04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਚੇਤੇ ਰਹੇਗੀ ਗਰਗ ਦੀ ਸਾਹਿਤ ਸੇਵਾ

ਚੇਤੇ ਰਹੇਗੀ ਗਰਗ ਦੀ ਸਾਹਿਤ ਸੇਵਾ

Ad Position 21
No active advertisement
ਅਜੀਤ ਡੈਸਕ 04-10-2026

 

ਬਹੁਪੱਖੀ ਪੰਜਾਬੀ ਲੇਖਕ ਕੇ. ਐੱਲ. ਗਰਗ ਦੇ ਤੁਰ ਜਾਣ ਦੀ ਖ਼ਬਰ ਨਾਲ ਕਲੇਜੇ ਦਾ ਰੁੱਗ ਭਰਿਆ ਗਿਆ | ਮਨ ਉਦਾਸ ਕਰਿਆ | ਉਨ੍ਹਾਂ ਦਾ  ਫੋਨ ਹਫ਼ਤੇ ਵਿਚ ਇਕ ਦੋ ਵਾਰ ਆਉਂਦਾ ਹੀ ਰਹਿੰਦਾ ਸੀ, ਸਭ ਤੋਂ ਪਹਿਲਾਂ ਉਹ ਘਰ ਦੀ ਖ਼ੈਰ ਸੱੁਖ ਪੁੱਛਦੇ ਸਨ ਤੇ ਫਿਰ ਲਿਖਣ-ਪੜ੍ਹਨ ਦੀ ਗੱਲ ਕਰਦੇ ਤੇ ਤੀਜੀ ਪੱਕੀ ਗੱਲ ਕਰਦੇ ਸਨ ਚਿਰੋਕੇ ਅੜੇ ਪਏ ਭਾਸ਼ਾ ਵਿਭਾਗ ਪੰਜਾਬ ਸਰਕਾਰ ਦੇ ਸ਼੍ਰੋਮਣੀ ਸਾਹਿਤਕ ਐਵਾਰਡਾਂ ਦੀ | ਗਰਗ ਜੀ ਨੂੰ  ਸ਼੍ਰੋਮਣੀ ਸਾਹਿਤਕਾਰ ਦਾ ਐਵਾਰਡ 2020 ਵਿਚ ਕੈਪਟਨ ਦੀ ਸਰਕਾਰ ਵੇਲੇ 77 ਲੇਖਕਾਂ ਸਮੇਤ ਐਲਾਨਿਆ ਗਿਆ ਸੀ ਪਰ ਇਹ ਮਾਮਲਾ ਕੁਝ ਕਾਰਨਾਂ ਕਰਕੇ ਅਦਾਲਤ ਵਿਚ ਚਲਾ ਗਿਆ ਤੇ ਲਟਕਦਾ ਰਿਹਾ | ਬਹੁਤ ਸਾਰੇ ਲੇਖਕ, ਵਿਦਵਾਨ ਤੇ  ਕਲਾਕਾਰ ਇਨ੍ਹਾਂ ਐਵਾਰਡਾਂ ਤੋਂ ਬਿਨਾਂ ਹੀ ਤੁਰ ਗਏ | ਗਰਗ ਜੀ ਵਾਂਗ ਤੇ ਹੋਰ ਵੀ ਤੁਰੀ ਜਾ ਰਹੇ ਨੇ |  ਗਰਗ ਜੀ ਦਾ ਫੋਨ ਆਉਣਾ,  ਤਾਂ ਮੈਂ ਸੋਚਣਾ ਕਿ ਅਦਾਲਤ ਵਿਚ ਪਈ ਅਗਲੀ ਪੇਸ਼ੀ ਬਾਰੇ ਪੁੱਛਣਗੇ ਜ਼ਰੂਰ | ਓਹੀ ਗੱਲ ਹੁੰਦੀ ਸੀ, ਉਹ ਪੁੱਛਦੇ, 'ਭਤੀਜ, ਕੀ ਬਣਿਆ ਫਿਰ? ਕੁਝ ਹੋਊ ਕਿ ਬਸ...?'  