10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅਜੋਕੇ ਦੌਰ ਦੀ ਡਿਜੀਟਲ ਖ਼ੁਰਾਕ ਬਣੀ ਮੋਬਾਈਲ ਦੀ 'ਟੂੰ-ਟੂੰ'

ਅਜੋਕੇ ਦੌਰ ਦੀ ਡਿਜੀਟਲ ਖ਼ੁਰਾਕ ਬਣੀ ਮੋਬਾਈਲ ਦੀ 'ਟੂੰ-ਟੂੰ'

Ad Position 21
No active advertisement
ਅਜੀਤ ਡੈਸਕ 11-10-2026

ਮਸ਼ੀਨੀ ਅਤੇ ਭੱਜ-ਦੌੜ ਵਾਲੇ ਇਸ ਦੌਰ ਵਿਚ ਜੇਕਰ ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਗਿਆਨੀ ਯਾਨੀ 'ਗੂਗਲ ਬਾਬੇ' ਦੀ ਸ਼ਰਨ ਵਿਚ ਜਾ ਕੇ ਇਹ ਸਰਚ ਕਰੋ ਕਿ ਮਨੁੱਖ ਨੂੰ ਸਿਹਤਮੰਦ, ਤਣਾਅ-ਮੁਕਤ ਅਤੇ ਖੁਸ਼ ਕਿਵੇਂ ਰਹਿਣਾ ਚਾਹੀਦਾ ਹੈ, ਤਾਂ ਉਹ ਸਕ੍ਰੀਨ 'ਤੇ ਲੰਬੀ-ਚੌੜੀ ਸੂਚੀ ਕੱਢ ਕੇ ਤੁਹਾਡੇ ਸਾਹਮਣੇ ਰੱਖ ਦੇਵੇਗਾ | ਇਸ ਲਿਸਟ ਵਿਚ ਸਵੇਰੇ ਚਾਰ ਵਜੇ ਬ੍ਰਹਮ ਮਹੂਰਤ ਵਿਚ ਉੱਠਣ, ਪਾਰਕ ਵਿਚ ਜਾ ਕੇ ਲੰਬੇ-ਲੰਬੇ ਸਾਹ ਲੈ ਕੇ ਯੋਗਾ ਕਰਨ, ਨਿੰਮ ਅਤੇ ਕਰੇਲੇ ਦਾ ਕੌੜਾ ਜੂਸ ਪੀਣ ਅਤੇ ਹਰੀਆਂ ਸਬਜ਼ੀਆਂ ਚੱਬਣ ਵਰਗੇ ਸੌ-ਸੌ ਨੁਸਖੇ ਲਿਖੇ ਹੋਣਗੇ | ਪਰ ਅੱਜ ਦੇ ਇਸ ਆਧੁਨਿਕ ਸਮਾਜ ਦੀ ਅਸਲੀਅਤ ਅਤੇ ਸਭ ਤੋਂ ਵੱਡਾ ਸੱਚ ਕੁਝ ਹੋਰ ਹੀ ਹੈ | ਸੱਚਾਈ ਇਹ ਹੈ ਕਿ ਸਵੇਰੇ ਉੱਠ ਕੇ ਨਿੰਮ ਦਾ ਜੂਸ ਪੀਣ ਨਾਲ ਬੰਦੇ ਦਾ ਮੂਡ ਠੀਕ ਹੋਵੇ ਜਾਂ ਨਾ ਹੋਵੇ, ਪਰ ਜੇਕਰ ਦਿਨ ਚੜ੍ਹਦੇ ਹੀ ਜੇਬ ਵਿਚ ਪਏ ਮੋਬਾਈਲ ਫੋਨ 'ਚੋਂ ਇਕ ਪਿਆਰੀ ਜਿਹੀ 'ਟੂੰ-ਟੂੰ' ਦੀ ਆਵਾਜ਼ ਆ ਜਾਵੇ, ਤਾਂ ਮੁਰਦੇ ਵਿਚ ਵੀ ਜਾਨ ਪੈ ਜਾਂਦੀ ਹੈ |

