10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

'ਸ਼ਹਿਨਸ਼ਾਹ-ਏ-ਕੱਵਾਲੀ' : ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ

'ਸ਼ਹਿਨਸ਼ਾਹ-ਏ-ਕੱਵਾਲੀ' : ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ

Ad Position 21
No active advertisement
ਅਜੀਤ ਡੈਸਕ 11-10-2026

'ਸ਼ਹਿਨਸ਼ਾਹ-ਏ-ਕੱਵਾਲੀ' ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ ਲਹਿੰਦੇ ਪੰਜਾਬ ਦਾ ਅਜਿਹਾ ਕੱਵਾਲ ਸੀ, ਜਿਸ ਨੇ ਕੱਵਾਲੀ ਗਾਇਨ ਸ਼ੈਲੀ ਨੂੰ  ਦਰਗਾਹਾਂ/ਖਾਨਗਾਹਾਂ ਦੇ ਸੀਮਿਤ ਘੇਰੇ ਵਿਚੋਂ ਕੱਢ ਕੇ ਕੌਮਾਂਤਰੀ ਮੰਚਾਂ ਤੱਕ ਪੁੱਜਦਾ ਕੀਤਾ |

ਕੱਵਾਲੀ ਗਾਉਣ ਦੇ ਰਵਾਇਤੀ ਅੰਦਾਜ਼ ਵਿਚ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਦਾ ਸੁਮੇਲ ਕਰਕੇ ਕੱਵਾਲੀ ਨੂੰ  ਇਕ ਨਵਾਂ ਰੂਪ ਦੇਣ ਵਾਲੇ ਖ਼ਾਂ ਸਾਹਿਬ ਨੇ ਅਮੀਰ ਖੁਸਰੋ, ਬੁੱਲੇ ਸ਼ਾਹ, ਸੁਲਤਾਨ ਬਾਹੂ, ਮੀਆਂ ਮੁਹੰਮਦ ਬਖ਼ਸ਼, ਖ਼ਵਾਜ਼ਾ ਗੁਲਾਮ ਫ਼ਰੀਦ, ਜਲਾਲੂਦੀਨ ਰੂਮੀ, ਸ਼ਾਹ ਹੁਸੈਨ ਜਿਹੇ ਸੂਫ਼ੀ ਸੰਤਾਂ/ਫ਼ਕੀਰਾਂ/ਕਵੀਆਂ ਦੇ ਕਲਾਮਾਂ ਨੂੰ  ਸੁਰਾਂ ਦੀ ਮਾਲਾ ਪਹਿਨਾ ਕੇ ਹਰਮਨ ਪਿਆਰਾ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਦੀ ਕੱਵਾਲ ਮੰਡਲੀ ਵਿਚ ਸ਼ਾਮਿਲ ਫ਼ਾਰੂਖ ਫ਼ਤਹਿ ਅਲੀ ਖ਼ਾਂ (ਭਰਾ), ਮੁਜਾਦ ਮੁਬਾਰਕ ਅਲੀ ਖ਼ਾਂ (ਤਾਏ ਉਸਤਾਦ ਮੁਬਾਰਕ ਅਲੀ ਖ਼ਾਂ ਦਾ ਪੁੱਤਰ), ਅਸਦ ਅਲੀ ਖ਼ਾਂ (ਤਾਏ ਉਸਤਾਦ ਸਲਾਮਤ ਅਲੀ ਖ਼ਾਂ ਦਾ ਪੁੱਤਰ), ਕਾਕਬ ਅਲੀ ਖ਼ਾਂ (ਚਾਚਾ ਉਸਤਾਦ ਨਵਾਜ਼ ਅਲੀ ਖ਼ਾਂ ਦਾ ਪੁੱਤਰ), ਰਹਿਮਤ ਅਲੀ, ਮੁਬਾਰਕ ਅਲੀ, ਇਲਿਆਸ, ਖਾਲਿਦ, ਨਫ਼ੀਸ, ਬਾਬਰ ਅਲੀ (ਸ਼ਾਗਿਰਦ) ਅਤੇ ਦਿਲਦਾਰ ਹੁਸੈਨ (ਤਬਲਾ ਵਾਦਕ, ਸ਼ਾਗਿਰਦ ਉਸਤਾਦ ਅੱਲਾ ਰੱਖਾ ਖ਼ਾਂ) ਜਦ ਸੁਰ, ਤਾਲ ਅਤੇ ਲੈਅ ਦਾ ਸੁਮੇਲ ਕਰਕੇ ਤਾਲੀਆਂ ਦੀ ਇਕਸਾਰ ਆਵਾਜ਼ ਵਿਚ ਖ਼ਾਂ ਸਾਹਿਬ ਦੀ ਸੁਰ ਨਾਲ ਸੁਰ ਮਿਲਾ ਕੇ ਕਦੇ ਅਲਾਪ ਅਤੇ ਕਦੇ ਪੰਚਮ ਦੀਆਂ ਤਾਨਾਂ ਬੋਲਦੇ ਤਾਂ ਇੰਝ ਲਗਦਾ ਜਿਵੇਂ ਉਹ ਅੱਲਾ ਦੀ ਇਬਾਦਤ ਕਰ ਰਹੇ ਹੋਣ | ਸ਼ਾਇਦ ਇਸੇ ਲਈ ਜਾਪਾਨ ਦੇ ਲੋਕ ਉਸ ਨੂੰ  'ਗਾਉਂਦਾ ਹੋਇਆ ਬੁੱਧ', ਲਾਸਏਾਜ਼ਲਸ ਦੇ ਲੋਕ 'ਸਵਰਗ ਦੀ ਆਵਾਜ਼', ਪੈਰਿਸ ਦੇ ਲੋਕ 'ਪਾਵਰੋਟੀ ਆਫ਼ ਈਸਟ' ਅਤੇ ਪਾਕਿਸਤਾਨੀ ਲੋਕ 'ਸ਼ਹਿਨਸ਼ਾਹ-ਏ-ਕੱਵਾਲੀ' ਕਹਿੰਦੇ ਸਨ | 

ਖ਼ਾਂ ਸਾਹਿਬ ਦੇ ਵੱਡੇ-ਵਡੇਰੇ, ਜੋ ਕਲਾਸੀਕਲ ਮੌਸੀਕੀ ਨੂੰ  ਸਮਰਪਿਤ ਸਨ, ਕਰੀਬ 600 ਸਾਲ ਪਹਿਲਾਂ ਅਫ਼ਗਾਨਿਸਤਾਨ ਤੋਂ ਹਿਜਰਤ ਕਰਕੇ ਭਾਰਤ ਆਏ | ਇਹ ਲੋਕ ਹਜ਼ਰਤ ਖਵਾਜ਼ਾ ਮੁਹੰਮਦ ਦੀਵਾਨ ਚਿਸ਼ਤੀ ਸਾਬਰੀ ਨੂੰ  ਪੀਰ-ਏ-ਮੁਰਸ਼ਦ ਮੰਨਦੇ ਸਨ | ਇਹ ਥਾਂ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਨਜ਼ਦੀਕ ਥਲਾ ਸ਼ਰੀਬ ਹੈ, ਜਿਥੇ ਉਨ੍ਹਾਂ ਦੀ ਮਜ਼ਾਰ ਵੀ ਹੈ | ਉਸ ਸਮੇਂ ਧਰੁਪਦ ਗਾਇਕੀ ਪ੍ਰਚਾਰ 'ਚ ਹੋਣ ਕਰਕੇ ਇਹ ਧਰੁਪਦ ਗਾਇਕ ਵਜੋਂ ਪ੍ਰਸਿੱਧ ਹੋਏ | ਇਨ੍ਹਾਂ ਵਿਚੋਂ ਬਜ਼ੁਰਗ ਉਸਤਾਦ ਸਾਹਿਬਦਾਦ ਖਾਲਿਕ ਲਾਲ ਖਾਨ, ਉਸਤਾਦ ਮੌਲਾ ਬਖ਼ਸ਼ (ਦਾਦਾ), ਉਸਤਾਦ ਅਲੀ ਦਾਦ ਖ਼ਾਂ, ਉਸਤਾਦ ਝੰਡੂ ਖ਼ਾਂ, ਉਸਤਾਦ ਖ਼ਲਕ ਦਾਦ ਖ਼ਾਂ, ਉਸਤਾਦ ਜਹਾਂਗੀਰ ਦਾਦ ਖ਼ਾਂ ਦੇ ਨਾਂਅ ਜ਼ਿਕਰਯੋਗ ਹਨ | ਉਸਤਾਦ ਸਾਦਿਕ ਅਲੀ ਖ਼ਾਂ ਮਾਂਡੋ ਅਤੇ ਉਸਤਾਦ ਗੁਲਾਮ ਹੈਦਰ ਜਿਹੇ ਉਸਤਾਦ ਲੋਕ ਵੀ ਇਸੇ ਘਰਾਣੇ ਦੀ ਦੇਣ ਹਨ | ਸਮੇਂ ਦੇ ਬਦਲਾਅ ਨਾਲ ਇਸ ਖਾਨਦਾਨ ਦੇ ਕੁਝ ਲੋਕਾਂ ਨੇ ਖਿਆਲ ਗਾਇਕੀ ਨੂੰ  ਵੀ ਅਪਣਾਇਆ |
ਸੰਨ 1947 ਦੀ ਵੰਡ ਤੋਂ ਪਹਿਲਾਂ ਖ਼ਾਂ ਸਾਹਿਬ ਦੇ ਪਿਤਾ ਉਸਤਾਦ ਫ਼ਤਹਿ ਅਲੀ ਖ਼ਾਂ ਪਰਿਵਾਰ ਸਮੇਤ ਜਲੰਧਰ ਦੀ ਬਸਤੀ ਸ਼ੇਖ ਦਰਵੇਸ਼ ਵਿਚ ਰਹਿੰਦੇ ਰਹੇ | ਵੰਡ ਉਪਰੰਤ ਉਹ ਫ਼ੈਸਲਾਬਾਦ (ਪਹਿਲਾਂ ਲਾਇਲਪੁਰ) ਜਾ ਵਸੇ ਜਿਥੇ 13 ਅਕਤੂਬਰ, 1948 ਨੂੰ  ਨੁਸਰਤ ਫ਼ਤਹਿ ਅਲੀ ਖ਼ਾਂ ਦਾ ਜਨਮ ਹੋਇਆ | ਬਚਪਨ ਦਾ ਨਾਂਅ ਪਰਵੇਜ਼ ਫ਼ਤਹਿ ਅਲੀ ਖ਼ਾਂ ਸੀ ਜੋ ਬਾਅਦ ਵਿਚ ਇਕ ਸੂਫ਼ੀ ਸੰਤ ਦੇ ਕਹਿਣ 'ਤੇ ਬਦਲ ਕੇ ਨੁਸਰਤ ਫ਼ਤਹਿ ਅਲੀ ਖ਼ਾਂ ਰੱਖਿਆ ਗਿਆ | ਪਰਿਵਾਰ ਉਨ੍ਹਾਂ ਨੂੰ  ਡਾਕਟਰ/ਇੰਜੀਨੀਅਰ ਬਣਾਉਣਾ ਚਾਹੁੰਦਾ ਸੀ ਪਰ ਘਰ ਦਾ ਸੰਗੀਤਕ ਮਾਹੌਲ ਉਨ੍ਹਾਂ ਨੂੰ  ਮੌਸੀਕੀ ਵੱਲ ਲੈ ਆਇਆ | ਪਰਿਵਾਰ ਵਿਚ ਉਨ੍ਹਾਂ ਦੀਆਂ ਚਾਰ ਵੱਡੀਆਂ ਭੈਣਾਂ ਅਤੇ ਇਕ ਛੋਟਾ ਭਰਾ ਫ਼ਾਰੂਖ ਫ਼ਤਹਿ ਅਲੀ ਖ਼ਾਂ ਸੀ, ਜੋ ਖ਼ਾਂ ਸਾਹਿਬ ਦੀ ਸੰਗੀਤਕ ਟੀਮ ਵਿਚ ਹਰਮੋਨੀਅਮ 'ਤੇ ਸੰਗਤ ਕਰਦਾ ਸੀ | 
ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ ਨੇ ਸ਼ਾਸਤਰੀ ਸੰਗੀਤ ਅਤੇ ਤਬਲੇ ਦੀ ਤਾਲੀਮ ਆਪਣੇ ਪਿਤਾ ਉਸਤਾਦ ਫ਼ਤਹਿ ਅਲੀ ਖ਼ਾਂ ਅਤੇ ਕੱਵਾਲੀ ਦੀ ਤਾਲੀਮ ਉਸਤਾਦ ਸਲਾਮਤ ਅਲੀ ਖ਼ਾਂ ਕੋਲੋਂ ਲਈ | 12 ਮਾਰਚ, 1964 ਨੂੰ  ਗਲੇ ਦੇ ਕੈਂਸਰ ਕਾਰਨ ਪਿਤਾ ਦੀ ਹੋਈ ਮੌਤ ਉਪਰੰਤ ਉਸਤਾਦ ਮੁਬਾਰਕ ਅਲੀ ਖ਼ਾਂ, ਉਸਤਾਦ ਸਲਾਮਤ ਅਲੀ ਖ਼ਾਂ (ਸ਼ਾਮਚੁਰਾਸੀ ਘਰਾਣਾ) ਅਤੇ ਉਸਤਾਦ ਨਵਾਜ਼ ਅਲੀ ਖ਼ਾਂ ਨੇ ਇਨ੍ਹਾਂ ਨੂੰ  ਸੰਗੀਤ ਦੀ ਵਿਧੀਬੱਧ ਤਾਲੀਮ ਦੇਣੀ ਜਾਰੀ ਰੱਖੀ | ਸੰਨ 1966 ਤੋਂ ਬਾਅਦ ਤਾਂ ਉਹ ਉਸਤਾਦ ਮੁਬਾਰਕ ਅਲੀ ਖ਼ਾਂ ਨਾਲ ਮਿਲ ਕੇ ਛੇ ਸਾਲ ਤੱਕ ਮਹਿਫ਼ਲਾਂ ਵਿਚ ਗਾਉਂਦੇ ਰਹੇ | ਚਾਚਾ ਨਵਾਜ਼ ਅਲੀ ਖ਼ਾਂ ਨੇ ਨੁਸਰਤ ਨੂੰ  ਸੂਫ਼ੀ ਸੰਤਾਂ/ਫ਼ਕੀਰਾਂ/ਕਵੀਆਂ ਦੇ ਕਲਾਮ ਯਾਦ ਕਰਵਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ |
ਸੰਨ 1964 ਵਿਚ ਸਭ ਤੋਂ ਪਹਿਲਾਂ ਖ਼ਾਂ ਸਾਹਿਬ ਨੇ ਆਪਣੇ ਪਿਤਾ ਦੇ ਚੇਲਮ 'ਤੇ ਗਾਇਆ | ਇਸ ਮੌਕੇ ਉਥੇ ਮੌਜੂਦ ਕਲਾਸੀਕਲ ਮੌਸੀਕੀ ਦੇ ਉਸਤਾਦ ਛੋਟੇ ਗੁਲਾਮ ਅਲੀ ਖ਼ਾਂ, ਉਸਤਾਦ ਨਜ਼ਾਕਤ ਅਲੀ ਖ਼ਾਂ, ਉਸਤਾਦ ਸਲਾਮਤ ਅਲੀ ਖ਼ਾਂ, ਉਸਤਾਦ ਅਮਾਨਤ ਅਲੀ ਖ਼ਾਂ, ਉਸਤਾਦ ਉਮੀਦ ਅਲੀ ਖ਼ਾਂ, ਉਸਤਾਦ ਗੁਲਾਮ ਹਸਨ, ਫਰੀਦਾ ਖ਼ਾਨਮ, ਮਹਿੰਦੀ ਹਸਨ, ਰੋਸ਼ਆਰਾ ਬੇਗਮ ਬਾਲਕ ਨੁਸਰਤ ਦੀ ਗਾਇਕੀ ਸੁਣ ਕੇ ਦੰਗ ਰਹਿ ਗਏ | 23 ਮਾਰਚ, 1964 ਨੂੰ  15 ਸਾਲ ਦੀ ਉਮਰ ਵਿਚ ਜਦ ਉਨ੍ਹਾਂ ਰੇਡੀਓ ਪਾਕਿਸਤਾਨ, ਲਾਹੌਰ ਤੋਂ 'ਜਸ਼ਨ-ਏ-ਬਹਾਰਾਂ' ਪ੍ਰੋਗਰਾਮ ਵਿਚ ਹਜ਼ਰਤ ਅਮੀਰ ਖੁਸਰੋ ਦਾ ਫਾਰਸੀ ਵਿਚ ਕਲਾਮ 'ਮਨ ਬੰਦਾ ਯਾ ਰੂਹ ਕੀ ਦੀਦ ਨਾ ਗੁਜ਼ਾਰਨ' ਗਾਇਆ ਤਾਂ ਇਸ ਦੀ ਖੂਬ ਚਰਚਾ ਹੋਈ | ਇਸੇ ਪ੍ਰੋਗਰਾਮ ਵਿਚ ਸੰਨ 1975 ਵਿਚ ਉਨ੍ਹਾਂ ਦੀ ਗਾਈ ਕੱਵਾਲੀ 'ਹੱਕ ਅਲੀ-ਅਲੀ' ਨੇ ਉਨ੍ਹਾਂ ਨੂੰ  ਸਟਾਰ ਕਲਾਕਾਰ ਬਣਾ ਦਿੱਤਾ |
ਸੰਨ 1971 ਵਿਚ ਚਾਚਾ ਉਸਤਾਦ ਮੁਬਾਰਕ ਅਲੀ ਖ਼ਾਂ ਦੇ ਬਿਮਾਰ ਹੋਣ ਕਾਰਨ ਪਰਿਵਾਰਿਕ ਕੱਵਾਲ ਪਾਰਟੀ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ਦੇ ਮੋਢਿਆਂ 'ਤੇ ਆ ਗਈ | ਇਸੇ ਸਾਲ ਹੀ ਉਨ੍ਹਾਂ ਨੇ ਪਿਤਾ ਦੀ ਬਰਸੀ ਮੌਕੇ ਕਲਾਸੀਕਲ ਮੌਸੀਕੀ ਦੀ ਪੇਸ਼ਕਾਰੀ ਦਿੰਦਿਆਂ ਐਸਾ ਰੰਗ ਬੰਨਿ੍ਹਆ ਕਿ ਉਨ੍ਹਾਂ ਨੂੰ  'ਉਸਤਾਦ ਦੇ ਖ਼ਿਤਾਬ' ਨਾਲ ਨਿਵਾਜ਼ਿਆ ਗਿਆ | ਸੰਨ 1979 ਵਿਚ ਖ਼ਾਂ ਸਾਹਿਬ ਦਾ ਵਿਆਹ ਨਾਹਿਦ ਨੁਸਰਤ (ਤਾਏ ਦੀ ਬੇਟੀ) ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੇ ਘਰ ਇਕ ਲੜਕੀ ਨਿਦਾ ਦਾ ਜਨਮ ਹੋਇਆ |
ਮੌਸੀਕੀ ਤੋਂ ਇਲਾਵਾ ਹਾਕੀ ਅਤੇ ਕਿ੍ਕਟ ਦੇਖਣ ਦੇ ਸ਼ੌਂਕੀਨ, ਖਾਣ ਲਈ ਕਰੇਲੇ ਅਤੇ ਗੋਸ਼ਤ, ਪੀਣ ਲਈ ਕੌਫੀ ਅਤੇ ਚਿੱਟੇ ਰੰਗ ਨੂੰ  ਪਿਆਰ ਕਰਨ ਵਾਲੇ ਖ਼ਾਂ ਸਾਹਿਬ ਨੇ ਉਰਦੂ, ਪੰਜਾਬੀ, ਫਾਰਸੀ, ਸਰਾਇਕੀ, ਅਰਬੀ, ਹਿੰਦੀ, ਪੂਰਬੀ ਅਤੇ ਫ਼ਾਰਸੀ ਭਾਸ਼ਾਵਾਂ ਵਿਚ ਸੂਫ਼ੀਆਨਾ ਕਲਾਮ/ਕੱਵਾਲੀਆਂ/ਸ਼ਬਦ/ਭਜਨਾਂ ਦਾ ਗਾਇਨ ਕੀਤਾ | ਉਨ੍ਹਾਂ ਦੀਆਂ ਅਣਗਿਣਤ ਕੱਵਾਲੀਆਂ/ਗੀਤ ਜਗਤ ਪ੍ਰਸਿੱਧ ਹੋਈਆਂ, ਜਿਨ੍ਹਾਂ ਵਿਚੋਂ 'ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਅੱਖੀਆਂ ਉਡੀਕਦੀਆਂ, ਸੁਣ ਚਰਖੇ ਦੀ ਮਿੱਠੀ-ਮਿੱਠੀ ਘੂਕ, ਮੈਂ ਤੇ ਅਲੀ ਦਾ ਮਲੰਗ, ਇਕ ਘਰ ਰੱਬ ਦਾ ਦੂਜਾ ਘਰ ਯਾਰ ਦਾ, ਝੂਲੇ-ਝੂਲੇ ਲਾਲ, ਦਮ-ਦਮ ਅਲੀ-ਅਲੀ, ਮੇਰਾ ਪੀਆ ਘਰ ਆਇਆ, ਤੇਰੇ ਬਿਨ ਨਹੀਂ ਲੱਗਦਾ ਜੀਅ ਮੇਰਾ ਢੋਲਣਾ, ਨੀ ਮੈਂ ਜਾਣਾ ਯੋਗੀ ਦੇ ਨਾਲ, ਤੇਰੇ ਵਿਚੋਂ ਰੱਬ ਦਿਸਦਾ, ਮੇਰਾ ਇਹ ਚਰਖਾ ਨੌਂ ਲੱਖਾ ਕੁੜੇ, ਯਾਦਾਂ ਵਿਛੜੇ ਸੱਜਣ ਦੀਆਂ ਆਈਆਂ, ਤੂੰ ਚੀਜ਼ ਬੜੀ ਏ ਮਸਤ-ਮਸਤ, ਸਾਂਸੋਂ ਕੀ ਮਾਲਾ, ਗਿਣ-ਗਿਣ ਤਾਰੇ ਲੰਘਦੀਆਂ ਰਾਤਾਂ, ਮੈਂ ਖੇੜਿਆਂ ਦੇ ਨਹੀਂ ਵੱਸਣਾ, ਸਾਨੂੰ ਰੋਗ ਲਾਉਣ ਵਾਲਿਆ, ਹੱਕ ਅਲੀ-ਅਲੀ, ਵਾਅਦਾ ਕਰਕੇ ਸੱਜਣ ਨਹੀਂ ਆਇਆ, ਉਥੇ ਅਮਲਾਂ ਦੇ ਹੋਣੇ ਨੇ ਨਬੇੜੇ, ਨਿੱਤ ਖ਼ੈਰ ਮੰਗਾਂ ਸੋਹਣਿਆਂ ਮੈਂ ਤੇਰੀ, ਦਮਾ ਦਮ ਮਸਤ ਕਲੰਦਰ, ਬੀਬਾ ਸਾਡਾ ਦਿਲ ਮੋੜ ਦੇ, ਚਰਖੇ ਦੇ ਹਰ-ਹਰ ਗੇੇੜੇ, ਮੇਰੇ ਰਸ਼ਕੇ ਕਮਰ ਤੂਨੇ ਪਹਿਲੀ ਨਜ਼ਰ, ਸਾਨੂੰ ਇਕ ਪਲ ਚੈਨ ਨਾ ਆਵੇ, ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ, ਅੱਲਾ ਹੂ ਅੱਲਾ ਹੂ, ਆਫ਼ਰੀਨ-ਆਫ਼ਰੀਨ, ਦੁਲਹੇ ਕਾ ਸਿਹਰਾ ਸੁਹਾਨਾ ਲਗਤਾ ਹੈ' ਆਦਿ ਦਾ ਜ਼ਿਕਰ ਕਰਨਾ ਬਣਦਾ ਹੈ | 
