ਜਨਵਰੀ ਵਿਚ ਠੰਢ ਆਪਣੇ ਪੂਰੇ ਜੋਬਨ 'ਤੇ ਹੁੰਦੀ ਹੈ। ਜੇਕਰ ਬਾਰਿਸ਼ ਨਾ ਹੋਈ ਹੋਵੇ ਤਾਂ ਫ਼ਸਲਾਂ ਨੂੰ ਪਾਣੀ ਜ਼ਰੂਰ ਦੇਣਾ ਚਾਹੀਦਾ ਹੈ। ਉਸ ਨਾਲ ਕੋਰੇ ਦਾ ਅਸਰ ਘਟ ਜਾਂਦਾ ਹੈ। ਜਦੋਂ ਸਿੰਚਾਈ ਦੀਆਂ ਵਧੀਆ ਸਹੂਲਤਾਂ ਨਹੀਂ ਸਨ ਤਾਂ ਆਮ ਆਖਿਆ ਜਾਂਦਾ ਸੀ 'ਮੀਂਹ ਨਾ ਪਿਆ ਲੋਹੜੀ ਤਾਂ ਹਾੜ੍ਹੀ ਲਾਗੂ ਥੋਹੜੀ'। ਇਹ ਮਹੀਨਾ ਵੀ ਰੁਝੇਵਿਆਂ ਭਰਿਆ ਹੁੰਦਾ ਹੈ। ਆਲੂ ਤੇ ਪਿਆਜ਼ ਦੀ ਬਿਜਾਈ ਇਸੇ ਮਹੀਨੇ ਹੁੰਦੀ ਹੈ। ਪਤਝੜੀ ਰੁੱਖ ਲਗਾਉਣ ਦਾ ਇਹੋ ਮਹੀਨਾ ਹੈ। ਖਾਲੀ ਖੇਤਾਂ ਵਿਚ ਇਸ ਮਹੀਨੇ ਮੱਕੀ, ਸੂਰਜਮੁਖੀ ਜਾਂ ਮੇਥੇ ਦੀ ਬਿਜਾਈ ਵੀ ਕੀਤੀ ਜਾਂਦੀ ਹੈ। ਇਸ ਮੌਸਮ ਵਿਚ ਮੱਕੀ ਲਈ ਪਾਣੀ ਦੀ ਵਧੇਰੇ ਲੋੜ ਪੈਂਦੀ ਹੈ। ਇਸ ਕਰਕੇ ਇਸ ਦੀ ਕਾਸ਼ਤ ਸੰਕੋਚਵੀਂ ਕਰਨੀ ਚਾਹੀਦੀ ਹੈ। ਦੁਆਬੇ ਵਿਚ ਦਾਣਿਆਂ ਲਈ ਅਤੇ ਮਾਲਵੇ ਵਿਚ ਚਾਰੇ ਲਈ ਮੱਕੀ ਦੀ ਕਾਸ਼ਤ ਚੋਖੇ ਰਕਬੇ ਵਿਚ ਹੋ ਰਹੀ ਹੈ। ਬਹਾਰ ਰੁੱਤ ਦੀ ਮੱਕੀ ਲਈ ਪੀ-1844, ਪੀਐਮਐੱਚ-10, ਡੀਕੇਸੀ-9108 ਅਤੇ ਪੀਐਮਐੱਚ-8 ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਤੋਂ 32 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਸੂਰਜਮੁਖੀ ਹੇਠ ਰਕਬਾ ਬਹੁਤ ਘਟ ਗਿਆ ਹੈ। ਪੀਐੱਸਐੱਚ-2080, ਪੀਐੱਸਐੱਚ-1962, ਡੀਕੇ-3849 ਅਤੇ ਪੀਐੱਸਐੱਚ-996 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਸਾਰੀਆਂ ਦੋਗਲੀਆਂ ਕਿਸਮਾਂ ਹਨ। ਪੀਐੱਸਐੱਚ-2080 ਕਿਸਮ ਤੋਂ ਕੋਈ 10 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਸਕਦਾ ਹੈ। ਮੇਥਾ ਇਕ ਹੋਰ ਫ਼ਸਲ ਹੈ, ਜਿਸ ਦੀ ਲੁਆਈ ਜਨਵਰੀ ਦੇ ਦੂਜੇ ਅੱਧ 'ਚ ਕੀਤੀ ਜਾਂਦੀ ਹੈ। ਸਿਮ-ਉੱਨਤੀ, ਸਿਮ-ਕ੍ਰਾਂਤੀ, ਕੋਸੀ ਤੇ ਪੰਜਾਬ ਸਪੀਅਰਮਿੰਟ-1 ਕੁਝ ਉੱਨਤ ਕਿਸਮਾਂ ਹਨ।
ਆਲੂ ਇਕ ਰੋਕੜੀ ਸਬਜ਼ੀ ਹੈ, ਜਿਸ ਹੇਠ ਸਬਜ਼ੀਆਂ 'ਚ ਪੰਜਾਬ ਵਿਚ ਸਭ ਤੋਂ ਵੱਧ ਰਕਬਾ ਹੈ। ਇਨ੍ਹਾਂ ਦੀ ਕਾਸ਼ਤ ਕੋਈ ਇਕ ਲੱਖ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ। ਇਸ ਫ਼ਸਲ ਦੀ ਸਫ਼ਲਤਾ ਬੀਜ ਉੱਤੇ ਨਿਰਭਰ ਕਰਦੀ ਹੈ। ਇਸ ਕਰਕੇ ਸਿਫ਼ਾਰਸ਼ ਕੀਤੀ ਕਿਸਮ ਦੇ ਵਧੀਆ ਬੀਜ ਦਾ ਪਹਿਲਾਂ ਹੀ ਪ੍ਰਬੰਧ ਕਰ ਲੈਣਾ ਜ਼ਰੂਰੀ ਹੈ। ਜੇਕਰ ਬਹੁਤੇ ਰਕਬੇ ਵਿਚ ਕਾਸ਼ਤ ਕਰਨੀ ਹੈ ਤਾਂ ਕੁਝ ਅਗੇਤੀਆਂ ਤੇ ਕੁਝ ਪਿਛੇਤੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਪੰਜਾਬ ਵਿਚ ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ, ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ। ਜਯੋਤੀ, ਕੁਫ਼ਰੀ ਪੁਸ਼ਕਰ ਅਤੇ ਕੁਫ਼ਰੀ ਬਹਾਰ ਮੌਸਮ ਦੀਆਂ ਮੁੱਖ ਕਿਸਮਾਂ ਹਨ, ਜਦਕਿ ਕੁਫ਼ਰੀ ਸੰਧੂਰੀ ਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ। ਇਨ੍ਹਾਂ ਤੋਂ ਇਲਾਵਾ ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਕਿਸਮਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਦੇ ਆਲੂਆਂ ਨੂੰ ਚਿਪਸ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ। ਹੁਣ ਪੁੱਟਿਆ ਜਾ ਰਿਹਾ ਆਲੂ ਵੀ ਬੀਜ ਲਈ ਵਰਤਿਆ ਜਾ ਸਕਦਾ ਹੈ ਪਰ ਇਸ ਦੀ ਨੀਂਦ ਤੋੜਨੀ ਚਾਹੀਦੀ ਹੈ। ਇਹ ਨੀਂਦ ਤੋੜਨ ਲਈ ਕੱਟੇ ਹੋਏ ਆਲੂਆਂ ਨੂੰ 1% (10 ਗ੍ਰਾਮ) ਥਾਇਉਯੂਰੀਆ ਅਤੇ ਇਕ ਮਿਲੀਗ੍ਰਾਮ ਪ੍ਰਤੀ ਲਿਟਰ ਯਿਬਰੈਲਿਕ ਐਸਿਡ ਦੇ ਘੋਲ ਵਿਚ ਇਕ ਘੰਟੇ ਲਈ ਡੁਬੋ ਕੇ ਰੱਖੋ। ਇਨ੍ਹਾਂ ਆਲੂਆਂ ਨੂੰ 24 ਘੰਟੇ ਛਾਵੇਂ ਖਿਲਾਰ ਕੇ ਸੁਕਾਇਆ ਜਾਵੇ। ਬਿਮਾਰੀਆਂ ਤੋਂ ਰੋਕਥਾਮ ਲਈ ਬੀਜ ਵਾਲੇ ਆਲੂਆਂ ਨੂੰ ਮੋਨਸਰਨ 2.5 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਦੇ ਘੋਲ 'ਚ 10 ਮਿੰਟ ਤੱਕ ਡੁਬੋ ਕੇ ਰੱਖੋ। ਖੇਤ ਤਿਆਰ ਕਰਨ ਤੋਂ ਪਹਿਲਾਂ 20 ਟਨ ਰੂੜੀ ਪਾਈ ਜਾਵੇ। ਬਿਜਾਈ ਸਮੇਂ 80 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਡ੍ਰਿਲ ਕੀਤੀ ਜਾਵੇ। ਏਨਾ ਹੀ ਯੂਰੀਆ ਮਿੱਟੀ ਚਾੜ੍ਹਨ ਸਮੇਂ ਪਾਇਆ ਜਾਵੇ। ਰੂੜੀ ਜਾਂ ਹਰੀ ਖਾਦ ਦੀ ਵਰਤੋਂ ਜ਼ਰੂਰੀ ਹੈ। ਇਕ ਏਕੜ ਵਿਚ ਕੋਈ 15 ਕੁਇੰਟਲ ਬੀਜ ਪੈਂਦਾ ਹੈ। ਬਿਜਾਈ ਪਲਾਂਟਰ ਨਾਲ ਵੀ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਖੇਤ ਵਿਚ ਲਾਈਨਾਂ ਲਗਾਈਆਂ ਜਾਣ। ਲਾਈਨਾਂ ਵਿਚਕਾਰ 60 ਤੇ ਬੂਟਿਆਂ ਵਿਚਕਾਰ 20 ਸੈਂ.ਮੀ. ਦਾ ਫ਼ਾਸਲਾ ਰੱਖਿਆ ਜਾਵੇ। ਮਹੀਨੇ ਪਿੱਛੋਂ ਮੁੜ ਮਿੱਟੀ ਚਾੜ੍ਹੀ ਜਾਵੇ। ਬਿਜਾਈ ਕਰਨ ਤੋਂ ਤੁਰੰਤ ਪਿੱਛੋਂ ਪਹਿਲਾ ਪਾਣੀ ਦਿੱਤਾ ਜਾਵੇ। ਪਾਣੀ ਲਾਉਂਦੇ ਸਮੇਂ ਧਿਆਨ ਰੱਖੋ ਕਿ ਪਾਣੀ ਵੱਟਾਂ ਦੇ ਉੱਤੋਂ ਦੀ ਨਾ ਲੰਘੇ। ਇਸ ਕਰਕੇ ਹਲਕਾ ਪਾਣੀ ਦੇਣਾ ਚਾਹੀਦਾ ਹੈ। ਅਗੇਤੀਆਂ ਕਿਸਮਾਂ ਤਿੰਨ ਮਹੀਨਿਆਂ ਵਿਚ ਤਿਆਰ ਹੋ ਜਾਂਦੀਆਂ ਹਨ, ਜਦਕਿ ਦੂਜੀਆਂ ਕਿਸਮਾਂ 10-15 ਦਿਨ ਵੱਧ ਲੈਂਦੀਆਂ ਹਨ। ਆਲੂ ਬੀਜਣ ਸਮੇਂ ਕਨਸ਼ੋਰਮੀਅਮ ਜੈਵਿਕ ਖਾਦ ਚਾਰ ਕਿਲੋ ਪ੍ਰਤੀ ਏਕੜ ਮਿੱਟੀ ਵਿਚ ਮਿਲਾ ਕੇ ਪਾਉਣੀ ਚਾਹੀਦੀ ਹੈ। ਖੇਤ ਵਿਚ 25 ਕੁਇੰਟਲ ਪ੍ਰਤੀ ਏਕੜ ਪਰਾਲੀ ਵਿਛਾਉਣ ਨਾਲ ਯੂਰੀਏ ਦੀ ਮਾਤਰਾ ਘੱਟ ਕੀਤੀ ਜਾ ਸਕਦੀ ਹੈ ।
