ਕਣਕ ਪੰਜਾਬ ਦੀ ਮੁੱਖ ਫ਼ਸਲ ਹੈ। ਇਸ ਸਾਲ ਇਸ ਦੀ ਕਾਸ਼ਤ 35 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ। ਥੋੜ੍ਹਾ ਜਿਹਾ ਰਕਬਾ ਜੋ ਆਲੂਆਂ, ਮਟਰਾਂ ਅਤੇ ਗੰਨੇ ਆਦਿ ਵਾਲਾ ਰਹਿੰਦਾ ਹੈ, ਉਹ 15 ਜਨਵਰੀ ਤੱਕ ਪਛੇਤੀਆਂ ਕਿਸਮਾਂ ਐਚ ਡੀ 3298, ਪੀਬੀਡਬਲਿਊ 771 ਅਤੇ ਪੀਬੀਡਬਲਿਊ 753 ਆਦਿ 'ਚੋਂ ਕਿਸੇ ਕਿਸਮ ਨਾਲ ਬੀਜਿਆ ਜਾਵੇਗਾ।
ਅਜੋਕਾ ਮੌਸਮ, ਜਿਸ 'ਚ ਠੰਢ ਪੈ ਰਹੀ ਹੈ, ਇਹ ਕਣਕ ਲਈ ਬਹੁਤ ਲਾਭਦਾਇਕ ਹੈ। ਪਿਛਲੇ ਹਫ਼ਤੇ ਹੋਈ ਬਾਰਿਸ਼ ਵੀ ਸੋਨੇ 'ਤੇ ਸੁਹਾਗਾ ਵਾਲੀ ਗੱਲ ਸੀ। ਡਾ. ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਹਿੰਦੇ ਹਨ ਕਿ ਜੇ ਮੌਸਮ ਮਾਰਚ ਤੱਕ ਇਸੇ ਤਰ੍ਹਾਂ ਰਿਹਾ ਤਾਂ ਕਣਕ ਦੀ ਭਰਪੂਰ ਫ਼ਸਲ ਹੋਣ ਦਾ ਅਨੁਮਾਨ ਹੈ। ਪੰਜਾਬ ਕਣਕ ਉਤਪਾਦਨ 'ਚ ਮੋਹਰੀ ਰਾਜ ਰਿਹਾ ਹੈ। ਛੇ ਸਾਲ ਪਹਿਲਾਂ 2018 19 'ਚ ਪੰਜਾਬ 'ਚ ਕਣਕ ਦਾ ਉਤਪਾਦਨ 182.62 ਲੱਖ ਟਨ 'ਤੇ ਪਹੁੰਚ ਗਿਆ ਸੀ। ਪਰ ਇਸ ਤੋਂ ਬਾਅਦ ਖ਼ਰਾਬ ਮੌਸਮ, ਬਾਰਿਸ਼, ਹੜ੍ਹ ਅਤੇ ਤੇਜ਼ ਹਵਾਵਾਂ ਦੇ ਚਲਦਿਆਂ ਇਹ ਉਤਪਾਦਨ ਘਟ ਗਿਆ, ਜਦਕਿ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਜਿਹੇ ਰਾਜ ਇਸ ਤੋਂ ਅੱਗੇ ਲੰਘ ਗਏ ਅਤੇ ਹਰਿਆਣਾ ਦਾ ਉਤਪਾਦਨ ਵੀ ਪੰਜਾਬ ਦੇ ਉਤਪਾਦਨ ਨੂੰ ਛੂਹਣ ਦੇ ਕਰੀਬ ਆ ਗਿਆ।
ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਣਕ ਦੀ ਭਰਪੂਰ ਫ਼ਸਲ ਹੋਣ ਦਾ ਅਨੁਮਾਨ ਲਗਾਉਣ ਲਈ ਮੌਸਮ ਦੇ ਅਨੁਕੂਲ ਹੋਣ ਤੋਂ ਇਲਾਵਾ ਕਿਸਾਨਾਂ ਵਲੋਂ ਖੇਤੀ ਖੋਜ ਨੂੰ ਫੁਰਤੀ ਨਾਲ ਅਪਣਾਉਣਾ ਅਤੇ ਨਵੀਆਂ ਕਾਢਾਂ ਅਮਲ 'ਚ ਲਿਆਉਣੀਆਂ ਵੀ ਸਹਾਇਕ ਹਨ। ਮਸ਼ੀਨਰੀ, ਖਾਦ, ਨਦੀਨਨਾਸ਼ਕ ਤੇ ਕੀਟਨਾਸ਼ਕ ਵਰਤਣ ਨਾਲ ਵੀ ਉਤਪਾਦਕਤਾ ਵਧਣ ਦੀ ਆਸ ਬੱਝੀ ਹੈ। ਡਾ. ਸਤਿਬੀਰ ਸਿੰਘ ਉਪ ਕੁਲਪਤੀ ਪੀ.