ਇਸੇ ਚਮਤਕਾਰੀ ਆਵਾਜ਼ ਨੂੰ ਅਸੀਂ 'ਟੂੰ-ਟੂੰ ਦਾ ਟੀਕਾ' ਕਹਿ ਸਕਦੇ ਹਾਂ, ਜੋ ਕਿ ਅੱਜ ਦੇ ਜ਼ਮਾਨੇ ਦੀ ਸਭ ਤੋਂ ਕਾਰਗਰ, ਸਸਤੀ ਅਤੇ ਤੁਰੰਤ ਅਸਰ ਦਿਖਾਉਣ ਵਾਲੀ ਡਿਜੀਟਲ ਵੈਕਸੀਨ ਬਣ ਚੁੱਕੀ ਹੈ | ਇਸ ਅਨੋਖੇ ਟੀਕੇ ਦਾ ਦੁਨੀਆ ਦੀਆਂ ਵੱਡੀਆਂ-ਵੱਡੀਆਂ ਵਿਗਿਆਨਿਕ ਲੈਬਾਂ, ਹਸਪਤਾਲਾਂ ਜਾਂ ਡਾਕਟਰੀ ਫਾਰਮੂਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਪਰ ਕਮਾਲ ਦੀ ਗੱਲ ਦੇਖੋ, ਜਿਵੇਂ ਹੀ ਫੋਨ ਵਾਈਬ੍ਰੇਟ ਹੋ ਕੇ ਖੜਕਦਾ ਹੈ ਤਾਂ ਬੰਦੇ ਦੇ ਸਰੀਰ ਵਿਚ ਅਜਿਹੀ ਊਰਜਾ ਅਤੇ ਖੁਸ਼ੀ ਦੀ ਲਹਿਰ ਦੌੜਦੀ ਹੈ ਕਿ ਪੰਜ ਮਿੰਟ ਪਹਿਲਾਂ ਲੱਕ ਦੁਖਣ ਜਾਂ ਸਿਰਦਰਦ ਦਾ ਬਹਾਨਾ ਬਣਾ ਕੇ ਮੰਜੇ 'ਤੇ ਪਿਆ ਸੁਸਤ ਬੰਦਾ ਵੀ ਸਾਰੀ ਥਕਾਵਟ ਭੁੱਲ ਕੇ ਇਕਦਮ ਐਕਟਿਵ ਹੋ ਜਾਂਦਾ ਹੈ | ਇਸ ਵਰਤਾਰੇ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਜ-ਕੱਲ੍ਹ ਇਨਸਾਨ ਦੇ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਅਤੇ ਮਾਨਸਿਕ ਸਿਹਤ ਦਾ ਸਿੱਧਾ ਕੁਨੈਕਸ਼ਨ ਕਿਸੇ ਡਿਸਪੈਂਸਰੀ ਨਾਲ ਨਹੀਂ, ਬਲਕਿ ਬੈਂਕ ਦੇ ਖਾਤੇ ਅਤੇ ਸੋਸ਼ਲ ਮੀਡੀਆ ਦੀ ਨੋਟੀਫਿਕੇਸ਼ਨ ਟੋਨ ਨਾਲ ਜੁੜ ਗਿਆ ਹੈ |
ਜੇਕਰ ਅਸੀਂ ਅੱਜ ਦੇ ਸਮਾਜ ਦਾ ਗੰਭੀਰਤਾ ਨਾਲ ਨਿਰੀਖਣ ਕਰੀਏ ਤਾਂ ਬਾਜ਼ਾਰਾਂ, ਦਫ਼ਤਰਾਂ, ਬੱਸਾਂ ਜਾਂ ਘਰਾਂ 'ਚ ਲੋਕਾਂ ਦੇ ਚਿਹਰੇ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਕਿਸ ਦੇ ਫੋਨ ਵਿਚ 'ਟੂੰ-ਟੂੰ' ਹੋਈ ਹੈ ਅਤੇ ਕਿਸ ਦਾ ਫੋਨ ਪਿਛਲੇ ਕਈ ਦਿਨਾਂ ਤੋਂ ਮੌਨ ਵਰਤ ਧਾਰ ਕੇ ਬੈਠਾ ਹੈ | ਅੱਜਕਲ੍ਹ ਦੇ ਜ਼ਮਾਨੇ ਦੀ ਡਿਜੀਟਲ ਡਾਕਟਰੀ ਸਿਰਫ਼ ਬੈਂਕ ਦੇ 'ਅਕਾਊਾਟ ਕ੍ਰੈਡਿਟੇਡ' ਵਾਲੇ ਮੈਸੇਜਾਂ ਤੱਕ ਹੀ ਸੀਮਤ ਨਹੀਂ ਰਹੀ, ਬਲਕਿ ਇਸ 'ਟੂੰ-ਟੂੰ ਦੇ ਟੀਕੇ' ਦਾ ਇਕ ਬਹੁਤ ਵੱਡਾ ਹਿੱਸਾ ਹੁਣ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਅਤੇ ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਸਾਂਭ ਲਿਆ ਹੈ | ਇਹ ਉਹ ਪਲੇਟਫਾਰਮ ਹਨ, ਜਿੱਥੇ ਆਉਣ ਵਾਲੀਆਂ ਨੋਟੀਫਿਕੇਸ਼ਨਾਂ ਬੰਦੇ ਦੇ ਮੂਡ ਨੂੰ ਪਲਾਂ ਵਿਚ ਜ਼ਮੀਨ ਤੋਂ ਅਸਮਾਨ 'ਤੇ ਪਹੁੰਚਾ ਦਿੰਦੀਆਂ ਹਨ |
ਮਿਸਾਲ ਵਜੋਂ, ਜਿਵੇਂ ਹੀ ਵਟਸਐਪ 'ਤੇ ਕੋਈ ਪਿਆਰਾ ਜਿਹਾ ਸੁਨੇਹਾ ਆਉਂਦਾ ਹੈ, ਜਾਂ ਫੇਸਬੁੱਕ 'ਤੇ ਨਵੀਂ ਪਾਈ ਫੋਟੋ ਨੂੰ ਅਜੇ ਦੋ ਮਿੰਟ ਵੀ ਨਹੀਂ ਹੁੰਦੇ ਕਿ ਨੋਟੀਫਿਕੇਸ਼ਨ ਦੀ 'ਟੂੰ-ਟੂੰ' ਖੜਕਦੀ—'ਸਮਵਨ ਲਾਈਕਡ ਯੂਅਰ ਫੋਟੋ'—ਤਾਂ ਬੰਦੇ ਦਾ ਸੀਨਾ ਖੁਸ਼ੀ ਨਾਲ ਚੌੜਾ ਹੋ ਜਾਂਦਾ ਹੈ | ਇੰਸਟਾਗ੍ਰਾਮ ਦੀ ਚਮਕ-ਦਮਕ ਵਾਲੀ ਦੁਨੀਆ ਵਿਚ ਜਦੋਂ ਰੀਲਾਂ ਬਣਾਉਣ ਵਾਲੇ ਨੌਜਵਾਨਾਂ ਦੇ ਫੋਨ ਵਿਚ ਲਗਾਤਾਰ 'ਟੂੰ-ਟੂੰ' ਹੋ ਕੇ ਫਾਲੋਅਰਜ਼ ਅਤੇ ਲਾਈਕਸ ਵਧਣ ਦੀ ਨੋਟੀਫਿਕੇਸ਼ਨ ਆਉਂਦੀ ਹੈ, ਤਾਂ ਉਹ ਖੁਸ਼ੀ ਕਿਸੇ ਮਹਿੰਗੇ ਮਲਟੀ-ਵਿਟਾਮਿਨ ਦੀ ਬੂਸਟਰ ਡੋਜ਼ ਤੋਂ ਘੱਟ ਨਹੀਂ ਹੁੰਦੀ | ਇਸੇ ਤਰ੍ਹਾਂ ਸਨੈਪਚੈਟ ਦੀ 'ਸਟ੍ਰੀਕ' ਬਚਾਉਣ ਲਈ ਜਦੋਂ ਦਿਨ-ਰਾਤ ਫੋਨ ਵਿਚੋਂ ਆਵਾਜ਼ਾਂ ਆਉਂਦੀਆਂ ਹਨ, ਤਾਂ ਅੱਜ ਦੀ ਨਵੀਂ ਪੀੜ੍ਹੀ ਨੂੰ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਜ਼ਿੰਦਗੀ ਜਿਊਣ ਦੀ ਨਵੀਂ ਆਕਸੀਜਨ ਮਿਲ ਗਈ ਹੋਵੇ |
ਜਿਨ੍ਹਾਂ ਦੇ ਫੋਨ ਇਹ ਸੋਸ਼ਲ ਨੋਟੀਫਿਕੇਸ਼ਨਾਂ ਨਾਲ ਲਗਾਤਾਰ ਟੂੰ-ਟੂੰ ਕਰਦੇ ਰਹਿੰਦੇ ਹਨ, ਉਹ ਸਮਾਜ ਵਿਚ ਇੰਝ ਘੁੰਮਦੇ ਹਨ ਜਿਵੇਂ ਪੂਰੀ ਦੁਨੀਆ ਦੇ ਸਟਾਰ ਉਹੀ ਹੋਣ | ਪਰ ਜਿਵੇਂ ਹੀ ਜੇਬ ਵਿਚੋਂ ਇਹ  ਧੁਨੀ ਖੜਕਣੀ ਬੰਦ ਹੋ ਜਾਵੇ, ਬੰਦਾ ਆਪਣੀ ਐਨਕ ਸਿੱਧੀ ਕਰਕੇ, ਵਾਰ-ਵਾਰ ਫੋਨ ਦਾ ਇੰਟਰਨੈੱਟ ਅਤੇ ਵਾਈ-ਫਾਈ ਚੈੱਕ ਕਰਦਾ ਹੈ ਕਿ ਕਿਤੇ ਨੈੱਟਵਰਕ ਤਾਂ ਨਹੀਂ ਉੱਡ ਗਿਆ | ਇਸ ਹਾਸੋਹੀਣੇ ਡਿਜੀਟਲ ਸਮਾਜ ਦੇ ਜ਼ਮਾਨੇ ਵਿਚ, ਜਿਸ ਕਿਸੇ ਭਾਗਾਂ ਵਾਲੇ ਦੇ ਫੋਨ ਵਿਚ ਦਿਨ ਵਿਚ ਚਾਰ-ਪੰਜ ਵਾਰ ਇਹ ਯੂ. ਪੀ. ਆਈ. ਕ੍ਰੈਡਿਟ, ਵਟਸਐਪ ਦੇ ਗਰੁੱਪਾਂ ਵਿਚ ਮਿਲੀ ਵਾਹ-ਵਾਹ, ਜਾਂ ਇੰਸਟਾਗ੍ਰਾਮ 'ਤੇ ਵਾਇਰਲ ਹੋਣ ਵਾਲਾ 'ਟੂੰ-ਟੂੰ ਦਾ ਟੀਕਾ' ਲੱਗਦਾ ਰਹਿੰਦਾ ਹੈ, ਸਮਾਜ ਵਿਚ ਉਸ ਦੀ ਹਵਾ ਹੀ ਬਦਲ ਜਾਂਦੀ ਹੈ | ਉਸ ਦੀਆਂ ਫੋਕੀਆਂ ਤੇ ਬਿਨਾਂ ਮਤਲਬ ਦੀਆਂ ਗੱਲਾਂ 'ਤੇ ਵੀ ਲੋਕ ਇੰਝ ਹੱਸਦੇ ਹਨ ਜਿਵੇਂ ਉਹ ਦੁਨੀਆ ਦਾ ਸਭ ਤੋਂ ਸਿਆਣਾ ਇਨਸਾਨ ਹੋਵੇ | ਉਸ ਦੇ ਚਿਹਰੇ 'ਤੇ ਅਜਿਹੀ ਕੁਦਰਤੀ ਚਮਕ ਆਉਂਦੀ ਹੈ, ਜੋ ਦੁਨੀਆ ਦੇ ਕਿਸੇ ਵੀ ਮਹਿੰਗੇ ਬਿਊਟੀ ਪਾਰਲਰ ਦੇ ਫੇਸ਼ੀਅਲ ਨਾਲ ਨਹੀਂ ਆ ਸਕਦੀ |
ਪਰ ਠਹਿਰੋ! ਜਿਵੇਂ ਦੁਨੀਆ ਦੇ ਹਰ ਮਹਿੰਗੇ ਅਤੇ ਪ੍ਰਭਾਵਸ਼ਾਲੀ ਟੀਕੇ ਦੇ ਕੁਝ ਨਿਯਮ ਅਤੇ ਖ਼ਤਰਨਾਕ ਸਾਈਡ ਇਫੈਕਟ ਭਾਵ ਮਾੜੇ ਪ੍ਰਭਾਵ ਹੁੰਦੇ ਹਨ, ਇਸ 'ਟੂੰ-ਟੂੰ ਦੇ ਟੀਕੇ' ਦੇ ਵੀ ਦੋ ਪਹਿਲੂ ਹਨ, ਜਿਨ੍ਹਾਂ ਤੋਂ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ | ਜੇਕਰ ਇਹ 'ਟੂੰ-ਟੂੰ' ਦੀ ਆਵਾਜ਼ ਪੈਸੇ ਆਉਣ ਦੀ ਬਜਾਏ ਖਾਤੇ ਵਿਚੋਂ ਪੈਸੇ ਕੱਟਣ ਯਾਨੀ 'ਅਮਾਊਾਟ ਡੈਬਿਟਿਡ' ਦੀ ਹੋਵੇ, ਜਾਂ ਕਿਸੇ 'ਆਨਲਾਈਨ ਸ਼ਾਪਿੰਗ' ਦੀ ਸਾਈਟ ਤੋਂ ਆਟੋ-ਡੈਬਿਟ ਦਾ ਮੈਸੇਜ ਆਵੇ, ਜਾਂ ਬਿਜਲੀ ਦਾ ਮੋਟਾ ਬਿੱਲ ਅਤੇ ਗੱਡੀ ਦੇ ਲੋਨ ਦੀ ਕਿਸ਼ਤ ਕੱਟਣ ਦੀ ਨੋਟੀਫਿਕੇਸ਼ਨ ਹੋਵੇ, ਤਾਂ ਇਹ ਟੀਕਾ ਉਲਟਾ ਅਸਰ ਕਰ ਜਾਂਦਾ ਹੈ | ਇਸੇ ਤਰ੍ਹਾਂ ਜੇਕਰ ਵਟਸਐਪ 'ਤੇ 'ਟੂੰ-ਟੂੰ' ਹੋ ਕੇ ਦਫ਼ਤਰ ਦੇ ਬੌਸ ਦਾ ਐਤਵਾਰ ਵਾਲੇ ਦਿਨ ਛੁੱਟੀ ਮੌਕੇ ਕੰਮ ਦਾ ਮੈਸੇਜ ਆ ਜਾਵੇ, ਜਾਂ ਫੇਸਬੁੱਕ-ਇੰਸਟਾ 'ਤੇ ਕੋਈ ਨਾਕਾਰਾਤਮਕ ਕੁਮੈਂਟ ਆ ਜਾਵੇ, ਤਾਂ ਹੱਸਦਾ-ਖੇਡਦਾ ਬੰਦਾ ਵੀ ਪਲ ਭਰ ਵਿਚ ਸਿਰ ਫੜ ਕੇ ਬੈਠ ਜਾਂਦਾ ਹੈ ਤੇ ਉਸ ਦਾ ਬਲੱਡ ਪ੍ਰੈਸ਼ਰ ਅਸਮਾਨ ਨੂੰ ਛੂਹਣ ਲੱਗਦਾ ਹੈ |
ਇਸ ਤੋਂ ਵੀ ਵੱਡਾ ਖ਼ਤਰਾ ਅੱਜ ਦੇ ਸਮਾਜ ਵਿਚ ਘੁੰਮ ਰਹੇ ਉਨ੍ਹਾਂ ਗੁੰਮਰਾਹ ਅਨਸਰਾਂ ਤੋਂ ਹੈ, ਜਿਨ੍ਹਾਂ ਨੂੰ ਅਸੀਂ 'ਆਨਲਾਈਨ ਠੱਗ' ਜਾਂ 'ਸਾਈਬਰ ਕਿ੍ਮੀਨਲ' ਕਹਿੰਦੇ ਹਾਂ | ਇਹ ਲੋਕ ਫੇਸਬੁੱਕ, ਵਟਸਐਪ ਜਾਂ ਟੈਕਸਟ ਮੈਸੇਜ ਰਾਹੀਂ ਫਰਜ਼ੀ ਲਿੰਕ ਭੇਜ ਕੇ ਬੜੇ ਪਿਆਰ ਨਾਲ ਕਹਿੰਦੇ ਹਨ ਕਿ ਤੁਹਾਡੀ ਕੋਈ ਵੱਡੀ ਲਾਟਰੀ ਲੱਗੀ ਹੈ ਜਾਂ ਇਨਾਮ ਨਿਕਲਿਆ ਹੈ, ਬੱਸ ਇਕ ਛੋਟਾ ਜਿਹਾ ਓ.ਟੀ.ਪੀ. ਸਾਨੂੰ ਦੱਸ ਦਿਓ | ਜਿਵੇਂ ਹੀ ਕੋਈ ਭੋਲਾ-ਭਾਲਾ ਇਨਸਾਨ  ਲਾਲਚ ਵਿਚ ਆ ਕੇ ਉਹ ਕੋਡ ਦੱਸਦਾ ਹੈ, ਤਾਂ ਉਸ ਦੇ ਖਾਤੇ 'ਤੇ ਅਜਿਹਾ ਡਿਜੀਟਲ ਡਾਕਾ ਵੱਜਦਾ ਹੈ ਕਿ ਪੂਰੀ ਉਮਰ ਦੀ ਮਿਹਨਤ ਦੀ ਕਮਾਈ ਪਲਾਂ ਵਿਚ ਸਾਫ਼ ਹੋ ਜਾਂਦੀ ਹੈ | ਫਿਰ ਉਹ 'ਟੂੰ-ਟੂੰ' ਦੀ ਆਵਾਜ਼ ਖੁਸ਼ੀ ਦੀ ਬਜਾਏ ਉਮਰ ਭਰ ਦਾ ਰੋਣਾ ਅਤੇ ਪਛਤਾਵਾ ਬਣ ਜਾਂਦੀ ਹੈ | ਇਸ ਲਈ, ਡਿਜੀਟਲ ਦੁਨੀਆ ਅਤੇ ਸਮਾਰਟਫੋਨ ਦੀ ਵਰਤੋਂ ਕਰਦੇ ਸਮੇਂ ਸਮਾਰਟ ਅਤੇ ਚੌਕੰਨੇ ਰਹਿਣਾ ਬਹੁਤ ਜ਼ਰੂਰੀ ਹੈ |
ਇਸ ਸਾਰੇ ਹਾਸੇ-ਠੱਠੇ, ਬੈਂਕ ਦੇ ਮੈਸੇਜਾਂ, ਸੋਸ਼ਲ ਮੀਡੀਆ ਦੇ 'ਲਾਈਕਸ' ਅਤੇ ਵਿਅੰਗਮਈ ਗੱਲਾਂ ਦੇ ਪਿੱਛੇ ਅੱਜ ਦੇ ਸਮਾਜ ਲਈ ਇਕ ਬਹੁਤ ਹੀ ਡੂੰਘਾ, ਗੰਭੀਰ ਅਤੇ ਸੱਚਾ ਸੁਨੇਹਾ ਛੁਪਿਆ ਹੋਇਆ ਹੈ, ਜਿਸ ਨੂੰ ਸਾਨੂੰ ਸਾਰਿਆਂ ਨੂੰ ਠੰਢੇ ਦਿਮਾਗ ਨਾਲ ਸਮਝਣ ਦੀ ਲੋੜ ਹੈ | ਅਸਲ ਵਿਚ ਅਸੀਂ ਅੱਜ ਦੇ ਦੌਰ ਵਿਚ ਇੰਨੇ ਜ਼ਿਆਦਾ ਮਸ਼ੀਨੀ, ਭੌਤਿਕਵਾਦੀ ਅਤੇ ਡਿਜੀਟਲ ਗੁਲਾਮ ਹੋ ਚੁੱਕੇ ਹਾਂ ਕਿ ਸਾਡਾ ਸਕੂਨ, ਸਾਡੀ ਅੰਦਰੂਨੀ ਖੁਸ਼ੀ, ਸਾਡੇ ਚਿਹਰੇ ਦੀ ਮੁਸਕਰਾਹਟ ਅਤੇ ਸਾਡਾ ਮੂਡ ਸਿਰਫ਼ ਇਕ ਛੋਟੇ ਜਿਹੇ ਫੋਨ ਦੀ ਨੋਟੀਫਿਕੇਸ਼ਨ, ਵਟਸਐਪ ਦੇ ਮੈਸੇਜਾਂ, ਇੰਸਟਾਗ੍ਰਾਮ ਦੇ ਹਾਰਟਸ ਅਤੇ ਬੈਂਕ ਦੇ ਖਾਤੇ ਵਿਚ ਵਧਣ ਵਾਲੇ ਨੰਬਰਾਂ ਦੇ ਮੁਥਾਜ ਬਣ ਕੇ ਰਹਿ ਗਏ ਹਨ |