ਉਨ੍ਹਾਂ ਨੂੰ  ਇਹ ਪੱਕੀ ਆਸ ਸੀ ਕਿ ਉਨ੍ਹਾਂ ਦੇ ਜੀਂਦੇ-ਜੀਅ ਇਹ ਐਵਾਰਡ ਮਿਲ ਜਾਏਗਾ ਪਰ ਇਹ ਆਸ ਪੂਰੀ ਨਹੀਂ ਹੋਈ ਤੇ ਉਹ ਓਸ ਅਕਾਸ਼ ਦੀ ਪੌੜੀ ਚੜ੍ਹ ਗਏ, ਜਿਥੋਂ ਨਾ ਕੋਈ ਪਰਤਿਆ ਹੈ ਤੇ ਨਾ ਕਿਸੇ ਨੇ ਪਰਤਣਾ ਹੈ |
ਗਰਗ ਜੀ ਦਾ ਜਨਮ 13 ਅਪ੍ਰੈਲ, 1943 ਨੂੰ  ਹੋਇਆ | ਮੋਗੇ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਾਉਂਦੇ ਰਹੇ | ਪੂਰਾ ਨਾਂਅ ਕਿ੍ਸ਼ਨ ਲਾਲ ਗਰਗ ਸੀ | ਗਰਗ  ਹਾਸ ਵਿਅੰਗ ਦਾ ਸਿਰੇ ਦਾ ਸਮਰੱਥ ਲਿਖਾਰੀ ਸੀ | ਹਾਸ ਵਿਅੰਗ  ਦੇ ਨਾਲ ਉਸ ਨੇ ਕਹਾਣੀਆਂ ਲਿਖੀਆਂ ਤੇ ਅੱਧੀ ਦਰਜਨ ਕਹਾਣੀਆਂ ਦੀਆਂ ਕਿਤਾਬਾਂ ਛਪੀਆਂ, ਪਹਿਲੇ ਛਪੇ ਕਹਾਣੀ-ਸੰਗ੍ਰਹਿ  ਦਾ ਨਾਂਅ ਸੀ, 'ਅੱਗ ਦੇ ਦਾਇਰੇ |' ਛੇ ਨਾਵਲਾਂ ਦੀ ਰਚਨਾ ਕੀਤੀ |  ਵਾਰਤਕ ਵੀ ਲਿਖੀ ਤੇ ਸਾਹਿਤ ਸਮੀਖਿਆ ਵੀ ਲਿਖਦੇ ਰਹੇ | ਬਾਲਾਂ ਲਈ ਵੀ ਲਿਖਿਆ | ਕਈ ਅਖ਼ਬਾਰਾਂ ਵਿਚ ਲੰਬਾ ਸਮਾਂ ਸਾਹਿਤਕ ਕਾਲਮ ਲਿਖੇ ਤੇ 'ਅਜੀਤ' ਵਿਚ ਕਿਤਾਬਾਂ ਦੇ ਰਿਵੀਊ ਤੇ ਵਿਅੰਗ ਕਾਲਮ 'ਗਰਗਵਾਣੀ' ਲਗਾਤਾਰ ਲਿਖਦੇ ਰਹੇ | ਕਈ ਕਿਤਾਬਾਂ ਸੰਪਾਦਿਤ ਕਰ ਗਏ  ਤੇ ਕਈ ਕੁਝ ਅਨੁਵਾਦ ਵੀ ਕਰੀ ਗਏ, ਜੋ ਸਮੇਂ -ਸਮੇਂ ਛਪੀ ਗਿਆ | ਛੇ ਨਾਵਲ ਲਿਖੇ, ਪਹਿਲੇ ਨਾਵਲ ਦਾ ਨਾਂਅ ਸੀ, 'ਹੁੰਮਸ' | ਜਦ 'ਧਾਰਾਂ ਵਾਲਾ ਪੁਲ' ਨਾਵਲ ਛਪਿਆ ਤਾਂ ਇਸ ਦਾ ਰੌਲਾ ਵੀ ਪਿਆ, ਇਕ ਵੱਡਾ ਲੇਖਕ ਗਰਗ ਜੀ ਨਾਲ ਸਖ਼ਤ  ਨਾਰਾਜ ਹੋ ਗਿਆ | ਕੰਮ ਉਨ੍ਹਾਂ ਨੇ ਬਹੁਤ ਕਰਿਆ | ਸਭ ਮਿਲਾ ਕੇ 60 ਕਿਤਾਬਾਂ ਬਣਦੀਆਂ ਹਨ, ਸਭ ਤੋਂ ਪਹਿਲੀ ਹਾਸ ਵਿਅੰਗਾਂ ਦੀ ਕਿਤਾਬ 1979 ਵਿਚ  'ਦੇਖ ਕਬੀਰਾ ਹੱਸਿਆ' ਛਪੀ | ਅਨੁਵਾਦ ਦੀਆਂ ਛੇ ਕਿਤਾਬਾਂ ਹਨ | ਭਾਰਤੀ ਸਾਹਿਤ ਅਕਾਦਮੀ ਨੇ ਉਨ੍ਹਾਂ ਨੂੰ  ਅਨੁਵਾਦ ਪੁਰਸਕਾਰ ਵੀ ਭੇਟ ਕੀਤਾ ਸੀ | ਪਰ  ਉਹ ਇਸ ਗੱਲੋਂ ਉਦਾਸ ਰਹੇ ਕਿ ਪੰਜਾਬੀ  ਸਾਹਿਤ ਵਿਚ 'ਕਾਮੇ' ਲੋਕਾਂ ਦੀ ਪੁੱਛ-ਦੱਸ ਨਹੀਂ ਰਹੀ ਤੇ ਬਹੁਤਾਤ ਰੂਪ ਵਿਚ ਆਪੋ-ਆਪਣੇ ਧੜਿਆਂ ਦੇ ਬੰਦੇ ਉਭਾਰੇ  ਤੇ ਸਤਿਕਾਰੇ ਜਾ ਰਹੇ ਹਨ | ਸਾਹਿਤਕ ਜਥੇਬੰਦੀਆਂ ਦੇ ਆਗੂਆਂ ਨੂੰ  ਹਾਸੇ ਭਰੇ ਵਿਅੰਗ ਵਿਚ ਖਰੀਆਂ-ਖਰੀਆਂ ਸੁਣਾ ਦਿੰਦੇ ਸਨ |
ਗਰਗ ਸਾਹਿਬ ਨੂੰ  ਗੱਲ ਬੜੀ ਅਹੁੜਦੀ ਸੀ, ਵਿਅੰਗਕਾਰ ਹੋਣ ਕਰਕੇ ਉਹ ਆਪਣੇ ਹਰੇਕ ਜਾਣੂੰ-ਪਛਾਣੂੰ ਨੂੰ  ਮੱਠੀ-ਮੱਠੀ ਟਕੋਰ ਕਰੀ ਜਾਂਦੇ ਸਨ | ਉਨ੍ਹਾਂ ਦੇ ਚਿੱਟੇ ਦੰਦ ਤੇ ਹੱਸਦਾ ਚਿਹਰਾ ਉਨ੍ਹਾਂ ਦੀ  ਸ਼ਖ਼ਸੀਅਤ ਨੂੰ  ਹੋਰ ਵੀ ਪਿਆਰਾ ਬਣਾ ਦਿੰਦੇ ਸਨ | ਦੇਰ ਦੀ ਗੱਲ ਹੈ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਪਰਦੇਸੋਂ ਆਪਣੇ ਪਿੰਡ ਆਇਆ ਤੇ ਅਖੰਡ ਪਾਠ ਕਰਵਾਇਆ, ਆਪਣੇ ਆੜੀ ਕਲਾਕਾਰ  ਤੇ ਲਿਖਾਰੀ ਸੱਦੇ, ਕੁਲਦੀਪ ਮਾਣਕ ਵੀ ਆਇਆ ਹੋਇਆ ਸੀ, ਇਧਰੋਂ ਅਸੀਂ ਕਾਫ਼ੀ ਜਣੇ  ਗਏ ਸਾਂ, ਗਰਗ ਸਾਹਿਬ ਨੇ ਮਾਣਕ ਦੇ ਗਲ ਵਿਚ ਸੋਨੇ ਦੀ ਮੋਟੀ ਚੇਨੀ ਤੇ ਉਂਗਲਾਂ ਵਿਚ ਪਾਈਆਂ ਮੁੰਦੀਆਂ  ਦੇਖ ਕੇ ਵਿਅੰਗ ਕੱਸਿਆ, 'ਓ ਭਾਈ ਮਾਣਕਾ, ਹਾਅ ਅਸਲੀ ਐ ਸਾਰੀਆਂ ਕਿ ਨਕਲੀ ਹੀ ਪਾਈ ਫਿਰਦਾ ਐਂ? ਜਿਹੜੀ ਨਕਲੀ ਐ ਸਾਡੇ ਵਰਗਿਆਂ ਨੂੰ ਦੇ ਛੱਡ ਯਾਰ--- |' ਏਨੀ ਸੁਣਦਿਆਂ ਮਾਣਕ ਭੜਕ ਪਿਆ ਤੇ ਬਹੁਤ ਰੁੱਖਾ ਬੋਲਿਆ | ਗਰਗ ਸਾਹਿਬ ਨੇ ਉਸੇ ਦਿਨ ਤੋਂ ਕਸਮ ਖਾ ਲਈ ਕਿ ਅਗਾਂਹ ਤੋਂ ਗਵੱਈਏ ਨੂੰ  ਕਦੀ ਟਿੱਚਰ ਨਹੀਂ ਕਰਨੀ, ਖ਼ਾਸ ਕਰਕੇ ਮੀਰ ਆਲਮਾਂ ਨੂੰ  | ਗਰਗ ਜੀ ਦਾ ਲਿਖਿਆ ਹੋਇਆ ਵਿਅੰਗ ਏਨਾ ਤਿੱਖਾ ਹੁੰਦਾ ਸੀ ਕਿ ਸਾਡੇ ਵਿਗੜੇ ਸਮਾਜਿਕ ਢਾਂਚੇ ਤੇ ਭੈੜੀਆਂ ਅਲਾਮਤਾਂ ਨੂੰ  ਖ਼ਤਮ ਕਰਨ ਦਾ ਸੁਨੇਹਾ ਵੀ  ਖੂਬ ਦਿੰਦਾ ਸੀ | ਉਹ ਸਮਾਜਿਕ ਸੁਧਾਰ ਲਈ ਲਗਾਤਾਰ ਆਪਣੀ ਕਲਮ ਚਲਾਉਂਦੇ ਰਹੇ | ਵੱਡੇ ਪੰਜਾਬੀ ਵਿਅੰਗ ਲੇਖਕਾਂ ਕਨੱਈਆ ਲਾਲ ਕਪੂਰ, ਪਿਆਰਾ ਸਿੰਘ ਦਾਤਾ, ਤੇ ਸ਼ੇਰ ਜੰਗ ਜਾਂਗਲੀ ਨਾਲ ਉਨ੍ਹਾਂ ਦੀ ਨੇੜਤਾ ਰਹੀ | ਉਨ੍ਹਾਂ ਨੇ ਵਿਅੰਗ ਅਕਾਦਮੀ ਬਣਾ ਕੇ ਤੇ ਦਾਤਾ ਜੀ ਦੇ ਪਰਿਵਾਰ ਪਾਸੋਂ ਵਿਅੰਗ ਪੁਰਸਕਾਰ ਸ਼ੁਰੂ ਕਰਵਾਇਆ | ਦਸ ਸਾਲ ਦਾ ਚੋਣਵਾਂ ਹਾਸ ਵਿਅੰਗ ਸੰਪਾਦਿਤ ਕਰ ਗਏ | ਗਰਗ ਜੀ ਨੇ ਆਪਣੇ ਨੇੜਲੇ ਕੁਝ ਚਿਹਰਿਆਂ ਦੇ ਵਿਅਕਤੀ ਚਿੱਤਰ ਵੀ ਲਿਖੇ, ਜਿਨ੍ਹਾਂ ਵਿਚ ਜਾਂਗਲੀ, ਕਪੂਰ, ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਤੇ ਕਈ ਹੋਰ ਹਨ | 
