ਚੌਥੀ ਬਰਸੀ 'ਤੇ ਵਿਸ਼ੇਸ਼
ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਨੇ ਆਪਣਾ ਸਾਰਾ ਜੀਵਨ ਸ਼ਬਦ-ਗੁਰੂ ਦਾ ਉਪਦੇਸ਼ ਦੇ ਕੇ ਜਿਥੇ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂਘਰ ਨਾਲ ਜੋੜਿਆ, ਸੱਚ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਆ, ਉਥੇ ਦੁਨਿਆਵੀ ਵਿਗਿਆਨਕ ਵਿੱਦਿਆ ਤੇ ਅਧਿਆਤਮਿਕ ਵਿੱਦਿਆ ਦੇ ਸੁਮੇਲ ਦੇ ਨਿਵੇਕਲੇ ਢੰਗ ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਅਨਿਨ ਸੇਵਕ ਸੰਤ ਤੇਜਾ ਸਿੰਘ ਨੇ ਇਸ ਮਿਸ਼ਨ ਨੂੰ ਜਾਰੀ ਰੱਖਦਿਆਂ ਹਿਮਾਲਿਆ ਦੇ ਪਹਾੜੀ ਖੇਤਰ 'ਚ ਗੁਪਤ ਤਪੋ ਭੂਮੀ ਨੂੰ ਪ੍ਰਗਟ ਕੀਤਾ ਤੇ 400 ਏਕੜ ਜ਼ਮੀਨ ਖਰੀਦ ਕੇ ਸੰਨ 1965 'ਚ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਥਾਪਨਾ ਕੀਤੀ। ਇਹ ਅਸਥਾਨ ਹੁਣ ਦੇਸ਼-ਵਿਦੇਸ਼ 'ਚ 'ਬੜੂ ਸਾਹਿਬ' ਵਜੋਂ ਜਾਣਿਆ ਜਾਂਦਾ ਹੈ ।
ਸੰਤ ਤੇਜਾ ਸਿੰਘ ਤੋਂ ਬਾਅਦ ਬਾਬਾ ਇਕਬਾਲ ਸਿੰਘ ਨੇ ਸੰਤ ਅਤਰ ਸਿੰਘ ਦੇ ਮਿਸ਼ਨ ਨੂੰ ਅੱਗੇ ਵਧਾਇਆ। ਬਾਬਾ ਇਕਬਾਲ ਸਿੰਘ ਦਾ ਜਨਮ ਪਹਿਲੀ ਮਈ 1926 ਈ. ਨੂੰ ਪਿਤਾ ਸਾਂਵਲ ਸਿੰਘ ਤੇ ਮਾਤਾ ਗੁਲਾਬ ਕੌਰ ਦੇ ਗ੍ਰਹਿ ਵਿਖੇ ਪਿੰਡ ਭਰਿਆਲ ਲਹਿੜੀ, ਜ਼ਿਲ੍ਹਾ ਗੁਰਦਾਸਪੁਰ ਵਿਖੇ ਗੁਰਮੁਖ ਪਰਿਵਾਰ 'ਚ ਹੋਇਆ, ਜਿਸ ਦੀ ਬਦੌਲਤ ਪਰਿਵਾਰ ਤੋਂ ਅਧਿਆਤਮਿਕ ਪ੍ਰੇਮ ਪ੍ਰਾਪਤ ਹੋਇਆ। ਮੁਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਖ਼ਾਲਸਾ ਕਾਲਜ ਲਾਹੌਰ ਤੋਂ ਬੀ.ਐਸ.ਸੀ. ਐਗਰੀਕਲਚਰ ਕੀਤੀ ਅਤੇ ਕਾਲਜ ਪੜ੍ਹਦਿਆਂ ਸੰਤ ਤੇਜਾ ਸਿੰਘ (ਐਮ.ਏ.ਐਲ.ਐਲ.ਬੀ. ਏ.