24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਨੌਜਵਾਨਾਂ ਨੂੰ ਫਿਰਕਾਪ੍ਰਸਤੀ ਲਈ ਭੜਕਾਉਣਾ ਕਿਥੋਂ ਤੱਕ ਸਹੀ?

Ad Position 21
No active advertisement
ਅਜੀਤ ਡੈਸਕ 29-01-2026

ਦੇਸ਼ ਵਿਚ ਪਹਿਲਾਂ ਹੀ ਘੋਰ ਫਿਰਕੂ ਮਾਹੌਲ ਸੀ, ਪਰ ਹੁਣ ਫਿਰਕੂਵਾਦ ਦਾ ਨੰਗਾ ਨਾਚ ਸ਼ੁਰੂ ਹੋਣ ਵਾਲਾ ਹੈ ਤੇ ਇਸ ਦਾ ਅਧਿਕਾਰਤ ਐਲਾਨ ਹੋ ਚੁੱਕਾ ਹੈ। ਇਹ ਐਲਾਨ ਕਰਨ ਵਾਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐੱਸ.ਏ.) ਅਜੀਤ ਡੋਵਾਲ ਹਨ, ਹੁਣ ਤੱਕ ਤਾਂ ਫਿਰਕੂਵਾਦ ਨਫ਼ਰਤੀ ਤੱਤ ਫੈਲਾਉਂਦੇ ਰਹੇ ਹਨ। ਕਦੇ-ਕਦੇ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਇਨ੍ਹਾਂ ਤੱਤਾਂ ਦੁਆਰਾ ਭੜਕਾਈ ਅੱਗ 'ਤੇ ਤੇਲ ਪਾ ਦਿੰਦੇ ਸਨ। ਅਜੀਤ ਡੋਵਾਲ ਨੇ ਤਾਂ ਇਕ ਕਦਮ ਅੱਗੇ ਜਾਂਦਿਆਂ ਦੇਸ਼ ਦੇ ਨੌਜਵਾਨਾਂ ਨੂੰ ਪਿਛਲੀਆਂ ਘਟਨਾਵਾਂ ਦਾ ਬਦਲਾ ਲੈਣ ਲਈ ਆਪਣੇ ਦਿਲਾਂ ਵਿਚ ਅੱਗ ਭੜਕਾਈ ਰੱਖਣ ਦੀ ਅਪੀਲ ਤੱਕ ਕਰ ਦਿੱਤੀ ਹੈ। ਇੰਝ ਲੱਗਦਾ ਹੈ ਕਿ ਉਹ ਫਿਰਕੂ ਬਿਆਨਬਾਜ਼ੀ ਦੇ ਸਾਰੇ ਰਿਕਾਰਡ ਤੋੜਨ ਦੇ ਦ੍ਰਿੜ੍ਹ ਇਰਾਦੇ ਨਾਲ ਘਰੋਂ ਨਿਕਲੇ ਹਨ। ਉਨ੍ਹਾਂ ਸ਼ਾਹਰੁਖ ਖਾਨ ਦੇ ਅੰਦਾਜ਼ 'ਚ ਦੋਵੇਂ ਹੱਥ ਫੈਲਾ ਕੇ ਗੱਲ ਕਰਦਿਆਂ ਭਾਰਤ ਦੇ ਇਤਿਹਾਸ 'ਚ ਹੋਏ ਅਪਮਾਨ, ਤਬਾਹੀ ਤੇ ਬੇਵਸੀ ਦਾ ਜ਼ਿਕਰ ਕੀਤਾ: ਜਿਵੇਂ ਧਾੜਵੀਆਂ ਦੁਆਰਾ ਸੱਭਿਅਤਾ ਨਸ਼ਟ ਕੀਤੀ ਗਈ, ਮੰਦਰ ਲੁੱਟੇ ਗਏ ਪਰ ਲੋਕ ਖਾਮੋਸ਼ ਚੁੱਪ ਦਰਸ਼ਕ ਬਣੇ ਰਹੇ। ਉਨ੍ਹਾਂ ਕਿਹਾ ਕਿ ਇਤਿਹਾਸ ਸਾਨੂੰ ਚੁਣੌਤੀ ਦਿੰਦਾ ਹੈ ਕਿ ਅੱਜ ਹਰ ਭਾਰਤੀ ਨੌਜਵਾਨ ਅੰਦਰ ਅਜਿਹੀ ਅੱਗ ਹੋਣੀ ਚਾਹੀਦੀ ਹੈ, ਹਾਲਾਂਕਿ 'ਬਦਲਾ' ਕੋਈ ਆਦਰਸ਼ ਸ਼ਬਦ ਨਹੀਂ ਹੈ ਪਰ ਬਦਲਾ ਆਪਣੇ-ਆਪ 'ਚ ਇਕ ਵੱਡੀ ਤਾਕਤ ਹੈ। ਸਾਨੂੰ ਆਪਣੇ ਇਤਿਹਾਸ ਦਾ ਬਦਲਾ ਲੈਣਾ ਹੋਵੇਗਾ, ਡੋਵਾਲ ਦੇ ਸ਼ਬਦ ਦਰਅਸਲ ਕੁਝ ਵੀ ਨਹੀਂ ਛੁਪਾਉਂਦੇ ਅਤੇ ਇਹ ਉਨ੍ਹਾਂ ਦੀ ਪੁਰਾਣੀ ਆਦਤ ਹੈ ਕਿ ਜਦੋਂ ਵੀ ਉਹ ਕੋਈ ਭਾਸ਼ਨ ਦਿੰਦੇ ਹਨ ਤਾਂ ਹਮੇਸ਼ਾ 'ਸੱਭਿਆਚਾਰਕ ਖੂਨ ਵਹਿਣ' ਦੀ ਚਰਚਾ ਜ਼ਰੂਰ ਕਰਦੇ ਹਨ। ਮਤਲਬ ਸਾਡੀ ਭਾਰਤੀ ਸੱਭਿਅਤਾ 12ਵੀਂ ਸਦੀ ਤੋਂ ਜ਼ਖ਼ਮੀ ਹੈ, ਜਿਸ ਦੇ ਜ਼ਖ਼ਮਾਂ 'ਚੋਂ ਲਗਾਤਾਰ ਖੂਨ ਵਗ ਰਿਹਾ ਹੈ। ਹੁਣ ਇਸ ਦਾ ਬਦਲਾ ਤਾਂ ਲੈਣਾ ਹੀ ਹੋਵੇਗਾ। ਜ਼ਰਾ ਸੋਚੋ, ਕੋਈ ਇਤਿਹਾਸ ਦਾ ਬਦਲਾ ਕਿਸ ਤੋਂ ਕਿਵੇਂ ਲਵੇਗਾ? ਡੋਵਾਲ ਦੇ ਇਸ ਭੜਕਾਊ ਭਾਸ਼ਨ ਤੋਂ ਪਹਿਲਾਂ ਹੀ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਰਾਮ ਸੈਨਾ, ਹਿੰਦੂ ਸੁਰੱਖਿਆ ਵਾਹਿਨੀ ਤੇ ਅਜਿਹੇ ਹੋਰ ਸੰਗਠਨ ਤਾਂ ਦੇਸ਼ ਭਰ ਵਿਚ ਪਹਿਲਾਂ ਹੀ ਬਦਲਾ ਲੈਣ ਵਾਲੀਆਂ ਕਾਰਵਾਈਆਂ ਕਰ ਰਹੇ ਸਨ। ਡੋਵਾਲ ਦੀਆਂ ਟਿੱਪਣੀਆਂ ਨਾਲ ਬਦਲੇ ਦੀ ਭਾਵਨਾ ਜੰਗਲ ਦੀ ਅੱਗ ਵਾਂਗ ਫੈਲਣ ਦੀ ਉਮੀਦ ਹੈ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਅਹੁਦਾ ਦੇਸ਼ ਦੇ ਚੋਟੀ ਦੇ ਅਹੁਦਿਆਂ 'ਚੋਂ ਇਕ ਹੈ। ਅਜੀਤ ਡੋਵਾਲ 2014 'ਚ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਐਨ.ਐੱਸ.ਏ. ਦੇ ਅਹੁਦੇ 'ਤੇ ਬਿਰਾਜਮਾਨ ਹਨ ਤੇ ਉਨ੍ਹਾਂ ਦਾ ਅਹੁਦਾ ਕੈਬਨਿਟ ਮੰਤਰੀ ਦੇ ਬਰਾਬਰ ਹੈ। ਉਹ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਭਰੋਸੇਮੰਦ ਸਲਾਹਕਾਰਾਂ 'ਚੋਂ ਇਕ ਹਨ। ਡੋਵਾਲ ਭਾਰਤ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਮੁਖੀ ਹਨ, ਉਹ ਮੋਦੀ ਨੂੰ ਅੰਦਰੂਨੀ ਤੇ ਬਾਹਰੀ ਸੁਰੱਖਿਆ, ਖੁਫ਼ੀਆ ਜਾਣਕਾਰੀ, ਅੱਤਵਾਦ ਵਿਰੋਧੀ ਕਾਰਵਾਈਆਂ, ਸਰਹੱਦੀ ਸੁਰੱਖਿਆ ਤੇ ਅੰਤਰਰਾਸ਼ਟਰੀ ਸੰਬੰਧਾਂ ਨਾਲ ਜੁੜੇ ਮਾਮਲਿਆਂ ਬਾਰੇ ਸਿੱਧੇ ਤੌਰ 'ਤੇ ਸਲਾਹ ਦਿੰਦੇ ਹਨ। ਉਹ ਅੰਦਰੂਨੀ ਤੇ ਬਾਹਰੀ ਸੁਰੱਖਿਆ ਨਾਲ ਸੰਬੰਧਿਤ ਸਾਰੇ ਮਾਮਲਿਆਂ ਲਈ ਸਿਖਰਲੀ ਸੰਸਥਾ ਦੀ ਅਗਵਾਈ ਕਰਨ ਦੇ ਨਾਲ ਹੀ ਖੁਫੀਆ ਬਿਊਰੋ ਤੇ ਖੋਜ ਵਿਸ਼ਲੇਸ਼ਣ ਵਿੰਗ ਜਿਹੀਆਂ ਖੁਫੀਆ ਏਜੰਸੀਆਂ ਵਿਚਾਲੇ ਤਾਲਮੇਲ ਸਥਾਪਿਤ ਕਰਨ ਤੋਂ ਇਲਾਵਾ ਉਨ੍ਹਾਂ ਦੀਆਂ ਸਰਗਰਮੀਆਂ ਦੀ ਨਿਗਰਾਨੀ ਵੀ ਕਰਦੇ ਹਨ। ਪਰ ਅਸੀਂ ਇਹ ਵੀ ਭੁੱਲ ਨਹੀਂ ਸਕਦੇ ਕਿ 2019 'ਚ ਪੁਲਵਾਮਾ ਹਮਲਾ ਡੋਵਾਲ ਦੇ ਐਨ.ਐੱਸ.ਏ. ਵਜੋਂ ਕਾਰਜਕਾਲ ਦੌਰਾਨ ਹੀ ਹੋਇਆ ਸੀ। ਸੀ.ਆਰ.ਪੀ.ਐਫ. ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਹੋਏ ਇਸ ਹਮਲੇ 'ਚ 40 ਤੋਂ ਵੱਧ ਜਵਾਨ ਮਾਰੇ ਗਏ ਸਨ। ਜੰਮੂ-ਕਸ਼ਮੀਰ ਦੇ ਤੱਤਕਾਲੀ ਰਾਜਪਾਲ ਮਰਹੂਮ ਸੱਤਿਆਪਾਲ ਮਲਿਕ ਨੇ ਦਾਅਵਾ ਕੀਤਾ ਸੀ ਕਿ ਇਹ ਇਕ ਪ੍ਰਣਾਲੀਗਤ ਅਸਫਲਤਾ ਸੀ, ਜਿਸ ਵਿਚ ਖੁਫੀਆ ਤੇ ਸੁਰੱਖਿਆ ਲਾਪ੍ਰਵਾਹੀ ਸ਼ਾਮਿਲ ਸੀ। ਉਨ੍ਹਾਂ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਤੇ ਡੋਵਾਲ ਨੇ ਉਸ ਨੂੰ ਇਸ ਹਮਲੇ ਬਾਰੇ ਚੁੱਪ ਰਹਿਣ ਲਈ ਕਿਹਾ ਸੀ। ਉਸ ਸਮੇਂ ਡੋਵਾਲ ਕੀ ਕਰ ਰਹੇ ਸਨ? ਉਨ੍ਹਾਂ ਦੇ ਦਿਲ ਦੀ ਇਹ ਅੱਗ ਜਿਸ ਨੂੰ ਉਹ ਹੁਣ ਨੌਜਵਾਨਾਂ ਦੇ ਦਿਲਾਂ 'ਚ ਸੁਲਗਾਉਣਾ ਚਾਹੁੰਦੇ ਹਨ, ਕੀ ਉਸ ਸਮੇਂ ਠੰਢੀ ਪਈ ਹੋਈ ਸੀ? ਅਪ੍ਰੈਲ 2025 'ਚ ਅੱਤਵਾਦੀਆਂ ਵਲੋਂ ਪਹਿਲਗਾਮ ਦੀ ਬੈਸਰਨ ਘਾਟੀ 'ਚ ਕੀਤੇ ਗਏ ਖੂਨੀ ਹਮਲੇ ਦੌਰਾਨ 26 ਸੈਲਾਨੀ ਮਾਰੇ ਗਏ ਸੀ। ਇਹ ਵੀ ਇਕ ਖੁਫੀਆ ਨਾਕਾਮੀ ਸੀ, ਕਿਉਂਕਿ ਕਸ਼ਮੀਰ ਵਾਦੀ 'ਚ ਸੈਰ-ਸਪਾਟੇ ਨੂੰ ਆਮ ਤੇ ਸੁਰੱਖਿਅਤ ਐਲਾਨਣ ਕਾਰਨ ਹੀ ਵੱਡੀ ਗਿਣਤੀ 'ਚ ਸੈਲਾਨੀ ਆਉਣ ਲੱਗੇ ਸਨ, ਪਰ ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੀ ਨਹੀਂ ਸਨ। ਸੰਯੁਕਤ ਰਾਸ਼ਟਰ ਵਿਚ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸਮੂਹ ਟੀ.ਆਰ.ਐਫ. ਦਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਲੋਂ ਬਚਾਅ ਕੀਤਾ ਜਾਣਾ, ਭਾਰਤ ਦੀ ਕੂਟਨੀਤਕ ਨਾਕਾਮੀ ਦਾ ਸਬੂਤ ਹੈ। ਦਰਅਸਲ ਅੱਤਵਾਦੀਆਂ ਨੂੰ ਹਮਲਾ ਕਰਨ ਦਾ ਮੌਕਾ ਮਿਲਣਾ ਹੀ ਸਰਕਾਰ ਦੀ ਨਾਕਾਮੀ ਸੀ।
ਡੋਵਾਲ ਦੇ ਕਾਰਜਕਾਲ ਦੌਰਾਨ ਉੜੀ (2016), ਪਠਾਨਕੋਟ (2016) ਤੇ ਰਿਆਸੀ (2024) ਹਮਲੇ ਸਮੇਤ 30 ਤੋਂ ਵੱਧ ਅੱਤਵਾਦੀ ਘਟਨਾਵਾਂ ਵਾਪਰੀਆਂ ਹਨ, ਜਿਸ ਦੌਰਾਨ ਹਰ ਵਾਰ ਖੁਫੀਆ ਨਾਕਾਮੀਆਂ ਸਾਹਮਣੇ ਆਈਆਂ ਹਨ। 