ਤਕੜੇ ਦਾ ਅਕਸਰ 'ਸੱਤੀਂ ਵੀਹੀਂ ਸੌ' ਸੁਣਦੇ ਆਏ ਸਾਂ, ਪਰ ਅਮਰੀਕਾ ਦੀ ਵੈਨੇਜ਼ੁਏਲਾ 'ਤੇ ਫ਼ੌਜੀ ਕਾਰਵਾਈ ਤੋਂ ਬਾਅਦ ਲੱਗਣ ਲੱਗਾ ਹੈ ਕਿ ਹੁਣ ਤਕੜੇ ਦਾ 'ਅੱਠੀਂ ਵੀਹੀਂ ਵੀ ਸੌ' ਹੋ ਸਕਦਾ ਹੈ। ਸ਼ੁੱਕਰਵਾਰ ਦੀ ਰਾਤ ਨੂੰ ਅਮਰੀਕਾ ਨੇ ਪੂਰੇ ਵੈਨੇਜ਼ੁਏਲਾ 'ਚ ਹਵਾਈ ਹਮਲੇ ਕਰਦਿਆਂ ਦਿਨ ਚੜ੍ਹਨ ਤੋਂ ਪਹਿਲਾਂ ਰਾਜਧਾਨੀ ਕਰਾਕਸ ਨੂੰ ਧਮਾਕਿਆਂ ਨਾਲ ਹਿਲਾ ਦਿੱਤਾ। ਕੁਝ ਦੇਰ ਬਾਅਦ ਡੋਨਾਲਡ ਟਰੰਪ ਨੇ ਐਲਾਨ ਕੀਤਾ ੀ ਕਿ ਅਮਰੀਕੀ ਫ਼ੌਜਾਂ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰੇਸ ਨੂੰ ਫੜ ਲਿਆ ਹੈ। ਉਨ੍ਹਾਂ ਨੂੰ ਨਿਊਯਾਰਕ ਲਿਆਂਦੇ ਜਾਣ ਦੀਆਂ ਖ਼ਬਰਾਂ ਆਈਆਂ। ਅਮਰੀਕੀ ਅਟਾਰਨੀ ਜਨਰਲ ਪੈਮ ਬੋਂਡੀ ਵਲੋਂ ਜਾਰੀ ਦੋਸ਼ ਪੱਤਰ ਅਨੁਸਾਰ ਮਾਦੁਰੋ ਨੂੰ ਨਾਰਕੋ-ਅੱਤਵਾਦ 'ਚ ਸ਼ਾਮਿਲ ਹੋਣ ਦੇ ਦੋਸ਼ਾਂ ਵਿਚ ਨਿਊਯਾਰਕ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਵੈਨੇਜ਼ੁਏਲਾ ਵਿਰੁੱਧ ਕਈ ਮਹੀਨਿਆਂ ਤੋਂ ਅਮਰੀਕਾ ਵਲੋਂ ਮਾਹੌਲ ਬਣਾਇਆ ਜਾ ਰਿਹਾ ਸੀ। ਪਰ ਟਰੰਪ ਦਾ ਇਸ ਹੱਦ ਤਕ ਜਾਣਾ ਹੈਰਾਨ ਕਰਨ ਵਾਲਾ ਹੈ। ਟਰੰਪ ਨੇ ਪਿਛਲੇ ਸਾਲ ਜਨਵਰੀ 'ਚ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਮਾਦੁਰੋ ਨੂੰ ਫੜਨ ਤੇ ਜਾਣਕਾਰੀ ਦੇਣ ਲਈ ਇਨਾਮ ਦੁੱਗਣਾ ਕਰ ਦਿੱਤਾ ਸੀ। ਸਤੰਬਰ ਵਿਚ ਅਮਰੀਕੀ ਫ਼ੌਜਾਂ ਨੇ ਉਨ੍ਹਾਂ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ, ਜਿਨ੍ਹਾਂ 'ਤੇ ਦੱਖਣੀ ਲਤੀਨੀ ਅਮਰੀਕਾ ਤੋਂ ਅਮਰੀਕਾ ਤੱਕ ਨਸ਼ੀਲੇ ਪਦਾਰਥ ਲਿਜਾਣ ਦੇ ਦੋਸ਼ ਲੱਗੇ ਸਨ। ਉਦੋਂ ਤੋਂ ਕੈਰੇਬੀਅਨ ਤੇ ਪ੍ਰਸ਼ਾਂਤ ਵਿਚ ਅਜਿਹੇ ਜਹਾਜ਼ਾਂ 'ਤੇ ਹੋਏ 30 ਤੋਂ ਵੱਧ ਹਮਲਿਆਂ ਦੌਰਾਨ 110 ਤੋਂ ਵੱਧ ਲੋਕ ਮਾਰੇ ਗਏ ਹਨ। 