ਐਮ.) (ਹਾਰਵਰਡ) ਦਾ ਲੈਕਚਰ ਸੁਣ ਕੇ ਅਜਿਹੇ ਪ੍ਰਭਾਵਿਤ ਹੋਏ ਕਿ ਆਪ ਆਪਣੇ ਸਾਥੀਆਂ ਸਮੇਤ ਪਾਉਂਟਾ ਸਾਹਿਬ ਵਿਖੇ ਸੰਤ ਜੀ ਨੂੰ ਮਿਲਣ ਲੱਗੇ, ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਜੀਵਨ ਗੁਰੂ ਪੰਥ ਲਈ ਸਮਰਪਣ ਕਰਨ ਦਾ ਦ੍ਰਿੜ੍ਹ ਸੰਕਲਪ ਕਰ ਲਿਆ। ਸੰਤ ਤੇਜਾ ਸਿੰਘ ਦੇ ਹੁਕਮਾਂ ਅਨੁਸਾਰ ਆਪ ਨੇ ਖੇਤੀਬਾੜੀ ਵਿਭਾਗ 'ਚ ਬਤੌਰ ਇੰਸਪੈਕਟਰ ਹਾਂਸੀ (ਹਰਿਆਣਾ) ਵਿਖੇ ਸਰਕਾਰੀ ਨੌਕਰੀ ਦੀ ਨਿਯੁਕਤੀ ਪ੍ਰਾਪਤ ਕੀਤੀ। ਇਕ ਵਾਰ ਆਪ ਦੇ ਪਿਤਾ ਨੇ ਆਪ ਨੂੰ ਬਾਹਰ ਪੀ.ਐਚ.ਡੀ. ਕਰਨ ਲਈ ਭੇਜਣ ਵਾਸਤੇ ਕਾਗਜ਼ ਪੱਤਰ ਤਿਆਰ ਕਰਵਾਏ ਪਰ ਸੰਤ ਤੇਜਾ ਸਿੰਘ ਨੇ ਇਹ ਆਖ ਕੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਕਿ ਆਪਣੇ ਮੁਲਕ ਤੇ ਧਰਮ ਨੂੰ ਉਨ੍ਹਾਂ ਦੀ ਜ਼ਿਆਦਾ ਲੋੜ ਹੈ, ਜਿਸ ਕਰਕੇ ਸੰਤ ਤੇਜਾ ਸਿੰਘ ਆਪ ਨੂੰ ਕਲਗੀਧਰ ਟਰੱਸਟ ਬੜੂ ਸਾਹਿਬ ਦਾ ਪ੍ਰਧਾਨ ਥਾਪ ਕੇ ਸੱਚਖੰਡ ਜਾ ਬਿਰਾਜੇ। ਜਦੋਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀ ਵੰਡ ਹੋਈ ਤਾਂ ਆਪ ਨੇ ਵੱਡੇ ਅਫਸਰਾਂ ਦੇ ਕਹਿਣ ਦੇ ਬਾਵਜੂਦ ਵੀ ਕਿ ਹਿਮਾਚਲ ਪ੍ਰਦੇਸ਼ 'ਚ ਐਗਰੀਕਲਚਰ ਇੰਸਪੈਕਟਰ ਦਾ ਭਵਿੱਖ ਏਨਾ ਵਧੀਆ ਨਹੀਂ, ਫਿਰ ਵੀ ਹਿਮਾਚਲ 'ਚ ਬਦਲੀ ਕਰਵਾਉਣਾ ਆਪਣਾ ਸੁਭਾਗ ਸਮਝਿਆ, ਕਿਉਂਕਿ ਇਲਾਹੀ ਧੁਨ 'ਚ ਆਪ ਨੇ ਹਿਮਾਚਲ ਜਾ ਕੇ ਤਪੋ-ਭੂਮੀ ਬੜੂ ਸਾਹਿਬ ਦੀ ਭਾਲ ਕੀਤੀ। ਆਪ ਹਿਮਾਚਲ ਵਿਖੇ ਨੌਕਰੀ ਕਰਦੇ ਸਮੇਂ ਨਾਮ-ਬਾਣੀ, ਨਾਮ ਸਿਮਰਨ ਨਾਲ ਜੁੜੇ ਰਹੇ ਅਤੇ ਸਾਦਾ ਜੀਵਨ, ਆਪਣੀ ਤਨਖਾਹ ਲੋੜਵੰਦਾਂ ਨੂੰ ਵੰਡਣ ਅਤੇ ਗੁਰੂ ਦੇ ਪ੍ਰੇਮ ਵਾਲਾ ਜੀਵਨ ਹੋਣ ਕਾਰਨ ਉਹ ਹਿਮਾਚਲ ਦੇ ਪਹਾੜੀ ਲੋਕਾਂ ਦੇ ਦਿਲ 'ਚ ਵਸ ਗਏ। ਆਪ ਨੇ ਸੰਨ 1986 ਈ. 'ਚ ਪੰਜ ਬੱਚਿਆਂ ਨਾਲ ਇਕ ਸਕੂਲ ਬਣਾਇਆ, ਜੋ ਸੀ.ਬੀ.ਐਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਕਰਕੇ ਅਕਾਲ ਅਕੈਡਮੀ ਬੜੂ ਸਾਹਿਬ ਬਣ ਗਿਆ, ਜਿਸ ਦੀ ਸੋਭਾ ਅੱਜ ਦੁਨੀਆ ਭਰ 'