07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਜ਼ਿੰਦਗੀ ਵਿਚ ਬਹੁਤ ਕੁਝ ਸਿਖਾ ਦਿੰਦੀਆਂ ਹਨ ਮੁਸ਼ਕਿਲਾਂ

ਜ਼ਿੰਦਗੀ ਵਿਚ ਬਹੁਤ ਕੁਝ ਸਿਖਾ ਦਿੰਦੀਆਂ ਹਨ ਮੁਸ਼ਕਿਲਾਂ

Ad Position 21
No active advertisement
ਅਜੀਤ ਡੈਸਕ 08-10-2026

ਜੇਕਰ ਇਕ ਦਰਵਾਜ਼ਾ ਬੰਦ ਹੋਵੇ ਤਾਂ ਹੌਸਲਾ ਨਾ ਹਾਰੋ ਕਿਉਂਕਿ ਦੂਜਾ ਦਰਵਾਜ਼ਾ ਖੁੱਲ੍ਹਣ ਦੀ ਉਮੀਦ ਹਮੇਸ਼ਾ ਰਹਿੰਦੀ ਹੈ | ਇਹ ਵੀ ਚੇਤੇ ਰੱਖੋ ਕਿ ਜ਼ਿੰਦਗੀ ਹਮੇਸ਼ਾ ਸਾਡੀ ਸੋਚ ਅਨੁਸਾਰ ਨਹੀਂ ਚੱਲਦੀ | ਕਈ ਵਾਰ ਅਸੀਂ ਕਿਸੇ ਚੀਜ਼ ਲਈ ਬਹੁਤ ਮਿਹਨਤ ਕਰਦੇ ਹਾਂ ਤੇ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕਰਦੇ ਹਾਂ ਪਰ ਫਿਰ ਵੀ ਸਫਲਤਾ ਸਾਡੇ ਹੱਥ ਨਹੀਂ ਆਉਂਦੀ ਹੈ | ਕਈ ਵਾਰ ਜਦੋਂ ਕੋਈ ਰਿਸ਼ਤਾ ਟੁੱਟ ਜਾਂਦਾ ਹੈ, ਕੋਈ ਨੌਕਰੀ ਛੁੱਟ ਜਾਂਦੀ ਹੈ, ਕਿਸੇ ਕਾਰੋਬਾਰ ਵਿਚ ਨੁਕਸਾਨ ਹੋ ਜਾਂਦਾ ਹੈ ਜਾਂ ਸਾਡੀ ਕੋਈ ਵੱਡੀ ਇੱਛਾ ਅਧੂਰੀ ਰਹਿ ਜਾਂਦੀ ਹੈ ਤਾਂ ਉਸ ਸਮੇਂ ਸਾਨੂੰ ਲੱਗਦਾ ਹੈ ਕਿ ਸ਼ਾਇਦ ਜ਼ਿੰਦਗੀ ਸਾਡੇ ਖ਼ਿਲਾਫ਼ ਹੈ ਪਰ ਅਸਲ ਵਿਚ ਮੁਸ਼ਕਿਲਾਂ ਸਾਨੂੰ 'ਤੋੜਨ' ਲਈ ਨਹੀਂ ਸਗੋਂ ਸਾਨੂੰ 'ਮਜ਼ਬੂਤ ਬਣਾਉਣ' ਲਈ ਆਉਂਦੀਆਂ ਹਨ |

ਜ਼ਿੰਦਗੀ ਦੀਆਂ ਮੁਸ਼ਕਿਲਾਂ ਸਾਨੂੰ ਉਹ ਸਬਕ ਸਿਖਾਅ ਦਿੰਦੀਆਂ ਹਨ ਜੋ ਕਈ ਵਾਰ ਕਿਤਾਬਾਂ ਵੀ ਨਹੀਂ ਸਿਖਾਅ ਸਕਦੀਆਂ | ਜਦੋਂ ਇਨਸਾਨ ਮੁਸ਼ਕਿਲ ਸਮੇਂ ਵਿੱਚੋਂ ਲੰਘਦਾ ਹੈ ਤਾਂ ਉਸ ਨੂੰ ਆਪਣੀ ਤਾਕਤ, ਕਮਜ਼ੋਰੀ ਅਤੇ ਸਮਰੱਥਾ ਦਾ ਅਹਿਸਾਸ ਹੁੰਦਾ ਹੈ | ਚੰਗੇ ਸਮੇਂ ਵਿਚ ਹਰ ਕੋਈ ਖ਼ੁਸ਼ ਰਹਿ ਸਕਦਾ ਹੈ ਪਰ ਔਖੇ ਸਮੇਂ ਵਿਚ ਆਪਣੇ ਆਪ ਨੂੰ ਸੰਭਾਲਣਾ ਹੀ ਅਸਲ ਹਿੰਮਤ ਹੈ | ਮੁਸ਼ਕਿਲਾਂ ਸਾਨੂੰ ਸਬਰ, ਮਿਹਨਤ, ਸਮਝਦਾਰੀ ਅਤੇ ਆਪਣੇ ਆਪ ਉੱਤੇ ਭਰੋਸਾ ਕਰਨਾ ਸਿਖਾਉਂਦੀਆਂ ਹਨ |
ਕਈ ਵਾਰ ਜ਼ਿੰਦਗੀ ਵਿਚ ਸਾਡੇ ਲਈ ਜਦੋਂ ਇਕ ਦਰਵਾਜ਼ਾ ਬੰਦ ਹੋ ਜਾਂਦਾ ਹੈ ਤਾਂ ਅਸੀਂ ਉਸੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਅਤੇ ਆਪਣੀ ਸਾਰੀ ਤਾਕਤ ਉਸੇ ਉੱਤੇ ਲਗਾ ਦਿੰਦੇ ਹਾਂ ਪਰ ਸ਼ਾਇਦ ਜ਼ਿੰਦਗੀ ਸਾਨੂੰ ਕਿਸੇ ਹੋਰ ਰਸਤੇ ਵੱਲ ਲੈ ਕੇ ਜਾਣਾ ਚਾਹੁੰਦੀ ਹੈ | ਜੇ ਇਕ ਮੌਕਾ ਹੱਥੋਂ ਨਿਕਲ ਗਿਆ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਾਰੇ ਮੌਕੇ ਖ਼ਤਮ ਹੋ ਗਏ ਹਨ | ਕਈ ਵਾਰ ਬੰਦ ਹੋਇਆ ਦਰਵਾਜ਼ਾ ਸਾਨੂੰ ਉਸ ਰਸਤੇ ਤੋਂ ਬਚਾਉਂਦਾ ਹੈ ਜੋ ਸਾਡੇ ਲਈ ਠੀਕ ਨਹੀਂ ਸੀ ਅਤੇ ਅੱਗੇ ਵਧਣ ਲਈ ਨਵਾਂ ਰਸਤਾ ਖੋਲ੍ਹਦਾ ਹੈ | ਇਸ ਲਈ ਅਸਫਲਤਾ ਨੂੰ ਆਪਣੀ ਪਹਿਚਾਣ ਨਾ ਬਣਾਓ | ਕਿਸੇ ਇਮਤਿਹਾਨ ਵਿਚ ਘੱਟ ਅੰਕ ਆ ਜਾਣ ਕਰਕੇ, ਨੌਕਰੀ ਨਾ ਮਿਲਣ ਜਾਂ ਕਾਰੋਬਾਰ ਵਿਚ ਨੁਕਸਾਨ ਹੋਣ ਨਾਲ ਇਨਸਾਨ ਅਸਫਲ ਨਹੀਂ ਬਣ ਜਾਂਦਾ |
