24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਰੱਖਿਆ ਖੇਤਰ ਲਈ ਯੋਜਨਾਬੰਦੀ

Ad Position 21
No active advertisement
ਅਜੀਤ ਡੈਸਕ 29-01-2026

ਭਾਰਤ, ਯੂਰਪੀਅਨ ਯੂਨੀਅਨ ਅਤੇ ਹੋਰ ਵੱਖ-ਵੱਖ ਦੇਸ਼ਾਂ ਨਾਲ ਹੋਏ ਵਪਾਰਕ ਸਮਝੌਤਿਆਂ ਨਾਲ ਜਿਥੇ ਆਉਣ ਵਾਲੇ ਸਮੇਂ 'ਚ ਭਾਰਤ ਦੀ ਵਧਦੀ ਹੋਈ ਸੰਭਾਵੀ ਸ਼ਕਤੀ ਨੂੰ ਦੇਖਿਆ ਜਾ ਸਕਦਾ ਹੈ, ਉਥੇ ਕਈ ਦੇਸ਼ਾਂ ਨਾਲ ਭਾਰਤ ਦੇ ਹੋਏ ਸੁਰੱਖਿਆ ਸਮਝੌਤਿਆਂ ਦੀ ਵੀ ਆਪਣੀ ਵੱਡੀ ਅਹਿਮੀਅਤ ਹੈ। ਪਿਛਲੀ ਸਦੀ 'ਚ ਸੰਸਾਰ ਦੀ ਦੂਸਰੀ ਵੱਡੀ ਜੰਗ ਵਿਚ ਭਾਰਤ ਨੇ ਅਹਿਮ ਰੋਲ ਅਦਾ ਕੀਤਾ ਸੀ। ਉਸ ਸਮੇਂ ਹਾਲਾਤ ਬਿਲਕੁਲ ਵੱਖਰੇ ਸਨ। ਭਾਰਤ ਉਸ ਸਮੇਂ ਅੰਗਰੇਜ਼ਾਂ ਦਾ ਗੁਲਾਮ ਸੀ। ਭਾਰਤੀਆਂ ਕੋਲ ਕੋਈ ਵੀ ਵੱਡਾ ਫ਼ੈਸਲਾ ਲੈਣ ਲਈ ਆਪਣੀ ਮਰਜ਼ੀ ਨਹੀਂ ਸੀ। ਬਰਤਾਨੀਆ ਸਰਕਾਰ ਹੀ ਇਸ ਮਹਾਨ ਦੇਸ਼ ਲਈ ਵੱਡੇ ਫ਼ੈਸਲੇ ਲੈਂਦੀ ਸੀ। ਦੂਸਰੇ ਵੱਡੇ ਯੁੱਧ ਵਿਚ ਜਿਥੇ ਯੂਰਪ ਦੇ ਦੇਸ਼ ਜਰਮਨੀ ਤੇ ਇਟਲੀ ਇਕ ਪਾਸੇ ਸਨ, ਉਥੇ ਏਸ਼ੀਆ ਵਿਚ ਉਨ੍ਹਾਂ ਦਾ ਭਾਈਵਾਲ ਜਪਾਨ ਸੀ। ਦੂਸਰੇ ਪਾਸੇ ਯੂਰਪ ਦੇ ਬਹੁਤੇ ਮੁਲਕਾਂ ਦੇ ਨਾਲ ਅਮਰੀਕਾ ਵੀ ਇਸ ਯੁੱਧ ਵਿਚ ਸ਼ਾਮਿਲ ਹੋ ਗਿਆ ਸੀ। ਸੋਵੀਅਤ ਯੂਨੀਅਨ (ਰੂਸ) ਬਹੁਤ ਵਿਸ਼ਾਲ ਦੇਸ਼ ਸੀ, ਜਿਸ ਦੀਆਂ ਸਰਹੱਦਾਂ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਫੈਲੀਆਂ ਹੋਈਆਂ ਸਨ। ਉਹ ਵੀ ਬਹੁਤੇ ਯੂਰਪੀਅਨ ਦੇਸ਼ਾਂ ਤੇ ਅਮਰੀਕਾ ਵਾਲੀ ਧਿਰ ਨਾਲ ਸੰਸਾਰ ਜੰਗ ਵਿਚ ਸ਼ਾਮਿਲ ਸੀ। ਇਸ ਜੰਗ ਵਿਚ ਬਰਤਾਨੀਆ ਨੇ ਭਾਰਤ ਨੂੰ ਆਪਣੇ ਵਲੋਂ ਜੰਗ ਵਿਚ ਸ਼ਾਮਿਲ ਕਰਨ ਦਾ ਐਲਾਨ ਕਰ ਦਿੱਤਾ ਸੀ, ਕਿਉਂਕਿ ਦੇਸ਼ ਬਰਤਾਨੀਆ ਦਾ ਗ਼ੁਲਾਮ ਸੀ। ਉਸ ਸਮੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵੀ ਸਿਖਰਾਂ 'ਤੇ ਸੀ। ਇਥੇ ਵੱਡੇ ਸਿਆਸੀ ਆਗੂਆਂ ਨੇ ਇਸ ਅੰਗਰੇਜ਼ੀ ਫ਼ੈਸਲੇ ਖ਼ਿਲਾਫ਼ ਵੱਡੀ ਆਵਾਜ਼ ਉਠਾਈ ਸੀ, ਪਰ ਅੰਗਰੇਜ਼ਾਂ ਨੂੰ ਵੱਡੀ ਭਰਤੀ ਦੀ ਲੋੜ ਸੀ, ਜਿਸ ਦੀ ਪੂਰਤੀ ਭਾਰਤ ਵਿਚੋਂ ਹੀ ਕੀਤੀ ਜਾ ਸਕਦੀ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਇਕ ਪ੍ਰਭੂਸੱਤਾ ਸੰਪੰਨ ਇਕਾਈ ਦੇ ਤੌਰ 'ਤੇ ਉੱਭਰਿਆ। ਵੰਡ ਹੋਣ ਦੇ ਨਾਲ-ਨਾਲ ਉਸ ਨੂੰ ਇਕ ਪਾਸੇ ਤਾਂ ਪਾਕਿਸਤਾਨ ਦੀ ਚੁਣੌਤੀ ਪੇਸ਼ ਆਈ, ਜਿਸ ਦੀ ਮਦਦ ਕੁਝ ਮੁਸਲਿਮ ਦੇਸ਼ ਤੇ ਖ਼ਾਸ ਤੌਰ 'ਤੇ ਅਮਰੀਕਾ ਕਰ ਰਿਹਾ ਸੀ। ਕੁਝ ਸਾਲਾਂ ਬਾਅਦ ਹੀ ਚੀਨ ਨੇ ਵੀ ਭਾਰਤ ਦੀ ਜ਼ਮੀਨ 'ਤੇ ਆਪਣਾ ਦਾਅਵਾ ਠੋਕਦਿਆਂ ਇਸ ਨਾਲ ਲੜਾਈ ਵਿੱਢ ਲਈ ਸੀ ਤੇ 1962 ਦੀ ਜੰਗ ਵਿਚ ਭਾਰਤ ਨੂੰ ਚੀਨ ਤੋਂ ਨਮੋਸ਼ੀਜਨਕ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਅੱਜ ਦੁਨੀਆ ਦਾ ਨਕਸ਼ਾ ਪੂਰੀ ਤਰ੍ਹਾਂ ਬਦਲਿਆ ਹੋਇਆ ਦਿਖਾਈ ਦਿੰਦਾ ਹੈ, ਜਿਥੇ ਪਹਿਲਾਂ ਅਮਰੀਕਾ ਤੇ ਸੋਵੀਅਤ ਯੂਨੀਅਨ ਸ਼ਕਤੀਸ਼ਾਲੀ ਦੇਸ਼ਾਂ ਵਜੋਂ ਉੱਭਰੇ ਸਨ, ਉਥੇ ਹੁਣ ਚੀਨ ਦਾ ਵੱਡਾ ਉਭਾਰ ਵੀ ਦੇਖਿਆ ਜਾ ਸਕਦਾ ਹੈ, ਜੋ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਚੀਨ ਆਪਣੇ ਗਵਾਂਢੀ ਦੇਸ਼ਾਂ ਦੀਆਂ ਧਰਤੀਆਂ 'ਤੇ ਆਪਣਾ ਦਾਅਵਾ ਜਤਾਉਣ ਦੇ ਨਾਲ-ਨਾਲ ਸਮੁੰਦਰਾਂ ਦੇ ਵੱਡੇ ਹਿੱਸੇ 'ਤੇ ਵੀ ਆਪਣਾ ਦਾਅਵਾ ਜਤਾਉਣ ਲੱਗਾ ਹੋਇਆ ਹੈ, ਜੋ ਕਿ ਪਾਣੀਆਂ ਦੇ ਕੌਮਾਂਤਰੀ ਨੇਮਾਂ ਦੇ ਵਿਰੁੱਧ ਹੈ। ਇਸ ਨਾਲ ਅਮਰੀਕਾ, ਆਸਟ੍ਰੇਲੀਆ, ਜਪਾਨ ਤੇ ਬਹੁਤ ਸਾਰੇ ਯੂਰਪੀਅਨ ਮੁਲਕ ਚਿੰਤਾਵਾਨ ਦਿਖਾਈ ਦਿੰਦੇ ਹਨ ਤੇ ਵੱਖ-ਵੱਖ ਬਣੇ ਕੌਮਾਂਤਰੀ ਸੰਗਠਨਾਂ ਰਾਹੀਂ ਜ਼ਾਹਰਾ ਤੌਰ 'ਤੇ ਆਪਣੀਆਂ ਨੀਤੀਆਂ ਘੜਨ ਲਈ ਮਜਬੂਰ ਹਨ। ਭਾਰਤ ਨੇ ਵੀ ਹਿੰਦ-ਪ੍ਰਸ਼ਾਂਤ ਸਾਗਰ ਵਿਚ ਚੀਨੀ ਵਿਸਥਾਰਵਾਦ ਨੂੰ ਲੈ ਕੇ ਇਨ੍ਹਾਂ ਮੁਲਕਾਂ ਨਾਲ ਰੱਖਿਆ ਸੰਬੰਧੀ ਹੁਣ ਤੱਕ ਅਨੇਕਾਂ ਸਮਝੌਤੇ ਕੀਤੇ ਹਨ। ਇਸੇ ਹੀ ਦਿਸ਼ਾ 'ਚ ਪਿਛਲੇ ਦਿਨੀਂ ਦਿੱਲੀ ਵਿਚ ਹੋਏ ਭਾਰਤ ਤੇ ਯੂਰਪੀਅਨ ਯੂਨੀਅਨ ਦਰਮਿਆਨ ਸਮਝੌਤੇ ਨੂੰ ਦੇਖਿਆ ਜਾ ਸਕਦਾ ਹੈ। ਯੂਰਪੀਅਨ ਯੂਨੀਅਨ ਦੇ ਆਗੂਆਂ ਦੀ ਹਾਜ਼ਰੀ ਵਿਚ ਭਾਰਤ ਤੇ ਯੂਰਪੀਅਨ ਯੂਨੀਅਨ ਦਰਮਿਆਨ ਰੱਖਿਆ ਸੰਬੰਧੀ ਸਮਝੌਤਾ ਵੀ ਸਿਰੇ ਚਾੜ੍ਹਿਆ ਗਿਆ ਹੈ। ਯੂਰਪੀਅਨ ਯੂਨੀਅਨ ਦੀ ਵਿਦੇਸ਼ ਅਤੇ ਸੁਰੱਖਿਆ ਨੀਤੀ ਦੇ ਮੁਖੀ ਕਾਜ਼ਾ ਕਾਲਾਮ ਨਾਲ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਦਸਤਖ਼ਤਾਂ ਨਾਲ ਹੋਇਆ ਇਹ ਸੁਰੱਖਿਆ ਸਮਝੌਤਾ ਬੜਾ ਅਹਿਮ ਮੰਨਿਆ ਜਾ ਰਿਹਾ ਹੈ। ਇਸ ਵਿਚ ਸਮੁੰਦਰੀ ਸੁਰੱਖਿਆ ਸਨਅਤ ਦੇ ਰੂਪ ਵਿਚ ਫ਼ੌਜੀ ਸਾਜ਼ੋ-ਸਾਮਾਨ ਬਣਾਉਣਾ ਤੇ ਇਸੇ ਹੀ ਦਿਸ਼ਾ ਵਿਚ ਤਕਨੀਕੀ ਮੁਹਾਰਤਾਂ ਦਾ ਆਦਾਨ-ਪ੍ਰਦਾਨ ਕਰਨਾ ਵੀ ਸ਼ਾਮਿਲ ਹੈ। ਦੇਸ਼ ਨੇ ਆਤਮ ਨਿਰਭਰਤਾ ਦੀ ਨੀਤੀ ਅਧੀਨ ਯੂਰਪੀਅਨ ਮੁਲਕਾਂ ਦੀ ਤਕਨਾਲੋਜੀ ਨੂੰ ਆਧਾਰ ਬਣਾ ਕੇ ਇਥੇ ਨਵੇਂ ਕਾਰਖਾਨੇ ਸਥਾਪਿਤ ਕਰਨ ਦੀ ਯੋਜਨਾਬੰਦੀ ਵੀ ਕੀਤੀ ਹੈ, ਜਿਸ ਵਿਚ ਡਰੋਨਾਂ ਅਤੇ ਸੁਰੱਖਿਆ ਲਈ ਹੋਰ ਹਥਿਆਰਾਂ ਦਾ ਨਿਰਮਾਣ ਵੀ ਸ਼ਾਮਿਲ ਹੈ। ਪੰਜ ਸਾਲ ਲਈ ਕੀਤੇ ਇਸ ਵਿਸਥਾਰਤ ਸਮਝੌਤੇ ਦੇ ਸਿਰੇ ਚੜ੍ਹਨ ਤੋਂ ਬਾਅਦ ਭਾਰਤ ਦੇ ਰੱਖਿਆ ਸੰਬੰਧੀ ਨਿਰਮਾਣ ਦੇ ਖੇਤਰ 'ਚ ਬੇਹੱਦ ਸ਼ਕਤੀਸ਼ਾਲੀ ਦੇਸ਼ ਵਜੋਂ ਉੱਭਰਨ ਦੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ। ਭਾਰਤ ਵਲੋਂ ਇਸ ਖੇਤਰ 'ਚ ਵਧਾਏ ਗਏ ਕਦਮਾਂ ਨਾਲ ਭਵਿੱਖ ਦੀਆਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੀ ਸੰਭਾਵਨਾ ਵੀ ਬਣ ਜਾਏਗੀ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਫਿਰਕਾਪ੍ਰਸਤੀ ਲਈ ਭੜਕਾਉਣਾ ਕਿਥੋਂ ਤੱਕ ਸਹੀ? ਅਗਲੀ ਖ਼ਬਰ ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
Ad Position 24