ਏ.ਯੂ. ਵਲੋਂ ਕਿਸਾਨਾਂ ਨੂੰ ਦਿੱਤੀਆਂ ਪੀਬੀਡਬਲਿਊ-872 ਤੇ ਪੀਬੀਡਬਲਿਊ-826 ਅਤੇ ਭਾਰਤੀ ਖੇਤੀ ਖੋਜ ਸੰਸਥਾਨ (ਆਈ.ਸੀ.ਏ.ਆਰ.) ਵਲੋਂ ਵਿਕਸਿਤ ਐਚਡੀ 3386, ਐਚਡੀ 3406 ਤੇ ਐਚਡੀ 3226 ਜਿਹੀਆਂ ਕਿਸਮਾਂ ਨੂੰ ਇਸ ਸਾਲ ਕਿਸਾਨਾਂ ਵਲੋਂ ਵਧ ਚੜ੍ਹ ਕੇ ਅਪਣਾਇਆ ਗਿਆ। ਆਈ.ਸੀ.ਏ.ਆਰ. ਭਾਰਤੀ ਕਣਕ ਤੇ ਜੌਂਆਂ ਦੇ ਖੋਜ ਸੰਸਥਾਨ ਕਰਨਾਲ ਦੀਆਂ ਡੀਬੀਡਬਲਿਊ 327, ਡੀਬੀਡਬਲਿਊ 372, ਡੀਬੀਡਬਲਿਊ 187 ਆਦਿ ਜਿਹੀਆਂ ਕਿਸਮਾਂ ਜੋ ਗਰਮੀ ਵਧੇਰੇ ਪ੍ਰਭਾਵਿਤ ਨਹੀਂ ਹੁੰਦੀਆਂ, ਵੀ ਕਿਸਾਨਾਂ ਨੇ ਵੱਡੇ ਪੱਧਰ 'ਤੇ ਬੀਜੀਆਂ। ਇਸ ਸਾਲ ਨਵੰਬਰ ਦੇ ਅਖ਼ੀਰ ਤੱਕ ਮੌਸਮ ਖ਼ੁਸ਼ਕ ਤੇ ਖੁੱਲ੍ਹਾ ਰਹਿਣ ਕਾਰਨ ਕਿਸਾਨਾਂ ਨੇ ਗੁੱਲੀ-ਡੰਡੇ ਅਤੇ ਹੋਰ ਦੂਜੇ ਨਦੀਨਾਂ 'ਤੇ ਨਦੀਨਨਾਸ਼ਕਾਂ ਦੇ ਛਿੜਕਾਅ ਵੀ ਸਮੇਂ ਸਿਰ ਲੋੜ ਅਨੁਸਾਰ ਮਾਹਿਰਾਂ ਵਲੋਂ ਦੱਸੇ ਢੰਗ ਨਾਲ ਕੀਤੇ ਹਨ। ਇਹੋ ਨਹੀਂ ਕਿਸਾਨ ਯੂਰੀਏ ਦੇ ਚਾਰ ਚਾਰ, ਪੰਜ ਪੰਜ ਥੈਲੇ ਏਕੜ 'ਚ ਪਾਉਣ ਦੀ ਯੋਜਨਾ ਬਣਾ ਕੇ ਇਸ ਦੀ ਕਾਫ਼ੀ ਮਾਤਰਾ ਫ਼ਸਲ 'ਚ ਹੁਣ ਤੱਕ ਪਾ ਚੁੱਕੇ ਹਨ। ਉਨ੍ਹਾਂ ਨੇ ਘਾਟ ਦੇ ਬਾਵਜੂਦ ਡੀ.ਏ.ਪੀ. ਤੇ ਮਿਕਸਚਰਾਂ ਦਾ ਪ੍ਰਬੰਧ ਕਰਕੇ ਪੂਰੀ ਖ਼ੁਰਾਕ ਕਣਕ ਦੀ ਬਿਜਾਈ ਲਈ ਪਾਈ।
