ਸਾਲ 2025 ਵਿਚ ਭਾਰਤ ਅੰਦਰ ਕਈ ਵੱਡੇ ਖੇਡ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ 'ਚ ਉਤਰਾਖੰਡ ਦੀਆਂ 38ਵੀਆਂ ਰਾਸ਼ਟਰੀ ਖੇਡਾਂ (ਜਨਵਰੀ-ਫਰਵਰੀ) ਅਤੇ ਰਾਜਸਥਾਨ 'ਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ (ਦਸੰਬਰ) ਤੇ ਨਾਲ ਹੀ ਖੇਲੋ ਇੰਡੀਆ ਵਿੰਟਰ ਗੇਮਜ਼ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਆਈ.ਸੀ.ਸੀ. ਮਹਿਲਾ ਵਿਸ਼ਵ ਕ੍ਰਿਕਟ ਕੱਪ, ਹਾਕੀ ਜੂਨੀਅਰ ਵਿਸ਼ਵ ਕੱਪ ਵਰਗੇ ਵੱਡੇ ਈਵੈਂਟਸ ਵੀ ਇਸੇ ਸਾਲ ਕਰਵਾਏ ਗਏ। ਇਨ੍ਹਾਂ 'ਚ ਭਾਰਤ ਦੀ ਖੇਡ ਸੰਸਕ੍ਰਿਤੀ ਤੇ ਪ੍ਰਤਿਭਾ 'ਚ ਵਾਧਾ ਵੀ ਹੋਇਆ ਤੇ ਕ੍ਰਿਕਟ, ਬੈਡਮਿੰਟਨ ਤੇ ਹਾਕੀ 'ਚ ਭਾਰਤ ਨੇ ਚੰਗੀ ਕਾਰਗੁਜ਼ਾਰੀ ਕੀਤੀ। ਨਾਲ ਹੀ ਭਾਰਤ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਕਰਵਾਉਣ ਲਈ ਨਵੀਂ ਪੁਲਾਂਘ ਵੀ ਪੁੱਟੀ ਤੇ 2036 ਦੀਆਂ ਉਲੰਪਿਕ ਖੇਡਾਂ ਨੂੰ ਭਾਰਤ ਵਿਚ ਕਰਾਉਣ ਲਈ ਨਵੀਂ ਵਿਉਂਤਬੰਦੀ ਵੀ ਕੀਤੀ ਗਈ। ਇਸੇ ਸਾਲ ਭਾਰਤ ਸਰਕਾਰ ਨੇ ਦੇਸ਼ 'ਚ ਨਵੀਂ ਖੇਡ ਨੀਤੀ-2025 ਨੂੰ ਜਾਰੀ ਕੀਤਾ। ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੀ ਥਾਂ 'ਤੇ ਇਕ ਅਤਿ ਆਧੁਨਿਕ ਵਿਸ਼ਵ ਪੱਧਰੀ ਖੇਡ ਕੰਪਲੈਕਸ ਬਣਾਉਣ ਦੀ ਵੀ ਯੋਜਨਾ ਉਲੀਕਣ ਦਾ ਸੁਪਨਾ ਲਿਆ ਹੈ।
2025 'ਚ ਕਰਵਾਏ
ਵੱਡੇ ਖੇਡ ਸਮਾਗਮ
1. 38ਵੀਆਂ ਰਾਸ਼ਟਰੀ ਖੇਡਾਂ ਜੋ 28 ਜਨਵਰੀ ਤੋਂ 14 ਫਰਵਰੀ ਤੱਕ ਉਤਰਾਖੰਡ 'ਚ ਕਰਵਾਈਆਂ ਗਈਆਂ, ਜਿਨ੍ਹਾਂ 'ਚ 23 ਖੇਡ ਮੁਕਾਬਲੇ ਕਰਵਾਏ ਗਏ। 2. ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਰਾਜਸਥਾਨ ਵਿਖੇ ਕਰਵਾਈਆਂ ਗਈਆਂ, ਜਿਸ ਦੌਰਾਨ ਬੀਚ ਵਾਲੀਬਾਲ, ਕੈਨੋਇੰਗ, ਸਾਈਕਲਿੰਗ ਵਰਗੇ ਨਵੇਂ ਈਵੈਂਟ ਸ਼ਾਮਿਲ ਕੀਤੇ ਗਏ ਤੇ ਖੋ-ਖੋ ਨੂੰ ਪ੍ਰਦਰਸ਼ਨੀ ਖੇਡ ਵਜੋਂ ਅਹਿਮ ਥਾਂ ਦਿੱਤੀ ਗਈ। 3. ਖੇਲੋ ਇੰਡੀਆ ਵਿੰਟਰ ਗੇਮਜ਼ ਲੇਹ ਵਿਖੇ ਜਨਵਰੀ ਤੇ ਗੁਲਮਰਗ ਵਿਖੇ ਫਰਵਰੀ 'ਚ ਕਰਵਾਈਆਂ ਗਈਆਂ, ਜਿਨ੍ਹਾਂ ਨੇ ਖੇਡ ਖੇਤਰ 'ਚ ਚੰਗੀ ਛਾਪ ਛੱਡੀ। 4. ਰਾਸ਼ਟਰੀ ਖੇਡ ਦਿਵਸ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਦੇਸ਼ ਭਰ 'ਚ ਮਨਾਇਆ ਗਿਆ।
2025 ਦੇ ਹੋਰ ਵੱਡੇ ਈਵੈਂਟ
ਆਈ.ਸੀ.ਸੀ. ਮਹਿਲਾ ਕ੍ਰਿਕਟ ਕੱਪ, ਪੁਰਸ਼ਾਂ ਦਾ ਐਫ.ਆਈ.ਐਚ. ਜੂਨੀਅਰ ਹਾਕੀ ਵਿਸ਼ਵ ਕੱਪ, ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ, ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ, ਵਿਸ਼ਵ ਮੁੱਕੇਬਾਜ਼ੀ ਕੱਪ ਦਾ ਫਾਈਨਲ ਅਤੇ ਸਈਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ। ਕੁੱਲ ਮਿਲਾ ਕੇ ਦੇਸ਼ ਨੇ ਇਨ੍ਹਾਂ ਖੇਡਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹ ਕੇ ਖੇਡਾਂ 'ਚ ਨਵੀ ਪੁਲਾਂਘ ਪੁੱਟੀ ਹੈ।
2025 ਦੀਆਂ ਵੱਡੀਆਂ ਪ੍ਰਾਪਤੀਆਂ
1. ਮਹਿਲਾ ਵਿਸ਼ਵ ਕ੍ਰਿਕਟ ਕੱਪ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 2025 ਦੇ ਵਿਸ਼ਵ ਕੱਪ ਦਾ ਖ਼ਿਤਾਬ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਜਿੱਤ ਕੇ ਨਵਾਂ ਇਤਿਹਾਸ ਕਾਇਮ ਕੀਤਾ।
2. ਚੈਂਪੀਅਨ ਟਰਾਫੀ ਤੇ ਏਸ਼ੀਆ ਕੱਪ- ਭਾਰਤੀ ਕ੍ਰਿਕਟ ਟੀਮ (ਪੁਰਸ਼) ਨੇ 2025 ਦੀ ਆਈ.ਸੀ.ਸੀ. ਚੈਂਪੀਅਨ ਟਰਾਫੀ ਅਤੇ ਏਸ਼ੀਆ ਕੱਪ 2025 ਦੇ ਖ਼ਿਤਾਬ ਆਪਣੇ ਨਾਂਅ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ।
3. ਪੈਰਾ ਅਥਲੈਟਿਕਸ- ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤ ਨੇ ਸਰਬੋਤਮ ਪ੍ਰਦਰਸ਼ਨ ਕਰਕੇ 22 ਤਗਮੇ (6 ਸੋਨ, 9 ਚਾਂਦੀ ਤੇ 7 ਕਾਂਸੀ) ਜਿੱਤ ਕੇ ਵੱਡੀ ਪ੍ਰਾਪਤੀ ਕੀਤੀ।
4. ਏਸ਼ੀਆਈ ਯੂਥ ਪੈਰਾ ਗੇਮਜ਼- ਭਾਰਤੀ ਖੇਡ ਦਲ ਨੇ ਪੈਰਾ ਯੂਥ ਗੇਮਜ਼ 2025 'ਚ ਰਿਕਾਰਡ ਤੋੜ 56 ਤਗਮੇ (19 ਸੋਨ, 15 ਚਾਂਦੀ ਤੇ 22 ਕਾਂਸੀ) ਜਿੱਤ ਕੇ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ।
5. ਸਪੈਸ਼ਲ ਉਲੰਪਿਕ ਵਿੰਟਰ ਵਰਲਡ ਗੇਮਜ਼- ਭਾਰਤ ਨੇ ਇਸ ਪ੍ਰਤੀਯੋਗਤਾ 'ਚ 8 ਸੋਨ ਤਗਮਿਆਂ ਸਮੇਤ 33 ਤਗਮੇ ਜਿੱਤ ਕੇ ਹੁਣ ਤੱਕ ਦਾ ਸਭ ਤੋਂ ਚੰਗਾ ਖੇਡ ਪ੍ਰਦਰਸ਼ਨ ਕੀਤਾ ਹੈ।
6. ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ- ਭਾਰਤੀ ਹਾਕੀ ਟੀਮ (ਪੁਰਸ਼) ਨੇ ਏਸ਼ੀਆ ਹਾਕੀ ਕੱਪ ਦਾ ਖ਼ਿਤਾਬ ਜਿੱਤ ਕੇ 2026 ਦੇ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਕੇ ਦੇਸ਼ ਦਾ ਮਾਣ ਵਧਾਇਆ।
7. ਨਿਸ਼ਾਨੇਬਾਜ਼ੀ 'ਚ ਚਮਕੇ ਖਿਡਾਰੀ- ਆਈ.ਸੀ.ਸੀ.ਐਫ. ਵਿਸ਼ਵ ਕੱਪ ਫਾਈਨਲ 'ਚ ਸਿਮਰਪ੍ਰੀਤ ਕੌਰ ਤੇ ਸਰੂਚੀ ਸਿੰਘ ਨੇ ਸੋਨ ਤਗਮੇ ਜਿੱਤੇ ਅਤੇ ਭਾਰਤ ਨੇ ਇਸ ਦੌਰਾਨ 6 ਤਗਮੇ ਜਿੱਤ ਕੇ ਚੰਗੀ ਸਮਾਪਤੀ ਕੀਤੀ। ਨਾਲ ਹੀ ਅਨੰਤਜੀਤ ਸਿੰਘ ਨਰੂਕਾ ਨੇ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ 2025 'ਚ ਪੁਰਸ਼ਾਂ ਦੀ ਸਕੀਟ ਈਵੈਂਟਸ ਵਿਚ ਪਹਿਲਾ ਸੋਨ ਤਗਮਾ ਜਿੱਤਿਆ।
7. ਸ਼ਤਰੰਜ- ਭਾਰਤ ਦੀ ਦਿਵਿਆ ਦੇਸ਼ਮੁੱਖ ਫੀਡਾ ਮਹਿਲਾ ਵਿਸ਼ਵ ਕੱਪ 'ਚ ਚੈਂਪੀਅਨ ਬਣੀ।
8. ਰਾਸ਼ਟਰੀ ਗੇਮਜ਼ 2025- ਉਤਰਾਖੰਡ ਵਿਖੇ 38ਵੀਆਂ ਰਾਸ਼ਟਰੀ ਗੇਮਜ਼ ਵਿਚ ਸਰਵਸਿਜ਼ ਸਪੋਰਟਸ ਕੰਟਰੋਲ ਬੋਰਡ ਨੇ 121 ਤਗਮੇ ਜਿੱਤ ਕੇ ਤਗਮਾ ਸੂਚੀ 'ਚ ਪਹਿਲਾ ਸਥਾਨ ਹਾਸਿਲ ਕੀਤਾ। ਅਥਲੈਟਿਕਸ ਵਿਚ ਭਾਰਤ ਦੇ 'ਗੋਲਡਨ ਬੁਆਏ' ਨੀਰਜ ਚੋਪੜਾ ਨੇ 90 ਮੀਟਰ ਦਾ ਬੈਰੀਅਰ ਪਾਰ ਕਰਕੇ ਵੱਡੀ ਪ੍ਰਾਪਤੀ ਕੀਤੀ। ਕੁੱਲ ਮਿਲਾ ਕੇ 2025 ਦੀਆਂ ਇਨ੍ਹਾਂ ਖੇਡਾਂ 'ਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੰਗੀ ਛਾਪ ਛੱਡੀ।
9. ਮਹਿਲਾ ਕਬੱਡੀ ਟੀਮ ਬਣੀ ਵਿਸ਼ਵ ਚੈਂਪੀਅਨ- ਭਾਰਤੀ ਮਹਿਲਾ ਕਬੱਡੀ ਟੀਮ ਨੇ ਇਸ ਸਾਲ ਆਪਣਾ ਦਬਦਬਾ ਸਾਲ ਵਿਖਾਇਆ ਤੇ ਢਾਕਾ ਵਿਖੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ 'ਚ ਚਾਈਨੇ ਤਾਈਪੇ ਨੂੰ 35-28 ਅੰਕਾਂ ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ।
10. ਬਲਾਈਂਡ ਮਹਿਲਾ ਵਿਸ਼ਵ ਕ੍ਰਿਕਟ ਚੈਂਪੀਅਨ- ਭਾਰਤੀ ਲੜਕੀਆਂ ਦੀ ਟੀਮ ਨੇ ਟੀ-20 ਵਿਸ਼ਵ ਕੱਪ (ਬਲਾਈਂਡ) ਅਜੇਤੂ ਲੈਅ ਜਾਰੀ ਰੱਖੀ ਤੇ ਬਿਨਾਂ ਕੋਈ ਮੁਕਾਬਲਾ ਹਾਰੇ ਫਾਈਨਲ 'ਚ ਨਿਪਾਲ ਨੂੰ 7 ਵਿਕਟਾਂ ਨਾਲ ਮਾਤ ਦੇ ਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਸ ਤਰ੍ਹਾਂ ਭਾਰਤੀ ਲੜਕੀਆਂ ਨੇ ਕ੍ਰਿਕਟ, ਕਬੱਡੀ ਤੇ ਕ੍ਰਿਕਟ ਕੱਪ (ਬਲਾਈਂਡ) ਵਿਚ ਹੈਟ੍ਰਿਕ ਬਣਾ ਕੇ ਨਵਾਂ ਕੀਰਤੀਮਾਨ ਕਾਇਮ ਕੀਤਾ।
2025 ਦੇ ਖੇਡ
ਖੇਤਰ ਦੇ ਹੀਰੋ
ਸਾਲ 2025 'ਚ ਭਾਰਤ ਨੇ ਖੇਡ ਖੇਤਰ ਵਿਚ ਚੰਗੀ ਕਾਰਗੁਜ਼ਾਰੀ ਵਿਖਾਈ ਤੇ ਕ੍ਰਿਕਟ, ਹਾਕੀ, ਅਥਲੈਟਿਕਸ, ਤਾਈਕਵਾਂਡੋ, ਪੈਰਾ ਅਥਲੈਟਿਕਸ ਤੇ ਪਿਕਬਾਲ ਵਰਗੀਆਂ ਖੇਡਾਂ 'ਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ। ਇਨ੍ਹਾਂ ਖੇਡਾਂ 'ਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਈ ਹੀਰੋ ਅਜਿਹੇ ਰਹੇ, ਜਿਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਨੀਰਜ ਚੋਪੜਾ- ਭਾਰਤ ਦੇ 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਸਾਲ 2025 ਵਿਚ ਦੋਹਾ ਡਾਈਮੰਡ ਲੀਗ ਵਿਖੇ 90.23 ਮੀਟਰ ਥ੍ਰੋਅ ਲਾ ਕੇ 90 ਮੀਟਰ ਦਾ ਜੈਵਲਿਨ ਥ੍ਰੋਅ ਬੈਰੀਅਰ ਪਾਰ ਕਰਨ 'ਚ ਸਫਲਤਾ ਹਾਸਲ ਕੀਤੀ।
ਡੀ. ਗੁਕੇਸ਼- ਭਾਰਤ ਦੇ ਡੀ. ਗੁਕੇਸ਼ ਨੇ 2025 ਦੀ ਵਿਸ਼ਵ ਚੈੱਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਤੇ ਭਾਰਤ ਸਰਕਾਰ ਵਲੋਂ ਇਸ ਨੂੰ 'ਮੇਜਰ ਧਿਆਨ ਚੰਦ ਖੇਲ ਰਤਨ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਏਸ਼ੀਅਨ ਯੂਥ ਗੇਮਜ਼ 'ਚ ਰਿਕਾਰਡ ਪ੍ਰਦਰਸ਼ਨ- ਏਸ਼ੀਅਨ ਯੂਥ ਗੇਮਜ਼-2025 ਜੋ ਬਹਿਰੀਨ ਵਿਖੇ ਕਰਵਾਈਆਂ ਗਈਆਂ, ਵਿਚ ਭਾਰਤ ਦੇ ਖਿਡਾਰੀਆਂ ਨੇ ਕੁੱਲ 48 ਤਗਮੇ ਜਿੱਤੇ, ਜਿਨ੍ਹਾਂ 'ਚ 13 ਸੋਨ, 18 ਚਾਂਦੀ ਤੇ 17 ਕਾਂਸੀ ਦੇ ਤਗਮੇ ਸ਼ਾਮਿਲ ਹਨ।
ਵਿਸ਼ਵ ਪੈਰਾ ਅਥਲੈਟਿਕਸ- ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਕਰਵਾਈ ਗਈ 2025 ਦੀ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਨੇ 22 ਤਗਮੇ ਜਿੱਤੇ, ਜਿਨ੍ਹਾਂ 'ਚ 6 ਸੋਨ, 9 ਚਾਂਦੀ ਤੇ 7 ਕਾਂਸੀ ਦੇ ਤਗਮੇ ਸ਼ਾਮਿਲ ਹਨ।
ਟੀ-20 ਲੜੀ ਜਿੱਤੀ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸਾਲ 2025 ਵਿਚ ਕਰਵਾਈ ਗਈ ਟੀ-20 ਦੀ ਪਹਿਲੀ ਲੜੀ ਵਿਚ ਇੰਗਲੈਂਡ ਨੂੰ 3-2 ਨਾਲ ਹਰਾ ਕੇ ਮਹਿਲਾ ਕ੍ਰਿਕਟ 'ਚ ਆਪਣੀ ਵੱਖਰੀ ਪਛਾਣ ਬਣਾਈ। ਸਮਰਾਟ ਰਾਣਾ- ਭਾਰਤ ਦੇ ਨਿਸ਼ਾਨੇਬਾਜ਼ ਸਮਰਾਟ ਰਾਣਾ ਨੇ 2025 ਦੀ ਆਈ.ਸੀ.ਸੀ.ਐਫ. ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਨਿਤਿਨ ਕਿਰਟੇਨ- ਭਾਰਤ ਦੇ ਨਿਤਿਨ ਕਿਰਟੇਨ ਨੇ 2025 ਦੀ ਪਿਕਬਾਲ ਵਿਸ਼ਵ ਚੈਂਪੀਅਨਸ਼ਿਪ ਜੋ ਫਲੋਰਿਡਾ ਵਿਖੇ ਕਰਵਾਈ ਗਈ ਸੀ, ਵਿਚ +50 ਸਾਲ ਸਿੰਗਲ ਵਰਗ ਵਿਚ ਸੋਨ ਤਗਮਾ ਤੇ ਡਬਲਜ਼ +50 ਸਾਲ ਵਰਗ ਵਿਚ ਸੂਰਿਆ ਵੀਰ ਸਿੰਘ ਨਾਲ ਸੋਨ ਤਗਮਾ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ।
ਨਿਤੀਸ਼ ਸਿੰਘ- ਭਾਰਤ ਦੇ ਤਾਈਕਵਾਂਡੋ ਖਿਡਾਰੀ ਨਿਤੀਸ਼ ਸਿੰਘ ਨੇ ਨੈਰੋਬੀ ਵਿਖੇ ਕਰਵਾਈ ਗਈ 2025 ਦੀ ਅੰਡਰ-21 ਵਰਗ ਦੀ ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ 63 ਕਿੱਲੋ ਭਾਰ ਵਰਗ 'ਚ ਪਹਿਲੀ ਵਾਰ ਕਾਂਸੀ ਦਾ ਤਗਮਾ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ।
ਤਾਈਵਾਨ ਅਥਲੈਟਿਕਸ 'ਚ ਸ਼ਾਨਦਾਰ ਪ੍ਰਦਰਸ਼ਨ- ਤਾਈਵਾਨ ਅਥਲੈਟਿਕਸ ਓਪਨ ਚੈਂਪੀਅਨਸ਼ਿਪ-2025 ਵਿਚ ਵਿਸ਼ਵ ਦੇ 25 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਵਿਚ ਭਾਰਤੀ ਖਿਡਾਰੀਆਂ ਨੇ 16 ਤਗਮੇ ਜਿੱਤੇ, ਜਿਨ੍ਹਾਂ 'ਚ 14 ਸੋਨ ਤਗਮੇ ਸ਼ਾਮਿਲ ਹਨ।
ਇਸ ਤਰ੍ਹਾਂ ਕੁੱਲ ਮਿਲਾ ਕੇ ਸਾਲ 2025 ਭਾਰਤੀ ਖੇਡ ਜਗਤ ਲਈ ਵਰਦਾਨ ਬਣ ਕੇ ਆਇਆ। ਭਾਰਤ ਨੂੰ ਜਿੱਥੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਮਿਲੀ, ਉੱਥੇ ਹੀ 2036 ਦੀਆਂ ਉਲੰਪਿਕ ਖੇਡਾਂ ਨੂੰ ਦੇਸ਼ ਵਿਚ ਕਰਵਾਉਣ ਲਈ ਭਾਰਤ ਸਰਕਾਰ ਨੇ ਇਕ ਚੰਗਾ ਰੋਡ ਮੈਪ ਵੀ ਤਿਆਰ ਕੀਤਾ ਹੈ, ਜੋ ਆਉਣ ਵਾਲੇ ਸਮੇਂ 'ਚ ਦੇਸ਼ ਦੀਆਂ ਖੇਡਾਂ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ।
-ਮੋਬਾਈਲ : 98729-78781