ਮਕੜਜਾਲ ਦਾ ਸ਼ਬਦੀ ਅਰਥ ਹੈ ਉਲਝਣ ਭਰੀ ਰਚਨਾ | ਮੱਕੜੀ ਦਾ ਜਾਲਾ ਉਲਝਣ, ਫਰੇਬ ਅਤੇ ਕਿਸੇ ਨੂੰ ਫਸਾਉਣ ਵਾਲੀ ਕੋਈ ਵੀ ਪੇਚੀਦਾ ਵਸਤੂ ਜਾਂ ਯੋਜਨਾ ਹੋ ਸਕਦੀ ਹੈ | ਭਾਵ ਸਾਜਿਸ਼ਾਂ ਦੇ ਮੱਕੜਜਾਲ 'ਚ ਕਿਸੇ ਨੂੰ ਫਸਾਉਣਾ ਕਹਿ ਸਕਦੇ ਹਾਂ | ਮੱਕੜੀ ਦੇ ਪੇਟ 'ਚ ਵਿਸ਼ੇਸ਼ ਗ੍ਰੰਥੀਆਂ ਹੁੰਦੀਆਂ ਹਨ ਜੋ ਇਕ ਤਰਲ ਰੂਪ ਵਿਚ ਸਿਲਕ ਜਾਂ ਰੇਸ਼ੇ ਦਾ ਨਿਰਮਾਣ ਕਰਦੀਆਂ ਹਨ | ਇਹ ਸਿਲਕ ਬਾਅਦ 'ਚ ਠੋਸ ਰੂਪ ਵਿਚ ਬਦਲ ਜਾਂਦਾ ਹੈ ਅਤੇ ਮੱਕੜੀ ਦੇ ਪੈਰਾਂ ਨਾਲ ਬਾਹਰ ਨਿਕਲਦਾ ਹੈ, ਜਿਸ ਨੂੰ ਇਹ ਜਾਲ ਬਣਾਉਣ 'ਚ ਇਸਤੇਮਾਲ ਕਰਦੀ ਹੈ | ਮੱਕੜੀ ਆਪਣੇ ਸ਼ਿਕਾਰ ਭਾਵ ਛੋਟੇ-ਛੋਟੇ ਕੀੜੇ-ਮਕੌੜੇ ਆਪਣੇ ਜਾਲ ਵਿਚ ਫਸਾਉਣ ਲਈ ਜਾਲ ਬਣਾਉਂਦੀ ਹੈ | ਕੁਝ ਮੱਕੜੀਆਂ ਜਾਲ ਦੀ ਵਰਤੋਂ ਆਪਣੇ ਰਹਿਣ ਲਈ ਵੀ ਕਰਦੀਆਂ ਹਨ | ਕੁਝ ਮੱਕੜੀਆਂ ਜਾਲ ਦੀ ਵਰਤੋਂ ਆਪਣੇ ਆਂਡੇ ਰੱਖਣ ਲਈ ਵੀ ਕਰਦੀਆਂ ਹਨ |

ਮੱਕੜੀ ਦਾ ਜਾਲਾ ਬਹੁਤ ਮਜ਼ਬੂਤ ਹੁੰਦਾ ਹੈ ਅਤੇ ਇਸ ਦੇ ਰੇਸ਼ੇ ਕਾਫੀ ਹਲਕੇ ਹੁੰਦੇ ਹਨ | ਇਹ ਰੇਸ਼ੇ ਸਟੀਲ ਨਾਲੋਂ ਵੀ ਮਜ਼ਬੂਤ ਹੋ ਸਕਦੇ ਹਨ | ਇਹ ਜਾਲ ਬਹੁਤ ਲਚੀਲਾ ਅਤੇ ਖਿਚਾਅ ਨੂੰ ਸਹਿਣ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਸ਼ਿਕਾਰ ਨੂੰ ਫੜਨ ਵੇਲੇ ਟੁੱਟਦਾ ਨਹੀਂ ਹੈ | ਮੱਕੜੀ ਦਾ ਜਾਲ ਉਸ ਨੂੰ ਜਿਊਾਦੀ ਰੱਖਣ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਇਹ ਉਸ ਦੀ ਸ਼ਿਕਾਰ ਕਰਨ ਦੀ ਵਿਧੀ ਨੂੰ ਵੀ ਦਰਸਾਉਂਦਾ ਹੈ |
ਜੰਗਲਾਂ 'ਚ ਵੀ ਮੱਕੜੀਆਂ ਆਪਣੇ ਜਾਲੇ ਬਣਾਉਂਦੀਆਂ ਰਹਿੰਦੀਆਂ ਹਨ | ਇਨ੍ਹਾਂ ਜਾਲਾਂ ਤੋਂ ਬਚ ਕੇ ਹੀ ਸਾਰੇ ਲੋਕਾਂ ਨੂੰ ਨਿਕਲਣਾ ਪੈਂਦਾ ਹੈ | ਇਹ ਸਰੀਰ ਜਾਂ ਚਿਹਰੇ ਨੂੰ ਛੂੰਹਦੇ ਹਨ ਅਤੇ ਅਸੀਂ ਇਕ ਅਜੀਬ ਤਰ੍ਹਾਂ ਦੀ ਉਲਝਣ ਦਾ ਅਨੁਭਵ ਮਹਿਸੂਸ ਕਰਦੇ ਹਨ | ਇਨ੍ਹਾਂ ਤੋਂ ਪਿੱਛਾ ਛੁਡਾਉਣ ਦੀ ਵੀ ਬੜੀ ਕੋਸ਼ਿਸ਼ ਕਰਦੇ ਹਾਂ | ਮੱਕੜੀ ਦੀ ਕਾਰੀਗਰੀ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਘੱਟ ਹੋਵੇਗੀ | ਏਨੀ ਖੂਬਸੂਰਤੀ ਨਾਲ ਉਹ ਆਪਣੇ ਜਾਲੇ ਨੂੰ ਬੁਣਦੀ ਹੈ | ਇਸ ਬਨਾਵਟ ਨੂੰ ਦੇਖਣ ਲੱਗੀਏ ਤਾਂ ਇਸ ਤੋਂ ਨਜ਼ਰ ਨਹੀਂ ਹੱਟਦੀ | ਮਨ ਹੈਰਾਨ ਰਹਿ ਜਾਂਦਾ ਹੈ, ਮੱਕੜੀ ਦੇ ਹੁਨਰ ਨੂੰ ਦੇਖ ਕੇ | ਇਹ ਜਾਲ ਜੋ ਮੱਕੜੀ ਬੁਣਦੀ ਹੈ, ਉਸ 'ਚ ਆਪਣੇ ਸ਼ਿਕਾਰ ਯਾਨੀ ਕੀੜੇ-ਮਕੌੜਿਆਂ ਨੂੰ ਫਸਾ ਕੇ ਆਪਣਾ ਪੇਟ ਭਰਦੀ ਹੈ |