ਪੰਜਾਬ ਸਮੇਤ ਭਾਰਤ ਵਿਚ ਕਣਕ ਦਾ ਉਤਪਾਦਨ ਵਧਾਉਣ ਲਈ ਆਈ.ਸੀ.ਏ.ਆਰ., ਆਈ.ਏ.ਆਰ.ਆਈ. ਦੇ ਸਾਬਕਾ ਡਾਇਰੈਕਟਰ ਅਤੇ ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਪ੍ਰੋ. ਐਮ.ਐਸ. ਸਵਾਮੀਨਾਥਨ ਦਾ ਬੜਾ ਯੋਗਦਾਨ ਹੈ। ਉਨ੍ਹਾਂ ਦੇ ਉਪਰਾਲਿਆਂ ਨਾਲ ਡਾ. ਨਾਰਮਨ ਈ. ਬਰਲੋਗ ਦਾ ਸਹਿਯੋਗ ਪ੍ਰਾਪਤ ਕਰਕੇ ਮੈਕਸੀਕੋ ਤੋਂ ਅੱਧ ਮਧਰੀਆਂ ਕਿਸਮਾਂ ਲਰਮਾ ਰੋਜੋ, ਸਨੋਰਾ-64 ਆਦਿ ਲਿਆ ਕੇ ਇੱਥੇ ਅਜ਼ਮਾਇਸ਼ਾਂ ਕੀਤੀਆਂ ਅਤੇ ਪੰਜਾਬ ਤੇ ਭਾਰਤ ਦੀ ਇਸ ਸਰੇ ਜ਼ਮੀਨ ਦੇ ਅਨੁਕੂਲ ਇੱਥੋਂ ਦੀਆਂ ਖੇਤਰੀ ਖੋਜ ਸੰਸਥਾਵਾਂ ਵਲੋਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ। ਸਾਬਕਾ ਐਗਰੀਕਲਚਰਲ ਕਮਿਸ਼ਨਰ ਤੇ ਪੀ.ਏ.ਯੂ. ਦੇ ਉਪ ਕੁਲਪਤੀ ਸਵ. ਡਾ. ਅਮਰੀਕ ਸਿੰਘ ਚੀਮਾ ਪ੍ਰਸਾਰ ਸੇਵਾ ਮਾਹਿਰ ਦੇ ਉਪਰਾਲਿਆਂ ਨਾਲ ਇਨ੍ਹਾਂ ਕਿਸਮਾਂ ਦਾ ਪੰਜਾਬ 'ਚ ਫੈਲਾਅ ਹੋਇਆ।
ਪੀ.ਏ.ਯੂ. ਦੇ ਡਾ. ਅਟਵਾਲ ਵਲੋਂ ਕਣਕ ਦੀ ਉਤਪਾਦਕਤਾ ਵਧਾਉਣ ਲਈ ਅਤੇ ਅਨੁਕੂਲ ਕਿਸਮਾਂ ਵਿਕਸਿਤ ਕਰਨ ਲਈ ਉਪਰਾਲੇ ਕੀਤੇ ਗਏ। ਸਾਬਕਾ ਮੁੱਖ ਮੰਤਰੀ ਸਵ. ਪ੍ਰਤਾਪ ਸਿੰਘ ਕੈਰੋਂ ਵਲੋਂ ਜੋ ਉਤਪਾਦਨ ਦੁੱਗਣਾ ਕਰਨ ਦੇ ਇਰਾਦਿਆਂ ਕਾਰਨ ਸਬਜ਼ ਇਨਕਲਾਬ ਦੀ ਭੂਮਿਕਾ ਬੱਝ ਗਈ, ਜੋ ਬਾਅਦ 'ਚ ਸਬਜ਼ ਇਨਕਲਾਬ ਦੌਰਾਨ ਕਣਕ ਉਤਪਾਦਨ ਵਧਾਉਣ ਲਈ ਕਾਰਗ਼ਰ ਹੋਈ। ਪੀ.ਏ.ਯੂ. ਦੇ ਸਾਬਕਾ ਉਪ ਕੁਲਪਤੀ ਤੇ ਕਣਕ ਦੇ ਬਰੀਡਰ ਸਵ. ਡਾ. ਖੇਮ ਸਿੰਘ ਗਿੱਲ ਦੀ ਵਧੇਰੇ ਝਾੜ ਦੇਣ ਵਾਲੀ ਡਬਲਿਊਐਲ 711 ਕਿਸਮ ਵੱਡੇ ਪੱਧਰ 'ਤੇ ਅਪਣਾਉਣ ਨਾਲ ਕਣਕ ਉਤਪਾਦਨ ਵਧਾਉਣ 'ਚ ਸਫ਼ਲਤਾ ਮਿਲੀ ਸੀ। ਭਾਵੇਂ ਛੇਤੀ ਹੀ ਇਹ ਕਿਸਮ ਕਰਨਾਲ ਬੰਟ ਜਿਹੀ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ਕਾਸ਼ਤ ਤੋਂ ਬਾਹਰ ਹੋ ਗਈ। ਆਈ.