1999 ਦੇ ਜਹਾਜ਼ ਅਗਵਾ ਤੋਂ ਲੈ ਕੇ ਪੁਲਵਾਮਾ ਤੇ ਪਹਿਲਗਾਮ ਤੱਕ ਡੋਵਾਲ ਆਪਣੀ ਭੂਮਿਕਾ ਨਿਭਾਉਣ 'ਚ ਅਯੋਗ ਸਾਬਤ ਹੋਏ ਹਨ, ਫਿਰ ਵੀ ਉਨ੍ਹਾਂ ਕਦੇ ਆਪਣੀ ਜ਼ਿੰਮੇਵਾਰੀ ਨਹੀਂ ਲਈ ਅਤੇ ਅਸਤੀਫ਼ਾ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਜਦੋਂ 2024 ਦੇ ਕੱਟੜਪੰਥੀ ਵਿਦਿਆਰਥੀ ਅੰਦੋਲਨ ਕਾਰਨ ਬੰਗਲਾਦੇਸ਼ 'ਚ ਸ਼ੇਖ ਹਸੀਨਾ ਸਰਕਾਰ ਦਾ ਪਤਨ ਹੋਇਆ ਤਾਂ ਉਸ ਸਮੇਂ ਢਾਕਾ 'ਚ ਖੁਫੀਆ ਬਿਊਰੋ (ਆਈ.ਬੀ.) ਅਤੇ ਖੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਦਾ ਵੱਡਾ ਅਮਲਾ ਤਾਇਨਾਤ ਸੀ, ਪਰ ਭਾਰਤੀ ਖੁਫੀਆ ਏਜੰਸੀਆਂ ਨੂੰ ਇਸ ਦੀ ਭਿਣਕ ਵੀ ਨਾ ਲੱਗੀ। ਡੋਵਾਲ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਪੱਛਮੀ ਸਾਜਿਸ਼ ਕਰਤਾਵਾਂ ਨੇ ਸ਼ੇਖ ਹਸੀਨਾ ਦਾ ਤਖ਼ਤਾ ਪਲਟ ਦਿੱਤਾ। ਨਵੇਂ ਸ਼ਾਸਨ 'ਚ ਅਸਥਿਰਤਾ, ਹਿੰਦੂ ਘੱਟ ਗਿਣਤੀਆਂ 'ਤੇ ਹਮਲੇ ਤੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਘੁਸਪੈਠ ਵਧ ਗਈ ਹੈ। ਦਰਅਸਲ ਡੋਵਾਲ 'ਤੇ ਗੁਆਂਢੀ ਦੇਸ਼ਾਂ (ਨੇਪਾਲ, ਬੰਗਲਾਦੇਸ਼ ਤੇ ਮਾਲਦੀਵ) ਨਾਲ ਸੰਬੰਧਿਤ ਨੀਤੀਗਤ ਮੁੱਦਿਆਂ ਨੂੰ ਹੱਲ ਕਰਨ 'ਚ ਨਾਕਾਮ ਰਹਿਣ ਦੇ ਦੋਸ਼ ਹਨ, ਭਾਰਤ ਦੀ ਕੂਟਨੀਤੀ ਕਮਜ਼ੋਰ ਪੈਣ ਕਰਕੇ ਖਿੱਤੇ 'ਚ ਚੀਨ ਦਾ ਪ੍ਰਭਾਵ ਵਧਿਆ ਹੈ।