1989 ਦੇ ਪਨਾਮਾ ਹਮਲੇ ਤੋਂ ਬਾਅਦ ਇਹ ਦੱਖਣੀ ਅਮਰੀਕਾ ਵਿਚ ਸਭ ਤੋਂ ਵੱਡੀ ਤੇ ਸਿੱਧੀ ਅਮਰੀਕੀ ਕਾਰਵਾਈ ਹੈ, ਜਿਸ ਨੇ ਅੰਤਰਰਾਸ਼ਟਰੀ ਭਾਈਚਾਰੇ, ਸਹਿਯੋਗੀਆਂ ਤੇ ਅਮਰੀਕਾ ਦੇ ਵਿਰੋਧੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਟਰੰਪ ਪ੍ਰਸ਼ਾਸਨ ਦਾ ਤਰਕ ਹੈ ਕਿ ਇਹ ਕਥਿਤ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨਾਲ ਇਕ ਗ਼ੈਰ-ਅੰਤਰਰਾਸ਼ਟਰੀ ਹਥਿਆਰਬੰਦ ਟਕਰਾਅ ਹੈ, ਜਿਸ ਨੂੰ ਵੈਨੇਜ਼ੁਏਲਾ ਅਮਰੀਕਾ ਵਿਰੁੱਧ ਅਨਿਯਮਿਤ ਯੁੱਧ ਕਰਨ ਦਾ ਦੋਸ਼ ਦੱਸਦਾ ਹੈ। ਹਾਲਾਂ ਕਿ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਇਕ ਸਾਬਕਾ ਵਕੀਲ ਨੇ ਕਿਹਾ ਕਿ ਅਮਰੀਕਾ ਦੀਆਂ ਅਜਿਹੀਆਂ ਫ਼ੌਜੀ ਮੁਹਿੰਮਾਂ ਸ਼ਾਂਤੀ ਦੇ ਸਮੇਂ ਦੌਰਾਨ ਨਾਗਰਿਕਾਂ ਵਿਰੁੱਧ ਇਕ ਯੋਜਨਾਬੱਧ ਹਮਲੇ ਦੀ ਸ਼੍ਰੇਣੀ ਵਿਚ ਆਉਂਦੀਆਂ ਹਨ। ਇਸ ਦੇ ਜਵਾਬ ਵਿਚ ਵਾਈਟ ਹਾਊਸ ਨੇ ਕਿਹਾ ਸੀ ਕਿ ਉਨ੍ਹਾਂ ਵਲੋਂ ਹਥਿਆਰਬੰਦ ਟਕਰਾਅ ਦੇ ਕਾਨੂੰਨਾਂ ਅਨੁਸਾਰ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ, ਤਾਂ ਜੋ ਅਮਰੀਕਾ ਨੂੰ ਉਸ ਦੀਆਂ ਸਰਹੱਦਾਂ 'ਤੇ ਜ਼ਹਿਰ ਲਿਆਉਣ ਦੀ ਕੋਸ਼ਿਸ਼ ਕਰਨ ਵਾਲੇ ਕਾਰਟੈਲਾਂ ਤੋਂ ਬਚਾਇਆ ਜਾ ਸਕੇ। ਟਰੰਪ ਨੇ ਅਕਤੂਬਰ 'ਚ ਕਿਹਾ ਸੀ ਕਿ ਉਸ ਨੇ ਸੀ.ਆਈ.ਏ. ਨੂੰ ਵੈਨੇਜ਼ੁਏਲਾ ਦੇ ਅੰਦਰ ਗੁਪਤ ਕਾਰਵਾਈਆਂ ਕਰਨ ਦਾ ਅਧਿਕਾਰ ਦੇ ਦਿੱਤਾ ਹੈ। ਉਨ੍ਹਾਂ ਮਾਦੁਰੋ ਦੇ ਫੜੇ ਜਾਣ ਤੋਂ ਪਹਿਲਾਂ ਵਾਰ-ਵਾਰ ਕਿਹਾ ਸੀ ਕਿ ਮਾਦੁਰੋ ਅਮਰੀਕਾ ਦਾ ਦੋਸਤ ਨਹੀਂ ਹੈ। ਅਮਰੀਕਾ ਨੇ ਵੈਨੇਜ਼ੁਏਲਾ 'ਚ ਦਾਖ਼ਲ ਹੋਣ ਅਤੇ ਜਾਣ ਵਾਲੇ ਸਾਰੇ ਮਨਜ਼ੂਰਸ਼ੁਦਾ ਤੇਲ ਟੈਂਕਰਾਂ 'ਤੇ ਜਲ ਸੈਨਾ ਰਾਹੀਂ ਪੂਰੀ ਨਾਕਾਬੰਦੀ ਦਾ ਐਲਾਨ ਕਰਕੇ ਮਾਦੁਰੋ 'ਤੇ ਵਿੱਤੀ ਦਬਾਅ ਵੀ ਵਧਾਇਆ ਸੀ। ਜ਼ਿਕਰਯੋਗ ਹੈ ਕਿ ਤੇਲ ਮਾਦੁਰੋ ਸਰਕਾਰ ਲਈ ਵਿਦੇਸ਼ੀ ਆਮਦਨ ਦਾ ਮੁੱਖ ਸਰੋਤ ਹੈ। ਅਮਰੀਕਾ ਨੇ ਕੈਰੇਬੀਅਨ ਵਿਚ ਇਕ ਵੱਡੀ ਫ਼ੌਜੀ ਫੋਰਸ ਤਾਇਨਾਤ ਕੀਤੀ ਹੈ, ਜਿਸ ਦਾ ਉਦੇਸ਼ ਅਮਰੀਕਾ ਵਿਚ ਫੈਂਟਾਨਿਲ ਤੇ ਕੋਕੀਨ ਦੇ ਦਾਖ਼ਲੇ ਨੂੰ ਰੋਕਣਾ ਸੀ ਅਤੇ ਉਨ੍ਹਾਂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਨ੍ਹਾਂ 'ਤੇ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਲਗਾਉਂਦੇ ਹਨ। ਇਸ ਫੋਰਸ ਨੇ ਅਮਰੀਕੀ ਜਲ ਸੈਨਾ ਵਲੋਂ ਕੀਤੀ ਗਈ ਨਾਕਾਬੰਦੀ ਵਿਚ ਵੀ ਮੁੱਖ ਭੂਮਿਕਾ ਨਿਭਾਈ ਹੈ। ਮਾਰ-ਏ-ਲਾਗੋ ਵਿਚ ਇਕ ਨਿਊਜ਼ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਹੁਣ ਅਮਰੀਕਾ ਇਸ ਦੇਸ਼ ਨੂੰ ਉਦੋਂ ਤੱਕ ਚਲਾਏਗਾ, ਜਦੋਂ ਤੱਕ ਹਾਕਮ ਧਿਰ ਤਬਦੀਲ ਨਹੀਂ ਹੋ ਜਾਂਦੀ। ਅਮਰੀਕੀ ਤੇਲ ਕੰਪਨੀਆਂ ਵੈਨੇਜ਼ੁਏਲਾ ਵਿਚ ਜਾਣਗੀਆਂ। ਵੈਨੇਜ਼ੁਏਲਾ 'ਤੇ ਬੰਬਾਰੀ ਕਰਨਾ ਤੇ ਮਾਦੁਰੋ ਨੂੰ ਫੜਨਾ ਅਮਰੀਕੀ ਮੁਹਿੰਮ ਦਾ ਇਕ ਗੰਭੀਰ ਤੇ ਨਾਟਕੀ ਕਦਮ ਹੈ। ਵੈਨੇਜ਼ੁਏਲਾ ਦੇ ਸ਼ਾਸਨ ਦਾ ਭਵਿੱਖ ਅਨਿਸ਼ਚਿਤ ਬਣਿਆ ਹੋਇਆ ਹੈ। ਟਰੰਪ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਹੁਣ ਅਮਰੀਕਾ ਇਸ ਦੇਸ਼ ਦੀ ਕਿਸਮਤ ਦਾ ਫ਼ੈਸਲਾ ਖ਼ੁਦ ਕਰੇਗਾ। ਟਰੰਪ ਨੇ ਜਦੋਂ ਤੋਂ ਆਪਣਾ ਦੂਜਾ ਕਾਰਜਕਾਲ ਸੰਭਾਲਿਆ ਹੈ, ਉਸ ਨੇ ਮਾਦੁਰੋ 'ਤੇ ਨਜ਼ਰ ਰੱਖਦਿਆਂ ਵੈਨੇਜ਼ੁਏਲਾ ਦੇ ਸ਼ਾਸਨ 'ਤੇ ਵੱਧ ਤੋਂ ਵੱਧ ਦਬਾਅ ਪਾਉਣ ਦੀ ਮੁਹਿੰਮ ਦੀ ਪੈਰਵਾਈ ਕੀਤੀ ਹੈ। ਟਰੰਪ ਨੇ ਮਾਦੁਰੋ 'ਤੇ ਅਮਰੀਕਾ ਨੂੰ ਅਸਥਿਰ ਕਰਨ ਦੀਆਂ ਕਾਰਵਾਈਆਂ 'ਚ ਸ਼ਾਮਿਲ ਹੋਣ ਦੇ ਦੋਸ਼ ਲਗਾਏ ਹਨ, ਜਿਸ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਵੀ ਸ਼ਾਮਿਲ ਹੈ। ਅਮਰੀਕਾ ਨੇ ਜੁਲਾਈ 'ਚ ਮਾਦੁਰੋ ਦੇ ਸਿਰ 'ਤੇ 50 ਕਰੋੜ ਡਾਲਰ ਦਾ ਇਨਾਮ ਐਲਾਨਦਿਆਂ ਉਸ 'ਤੇ ਦੁਨੀਆ ਦੇ ਸਭ ਤੋਂ ਵੱਡੇ ਨਾਰਕੋ-ਤਸਕਰਾਂ 'ਚੋਂ ਇਕ ਹੋਣ ਦਾ ਦੋਸ਼ ਲਗਾਇਆ ਸੀ। ਟਰੰਪ ਪ੍ਰਸ਼ਾਸਨ ਨੇ 'ਟ੍ਰੇਨ ਡੀ ਅਰਾਗੁਆ' ਵਰਗੇ ਵੈਨੇਜ਼ੁਏਲਾ ਦੇ ਗਰੋਹਾਂ ਨੂੰ ਅੱਤਵਾਦੀ ਸੰਗਠਨ ਐਲਾਨਿਆ ਤੇ ਕੈਰੇਬੀਅਨ ਸਾਗਰ ਵਿਚ ਕਥਿਤ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਸਨ। ਅਮਰੀਕਾ ਨੇ ਵੈਨੇਜ਼ੁਏਲਾ ਦੇ ਟੈਂਕਰਾਂ ਨੂੰ ਜ਼ਬਤ ਕਰਨਾ ਵੀ ਸ਼ੁਰੂ ਕੀਤਾ ਸੀ ਅਤੇ ਦੱਖਣੀ ਅਮਰੀਕੀ ਦੇਸ਼ ਦੇ ਆਲੇ-ਦੁਆਲੇ ਦੇ ਪਾਣੀਆਂ 'ਚ ਆਪਣੀ ਫ਼ੌਜੀ ਮੌਜੂਦਗੀ ਵਧਾ ਦਿੱਤੀ ਸੀ। ਟਰੰਪ ਨੇ ਖੁੱਲ੍ਹੇਆਮ ਵੈਨੇਜ਼ੁਏਲਾ 'ਚ ਸ਼ਾਸਨ ਤਬਦੀਲੀ ਕਰਵਾਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨਵੰਬਰ ਦੇ ਅਖੀਰ 'ਚ ਮਾਦੁਰੋ ਨੂੰ ਸੱਤਾ ਛੱਡਣ ਦਾ ਅਲਟੀਮੇਟਮ ਦਿੰਦਿਆਂ ਉਸ ਨੂੰ ਦੇਸ਼ ਤੋਂ ਸੁਰੱਖਿਅਤ ਰਾਹ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ। ਪਰ ਮਾਦੁਰੋ ਨੇ ਇਸ ਨੂੰ ਠੁਕਰਾਉਂਦਿਆ ਵੈਨੇਜ਼ੁਏਲਾ 'ਚ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ 'ਗੁਲਾਮ ਵਰਗੀ ਸ਼ਾਂਤੀ' ਨਹੀਂ ਚਾਹੁੰਦਾ ਤੇ ਅਮਰੀਕਾ ਉਨ੍ਹਾਂ ਦੇ ਦੇਸ਼ ਦੇ ਤੇਲ ਭੰਡਾਰਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਜਿਉਂ ਜਿਉਂ ਟਰੰਪ ਪ੍ਰਸ਼ਾਸਨ ਨੇ ਦਬਾਅ ਵਧਾਇਆ, ਕਰਾਕਸ 'ਚ ਸਰਕਾਰ ਕਈ ਵਾਰ ਘਬਰਾਈ। ਮਾਦੁਰੋ ਨੇ ਵਾਰ-ਵਾਰ ਕਿਹਾ ਕਿ ਵੈਨੇਜ਼ੁਏਲਾ ਅਮਰੀਕਾ ਨਾਲ ਜੰਗ ਨਹੀਂ ਚਾਹੁੰਦਾ ਤੇ ਆਪਣੀ ਗ੍ਰਿਫ਼ਤਾਰੀ ਤੋਂ ਦੋ ਦਿਨ ਪਹਿਲਾਂ ਉਸ ਨੇ ਇਕ ਟੈਲੀਵਿਜ਼ਨ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਦੇਸ਼ ਦੇ ਤੇਲ ਖੇਤਰ ਵਿਚ ਅਮਰੀਕੀ ਨਿਵੇਸ਼ ਦਾ ਸਵਾਗਤ ਕਰੇਗਾ।
ਮਤਭੇਦਾਂ ਦਾ ਕਾਰਨ ਕੀ ਹੈ?
1999 'ਚ ਹਿਊਗੋ ਚਾਵੇਜ਼ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਤੇ ਵੈਨੇਜ਼ੁਏਲਾ ਦੇ ਸੰਬੰਧ ਤਣਾਅਪੂਰਨ ਹੀ ਰਹੇ ਹਨ। ਇਕ ਸਵੈ-ਘੋਸ਼ਿਤ ਸਮਾਜਵਾਦੀ ਤੇ ਸਾਮਰਾਜ ਵਿਰੋਧੀ ਚਾਵੇਜ਼ ਨੇ ਅਫ਼ਗਾਨਿਸਤਾਨ ਤੇ ਇਰਾਕ ਦੇ ਅਮਰੀਕੀ ਹਮਲਿਆਂ ਦਾ ਵਿਰੋਧ ਕਰਦਿਆਂ ਕਿਊਬਾ ਤੇ ਈਰਾਨ ਵਰਗੇ ਦੇਸ਼ਾਂ ਨਾਲ ਗੱਠਜੋੜ ਕਰਕੇ ਅਮਰੀਕਾ ਨੂੰ ਨਾਰਾਜ਼ ਕਰ ਲਿਆ ਸੀ। ਚਾਵੇਜ਼ ਵਲੋਂ ਅਮਰੀਕਾ 'ਤੇ 2002 ਦੇ ਤਖ਼ਤਾਪਲਟੇ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਸਮਰਥਨ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਸੰਬੰਧ ਹੋਰ ਵੀ ਵਿਗੜ ਗਏ। ਦੂਜੇ ਪਾਸੇ ਟਰੰਪ ਨੇ ਅਮਰੀਕਾ 'ਚ ਲੱਖਾਂ ਵੈਨੇਜ਼ੁਏਲਾ ਪ੍ਰਵਾਸੀਆਂ ਦੇ ਆਉਣ ਲਈ ਨਿਕੋਲਸ ਮਾਦੁਰੋ ਨੂੰ ਦੋਸ਼ੀ ਠਹਿਰਾਇਆ, ਜੋ 2013 ਤੋਂ ਦੇਸ਼ ਦੇ ਆਰਥਿਕ ਸੰਕਟ ਤੇ ਦਮਨ ਕਾਰਨ ਭੱਜਣ ਲਈ ਮਜਬੂਰ ਹੋਏ ਹਨ। ਬਿਨਾਂ ਸਬੂਤ ਟਰੰਪ ਨੇ ਮਾਦੁਰੋ 'ਤੇ ਆਪਣੀਆਂ ਜੇਲ੍ਹਾਂ ਤੇ ਪਾਗਲਖਾਨਿਆਂ ਨੂੰ ਖਾਲੀ ਕਰਨ ਅਤੇ ਇਸ ਦੇ ਕੈਦੀਆਂ ਨੂੰ ਅਮਰੀਕਾ ਵੱਲ ਪ੍ਰਵਾਸ ਕਰਨ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਹਨ। ਟਰੰਪ ਨੇ ਅਮਰੀਕਾ 'ਚ ਨਸ਼ਿਆਂ, ਖ਼ਾਸ ਕਰਕੇ ਫੈਂਟਾਨਿਲ ਤੇ ਕੋਕੀਨ ਦੀ ਤਸਕਰੀ ਵਿਰੁੱਧ ਆਪਣੀ ਲੜਾਈ ਨੂੰ ਵੀ ਵੈਨੇਜ਼ੁਏਲਾ ਦੇ ਘਟਨਾਕ੍ਰਮ ਨਾਲ ਜੋੜਿਆ। ਉਸ ਨੇ ਵੈਨੇਜ਼ੁਏਲਾ ਦੇ ਦੋ ਅਪਰਾਧਿਕ ਸਮੂਹਾਂ 'ਟ੍ਰੇਨ ਡੀ ਅਰਾਗੁਆ' ਤੇ 'ਕਾਰਟੇਲ ਡੀ ਲੋਸ ਸੋਲਜ਼' ਨੂੰ ਵਿਦੇਸ਼ੀ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਕਰਦਿਆਂ ਦੋਸ਼ ਲਗਾਇਆ ਹੈ ਕਿ ਇਨ੍ਹਾਂ ਦੀ ਅਗਵਾਈ ਖ਼ੁਦ ਮਾਦੁਰੋ ਕਰ ਰਹੇ ਹਨ। ਪਰ ਵਿਸ਼ਲੇਸ਼ਕਾਂ ਨੇ ਦੱਸਿਆ ਹੈ ਕਿ 'ਕਾਰਟੇਲ ਡੇ ਲੋਸ ਸੋਲਜ਼' ਇਕ ਜਥੇਬੰਦ ਸਮੂਹ ਨਹੀਂ, ਸਗੋਂ ਇਕ ਸ਼ਬਦ ਹੈ ਜੋ ਭ੍ਰਿਸ਼ਟ ਅਧਿਕਾਰੀਆਂ ਦਾ ਵਰਨਣ ਕਰਨ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਨੇ ਕੋਕੀਨ ਨੂੰ ਵੈਨੇਜ਼ੁਏਲਾ 'ਚੋਂ ਲੰਘਣ ਦੀ ਆਗਿਆ ਦਿੱਤੀ ਹੋਈ ਸੀ। ਟਰੰਪ ਦੀ ਵੈਨੇਜ਼ੁਏਲਾ ਵਿਰੁੱਧ ਕਾਰਵਾਈ ਦਾ ਅਸਲ ਕਾਰਨ ਇਸ ਦੇਸ਼ ਦੇ ਤੇਲ ਭੰਡਾਰਾਂ 'ਤੇ ਅਮਰੀਕਾ ਵਲੋਂ ਆਪਣੀਆਂ ਕੰਪਨੀਆਂ ਰਾਹੀਂ ਆਪਣਾ ਕੰਟਰੋਲ ਬਣਾਈ ਰੱਖਣ ਨੂੰ ਮੰਨਿਆ ਜਾ ਰਿਹਾ ਹੈ।
ਈ-ਮੇਲ : ashokbhaura@gmail.com