ਅਸਫਲਤਾ ਸਿਰਫ ਇਕ ਘਟਨਾ ਹੈ, ਪੂਰੀ ਜ਼ਿੰਦਗੀ ਨਹੀਂ | ਜੇ ਅਸੀਂ ਆਪਣੀ ਗ਼ਲਤੀ ਤੋਂ ਸਿੱਖ ਕੇ ਦੁਬਾਰਾ ਕੋਸ਼ਿਸ਼ ਕਰਦੇ ਹਾਂ ਤਾਂ ਉਹੀ ਅਸਫਲਤਾ, ਸਾਡੀ ਸਫਲਤਾ ਦੀ ਪਹਿਲੀ ਪੌੜੀ ਬਣ ਸਕਦੀ ਹੈ | ਅਜੋਕੇ ਨੌਜਵਾਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ | ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਉੱਤੇ ਦੂਜਿਆਂ ਦੀ ਚਮਕਦਾਰ ਜ਼ਿੰਦਗੀ ਵੇਖ ਕੇ ਅਸੀਂ ਆਪਣੀ ਜ਼ਿੰਦਗੀ ਨਾਲ ਤੁਲਨਾ ਕਰਨ ਲੱਗ ਪੈਂਦੇ ਹਾਂ ਪਰ ਹਰ ਮੁਸਕਰਾਉਂਦੇ ਚਿਹਰੇ ਦੇ ਪਿੱਛੇ ਦੀ ਕਹਾਣੀ ਸਾਨੂੰ ਨਹੀਂ ਪਤਾ ਹੁੰਦੀ | ਹਰ ਸਫਲ ਵਿਅਕਤੀ ਨੇ ਆਪਣੇ ਜੀਵਨ ਵਿਚ ਸੰਘਰਸ਼, ਅਸਫਲਤਾ ਅਤੇ ਨਿਰਾਸ਼ਾ ਦਾ ਸਾਹਮਣਾ ਕੀਤਾ ਹੁੰਦਾ ਹੈ | ਫਰਕ ਸਿਰਫ ਇਹ ਹੁੰਦਾ ਹੈ ਕਿ ਕੁਝ ਲੋਕ ਮੁਸ਼ਕਲਾਂ ਅੱਗੇ ਰੁਕ ਜਾਂਦੇ ਹਨ ਅਤੇ ਕੁਝ ਉਨ੍ਹਾ ਮੁਸ਼ਕਿਲਾਂ ਅਤੇ ਮੁਸੀਬਤਾਂ ਤੋਂ ਸਿੱਖ ਕੇ ਹੀ ਅੱਗੇ ਵਧਦੇ ਹਨ |
ਮੁਸ਼ਕਿਲ ਸਮੇਂ ਵਿਚ ਆਪਣੇ ਆਪ ਨੂੰ ਦੋਸ਼ ਦੇਣ ਦੀ ਬਜਾਏ ਆਪਣੇ ਆਪ ਨਾਲ ਗੱਲ ਕਰੋ | ਸੋਚੋ ਕਿ ਇਸ ਤਜਰਬੇ ਨੇ ਤੁਹਾਨੂੰ ਕੀ ਸਿਖਾਇਆ ਹੈ? ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰੋ ਪਰ ਉਨ੍ਹਾ ਵਿਚ ਫਸੇ ਜਾਂ ਉਲਝੇ ਨਾ ਰਹੋ | ਆਪਣੀ ਕਾਬਲੀਅਤ ਪਛਾਣੋ, ਨਵੀਂ ਯੋਜਨਾ ਬਣਾਓ ਅਤੇ ਛੋਟੇ ਕਦਮਾਂ ਨਾਲ ਅੱਗੇ ਵਧੋ | ਜ਼ਿੰਦਗੀ ਵਿਚ ਤਬਦੀਲੀ ਇਕ ਦਿਨ ਵਿਚ ਨਹੀਂ ਆਉਂਦੀ ਪਰ ਲਗਾਤਾਰ ਕੀਤੀ ਕੋਸ਼ਿਸ਼ ਜ਼ਰੂਰ ਨਤੀਜਾ ਦਿੰਦੀ ਹੈ |
ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਨੇਰੀ ਰਾਤ ਤੋਂ ਬਾਅਦ ਸਵੇਰ ਜ਼ਰੂਰ ਆਉਂਦੀ ਹੈ | ਅੱਜ ਦੀ ਮੁਸ਼ਕਿਲ ਕੱਲ੍ਹ ਦਾ ਤਜਰਬਾ ਬਣ ਸਕਦੀ ਹੈ ਅਤੇ ਅੱਜ ਦਾ ਦਰਦ ਕੱਲ੍ਹ ਦੀ ਤਾਕਤ ਬਣ ਸਕਦਾ ਹੈ | ਇਸ ਲਈ ਜ਼ਿੰਦਗੀ ਦਾ ਅਸਲ ਸੁੰਦਰ ਪੱਖ ਇਹ ਹੈ ਕਿ ਇਹ ਸਾਨੂੰ ਹਰ ਪੜਾਅ ਉਤੇ ਕੁਝ ਨਾ ਕੁਝ ਸਿਖਾਉਂਦੀ ਹੈ | ਮੁਸ਼ਕਿਲਾਂ ਸਾਡੇ ਰਸਤੇ ਦੀਆਂ ਕੰਧਾਂ ਨਹੀਂ ਸਗੋਂ ਸਾਡੀ ਸ਼ਖ਼ਸੀਅਤ ਨੂੰ ਤਿਆਰ ਕਰਨ ਵਾਲੀਆਂ ਪੌੜੀਆਂ ਹਨ | 
ਲੋੜ ਸਿਰਫ ਹੌਸਲਾ ਰੱਖਣ, ਸਿੱਖਦੇ ਰਹਿਣ ਅਤੇ ਅੱਗੇ ਵਧਦੇ ਰਹਿਣ ਦੀ ਹੈ | ਆਪਣੇ ਆਪ ਉੱਤੇ ਵਿਸ਼ਵਾਸ ਰੱਖੋ ਕਿਉਂਕਿ ਕਈ ਵਾਰ ਬੰਦ ਹੋਇਆ ਦਰਵਾਜ਼ਾ ਹੀ ਉਸ ਨਵੇਂ ਰਸਤੇ ਦੀ ਸ਼ੁਰੂਆਤ ਹੁੰਦਾ ਹੈ ਜਿੱਥੇ ਸਾਡੀ ਅਸਲ ਮੰਜ਼ਿਲ ਸਾਡੀ ਉਡੀਕ ਕਰ ਰਹੀ ਹੁੰਦੀ ਹੈ | ਇਸ ਲਈ ਜੀਵਨ ਯਾਤਰਾ ਦੌਰਾਨ ਸਾਨੂੰ ਆਪਣੇ ਸੁਪਨਿਆਂ ਨੂੰ ਛੋਟਾ ਨਹੀਂ ਕਰਨਾ ਚਾਹੀਦਾ ਹੈ | ਹਾਲਾਤ ਭਾਵੇਂ ਕਿੰਨੇ ਵੀ ਔਖੇ ਹੋਣ, ਸਹੀ ਦਿਸ਼ਾ, ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਅਸੀਂ ਜ਼ਿੰਦਗੀ ਨੂੰ ਨਵਾਂ ਮੋੜ ਦੇ ਸਕਦੇ ਹਾਂ | ਹਮੇਸ਼ਾ ਯਾਦ ਰੱਖੋ ਕਿ ਹਰ ਨਵਾਂ ਦਿਨ, ਇਕ ਨਵੀਂ ਸੰਭਾਵਨਾ ਅਤੇ ਇਕ ਨਵੀਂ ਸ਼ੁਰੂਆਤ ਲੈ ਕੇ ਆਉਂਦਾ ਹੈ |

-ਮੋਬਾਈਲ: 82649-29755

Ad Position 22
No active advertisement
ਪਿਛਲੀ ਖ਼ਬਰ ਕੀ ਯੂ.ਪੀ.ਆਈ. ਸਿਸਟਮ 'ਤੇ ਟੈਕਸ ਲਾਉਣਾ ਸਹੀ ਹੈੈ? ਅਗਲੀ ਖ਼ਬਰ ਮਨੁੱਖੀ ਜ਼ਿੰਦਗੀ ਨੂੰ ਡਿਜ਼ੀਟਲ ਦੁਨੀਆ ਦੇ ਹਵਾਲੇ ਨਾ ਕਰੋ
Ad Position 24