ਖ਼ਾਂ ਸਾਹਿਬ ਦੀ ਆਵਾਜ਼ ਨੇ ਫ਼ਿਲਮਾਂ ਵਿਚ ਵੀ ਆਪਣੀ ਧਾਂਕ ਜਮਾਈ | ਹਾਲੀਵੁੱਡ ਦੀਆਂ ਤਿੰਨ ਫ਼ਿਲਮਾਂ 'ਦ ਲਾਸਟ ਟੈਂਪਟੇਸ਼ਨ ਆਫ਼ ਕ੍ਰਾਈਸਟ' (ਸੰਗੀਤ: ਪੀਟਰ ਗੈਬ੍ਰੀਅਲ, ਸੰਨ 1988), ਡੈਡ ਮੈਨ ਵਾਕਿੰਗ (ਸਾਥੀ ਅਮਰੀਕੀ ਗਾਇਕ: ਏਡੀ ਵੇਡਰ, 1995) ਦ ਸੇਂਟ (ਸੰਗੀਤ: ਗ੍ਰੈਮੀ ਰੀਵੈਲ, 1997) ਆਦਿ ਦੇ ਸਾਊਾਡ ਟਰੈਕ ਵਿਚ ਉਨ੍ਹਾਂ ਦੀ ਆਵਾਜ਼ ਰਿਕਾਰਡ ਹੋਈ | ਉਨ੍ਹਾਂ ਬਾਲੀਵੁੱਡ ਫ਼ਿਲਮਾਂ ਕੱਚੇ ਧਾਗੇ (ਡਾਇਰੈਕਟਰ: ਮਿਲਨ ਲੂਥਰੀਆ, ਸੰਨ 1999), ਕਾਰਤੂਸ (ਡਾਇਰੈਕਟਰ: ਮਹੇਸ਼ ਭੱਟ, 1999) ਬੈਂਡਿਟ ਕੁਈਨ (ਡਾਇਰੈਕਟਰ: ਸ਼ੇਖਰ ਕਪੂਰ, 1994), ਔਰ ਪਿਆਰ ਹੋ ਗਿਆ (ਡਾਇਰੈਕਟਰ: ਰਾਹੁਲ ਰਾਵੇਲ, 1997), ਧੜਕਨ (ਡਾਇਰੈਕਟਰ: ਧਰਮੇਸ਼ ਦਰਸ਼ਨ, ਸੰਨ 2000) ਫ਼ਿਲਮਾਂ ਵਿਚ ਸੰਗੀਤਕਾਰ ਅਤੇ ਗਾਇਕ ਦੇ ਤੌਰ 'ਤੇ ਕੰਮ ਕੀਤਾ | ਸੰਨ 1997 ਵਿਚ ਬਾਲੀਵੁੱਡ ਸੰਗੀਤਕਾਰ ਏ.ਆਰ. ਰਹਿਮਾਨ ਨਾਲ 'ਬੰਦੇ ਮਾਤਰਮ' ਐਲਬਮ ਵਿਚ 'ਗੁਰੂਜ਼ ਆਫ਼ ਪੀਸ' ਗੀਤ ਗਾ ਕੇ ਭਾਈਚਾਰੇ ਦਾ ਸਬੂਤ ਦਿੱਤਾ | ਬਿ੍ਟਿਸ਼ ਸੰਗੀਤਕਾਰ ਪੀਟਰ ਗੈਬ੍ਰੀਅਲ, ਕਨਾਡਾਈ ਸੰਗੀਤਕਾਰ ਮਾਈਕਲ ਬਰੂਕ, ਬੁਆਏ ਜਾਰਜ, ਮਾਈਕਲ ਹਾਰਮੋਨ, ਪੀਟਰ ਫੋਰਮੈਨ, ਹਾਵਰਡ ਕਰੁੱਕ ਜਿਹੇ ਵਿਦੇਸ਼ੀ ਸੰਗੀਤਕਾਰ/ਗਾਇਕ ਵੀ ਨੁਸਰਤ ਦੀ ਗਾਇਕੀ ਦੇ ਦੀਵਾਨੇ ਸਨ | ਲੰਡਨ ਦੇ ਇਕ ਸ਼ੋਅ ਵਿਚ ਮਸ਼ਹੂਰ ਗਾਇਕ ਮਿਕ ਜੈਗਰ ਤਾਂ ਨੁਸਰਤ ਨੂੰ  ਸਾਹਮਣੇ ਬੈਠ ਕੇ ਤਿੰਨ ਘੰਟੇ ਤੱਕ ਸੁਣਦੇ ਰਹੇ | ਉਨ੍ਹਾਂ ਜਾਵੇਦ ਅਖਤਰ ਨਾਲ ਮਿਲ ਕੇ ਸੰਗਮ ਐਲਬਮ ਵੀ ਰਿਲੀਜ਼ ਕੀਤਾ | ਖ਼ਾਂ ਸਾਹਿਬ ਨੂੰ  ਦੇਸ਼-ਵਿਦੇਸ਼ ਵਿਚ ਅਨੇਕ ਪੁਰਸਕਾਰਾਂ ਨਾਲ ਨਿਵਾਜਿਆ ਗਿਆ |
