ਲੋਕ-ਧਾਰਾ ਦੀ ਸਾਦਗੀ, ਵਿਰਾਸਤ ਦੀ ਰੰਗਤ ਅਤੇ ਮਿੱਟੀ ਦੀ ਮਹਿਕ ਜਦੋਂ ਕਿਸੇ ਇਕ ਵਿਅਕਤੀ ਦੇ ਜੀਵਨ 'ਚ ਅਮਲੀ ਰੂਪ ਧਾਰ ਲੈਂਦੀ ਹੈ, ਤਾਂ ਉਹ ਵਿਅਕਤੀ ਕੇਵਲ ਜਿਊਾਦਾ ਨਹੀਂ, ਸਗੋਂ ਇਕ ਸੰਸਥਾ ਅਤੇ ਸੱਭਿਆਚਾਰ ਬਣ ਜਾਂਦਾ ਹੈ | ਡਾ. ਕਮਲਜੀਤ ਕੌਰ, ਜਿਨ੍ਹਾਂ ਨੂੰ ਪ੍ਰੇਮ ਨਾਲ ਲੋਕ 'ਪੰਜਾਬੀ ਸੱਭਿਆਚਾਰ ਦੀ ਬੇਬੇ ਬੋਹੜ' ਕਹਿੰਦੇ ਹਨ, ਉਨ੍ਹਾਂ ਦੀ ਹਸਤੀ ਸਿਰਫ਼ ਇਕ ਔਰਤ ਦੀ ਨਹੀਂ, ਸਗੋਂ ਇਕ ਯੁੱਗ ਦੀ ਪ੍ਰਤੀਕ ਹੈ |

ਡਾ. ਕਮਲਜੀਤ ਕੌਰ ਦਾ ਜਨਮ 1944 ਈ. ਨੂੰ ਨਾਨਕੇ ਪਿੰਡ ਚੁੱਘਾ ਖ਼ੁਰਦ ਮੋਗਾ ਵਿਖੇ ਹੋਇਆ | ਉਨ੍ਹਾਂ ਨੇ ਬੀ. ਏ., ਬੀ. ਪੀ. ਐੱਡ., ਐਮ. ਏ. (ਫਿਜ਼ੀਕਲ ਐਜੂਕੇਸ਼ਨ) ਅਤੇ ਐਮ. ਏ. (ਪੰਜਾਬੀ) ਅਤੇ ਪੀ.ਐੱਚ ਡੀ ਆਦਿ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ | ਕਾਲਜ ਸਮੇਂ ਉਨ੍ਹਾਂ ਨੇ ਗਿੱਧਾ, ਲੋਕ ਨਾਚ, ਗਰੁੱਪ ਡਾਂਸ, ਲੰਬੀ ਹੇਕ ਵਾਲੇ ਗੀਤਾਂ 'ਚ ਹਮੇਸ਼ਾ ਅੱਵਲ ਦਰਜਾ ਪ੍ਰਾਪਤ ਕੀਤਾ ਹੈ | ਉਹ ਖ਼ਾਲਸਾ ਕਾਲਜ ਫ਼ਾਰ ਵੁਮੈਨ, ਸਿੱਧਵਾਂ (1967) 'ਚ ਚਾਰ ਸਾਲਾਂ ਤੱਕ ਲਗਾਤਾਰ 'ਆਲ ਰਾਊਾਡ ਸ਼ਖ਼ਸੀਅਤ' ਵਜੋਂ ਜਾਣੀ ਜਾਂਦੀ ਰਹੀ ਹੈ | ਉਨ੍ਹਾਂ ਨੇ ਹਾਕੀ ਟੀਮ ਦੀ ਕੈਪਟਨਸ਼ਿਪ ਕੀਤੀ, ਖੋ-ਖੋ ਟੀਮ ਦੀ ਮੁਖੀ ਅਤੇ ਹਰ ਸਾਲ ਟਰਾਫ਼ੀਆਂ ਜਿੱਤਣ ਲਈ ਪ੍ਰਸਿੱਧ ਰਹੀ ਹੈ | ਉਨ੍ਹਾਂ ਨੂੰ ਬੈਸਟ ਸਪੀਕਰ ਅਤੇ ਬੈਸਟ ਆਲ ਰਾਊਾਡਰ ਦੇ ਖ਼ਿਤਾਬ ਮਿਲੇ ਹਨ | ਉਨ੍ਹਾਂ ਨੇ ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿਚ ਆਪਣੀ ਪਛਾਣ ਸਥਾਪਿਤ ਕਰਦਿਆਂ ਇੰਟਰ-ਜ਼ੋਨਲ ਖੇਡਾਂ ਅਤੇ ਗਿੱਧੇ ਦੇ ਮੁਕਾਬਲਿਆਂ ਵਿਚ ਦਰਜਨਾਂ ਮੈਡਲ ਅਤੇ ਸਰਟੀਫ਼ਿਕੇਟ ਪ੍ਰਾਪਤ ਕੀਤੇ ਹਨ | ਡਾ. ਕਮਲਜੀਤ ਕੌਰ ਨੇ 1969 'ਚ ਪੰਜਾਬੀ ਗਿੱਧੇ ਦਾ ਕੱਲਰ ਐਵਾਰਡ ਜਿੱਤਿਆ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਵਲੋਂ 'ਕਲੀਨ ਆਫ਼ ਗਿੱਧਾ' ਦਾ ਖ਼ਿਤਾਬ ਹਾਸਿਲ ਕੀਤਾ | ਡਾ. ਕਮਲਜੀਤ ਕੌਰ ਨੇ ਇਕ ਡਿਜ਼ੀਟਲ ਕਦਮ ਚੁੱਕਦੇ ਹੋਏ ਯੂ ਟਿਊਬ ਚੈਨਲ 'ਪੰਜਾਬ ਦਾ ਅਨਮੋਲ ਵਿਰਸਾ' ਸ਼ੁਰੂ ਕੀਤਾ | ਇਸ ਰਾਹੀਂ ਉਹ ਲੋਕ-ਧਾਰਾ ਦੇ ਰੂਪ ਜਿਵੇਂ ਗਿੱਧੇ, ਪੰਜਾਬੀ ਪਹਿਰਾਵੇ, ਬੋਲੀ ਤੇ ਰਸਮਾਂ ਨੂੰ ਆਮ ਲੋਕਾਂ ਤੱਕ ਪਹੁੰਚਾ ਰਹੇ ਹਨ | ਉਨ੍ਹਾਂ ਆਪਣੇ ਹੱਥਾਂ ਨਾਲ ਫੁਲਕਾਰੀ, ਚੋਪ, ਵੋਟੇ, ਗੁੱਡੀਆਂ, ਪਟੋਲੇ, ਦਰੀਆਂ, ਪੀੜ੍ਹੀਆਂ, ਮੰਜੇ, ਪੱਖੇ, ਨੇਤਰੇ, ਚਰਖੇ ਆਦਿ ਲੋਕ-ਕਲਾਤਮਕ ਕੰਮ ਵੀ ਕੀਤੇ ਹਨ |
ਉਹ ਕਈ ਵਿੱਦਿਅਕ ਅਤੇ ਸੱਭਿਆਚਾਰਕ ਸੰਗਠਨਾਂ ਦੀ ਪ੍ਰਮੁੱਖ ਮੈਂਬਰ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ 'ਚ ਪੰਜਾਬੀ ਵਿਰਸੇ ਦੀ ਨੁਮਾਇੰਦਗੀ ਕਰਦੇ ਰਹੇ ਹਨ | ਡਾ. ਕਮਲਜੀਤ ਕੌਰ ਨੇ ਆਪਣਾ ਅਧਿਆਪਕ ਜੀਵਨ ਖ਼ਾਲਸਾ ਕਾਲਜ ਫ਼ਾਰ ਵੁਮੈਨ, ਅੰਮਿ੍ਤਸਰ ਤੋਂ ਸ਼ੁਰੂ ਕੀਤਾ ਅਤੇ 2004 ਤੱਕ ਐੱਸ.ਡੀ. ਕਾਲਜ ਫ਼ਾਰ ਵੋਮੈਨ, ਮੋਗਾ 'ਚ ਸੇਵਾ ਨਿਭਾਈ ਹੈ | ਉਨ੍ਹਾਂ ਦੀ ਅਗਵਾਈ 'ਚ ਪੜ੍ਹਨ ਵਾਲੀਆਂ ਪੀੜ੍ਹੀਆਂ ਅੱਜ ਪੰਜਾਬੀ ਸੱਭਿਆਚਾਰ ਦੀਆਂ ਦੂਤ ਬਣ ਕੇ ਦੇਸ਼-ਵਿਦੇਸ਼ 'ਚ ਚਮਕ ਰਹੀਆਂ ਹਨ | ਉਨ੍ਹਾਂ ਨੇ ਵਰਕਸ਼ਾਪਾਂ, ਸੈਮੀਨਾਰਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਨਵੀਂ ਪੀੜ੍ਹੀ ਨੂੰ ਇਹ ਸਿਖਾਇਆ ਕਿ ਵਿਰਸਾ ਕੋਈ ਮਿਊਜ਼ੀਅਮ ਦਾ ਟੁਕੜਾ ਨਹੀਂ, ਸਗੋਂ ਜਿਊਾਦੇ ਹੋਏ ਜੀਵਨ ਦੀ ਧੜਕਣ ਹੈ | ਡਾ. ਕਮਲਜੀਤ ਕੌਰ ਨੂੰ ਆਪਣੇ ਜੀਵਨ ਵਿਚ ਬੇਸ਼ੁਮਾਰ ਐਵਾਰਡ, ਸਨਮਾਨ ਅਤੇ ਖ਼ਿਤਾਬ ਮਿਲੇ ਹਨ, ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਪੰਜਾਬ ਹਰਚਰਨ ਸਿੰਘ ਬਰਾੜ ਵਲੋਂ ਮਿਲਿਆ ਐਵਾਰਡ 'ਕਲੀਨ ਆਫ਼ ਗਿੱਧਾ' ਤੋਂ ਇਲਾਵਾ ਹਾਕੀ ਕੱਲਰ ਐਵਾਰਡ-1969, ਪੰਜਾਬ ਸਟੇਟ ਸੋਫਟ ਹਾਲ ਪੈਟਰਨ ਐਵਾਰਡ (22 ਸਾਲਾਂ ਦੀ ਸੇਵਾ, ਪੰਜਾਬੀ ਲੋਕ-ਧਾਰਾ ਦੇ ਪ੍ਰਚਾਰ ਅਤੇ ਸੰਭਾਲ ਲਈ) ਜੀਵਨ ਉਪਲਬਧੀ ਸਨਮਾਨ ਸਮੇਤ ਡਾ. ਕਮਲਜੀਤ ਕੌਰ ਨੂੰ ਪੰਜਾਬੀ ਸੱਭਿਆਚਾਰ, ਸਿੱਖਿਆ ਅਤੇ ਲੋਕ-ਧਾਰਾ ਪ੍ਰਤੀ ਯੋਗਦਾਨ ਲਈ ਕਈ ਰਾਜ ਪੱਧਰੀ ਸਨਮਾਨ ਸ਼ਾਮਿਲ ਹਨ | ਡਾ. ਕਮਲਜੀਤ ਕੌਰ (ਬੇਬੇ ਬੋਹੜ) ਦਾ ਜੀਵਨ ਪੰਜਾਬੀ ਔਰਤ ਦੀ ਸ਼ਕਤੀ, ਸਮਰਪਣ ਅਤੇ ਸੰਜਮ ਦੀ ਕਹਾਣੀ ਹੈ | ਉਹ ਸੱਚਮੁੱਚ ਬੇਬੇ ਬੋਹੜ, ਗਿੱਧਿਆਂ ਦੀ ਰਾਣੀ, ਵਿਰਸੇ ਦੀ ਸ਼ਾਹੂਕਾਰਨੀ ਅਤੇ ਸੱਭਿਆਚਾਰ ਦੀ ਲੋਅ ਹੈ, ਜਿਨ੍ਹਾਂ ਨੇ ਆਪਣੀ ਉਮਰ ਦੀ ਹਰ ਧੜਕਣ ਪੰਜਾਬੀਅਤ ਦੀ ਸੁਗੰਧ 'ਚ ਵਾਰ ਦਿੱਤੀ ਹੈ | 'ਜਦ ਤੱਕ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਕਾਇਮ ਰਹੇਗੀ, ਬੇਬੇ ਬੋਹੜ ਦਾ ਨਾਂਅ ਉਸ ਨਾਲ ਜੁੜਿਆ ਰਹੇਗਾ, ਕਿਉਂਕਿ ਉਹ ਸਿਰਫ਼ ਇਕ ਸ਼ਖ਼ਸੀਅਤ ਨਹੀਂ, ਸਗੋਂ ਸੱਭਿਆਚਾਰ ਦੀ ਅਮਰ ਆਵਾਜ਼ ਹੈ |
-ਪ੍ਰਤੀਨਿਧ 'ਅਜੀਤ'
ਮੋਬਾਈਲ : 99885-49598