ਆਲੂਆਂ ਵਾਂਗ ਪਿਆਜ਼ ਵੀ ਇਕ ਹੋਰ ਰੋਕੜੀ ਫ਼ਸਲ ਹੈ, ਜਿਨ੍ਹਾਂ ਦੀ ਵਰਤੋਂ ਸਾਰੀਆਂ ਸਬਜ਼ੀਆਂ ਵਿਚ ਕੀਤੀ ਜਾਂਦੀ ਹੈ। ਪਿਆਜ਼ ਦਾ ਝਾੜ ਵੀ ਆਲੂਆਂ ਦੇ ਬਰਾਬਰ ਹੀ ਹੈ ਪਰ ਖਰਚਾ ਘੱਟ ਆਉਂਦਾ ਹੈ, ਮਿਹਨਤ ਵੀ ਘੱਟ ਕਰਨੀ ਪੈਂਦੀ ਹੈ ਤੇ ਕੀਮਤ ਆਲੂਆਂ ਦੇ ਮੁਕਾਬਲੇ ਹਮੇਸ਼ਾ ਵੱਧ ਰਹਿੰਦੀ ਹੈ। ਪਰ ਪਿਆਜ਼ ਹੇਠ ਮਸਾਂ 8 ਕੁ ਹਜ਼ਾਰ ਹੈਕਟਰ ਰਕਬਾ ਹੀ ਹੈ। ਇਸ ਵਾਰ ਕੁਝ ਰਕਬੇ ਵਿਚ ਪਿਆਜ਼ ਜ਼ਰੂਰ ਲਗਾਉਣੇ ਚਾਹੀਦੇ ਹਨ। ਜੇਕਰ ਪਨੀਰੀ ਤਿਆਰ ਹੈ ਤਾਂ ਇਸ ਨੂੰ ਪੁੱਟ ਕੇ ਹੁਣ ਖੇਤ ਵਿਚ ਲਗਾਇਆ ਜਾ ਸਕਦਾ ਹੈ। ਪੰਜਾਬ ਵਿਚ ਕਾਸ਼ਤ ਲਈ ਪੀਆਰਓ-6, ਪੰਜਾਬ ਵਾਈਟ ਤੇ ਪੰਜਾਬ ਨਰੋਆ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਜੇਕਰ ਆਪ ਪਨੀਰੀ ਤਿਆਰ ਨਹੀਂ ਕੀਤੀ ਤਾਂ ਕਿਸੇ ਭਰੋਸੇਯੋਗ ਵਸੀਲੇ ਤੋਂ ਢੁੱਕਵੀਂ ਉਮਰ ਦੀ ਤੇ ਸਿਫ਼ਾਰਸ਼ ਕੀਤੀ ਕਿਸਮ ਦੀ ਪਨੀਰੀ ਲੈਣੀ ਚਾਹੀਦੀ ਹੈ। ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਪਨੀਰੀ ਲਗਾਈ ਜਾਵੇ। ਪਨੀਰੀ ਲਗਾਉਣ ਸਮੇਂ ਲਾਈਨਾਂ ਵਿਚਕਾਰ 15 ਤੇ ਬੂਟਿਆਂ ਵਿਚਕਾਰ 7.5 ਸੈਂ.ਮੀ. ਦਾ ਫ਼ਾਸਲਾ ਰੱਖਿਆ ਜਾਵੇ। ਖੇਤ ਤਿਆਰ ਕਰਨ ਤੋਂ ਪਹਿਲਾਂ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਬਿਜਾਈ ਤੋਂ ਪਹਿਲਾਂ 45 ਕਿਲੋ ਯੂਰੀਆ, 125 ਕਿਲੋ ਸੁਪਰਫ਼ਾਸਫ਼ੇਟ ਅਤੇ 35 ਕਿਲੋ ਮੂਰੀਏਟ ਆਫ਼ ਪੋਟਾਸ਼, ਪ੍ਰਤੀ ਏਕੜ ਪਾਈ ਜਾਵੇ।
ਧਰਤੀ ਹੇਠਲੇ ਪਾਣੀ ਵਿਚ ਆ ਰਹੀ ਗਿਰਾਵਟ ਨੂੰ ਵੇਖਦਿਆਂ ਹੋਇਆਂ ਪੰਜਾਬ ਵਿਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਅਗਲੇ ਮਹੀਨੇ ਪੱਤਝੜੀ ਰੁੱਖਾਂ ਨੂੰ ਲਗਾਇਆ ਜਾ ਸਕਦਾ ਹੈ। ਕੁਝ ਰਕਬੇ ਵਿਚ ਇਨ੍ਹਾਂ ਨੂੰ ਕਾਸ਼ਤ ਕਰਕੇ ਵੇਖਣਾ ਚਾਹੀਦਾ ਹੈ। ਪਾਪੂਲਰ ਵਣ ਖੇਤੀ ਲਈ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਸ ਦੇ ਬੂਟੇ ਜੰਗਲਾਤ ਮਹਿਕਮੇ ਤੋਂ ਮੁਫ਼ਤ ਵੀ ਮਿਲ ਜਾਂਦੇ ਹਨ। ਮਹਿਕਮੇ ਦੀਆਂ ਹਿਦਾਇਤਾਂ ਅਨੁਸਾਰ ਹੀ ਇਨ੍ਹਾਂ ਨੂੰ ਲਗਾਇਆ ਜਾਣਾ ਚਾਹੀਦਾ ਹੈ। ਮੁੱਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਵਣ ਖੇਤੀ ਰਾਹੀਂ ਫ਼ਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈ। ਰਸਾਇਣਾਂ ਦੀ ਵੀ ਨਾਮਾਤਰ ਹੀ ਲੋੜ ਪੈਂਦੀ ਹੈ। ਪਾਪੂਲਰ ਤੋਂ ਇਲਾਵਾ ਅਗਲੇ ਮਹੀਨੇ ਸਫ਼ੈਦਾ ਤੇ ਡੇਕ ਦੇ ਬੂਟੇ ਲਗਾਏ ਜਾ ਸਕਦੇ ਹਨ। ਬੂਟੇ ਲਗਾਉਣ ਲਈ ਇਕ ਮੀਟਰ ਘੇਰੇ ਵਾਲਾ ਤੇ ਇਕ ਮੀਟਰ ਹੀ ਡੂੰਘਾ ਟੋਆ ਪੁੱਟਿਆ ਜਾਵੇ। ਇਸ ਮੌਸਮ ਵਿਚ ਬੂਟਿਆਂ ਨੂੰ ਨੰਗੀਆਂ ਜੜ੍ਹਾਂ ਨਾਲ ਹੀ ਨਰਸਰੀ 'ਚੋਂ ਪੁੱਟ ਕੇ ਲਗਾਇਆ ਜਾ ਸਕਦਾ ਹੈ।
ਪੱਤਝੜੀ ਫ਼ਲਦਾਰ ਬੂਟੇ ਲਗਾਉਣ ਦਾ ਵੀ ਹੁਣ ਢੁੱਕਵਾਂ ਸਮਾਂ ਹੈ। ਇਨ੍ਹਾਂ ਨੂੰ ਨਵੇਂ ਪੱਤੇ ਨਿਕਲਣ ਤੋਂ ਪਹਿਲਾਂ ਨਰਸਰੀ 'ਚੋਂ ਪੁੱਟ ਕੇ ਲਗਾਉਣਾ ਚਾਹੀਦਾ ਹੈ। ਜੇਕਰ ਬਾਗ ਲਗਾਉਣਾ ਹੈ ਤਾਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਵਾਓ ਤੇ ਢੁਕਵੇਂ ਫ਼ਲਾਂ ਦੀ ਚੋਣ ਕਰੋ। ਬੂਟੇ ਹਮੇਸ਼ਾਂ ਸਿਫ਼ਾਰਸ਼ ਕੀਤੀ ਕਿਸਮ, ਸਹੀ ਉਮਰ ਅਤੇ ਸਿਹਤਮੰਦ ਹੋਣੇ ਚਾਹੀਦੇ ਹਨ। ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਸਰਕਾਰੀ ਨਰਸਰੀ ਤੋਂ ਲੈਣੇ ਚਾਹੀਦੇ ਹਨ। ਪੰਜਾਬ ਵਿਚ ਨਾਸ਼ਪਾਤੀ, ਆੜੂ, ਅੰਗੂਰ, ਅਲੂਚਾ ਪੱਤਝੜੀ ਫ਼ਲਾਂ ਨੂੰ ਲਗਾਇਆ ਜਾ ਸਕਦਾ ਹੈ। ਪੱਥਰ ਨਾਖ ਤੇ ਪੰਜਾਬ ਨਾਖ ਸਖ਼ਤ ਨਾਖਾਂ ਦੀਆਂ ਕਿਸਮਾਂ ਹਨ, ਜਦਕਿ ਪੰਜਾਬ ਗੋਲਡ, ਪੰਜਾਬ ਨੈਕਟਰ, ਪੰਜਾਬ ਬਿਊਟੀ, ਬੱਗੂਗੋਸ਼ਾ, ਪੰਜਾਬ ਸਾਫ਼ਟ ਨਰਮ ਨਾਖਾਂ ਦੀਆਂ ਕਿਸਮਾਂ ਹਨ। ਪ੍ਰਤਾਪ, ਫਲੋਰੇਡਾ ਪ੍ਰਿੰਸ, ਸ਼ਾਨੇ ਪੰਜਾਬ, ਪ੍ਰਭਾਤ, ਸ਼ਰਬਤੀ ਅਤੇ ਪੰਜਾਬ ਆੜੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਅੰਗੂਰ ਸਾਰੇ ਪੰਜਾਬ ਵਿਚ ਹੀ ਹੋ ਸਕਦੇ ਹਨ। ਇਨ੍ਹਾਂ ਦੇ ਬੂਟੇ ਹੁਣ ਲਾ ਲੈਣੇ ਚਾਹੀਦੇ ਹਨ। ਸੁਪੀਰੀਅਲ ਸੀਡਲੈਸ, ਪੰਜਾਬ ਪਰਪਲ, ਫਲੈਮ ਸੀਡਲੈਸ, ਬਿਊਟੀ ਸੀਡਲੈਸ ਤੇ ਪਰਲਿਟ ਕਿਸਮਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ। ਅੰਜੀਰ ਤੇ ਅਲੂਚਾ ਦੇ ਫ਼ਲ ਵੀ ਪੰਜਾਬ ਵਿਚ ਹੋ ਸਕਦੇ ਹਨ। ਅੰਜੀਰ ਦੀ ਬਰਾਊਨ ਟਰਕੀ ਕਿਸਮ ਅਤੇ ਅਲੂਚੇ ਦੀਆਂ ਸਤਲੁਜ ਪਰਪਲ ਤੇ ਕਾਲਾ ਅੰਮ੍ਰਿਤਸਰੀ ਕਿਸਮਾਂ ਲਗਾਉਣੀਆਂ ਚਾਹੀਦੀਆਂ ਹਨ। ਜੇਕਰ ਵੱਡੀ ਪੱਧਰ 'ਤੇ ਨਹੀਂ ਤਾਂ ਘਰ ਬਗੀਚੀ ਵਿਚ ਦੋ-ਤਿੰਨ ਪੱਤਝੜੀ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਸਬਜ਼ੀਆਂ ਦੀ ਬੀਜੀ ਪਨੀਰੀ ਨੂੰ ਹੁਣ ਠੰਢ ਤੋਂ ਬਚਾਉਣ ਲਈ ਪਰਾਲੀ ਜਾਂ ਸਿਰਕੰਡੇ ਦੀਆਂ ਛਤਰੀਆਂ ਨਾਲ ਢਕ ਦੇਣਾ ਚਾਹੀਦਾ ਹੈ।
-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