ਸਾਲ ਦਰ ਸਾਲ ਮੌਸਮੀ ਹਾਲਾਤ ਵਿਚ ਬਦਲਾਅ ਪਿਛਲੇ 2-3 ਦਹਾਕਿਆਂ 'ਚ ਜ਼ਿਆਦਾ ਦੇਖਣ ਨੂੰ ਮਿਲਿਆ ਹੈ। ਜੇਕਰ ਆਫ਼ਤਾਂ ਦੀ ਗੱਲ ਕਰੀਏ ਤਾਂ ਕੋਰਾ ਵੀ ਇਕ ਅਜਿਹੀ ਕੁਦਰਤੀ ਆਫ਼ਤ ਹੈ, ਜਿਸ ਕਾਰਨ ਫ਼ਸਲਾਂ ਖ਼ਾਸ ਕਰਕੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੁੰਦਾ ਹੈ। ਭਾਰਤ ਦੇ ਉੱਤਰ-ਪੱਛਮੀ ਖੇਤਰਾਂ 'ਚ ਦਸੰਬਰ ਤੇ ਜਨਵਰੀ ਵਿਚ ਵਾਪਰਣ ਵਾਲੀ ਇਹ ਆਮ ਅਲਾਮਤ ਹੈ। ਸਤ੍ਹਾ ਤੋਂ ਉੱਪਰ ਹਵਾ ਦੇ ਤਾਪਮਾਨ ਦਾ ਕੋਰੇ ਦੇ ਪੈਣ ਜਾਂ ਨਾ ਪੈਣ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਕੋਰਾ ਪੈਣ ਲਈ ਸਤ੍ਹਾ ਦਾ ਤਾਪਮਾਨ ਪਾਣੀ ਦੇ ਜੰਮਣ ਦੇ ਤਾਪਮਾਨ ਦੇ ਬਰਾਬਰ ਜਾਂ ਇਸ ਤੋਂ ਘੱਟ ਹੋਣਾ ਚਾਹੀਦਾ ਹੈ।
ਹਲਕਾ ਕੋਰਾ : 1.7 ਡਿਗਰੀ ਸੈਲਸੀਅਸ ਤੋਂ 0.1 ਡਿਗਰੀ ਸੈਲਸੀਅਸ। ਇਸ ਵਿਚ ਨਾਜ਼ੁਕ ਬੂਟੇ ਮਰ ਜਾਂਦੇ ਹਨ ਪਰ ਬਾਕੀ ਬਨਸਪਤੀ ਦਾ ਬਹੁਤਾ ਨੁਕਸਾਨ ਨਹੀਂ ਹੁੰਦਾ।
ਦਰਮਿਆਨੇ ਦਰਜੇ ਦਾ ਕੋਰਾ : 3.9 ਡਿਗਰੀ ਸੈਲਸੀਅਸ ਤੋਂ 2.2 ਡਿਗਰੀ ਸੈਲਸੀਅਸ। ਜ਼ਿਆਦਾਤਰ ਬਨਸਪਤੀ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਫ਼ਲਾਂ ਦੇ ਬੂਟਿਆਂ ਨੂੰ ਪੈਣ ਵਾਲੇ ਬੂਰ, ਨਾਜ਼ੁਕ ਅਤੇ ਅੱਧੇ-ਸਖ਼ਤ ਬੂਟਿਆਂ 'ਤੇ ਇਸ ਦਾ ਬਹੁਤ ਮਾਰੂ ਪ੍ਰਭਾਵ ਪੈਂਦਾ ਹੈ।
ਗੰਭੀਰ ਕੋਰਾ : 4.4 ਡਿਗਰੀ ਸੈਲਸੀਅਸ ਤੇ ਇਸ ਤੋਂ ਘੱਟ। ਜ਼ਿਆਦਾਤਰ ਬੂਟਿਆਂ ਦਾ ਭਾਰੀ ਨੁਕਸਾਨ ਹੁੰਦਾ ਹੈ।
ਕੋਰੇ ਦਾ ਫ਼ਸਲਾਂ 'ਤੇ ਪ੍ਰਭਾਵ