ਦਿਨ-ਰਾਤ ਸੰਗੀਤ ਦੀ ਇਬਾਦਤ ਕਰਦਿਆਂ ਖ਼ਾਂ ਸਾਹਿਬ ਨੂੰ  ਆਪਣੀ ਸਿਹਤ ਦੀ ਕੋਈ ਪਰਵਾਹ ਨਾ ਰਹੀ | ਸਿੱਟੇ ਵਜੋਂ ਉਨ੍ਹਾਂ ਦਾ ਭਾਰ ਵਧਣ ਲੱਗਾ ਤੇ ਗੁਰਦੇ ਖਰਾਬ ਹੋਣ ਲੱਗੇ | ਸੰਨ 1995 ਵਿਚ ਡਾਕਟਰਾਂ ਨੇ ਗੁਰਦੇ ਬਦਲਾਉਣ ਦੀ ਸਲਾਹ ਦਿੱਤੀ ਪਰ ਉਹ ਮਹਿਫ਼ਲਾਂ ਤੋਂ ਵਿਹਲ ਨਾ ਕੱਢ ਸਕੇ | ਲੰਡਨ ਵਿਚ ਦਿਲ ਦਾ ਦੌਰਾ ਪੈਣ ਉਪਰੰਤ ਉਨ੍ਹਾਂ ਨੂੰ  ਕਰੌਮਵੈਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ 16 ਅਗਸਤ, 1997 ਨੂੰ  ਉਨ੍ਹਾਂ ਆਖਰੀ ਸਾਹ ਲਿਆ | ਵਿਸ਼ਵ ਪ੍ਰਸਿੱਧ ਕੱਵਾਲੀ ਗਾਇਕ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ ਭਾਵੇਂ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਦੀ ਤਿੰਨਾਂ ਸਪਤਕਾਂ ਵਿਚ ਗੂੰਜਦੀ ਆਵਾਜ਼ ਹਮੇਸ਼ਾ ਉਨ੍ਹਾਂ ਦੀ ਯਾਦ ਦਿਵਾਉਂਦੀ ਰਹੇਗੀ |   

-ਪਿ੍ੰਸੀਪਲ, ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ (ਸ਼ਹੀਦ ਭਗਤ ਸਿੰਘ ਨਗਰ)

Ad Position 22
No active advertisement
ਪਿਛਲੀ ਖ਼ਬਰ ਡਿਜੀਟਲ ਯੁੱਗ ਵਿਚ ਡੀਪ ਫੇਕ ਤਕਨਾਲੋਜੀ ਅਤੇ ਮਸਨੂਈ ਸਿਆਣਪ ਸਮਾਜ ਲਈ ਵਰਦਾਨ ਹੈ ਜਾਂ ਸਰਾਪ ਅਗਲੀ ਖ਼ਬਰ ਬੁਖਾਰ ਰੋਧਕ ਵੇਲ ਗਲੋਅ
Ad Position 24