ਗਰਗ ਦਾ ਮਨ ਮੋਗੇ ਆਪਣੇ ਨਿੱਕੇ ਜਿਹੇ ਖੂਬਸੂਰਤ ਘਰ ਵਿਚ ਹੀ ਲਗਦਾ ਸੀ ਤੇ ਪਰਦੇਸ ਉਹ ਬੱਚਿਆਂ ਕੋਲ ਜਾ ਆਇਆ ਸੀ ਪਰ ਠੰਢੇ ਮੁਲਕਾਂ ਦੀ ਤਪਦੀ ਧਰਤੀ ਨੇ ਉਸ ਨੂੰ  ਉਦਾਸ ਕਰ ਦਿੱਤਾ ਸੀ | ਉਨ੍ਹਾਂ ਦੋ ਸਫ਼ਰਨਾਮਾ ਪੁਸਤਕਾਂ ਵੀ ਲਿਖੀਆਂ 'ਵਾਟਾਂ ਦੇਸੋਂ ਦੂਰ ਦੀਆਂ'  ਤੇ  'ਧਰਤੀ ਦਾ ਦੂਜਾ ਪਾਸਾ' |  ਉਨ੍ਹਾਂ ਨੇ ਪਰਦੇਸਾਂ ਵਿਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰੇ ਕਈ  ਰਚਨਾਵਾਂ ਰਚੀਆਂ | 
ਮੋਗੇ ਜਾਂ ਨੇੜੇ-ਤੇੜੇ ਕੋਈ ਸਾਹਿਤਕ ਸਮਾਗਮ ਹੁੰਦਾ, ਲੋਕਲ ਤਾਂ ਉਹ ਸਕੂਟਰੀ ਉਤੇ ਚੜ੍ਹ ਕੇ ਆ ਜਾਂਦੇ  ਜੇ ਥੋੜ੍ਹੀ ਦੂਰ ਜਾਣਾ ਹੁੰਦਾ ਤਾਂ ਗੁਰਮੀਤ ਕੜਿਆਲਵੀ ਲੈ ਜਾਂਦਾ | ਬਲਦੇਵ ਸਿੰਘ 'ਸੜਕਨਾਮਾ' ਤੇ ਉਹ ਅਕਸਰ ਇਕੱਠੇ ਹੀ ਜਾਂਦੇ ਸਨ | ਸਾਲ 2024 ਵਿਚ  ਮੈਂ ਫ਼ਰੀਦਕੋਟ ਬੁਲਾਇਆ, ਕੈਨੇਡਾ ਤੋਂ ਸਵਰਗੀ ਲੇਖਕ ਇਕਬਾਲ ਰਾਮੂਵਾਲੀਆ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਗਰਗ ਜੀ ਨੂੰ  ਪੁਰਸਕਾਰ ਭੇਟ ਕੀਤਾ ਗਿਆ, ਪ੍ਰੋਗਰਾਮ ਡੀ.ਸੀ. ਦਫ਼ਤਰ ਵਿਚ ਸੀ, ਕੜਿਆਲਵੀ ਨੇ ਗਰਗ ਜੀ ਦੀ ਸਾਹਿਤਕ ਦੇਣ ਉੱਤੇ ਚਾਨਣਾ ਪਾਇਆ, ਮੌਕੇ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਖੁਸ਼ ਹੋ ਕੇ ਆਖਿਆ ਕਿ ਗਰਗ ਜੀ ਦੇ ਰੌਸ਼ਨ ਚਿਹਰੇ ਵਾਂਗ ਇਨ੍ਹਾਂ ਦੀਆਂ ਲਿਖਤਾਂ ਵੀ ਰੌਸ਼ਨੀ ਵੰਡਣ ਵਾਲੀਆਂ ਹਨ |  ਪ੍ਰੋਗਰਾਮ ਮੁੱਕਿਆ ਤੇ ਗਰਗ ਜੀ ਬੜੇ ਖੁਸ਼ ਸਨ,  ਨਾਲ  ਆਈ ਆਪਣੀ ਪਤਨੀ ਨੂੰ ਟਕੋਰ ਕਰਕੇ ਬੋਲੇ, 'ਵੇਖਿਆ ਭਗਵਾਨੇ, ਡੀ.ਸੀ. ਨੇ ਤੇਰੇ ਬੰਦੇ ਦੀ ਕਿੰਨੀ ਸ਼ੋਭਾ ਕੀਤੀ ਐ, ਜੇ ਕਿਤੇ ਏਨੀ ਸ਼ੋਭਾ ਬੰਦੇ ਦੀ ਘਰੇ ਹੁੰਦੀ ਹੋਵੇ ਤਾਂ ਬੰਦਾ ਕਦੇ ਨੀ ਮਰਦਾ |' ਇਹ ਸੁਣ ਸਾਰੇ ਹੱਸ ਪਏ |
ਫ਼ਰੀਦਕੋਟ ਉਨ੍ਹਾਂ ਦੀ ਬੇਟੀ ਵਿਆਹੀ ਹੋਈ ਹੈ, ਜਦ ਉਨ੍ਹਾਂ ਪਾਸ ਗੇੜਾ ਮਾਰਦੇ ਤੇ ਫੋਨ ਕਰਕੇ ਪੁੱਛਦੇ ਜੇ ਵਿਹਲ ਐ ਤਾਂ ਮਿਲ ਜਾ ਆ ਕੇ | ਹੁਣ ਜਦ  ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਆਈ ਹੈ ਤਾਂ ਮਹਿਸੂਸ ਹੋਇਆ ਕਿ ਬੰਦੇ ਨੂੰ  ਮਿਲਦੇ-ਗਿਲਦੇ ਰਹਿਣਾ ਚਾਹੀਦਾ ਹੈ, ਕੋਈ ਪਤਾ ਨਹੀਂ ਕਦੋਂ ਸੱਦਾ ਆ ਜਾਵੇ! ਗਰਗ ਜੀ ਦੀਆਂ ਲਿਖਤਾਂ ਤੇ ਨੇਕ ਵਿਅਕਤੀਤਵ ਹਮੇਸ਼ਾ ਯਾਦ ਰਹੇਗਾ |
-ਮੋਬਾਈਲ : 94174-21700

Ad Position 22
No active advertisement
ਪਿਛਲੀ ਖ਼ਬਰ ਦਿੱਲੀ ਅਦਾਲਤ ਵਲੋਂ ਲਾਲੂ ਯਾਦਵ ਤੇ 8 ਹੋਰਾਂ ਵਿਰੁੱਧ ਦੋਸ਼ ਆਇਦ ਕਰਨ ਦੀ ਕਾਰਵਾਈ ਮੁਲਤਵੀ ਅਗਲੀ ਖ਼ਬਰ ਚਰਨਜੀਤ ਸਿੰਘ ਚੰਨੀ ਮੁੜ ਬਣੇ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਸੰਸਦੀ ਸਟੈਂ...
Ad Position 24