09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਾਉਣ ਅਤੇ ਮੋਰ ਦੇ ਸੰਬੰਧ ਨੂੰ ਦਰਸਾਉਂਦਾ ਅਨਮੋਲ ਵਿਰਾਸਤ ਨੂੰ ਸਮਰਪਿਤ ਇਕ ਚਿੱਤਰਕਾਰੀ ਸਫ਼ਰ

ਸਾਉਣ ਅਤੇ ਮੋਰ ਦੇ ਸੰਬੰਧ ਨੂੰ ਦਰਸਾਉਂਦਾ ਅਨਮੋਲ ਵਿਰਾਸਤ ਨੂੰ ਸਮਰਪਿਤ ਇਕ ਚਿੱਤਰਕਾਰੀ ਸਫ਼ਰ

Ad Position 21
No active advertisement
ਅਜੀਤ ਡੈਸਕ 09-08-2026

ਜਦੋਂ ਦੂਰ ਦਿਸ਼ਾ 'ਤੇ ਕਾਲੇ ਬੱਦਲ ਉਮੜਦੇ ਹਨ, ਹਵਾ ਵਿਚ ਮਿੱਟੀ ਦੀ ਸੌਂਧੀ ਮਹਿਕ ਰਚਣ ਲਗਦੀ ਹੈ ਅਤੇ ਧਰਤੀ ਹਰਿਆਲੀ ਦੀ ਚਾਦਰ ਓੜ ਲੈਂਦੀ ਹੈ, ਉਦੋਂ ਕੁਦਰਤ ਦਾ ਇਕ ਅਜਿਹਾ ਕਲਾਕਾਰ ਆਪਣੀ ਹਾਜ਼ਰੀ ਦਰਜ ਕਰਵਾਉਂਦਾ ਹੈ ਜਿਸ ਦੀ ਉਡੀਕ ਸਦੀਆਂ ਤੋਂ ਭਾਰਤੀ ਮਨ ਕਰਦਾ ਆਇਆ ਹੈ। ਉਹ ਹੈ ਮੋਰ। ਆਪਣੇ ਰੰਗ-ਬਿਰੰਗੇ ਖੰਭ ਖੋਲ੍ਹ ਕੇ ਸਾਉਣ ਦੇ ਸਵਾਗਤ ਵਿਚ ਕੀਤਾ ਉਸ ਦਾ ਨਾਚ ਸਿਰਫ਼ ਇਕ ਕੁਦਰਤੀ ਦ੍ਰਿਸ਼ ਨਹੀਂ, ਸਗੋਂ ਭਾਰਤ ਦੀ ਸੱਭਿਆਚਾਰਕ ਚੇਤਨਾ, ਲੋਕ-ਵਿਰਾਸਤ ਅਤੇ ਰੁੱਤਾਂ ਦੇ ਸਦੀਵੀ ਸੰਵਾਦ ਦਾ ਜੀਵੰਤ ਪ੍ਰਤੀਕ ਹੈ।
ਭਾਰਤ ਦੇ ਰਾਸ਼ਟਰੀ ਪੰਛੀ ਵਜੋਂ ਮੋਰ ਨੂੰ ਜੋ ਸਨਮਾਨ ਪ੍ਰਾਪਤ ਹੈ, ਉਹ ਕੇਵਲ ਉਸ ਦੀ ਅਦੁੱਤੀ ਸੁੰਦਰਤਾ ਕਰਕੇ ਨਹੀਂ, ਸਗੋਂ ਇਸ ਲਈ ਵੀ ਹੈ ਕਿ ਉਹ ਕੁਦਰਤ ਅਤੇ ਮਨੁੱਖ ਦੇ ਰਿਸ਼ਤੇ ਨੂੰ ਸਭ ਤੋਂ ਸੁੰਦਰ ਢੰਗ ਨਾਲ ਪ੍ਰਗਟ ਕਰਦਾ ਹੈ। ਪੰਜਾਬ ਦੇ ਲੋਕ-ਗੀਤਾਂ, ਗੁਰਬਾਣੀ ਦੀ ਕਾਵਿ-ਭਾਸ਼ਾ, ਭਾਰਤੀ ਚਿੱਤਰਕਲਾ, ਸ਼ਾਸਤਰੀ ਸੰਗੀਤ ਅਤੇ ਲੋਕ-ਕਥਾਵਾਂ ਵਿਚ ਮੋਰ ਸਦਾ ਹੀ ਅਨੰਦ, ਸੁੰਦਰਤਾ, ਉਮੀਦ ਅਤੇ ਸਾਉਣ ਦੇ ਆਗਮਨ ਦਾ ਪ੍ਰਤੀਕ ਰਿਹਾ ਹੈ। ਜਦੋਂ ਮੋਰ ਨੱਚਦਾ ਭਾਵ ਪੈਲ ਪਾਉਂਦਾ ਹੈ, ਤਾਂ ਅਜਿਹਾ ਲਗਦਾ ਹੈ ਜਿਵੇਂ ਕੁਦਰਤ ਆਪ ਹੀ ਆਪਣਾ ਜਸ਼ਨ ਮਨਾ ਰਹੀ ਹੋਵੇ।
