਉਤਸ਼ਾਹ ਪੈਦਾ ਕਰਦੀ ਹੈ | ਨਾਲ ਹੀ ਇਹ ਤੁਹਾਨੂੰ ਵੱਖ-ਵੱਖ ਇਨਜ਼ਾਈਮ ਵੀ ਪ੍ਰਦਾਨ ਕਰਦਾ ਹੈ | ਤੁਲਸੀ, ਲਾਲ ਬੰਦਗੋਭੀ ਅਤੇ ਕਣਕ ਦੇ ਬੂਟੇ ਦਾ ਜੂਸ ਪੀਣ ਨਾਲ ਤੁਸੀਂ ਸਿਹਤਮੰਦ ਤਾਂ ਬਣੇਗੀ ਹੀ, ਨਾਲ ਹੀ ਇਨ੍ਹਾਂ ਦੀ ਵਰਤੋਂ ਨਾਲ ਕਈ ਬਿਮਾਰੀਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ | ਤੁਲਸੀ ਤੁਹਾਡੇ ਤਣਾਅ ਨੂੰ ਘੱਟ ਕਰਨ ਵਿਚ ਸਹਾਇਕ ਹੈ | ਲਾਲ ਬੰਦਗੋਭੀ ਦੇ ਜੂਸ ਵਿਚ ਹਾਜ਼ਮਾਕਾਰੀ ਸ਼ਕਤੀ ਵਧਾਉਣ ਵਾਲੇ ਤੱਤ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ ਜੋ ਅਲਸਰ ਨੂੰ ਪੈਦਾ ਹੋਣ ਤੋਂ ਰੋਕਦੇ ਹਨ | ਔਲੇ ਅਤੇ ਪੇਠੇ ਦਾ ਜੂਸ ਵੀ ਤੁਹਾਡੇ ਲਈ ਬਿਹਤਰ ਬਦਲ ਹੈ | ਔਲੇ ਵਿਚ ਵਿਟਾਮਿਨ-ਸੀ ਪਾਇਆ ਜਾਂਦਾ ਹੈ | ਪੇਠਾ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਤੇ ਪੇਟ ਨੂੰ ਠੰਢਕ ਪ੍ਰਦਾਨ ਕਰਦਾ ਹੈ |
ਭੋਜਨ : ਭੋਜਨ ਮਾਹਿਰਾਂ ਅਨੁਸਾਰ ਤੁਸੀਂ ਦੁਪਹਿਰ ਦੇ ਭੋਜਨ ਵਿਚ ਭੂਰੇ ਚੌਲਾਂ ਨਾਲ ਤਿਆਰ ਇਡਲੀ, ਫਲਾਂ ਤੇ ਸਬਜ਼ੀਆਂ ਦਾ ਸਲਾਦ, ਵੱਖ-ਵੱਖ ਸਬਜ਼ੀਆਂ ਤੋਂ ਤਿਆਰ ਪੋਹਾ, ਕਣਕ ਦਾ ਦਲੀਆ, ਟਮਾਟਰ ਦਾ ਸੂਪ ਆਦਿ ਲੈ ਸਕਦੇ ਹੋ | ਇਹ ਭੋਜਨ ਤੁਹਾਡੇ ਵਿਚ ਊਰਜਾ ਦਾ ਵਾਧਾ ਕਰੇਗਾ |
ਰਾਤ ਦੇ ਖਾਣੇ ਵਿਚ ਰੋਟੀ, ਦਾਲ, ਕੋਈ ਵੀ ਇਕ ਸਬਜ਼ੀ ਲੈ ਸਕਦੇ ਹੋ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਖੀਰੇ, ਟਮਾਟਰ ਤੇ ਫੁੱਲਗੋਭੀ ਦਾ ਸਲਾਦ ਲਓ ਤਾਂ ਇਹ ਤੁਹਾਡੇ ਲਈ ਪੋਸ਼ਣ ਦਾ ਕੰਮ ਕਰੇਗਾ | ਫੁੱਲਗੋਭੀ ਨੂੰ ਹਲਕੀ ਜਿਹੀ ਭਾਫ਼ ਲਗਾ ਲਓ ਤਾਂ ਕਿ ਉਹ ਸੌਖਿਆਂ ਨਾਲ ਹਜ਼ਮ ਹੋ ਜਾਵੇ | ਸਵੇਰੇ ਦੇ ਨਾਸ਼ਤੇ ਵਿਚ ਦਲੀਆ, ਪੋਹਾ, ਸਬਜ਼ੀਆਂ ਦੀ ਭਰਵੀਂ ਰੋਟੀ, ਸਬਜ਼ੀਆਂ ਤੋਂ ਤਿਆਰ ਪਾਸਤਾ, ਪੁੰਗਰੇ ਅਨਾਜ ਆਦਿ ਲੈ ਸਕਦੇ ਹੋ | ਸ਼ਾਮ ਨੂੰ ਦਫ਼ਤਰ ਤੋਂ ਆਉਣ ਤੋਂ ਬਾਅਦ ਇਕ ਲੰਮਾ ਇਸ਼ਨਾਨ ਤੁਹਾਡੀ ਨਾੜੀਆਂ ਨੂੰ ਸਕੂਨ ਪ੍ਰਦਾਨ ਕਰਦਾ ਹੈ | ਇਸ ਤੋਂ ਇਲਾਵਾ ਤੁਸੀਂ ਆਪਣੀ ਦਿਮਾਗ਼ ਦੀਆਂ ਨਾੜੀਆਂ ਨੂੰ ਸ਼ਾਂਤ ਅਵਸਥਾ ਵਿਚ ਲਿਆਉਣ ਲਈ ਸੰਗੀਤ ਥੈਰੇਪੀ ਦਾ ਸਹਾਰਾ ਵੀ ਲੈ ਸਕਦੇ ਹੋ | ਪ੍ਰਾਣਾਯਾਮ ਵੀ ਸਰੀਰ ਤੇ ਦਿਮਾਗ਼ ਨੂੰ ਆਰਾਮ ਪਹੁੰਚਾਉਣ ਲਈ ਬਿਹਤਰ ਨੁਸਖਾ ਹੈ |