ਅਜੀਤ ਡੋਵਾਲ ਦੇ ਪੁੱਤਰ ਵਿਵੇਕ ਡੋਵਾਲ ਨੇ ਭਾਰਤੀ ਨਾਗਰਿਕਤਾ ਤਿਆਗ ਦਿੱਤੀ ਹੈ, ਉਹ ਹੁਣ ਬ੍ਰਿਟਿਸ਼ ਨਾਗਰਿਕ ਹੈ ਤੇ ਸਿੰਗਾਪੁਰ 'ਚ ਰਹਿੰਦਾ ਹੈ। ਉਸ ਦੀ ਪਾਕਿਸਤਾਨੀ ਕੰਪਨੀਆਂ ਨਾਲ ਭਾਈਵਾਲੀ ਹੈ, ਜਦਕਿ ਉਨ੍ਹਾਂ ਦੇ ਵਿਦੇਸ਼ 'ਚ ਪੜ੍ਹਾਈ ਕਰਕੇ ਆਏ ਦੂਜੇ ਪੁੱਤਰ ਸ਼ੌਰਿਆ ਡੋਵਾਲ ਨੇ ਭਾਰਤ 'ਚ 'ਇੰਡੀਆ ਫਾਊਂਡੇਸ਼ਨ' ਬਣਾਈ ਹੈ, ਇਹ ਸੰਗਠਨ ਨਰਿੰਦਰ ਮੋਦੀ ਨਾਲ ਨੇੜਲੇ ਸੰਬੰਧਾਂ ਲਈ ਜਾਣਿਆ ਜਾਂਦਾ ਹੈ ਅਤੇ ਵਿਦੇਸ਼ੀ ਕੰਪਨੀਆਂ ਦੁਆਰਾ ਪ੍ਰਯੋਜਿਤ (ਸਪਾਂਸਰਡ) ਹੋਣ ਕਾਰਨ ਵਿਵਾਦਾਂ 'ਚ ਫਸਿਆ ਹੋਇਆ ਹੈ। ਹੁਣ ਅਜੀਤ ਡੋਵਾਲ ਦੀ ਜੁਰਅਤ ਦੇਖੋ ਕਿ ਉਹ ਆਪਣੇ ਪੁੱਤਰਾਂ ਨੂੰ ਤਾਂ ਭਾਰਤੀਅਤਾ ਦਾ ਸਬਕ ਨਹੀਂ ਸਿਖਾ ਸਕੇ, ਪਰ ਭਾਰਤ ਦੇ ਨੌਜਵਾਨਾਂ ਦੇ ਦਿਲਾਂ 'ਚ ਫਿਰਕਾਪ੍ਰਸਤੀ ਦੀ ਅੱਗ ਭੜਕਾਉਣੀ ਚਾਹੁੰਦੇ ਹਨ। ਡੋਵਾਲ ਦੇ ਇਕ ਹੋਰ ਕਾਰਨਾਮੇ ਬਾਰੇ ਜਾਣੋ। ਉਹ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸੰਸਥਾਪਕ ਹਨ, ਇਹ ਪ੍ਰਮੁੱਖ ਥਿੰਕ ਟੈਂਕ ਹੈ, ਜੋ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ, ਰਣਨੀਤਕ ਅਧਿਐਨ ਤੇ ਸੱਭਿਅਤਾ ਦੇ ਮੁੱਦਿਆਂ 'ਤੇ ਕੰਮ ਕਰਦਾ ਹੈ। ਭਾਵੇਂ ਇਹ ਸੰਗਠਨ ਸੁਤੰਤਰ ਤੇ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ, ਪਰ ਸਭ ਜਾਣਦੇ ਹਨ ਕਿ ਇਹ ਆਰ.ਐੱਸ.ਐੱਸ. ਅਤੇ ਭਾਜਪਾ ਦਾ ਇਕ ਜੇਬੀ ਸੰਗਠਨ ਹੈ। ਇਸੇ ਸੰਗਠਨ ਨੇ ਅੰਨਾ ਹਜ਼ਾਰੇ ਅੰਦੋਲਨ 'ਚ ਕੇਂਦਰੀ ਭੂਮਿਕਾ ਨਿਭਾਈ ਸੀ, ਜਿਸ ਨੂੰ ਫਾਊਂਡੇਸ਼ਨ ਦੀ ਸ਼ਬਦਾਵਲੀ ਵਿਚ ਟੀਮ ਅੰਨਾ ਕਿਹਾ ਜਾਂਦਾ ਸੀ। ਆਰ.ਐੱਸ.ਐੱਸ. ਦੇ ਲਈ ਇਕ ਥਿੰਕ ਟੈਂਕ ਦੇ ਰੂਪ 'ਚ ਇਸ ਫਾਊਂਡੇਸ਼ਨ ਨੇ ਨਾ ਸਿਰਫ਼ ਅੰਨਾ ਅੰਦੋਲਨ ਨੂੰ ਸੰਚਾਲਿਤ ਕੀਤਾ, ਸਗੋਂ ਇਸ਼ਰਤ ਜਹਾਂ ਕੇਸ 'ਚ ਮੋਦੀ ਦਾ ਬਚਾਅ ਵੀ ਕੀਤਾ। ਇਸ ਸੰਗਠਨ ਨੇ ਹਰ ਕਦਮ 'ਤੇ ਭਾਜਪਾ ਦੀ ਫਿਰਕੂ ਵਿਚਾਰਧਾਰਾ ਨੂੰ ਅੱਗੇ ਵਧਾਇਆ ਹੈ।