ਇਸੇ ਅਹਿਸਾਸ ਨੂੰ ਸਮਾਜ ਤੱਕ ਪਹੁੰਚਾਉਣ ਲਈ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਸ੍ਰੀ ਹਰਪ੍ਰੀਤ ਸੰਧੂ ਵਲੋਂ ਇਕ ਵਿਲੱਖਣ ਸਚਿੱਤਰ ਪੁਸਤਿਕਾ, ਕਲਾਤਮਕ ਪੋਰਟਰੇਟ ਅਤੇ ਡਾਕੂਮੈਂਟਰੀ  ("he Pr}de of Peacock  7&or਼ of 9nd}a) ਤਿਆਰ ਕੀਤੀ ਗਈ ਹੈ। ਇਹ ਰਚਨਾ ਕਿਸੇ ਸਰਕਾਰੀ ਪ੍ਰਕਾਸ਼ਨ ਤੋਂ ਵੱਧ ਇਕ ਸੱਭਿਆਚਾਰਕ ਸੰਕਲਪ ਹੈ, ਜਿਸ ਦਾ ਮੰਤਵ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦੀ ਮਹੱਤਤਾ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਕੁਦਰਤੀ ਵਿਰਾਸਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਰਚਨਾ ਦੀ ਇਕ ਵਿਸ਼ੇਸ਼ ਖ਼ੂਬੀ ਇਹ ਹੈ ਕਿ ਇਸ ਵਿਚ ਸ਼ਾਮਿਲ ਮੋਰ ਦੇ ਸਾਰੇ ਚਿੱਤਰ ਖ਼ੁਦ ਸ੍ਰੀ ਹਰਪ੍ਰੀਤ ਸੰਧੂ ਵਲੋਂ ਆਪਣੇ ਕੈਮਰੇ ਵਿਚ ਕੈਦ ਕੀਤੇ ਗਏ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਬੋਟੈਨੀਕਲ ਗਾਰਡਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਕੁਦਰਤੀ ਸਥਾਨਾਂ 'ਤੇ ਮੌਸਮਾਂ ਦੀ ਉਡੀਕ, ਸਵੇਰ ਦੀ ਖ਼ਾਮੋਸ਼ੀ ਅਤੇ ਕੁਦਰਤ ਨਾਲ ਇਕ ਆਤਮਿਕ ਰਿਸ਼ਤਾ ਬਣਾ ਕੇ ਖਿੱਚੀਆਂ ਗਈਆਂ ਇਹ ਤਸਵੀਰਾਂ ਕੇਵਲ ਫ਼ੋਟੋਗ੍ਰਾਫ਼ ਨਹੀਂ, ਸਗੋਂ ਕੁਦਰਤ ਨਾਲ ਕੀਤੇ ਇਕ ਮੌਨ ਸੰਵਾਦ ਦੀਆਂ ਜੀਵੰਤ ਯਾਦਾਂ ਹਨ। ਹਰ ਤਸਵੀਰ ਸਾਉਣ ਦੀ ਰੂਹ, ਮੋਰ ਦੀ ਸ਼ਾਨ ਅਤੇ ਭਾਰਤੀ ਪ੍ਰਕਿਰਤੀ ਦੀ ਰੰਗਤ ਨੂੰ ਆਪਣੇ ਅੰਦਰ ਸਮੇਟੇ ਹੋਏ ਹੈ।
ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਸਰਪ੍ਰਸਤੀ ਹੇਠ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਦੌਰਾਨ ਇਸ ਸਚਿੱਤਰ ਰਚਨਾ ਨੂੰ ਲੋਕ ਅਰਪਿਤ ਕੀਤਾ ਗਿਆ। ਇਹ ਕੇਵਲ ਇਕ ਪ੍ਰਕਾਸ਼ਨ ਸਮਾਰੋਹ ਨਹੀਂ ਸੀ, ਸਗੋਂ ਭਾਰਤ ਦੀ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਮਰਪਿਤ ਇਕ ਅਰਥਪੂਰਨ ਪਹਿਲ ਸੀ, ਜਿਸ ਨੇ ਇਹ ਸੰਦੇਸ਼ ਦਿੱਤਾ ਕਿ ਕੁਦਰਤ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਅੱਜ ਜਦੋਂ ਜੰਗਲ ਸਿਮਟ ਰਹੇ ਹਨ, ਜੈਵਿਕ ਵਿਭਿੰਨਤਾ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ, ਅਜਿਹੇ ਸਮੇਂ ਵਿਚ ਇਹ ਸਚਿੱਤਰ ਪੁਸਤਿਕਾ, ਪੋਰਟਰੇਟ ਅਤੇ ਡਾਕੂਮੈਂਟਰੀ ਸਾਨੂੰ ਯਾਦ ਦਿਵਾਉਂਦੇ ਹਨ ਕਿ ਮੋਰ ਸਿਰਫ਼ ਇਕ ਪੰਛੀ ਨਹੀਂ, ਸਗੋਂ ਸਾਡੀ ਸਭਿਆਚਾਰਕ ਪਛਾਣ, ਵਾਤਾਵਰਣਕ ਸੰਤੁਲਨ ਅਤੇ ਕੁਦਰਤ ਦੀ ਸਦੀਵੀ ਸੁੰਦਰਤਾ ਦਾ ਪ੍ਰਤੀਕ ਹੈ।
ਸਮਾਜ ਨੂੰ ਸਮਰਪਿਤ ਇਹ ਨੇਕ ਉਪਰਾਲਾ ਇਕ ਪ੍ਰੇਰਕ ਸੰਦੇਸ਼ ਹੈ ਕਿ ਜਦੋਂ ਜਨ-ਸੇਵਾ ਨਾਲ ਕੁਦਰਤ ਪ੍ਰਤੀ ਸੰਵੇਦਨਾ ਅਤੇ ਵਿਰਾਸਤ ਪ੍ਰਤੀ ਸਮਰਪਣ ਜੁੜ ਜਾਂਦੇ ਹਨ, ਤਾਂ ਅਜਿਹੀਆਂ ਰਚਨਾਵਾਂ ਜਨਮ ਲੈਂਦੀਆਂ ਹਨ ਜੋ ਸਮੇਂ ਦੀਆਂ ਹੱਦਾਂ ਤੋਂ ਪਰ੍ਹੇ ਚਲੀਆਂ ਜਾਂਦੀਆਂ ਹਨ।
-0-

Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੁੱਧ ਟਰਾਂਸਪੋਰਟਰਾਂ ਨੇ ਕੀਤੀ ਹੜਤਾਲ ਅਗਲੀ ਖ਼ਬਰ ਅੰਡੇਮਾਨ ਨਿਕੋਬਾਰ ਟਾਪੂਆਂ ਦੇ ਜਾਰਾਵਾਸ ਆਦਿਵਾਸੀ
Ad Position 24