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਮਹਿੰਗਾਈ ਵਾਲੇ ਜ਼ਮਾਨੇ ਵਿਚ ਜ਼ਿੰਦਗੀ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਪੈਸਾ ਬਹੁਤ ਜ਼ਰੂਰੀ ਹੈ ਅਤੇ ਸਮਾਜ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਵੀ ਇਕ ਮਹੱਤਵਪੂਰਨ ਸਾਧਨ ਹੈ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਿਰਫ਼ 'ਸਾਧਨ' ਹਨ, ਇਹ ਸਾਡੀ ਜ਼ਿੰਦਗੀ ਦਾ ਆਖ਼ਰੀ ਮਕਸਦ ਨਹੀਂ ਹੋ ਸਕਦੇ | ਗੂਗਲ 'ਤੇ ਸਿਹਤ ਅਤੇ ਖੁਸ਼ੀ ਦੇ ਨੁਸਖੇ ਲੱਭਣ ਦੇ ਨਾਲ-ਨਾਲ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਇਹ ਵੀ ਯਾਦ ਰੱਖਣਾ ਪਵੇਗਾ ਕਿ ਅਸਲੀ ਤੰਦਰੁਸਤੀ, ਦਿਮਾਗੀ ਸ਼ਾਂਤੀ ਅਤੇ ਆਤਮਿਕ ਸਕੂਨ ਫੋਨ ਦੀ ਉਸ ਨਿਰਜੀਵ 'ਟੂੰ-ਟੂੰ' ਵਿਚ ਨਹੀਂ ਹੈ |
ਅਸਲੀ ਖੁਸ਼ੀ ਤਾਂ ਆਪਣੇ ਪਰਿਵਾਰ ਦੇ ਜੀਆਂ ਨਾਲ ਬੈਠ ਕੇ, ਬਿਨਾਂ ਫੋਨ ਦੇ ਮਾਰੇ ਗਏ ਹਾਸੇ-ਮਜ਼ਾਕ ਦੇ ਠਹਾਕਿਆਂ ਵਿਚ ਹੈ; ਆਪਣੇ ਬੱਚਿਆਂ ਦੀਆਂ ਮਾਸੂਮ ਅਤੇ ਪਿਆਰੀਆਂ ਗੱਲਾਂ ਨੂੰ ਸੁਣਨ ਵਿਚ ਹੈ; ਮਾਂ-ਬਾਪ ਦੇ ਕੋਲ ਬੈਠ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਵਿਚ ਹੈ | ਕਿਸੇ ਲੋੜਵੰਦ ਇਨਸਾਨ ਦੀ ਬਿਨਾਂ ਕਿਸੇ ਸੁਆਰਥ, ਬਿਨਾਂ ਸੈਲਫੀ ਲਏ ਮਦਦ ਕਰਕੇ, ਜੋ ਦਿਲ ਨੂੰ ਅੰਦਰੂਨੀ ਸੰਤੋਖ ਮਿਲਦਾ ਹੈ, ਅਸਲ ਵਿਚ ਉਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਹੈ |
ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਾਡੇ ਰਿਸ਼ਤਿਆਂ, ਮੁਹੱਬਤ, ਆਪਸੀ ਸਾਂਝ ਅਤੇ ਇਨਸਾਨੀਅਤ ਦੇ ਖਾਤੇ ਵਿਚ ਕਦੇ ਵੀ 'ਜ਼ੀਰੋ ਬੈਲੇਂਸ' ਨਾ ਹੋਵੇ | ਇਸ ਲਈ ਫੋਨ ਦੀ ਹਰ ਨੋਟੀਫਿਕੇਸ਼ਨ ਅਤੇ ਮੈਸੇਜ ਦੀ 'ਟੂੰ-ਟੂੰ' ਦਾ ਅਨੰਦ ਜ਼ਰੂਰ ਲਓ, ਖੁਸ਼ ਹੋਵੋ ਅਤੇ ਤਰੱਕੀ ਕਰੋ, ਪਰ ਆਪਣੀ ਜ਼ਿੰਦਗੀ ਦੀ ਅਸਲੀ ਖੁਸ਼ੀ ਅਤੇ ਮਾਨਸਿਕ ਸ਼ਾਂਤੀ ਦੀ ਚਾਬੀ ਇਸ ਪੰਜ ਇੰਚ ਦੇ ਡਿਜੀਟਲ ਡੱਬੇ ਦੇ ਹੱਥ ਵਿਚ ਦੇਣ ਦੀ ਬਜਾਏ, ਕੁਦਰਤ ਦੇ ਨੇੜੇ ਹੋਵੋ | ਆਪਣੇ ਪਿਆਰਿਆਂ ਦੇ ਸੰਗ ਜ਼ਿੰਦਗੀ ਦੇ ਹਰ ਪਲ ਨੂੰ ਖੁੱਲ੍ਹ ਕੇ ਅਤੇ ਜ਼ਿੰਦਾਦਿਲੀ ਨਾਲ ਜੀਓ, ਤਾਂ ਜੋ ਤੁਹਾਡਾ ਦਿਲ, ਤੁਹਾਡਾ ਸਮਾਜਿਕ ਦਾਇਰਾ ਅਤੇ ਤੁਹਾਡੀ ਜ਼ਿੰਦਗੀ ਹਮੇਸ਼ਾ ਖੁਸ਼ਹਾਲ ਅਤੇ ਤੰਦਰੁਸਤ ਰਹਿਣ |

-ਨੰਗਲ ਡੈਮ, ਰੂਪਨਗਰ
ਮੋਬਾਈਲ : 99142-30416

Ad Position 22
No active advertisement
ਪਿਛਲੀ ਖ਼ਬਰ ਅਮੀਰ ਮੁਹੰਮਦ (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਅਗਲੀ ਖ਼ਬਰ ਡਿਜੀਟਲ ਯੁੱਗ ਵਿਚ ਡੀਪ ਫੇਕ ਤਕਨਾਲੋਜੀ ਅਤੇ ਮਸਨੂਈ ਸਿਆਣਪ ਸਮਾਜ ਲਈ ਵਰਦਾਨ ਹੈ ਜਾਂ ਸਰਾਪ
Ad Position 24