ਤਾਪਮਾਨ ਦੇ 10-12 ਡਿਗਰੀ ਸੈਲਸੀਅਸ ਤੋਂ ਹੇਠਾਂ ਡਿਗਣ ਨਾਲ ਹਾੜ੍ਹੀ ਰੁੱਤ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਫ਼ਸਲਾਂ ਦਾ ਕਿੰਨਾ ਕੁ ਨੁਕਸਾਨ ਹੁੰਦਾ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤਾਪਮਾਨ ਕਿੰਨਾ ਹੇਠਾਂ ਡਿਗੇਗਾ, ਕੋਰਾ ਕਿੰਨੇ ਦਿਨ ਤੇ ਕਿੰਨਾ ਪੈਂਦਾ ਹੈ ਅਤੇ ਫ਼ਸਲ ਦੇ ਵਿਕਾਸ ਦੇ ਪੜਾਅ ਸਮੇਂ ਤਾਪਮਾਨ ਵਿਚ ਕਿੰਨੀ ਗਿਰਾਵਟ ਆਉਂਦੀ ਹੈ। ਉੱਤਰੀ ਭਾਰਤ ਦੇ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਸਾਉਣੀ ਰੁੱਤ ਦੌਰਾਨ ਵਧੇਰੇ ਕੋਰਾ ਪੈਂਦਾ ਹੈ। ਕੋਰੇ ਕਾਰਨ ਹਾੜ੍ਹੀ ਰੁੱਤ ਦੀਆਂ ਫ਼ਸਲਾਂ ਜਿਵੇਂ ਕਿ ਆਲੂ, ਮਟਰ, ਟਮਾਟਰ ਤੇ ਸ਼ਿਮਲਾ ਮਿਰਚਾਂ ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ, ਜਿਸ ਨੂੰ 'ਫ਼ਸਲ ਦਾ ਸਾੜਾ' ਵੀ ਕਹਿੰਦੇ ਹਨ। ਸ਼ਿਵਾਲਿਕ ਪਹਾੜੀਆਂ ਨਾਲ ਲੱਗਦੇ ਪੰਜਾਬ ਦੇ ਹਿੱਸਿਆਂ ਵਿਚ ਦਸੰਬਰ 2022 ਤੋਂ ਜਨਵਰੀ 2023 ਦਰਮਿਆਨ ਸੀਤ ਲਹਿਰ ਤੇ ਕੋਰੇ ਕਾਰਨ ਬਾਗਬਾਨੀ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ। ਇਸ ਦੌਰਾਨ ਅੰਬ ਦੀ 40 ਤੋਂ 100%, ਲੀਚੀ ਦੀ 50-80% ਫ਼ਸਲ ਨੁਕਸਾਨੀ ਗਈ ਅਤੇ ਫ਼ਲਾਂ ਦਾ ਆਕਾਰ ਛੋਟਾ ਰਹਿ ਗਿਆ। ਇਸ ਤੋਂ ਇਲਾਵਾ ਅਮਰੂਦ, ਬੇਰ ਤੇ ਕਿੰਨੂ ਦੇ ਫ਼ਲਾਂ ਦੀ ਗੁਣਵੱਤਾ ਵੀ ਘਟ ਗਈ।
ਕੋਰੇ ਤੋਂ ਬਚਾਅ ਦੇ ਢੰਗ
ਗੰਨਾ : ਕੋਰੇ ਕਾਰਨ ਗੰਨੇ ਦੇ ਪੁੰਗਰਨ ਦੀ ਦਰ ਘਟ ਜਾਂਦੀ ਹੈ। ਇਸ ਲਈ ਗੰਨੇ ਦੀਆਂ ਉਨ੍ਹਾਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਹੜੀਆਂ ਕੋਰੇ ਦਾ ਟਾਕਰਾ ਕਰਨ ਦੇ ਸਮਰੱਥ ਹੋਣ ਅਤੇ ਫ਼ਸਲ ਨੂੰ ਕੋਰੇ ਦੀ ਮਾਰ ਤੋਂ ਬਚਾਉਣ ਲਈ ਦਸੰਬਰ ਤੇ ਜਨਵਰੀ ਦੌਰਾਨ ਹਲਕਾ ਪਾਣੀ ਦਿੰਦੇ ਰਹੋ। ਢੁਕਵੀਂਆਂ ਖਾਦਾਂ, ਸਿੰਚਾਈ ਤੇ ਬੂਟਿਆਂ ਦੀ ਸੁਰੱਖਿਆ ਦੇ ਹੋਰ ਉਪਰਾਲੇ ਵਰਤ ਕੇ ਸਿਹਤਮੰਦ ਫ਼ਸਲ ਉਗਾਓ, ਕਿਉਂਕਿ ਕਮਜ਼ੋਰ ਅਤੇ ਛੋਟੀ ਫ਼ਸਲ 'ਤੇ ਕੋਰੇ ਅਤੇ ਠੰਢ ਦਾ ਅਸਰ ਵਧੇਰੇ ਹੁੰਦਾ ਹੈ। ਜਿਹੜੀਆਂ ਫ਼ਸਲਾਂ ਡਿਗ ਜਾਂਦੀਆਂ ਹਨ, ਉਨ੍ਹਾਂ 'ਤੇ ਕੋਰੇ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਇਸ ਲਈ ਫ਼ਸਲ ਨੂੰ ਡਿਗਣ ਤੋਂ ਬਚਾਉਣਾ ਚਾਹੀਦਾ ਹੈ।
ਬਰਸੀਮ : ਬਹੁਤ ਜ਼ਿਆਦਾ ਠੰਢ ਤੇ ਕੋਰੇ ਵਾਲੇ ਦਿਨਾਂ ਵਿਚ ਬਰਸੀਮ ਦਾ ਵਾਧਾ ਰੁਕ ਜਾਂਦਾ ਹੈ। ਰਾਇਆ ਵਿਚ ਜੇਕਰ ਲੋੜ ਹੋਵੇ ਤਾਂ ਫੁੱਲ ਆਉਣ 'ਤੇ ਦੂਜੀ ਸਿੰਜਾਈ ਦਿੱਤੀ ਜਾ ਸਕਦੀ ਹੈ। ਜੇਕਰ ਫ਼ਸਲ ਨੂੰ ਕੋਰੇ ਦੇ ਨੁਕਸਾਨ ਦਾ ਖ਼ਤਰਾ ਹੋਵੇ ਤਾਂ ਦੂਜਾ ਪਾਣੀ ਸਮੇਂ ਤੋਂ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ।
ਅੰਬ : ਅੰਬ ਦੇ ਬੂਟਿਆਂ ਨੂੰ ਠੰਢ ਦੌਰਾਨ ਕੋਰੇ ਤੋਂ ਬਚਾਉਣ ਲਈ ਸਰਕੰਡੇ ਦਾ ਆਸਰਾ ਕਰਨਾ ਚਾਹੀਦਾ ਹੈ।
ਲੀਚੀ : ਲੀਚੀ ਦੇ ਵਧ ਰਹੇ ਬੂਟਿਆਂ ਨੂੰ 4-5 ਸਾਲ ਤੱਕ ਕੋਰੇ ਦੇ ਪ੍ਰਕੋਪ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ। ਕੋਰੇ ਤੋਂ ਬਚਾਉਣ ਲਈ ਬੂਟਿਆਂ ਨੂੰ ਸਰਕੰਡੇ ਨਾਲ ਢਕ ਕੇ ਰੱਖੋ। ਲੀਚੀ ਦੇ ਬੂਟਿਆਂ ਦੇ ਆਲੇ-ਦੁਆਲੇ ਢੈਂਚੇ ਦੀ ਕਾਸ਼ਤ ਕਰਨ ਨਾਲ ਇਨ੍ਹਾਂ ਬੂਟਿਆਂ ਨੂੰ ਠੰਢ ਤੋਂ ਬਚਾਇਆ ਜਾ ਸਕਦਾ ਹੈ।