ਸੀ.ਏ.ਆਰ., ਆਈ.ਏ.ਆਰ.ਆਈ. ਦੇ ਨਾਮਵਰ ਬਰੀਡਰ ਸਵ. ਵੀ.ਐਸ. ਮਾਥੁਰ ਦੀ ਐਚਡੀ 2329 ਕਿਸਮ ਨੇ ਪੰਜਾਬ ਦੇ ਕਣਕ ਉਤਪਾਦਨ 'ਚ ਇਨਕਲਾਬ ਲਿਆਂਦਾ। ਇਹ ਕਿਸਮ 80 90 ਫ਼ੀਸਦੀ ਮਤਵਾਤਰ 10 15 ਸਾਲ ਪੰਜਾਬ 'ਚ ਖੇਤਾਂ ਦੀ ਰਾਣੀ ਬਣੀ ਰਹੀ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਣਕ ਉਤਪਾਦਨ ਦਾ ਸਹੀ ਅਨੁਮਾਨ ਤਾਂ ਮਾਰਚ ਮਹੀਨੇ ਹੀ ਲਾਇਆ ਜਾ ਸਕਦਾ ਹੈ। ਫਰਵਰੀ ਮਾਰਚ ਦਾ ਮੌਸਮ ਦੱਸੇਗਾ ਕਿ ਕਣਕ ਉਤਪਾਦਨ ਲਈ ਵਾਤਾਵਰਨ ਅਨੁਕੂਲ ਰਿਹਾ ਜਾਂ ਨਹੀਂ। ਪਰ ਜੋ ਹੁਣ ਖੇਤਾਂ 'ਚ ਫ਼ਸਲ ਖੜ੍ਹੀ ਹੈ, ਉਹ ਭਰਪੂਰ ਝਾੜ ਦਾ ਸੰਦੇਸ਼ ਜ਼ਰੂਰ ਦੇ ਰਹੀ ਹੈ। ਪੰਜਾਬ 'ਚ ਭਾਵੇਂ ਕਣਕ ਦੀ ਕਾਸ਼ਤ ਹੇਠ ਇਸ ਸਾਲ ਰਕਬੇ 'ਚ ਕੋਈ ਵਾਧਾ ਨਹੀਂ ਹੋਇਆ, ਜਦਕਿ ਹੋਰ ਰਾਜਾਂ 'ਚ ਥੋੜ੍ਹਾ ਬਹੁਤਾ ਰਕਬਾ ਵਧਿਆ ਹੈ। ਫਿਰ ਵੀ ਪੰਜਾਬ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾ ਕੇ ਕੇਂਦਰ ਦੇ ਪੰਜਾਬ ਵਲੋਂ ਅੰਨ ਭੰਡਾਰ 'ਚ ਵਧੀਆ ਯੋਗਦਾਨ ਪਾਉਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਮਹਿਰਾਂ ਵਲੋਂ ਦਿੱਤੀਆਂ ਤਕਨੀਕਾਂ ਜਿਵੇਂ ਲੇਜ਼ਰ ਕਰਾਹਾ, ਹੈਪੀਸੀਡਰ ਆਦਿ ਦੀ ਵਰਤੋਂ ਵੀ ਕੀਤੀ ਹੈ। ਆਈ.ਏ.ਆਰ.ਆਈ. ਤੇ ਪੀ.ਏ.ਯੂ. ਨੇ ਵਿਧੀਪੂਰਵਕ ਖੋਜ ਕਰਕੇ ਕਿਸਾਨਾਂ ਨੂੰ ਝਾੜ ਵਧਾਉਣ ਲਈ ਸਿਫ਼ਾਰਸ਼ਾਂ ਕੀਤੀਆਂ ਹਨ, ਜਿਨ੍ਹਾਂ ਨੂੰ ਕਿਸਾਨਾਂ ਵਲੋਂ ਉਤਸ਼ਾਹ ਨਾਲ ਅਪਣਾਇਆ ਗਿਆ ਹੈ। ਇਸ ਤਰ੍ਹਾਂ ਇਸ ਵਾਰ ਵੀ ਖੋਜ ਤੇ ਕਣਕ ਉਤਪਾਦਨ 'ਚ ਪੰਜਾਬ ਦਾ ਵੱਡਾ ਯੋਗਦਾਨ ਹੋ ਸਕਦਾ ਹੈ।
ਈ-ਮੇਲ : bhagwandass226@gmail.com