ਡੋਵਾਲ ਦੇ ਇਸ ਭਾਸ਼ਨ ਦੇ ਅਸਲ ਅਰਥਾਂ ਨੂੰ ਜਦੋਂ ਮੀਡੀਆ ਪਲੇਟਫਾਰਮਾਂ ਨੇ ਉਜਾਗਰ ਕੀਤਾ ਤਾਂ ਗੋਦੀ ਮੀਡੀਆ ਨੇ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਪਰ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ। ਜੇਕਰ ਭਾਰਤ ਨੇ ਵਿਕਾਸ ਕਰਨਾ ਹੈ ਤਾਂ ਨੌਜਵਾਨਾਂ ਨੂੰ ਆਰਥਿਕ ਮੋਰਚੇ 'ਤੇ ਸਫਲ ਹੋ ਕੇ ਨਵੀਆਂ ਬੁਲੰਦੀਆਂ ਨੂੰ ਛੂਹਣ ਦੀ ਅਪੀਲ ਕਰਨੀ ਚਾਹੀਦੀ ਸੀ, ਉਨ੍ਹਾਂ ਨੂੰ ਸਮਾਜਿਕ ਤੇ ਫਿਰਕੂ ਏਕਤਾ ਸਥਾਪਿਤ ਕਰਦਿਆਂ ਰਾਜਨੀਤੀ ਦਾ ਪੱਧਰ ਸੁਧਾਰਨ 'ਚ ਯੋਗਦਾਨ ਦੇਣ ਲਈ ਕਹਿਣਾ ਚਾਹੀਦਾ ਸੀ। ਪਰ ਡੋਵਾਲ ਨੇ ਉਨ੍ਹਾਂ ਨੂੰ ਦੱਸਿਆ ਕਿ 'ਬਦਲਾ' ਸ਼ਬਦ ਦੀ ਤਾਕਤ ਕੀ ਹੁੰਦੀ ਹੈ ਅਤੇ ਅਤੀਤ ਦਾ ਬਦਲਾ ਲੈਣਾ ਹੀ ਵਿਕਸਿਤ ਭਾਰਤ ਬਣਾਉਣ ਦੀ ਸ਼ਰਤ ਹੈ।

-ਲੇਖਕ ਅੰਬੇਡਕਰ ਯੂਨੀਵਰਸਿਟੀ ਦਿੱਲੀ ਵਿਖੇ ਪ੍ਰੋਫੈਸਰ ਤੇ ਭਾਰਤੀ ਭਾਸ਼ਾਵਾਂ 'ਚ ਪੁਰਾਲੇਖ ਖੋਜ ਪ੍ਰੋਗਰਾਮ ਦਾ ਨਿਰਦੇਸ਼ਕ ਰਹਿ ਚੁੱਕਾ ਹੈ।
ਈਮੇਲ : abhaydubey@csds.in

Ad Position 22
No active advertisement
ਪਿਛਲੀ ਖ਼ਬਰ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦਾ ਵਿੱਦਿਅਕ ਯੋਗਦਾਨ ਅਗਲੀ ਖ਼ਬਰ ਰੱਖਿਆ ਖੇਤਰ ਲਈ ਯੋਜਨਾਬੰਦੀ
Ad Position 24