ਕੇਲਾ: ਜਿਨ੍ਹਾਂ ਦਿਨਾਂ 'ਚ ਕੋਰਾ ਪੈਂਦਾ ਹੈ, ਉਨ੍ਹਾਂ ਦਿਨਾਂ 'ਚ ਕੇਲੇ ਦੇ ਬੂਟਿਆਂ ਨੂੰ ਥੋੜ੍ਹਾ-ਥੋੜ੍ਹਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ, ਤਾਂ ਕਿ ਬੂਟੇ ਨੁਕਸਾਨ ਤੋਂ ਬਚੇ ਰਹਿਣ। ਇਸ ਤੋਂ ਇਲਾਵਾ ਧੂੰਆਂ ਕਰਕੇ ਵੀ ਕੇਲੇ ਦੇ ਬੂਟਿਆਂ ਨੂੰ ਕੋਰੇ ਤੋਂ ਬਚਾਇਆ ਜਾ ਸਕਦਾ ਹੈ।
ਪਪੀਤਾ : ਪਪੀਤੇ ਦੇ ਬੂਟੇ ਕੋਰੇ ਤੇ ਠੰਢੇ ਹਾਲਾਤ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹੁੰਦੇ, ਇਸ ਲਈ ਪਪੀਤੇ ਦੀ ਕਾਸ਼ਤ ਚੰਗੀ ਜਲ ਨਿਕਾਸ ਵਾਲੀ ਮਿੱਟੀ ਅਤੇ ਉਸ ਖੇਤਰ 'ਚ ਕਰਨੀ ਚਾਹੀਦੀ ਹੈ, ਜਿੱਥੇ ਕੋਰਾ ਨਾ ਪੈਂਦਾ ਹੋਵੇ। ਕੋਰੇ ਤੋਂ ਬਚਾਉਣ ਲਈ ਨਵੰਬਰ ਤੋਂ ਫਰਵਰੀ ਦੇ ਮਹੀਨਿਆਂ ਦੌਰਾਨ ਪਪੀਤੇ ਦੇ ਵਧ ਰਹੇ ਬੂਟਿਆਂ ਨੂੰ ਪਲਾਸਟਿਕ ਦੀਆਂ ਸ਼ੀਟਾਂ, ਸਰਕੰਡੇ ਜਾਂ ਪਰਾਲੀ ਆਦਿ ਨਾਲ ਢਕ ਕੇ ਰੱਖਣਾ ਚਾਹੀਦਾ ਹੈ।
ਸਰਦੀਆਂ ਦੇ ਫਲ/ ਸਬਜ਼ੀਆਂ ਜਿਵੇਂ ਕਿ ਤਰਬੂਜ਼, ਕਰੇਲਾ, ਘੀਆ ਤੋਰੀ, ਪੇਠਾ, ਖੀਰਾ, ਟਮਾਟਰ, ਬੈਂਗਣ, ਮਿਰਚਾਂ, ਮਟਰ, ਆਲੂ ਆਦਿ 'ਤੇ ਵੀ ਠੰਢ ਦਾ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਕੋਰੇ ਤੋਂ ਬਚਾਉਣ ਲਈ ਇਨ੍ਹਾਂ ਨੂੰ ਸਮੇਂ-ਸਮੇਂ 'ਤੇ ਅਤੇ ਖ਼ਾਸ ਤੌਰ 'ਤੇ ਛੰਗਾਈ ਮਗਰੋਂ ਥੋੜ੍ਹਾ-ਥੋੜ੍ਹਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਸਿੰਜਾਈ ਤੋਂ ਪਹਿਲਾਂ ਮਿੱਟੀ ਪਰਖ ਦੇ ਆਧਾਰ 'ਤੇ ਨਾਈਟ੍ਰੋਜਨ ਖਾਦਾਂ ਦੀ ਵਰਤੋਂ ਕਰਕੇ ਨਵੇਂ ਬੂਟਿਆਂ ਦੇ ਵਾਧੇ ਨੂੰ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੂਟਿਆਂ ਨੂੰ ਸਰਕੰਡੇ, ਪਲਾਸਟਿਕ ਦੀਆਂ ਸ਼ੀਟਾਂ ਆਦਿ ਨਾਲ ਢਕ ਕੇ ਕੋਰੇ ਦੇ ਪ੍ਰਕੋਪ ਤੋਂ ਬਚਾਇਆ ਜਾ ਸਕਦਾ ਹੈ। ਕੋਰੇ ਵਾਲੀਆਂ ਰਾਤਾਂ ਦੌਰਾਨ ਬੂਟਿਆਂ ਨੂੰ ਗਿੱਲਾ ਨਹੀਂ ਕਰਨਾ ਚਾਹੀਦਾ। ਜੇ ਜ਼ਰੂਰਤ ਪਵੇ ਤਾਂ ਸਪਰਿੰਕਲਰ ਦੀ ਵਰਤੋਂ ਕਰਨੀ ਚਾਹੀਦੀ ਹੈ। ਕੋਰੇ ਕਾਰਨ ਫ਼ਸਲਾਂ ਦੇ ਹੋਣ ਵਾਲੇ ਬਹੁਤ ਵਧੇਰੇ ਨੁਕਸਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਵਧਾਨੀਆਂ ਵਰਤਣੀਆ ਚਾਹੀਦੀਆਂ ਹਨ, ਤਾਂ ਜੋ ਫ਼ਸਲਾਂ ਨੂੰ ਕੋਰੇ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ ਅਤੇ ਕੋਰੇ ਕਾਰਨ ਹੋਣ ਵਾਲੇ ਸੰਭਾਵਿਤ ਨੁਕਸਾਨ ਤੋਂ ਬਚਇਆ ਜਾ ਸਕੇ।
ਨਤੀਜੇ ਇਹ ਦਰਸਾਉਂਦੇ ਹਨ ਕਿ ਉੱਤਰ-ਪੱਛਮੀ ਖੇਤਰ ਵਿਚ ਠੰਢ ਦੇ ਦਿਨਾਂ ਵਿਚ ਕਮੀ ਆਈ ਹੈ, ਜਿਸ ਕਾਰਨ ਲੁਧਿਆਣਾ ਵਿਚ ਹੋਣ ਵਾਲੇ ਖੇਤਰੀ ਜਲਵਾਯੂ ਪਰਿਵਰਤਨ ਦਾ ਪਤਾ ਚਲਦਾ ਹੈ। ਮੌਸਮ ਦੀਆਂ ਮਾਰੂ ਘਟਨਾਵਾਂ ਕਾਰਨ ਇਸ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਲਗਾਤਾਰ ਚੌਕਸ ਰਹਿਣ ਦੀ ਲੋੜ ਹੈ। ਇਸ ਲਈ ਸਰਗਰਮ ਤੇ ਅਨੁਕੂਲਿਤ ਸੁਰੱਖਿਆ ਉਪਾਅ ਕਰਨੇ ਚਾਹੀਦੇ ਹਨ। ਕੋਰੇ ਕਾਰਨ ਫ਼ਸਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ, ਮਾੜੇ ਮੌਸਮ ਕਾਰਨ ਖੇਤੀ ਅਰਥਚਾਰੇ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕੋਰਾ ਪੈਣ ਦੇ ਸਮੇਂ ਬਾਰੇ ਪਹਿਲਾਂ ਤੋਂ ਅਨੁਮਾਨ ਲਗਾਉਣਾ ਅਤੇ ਇਸ ਨਾਲ ਨਜਿੱਠਣ ਲਈ ਸਥਾਨਕ ਪੱਧਰ 'ਤੇ ਰਣਨੀਤੀ ਤਿਆਰ ਕਰਨਾ ਬਹੁਤ ਹੀ ਲਾਜ਼ਮੀ ਹੈ।
-ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ।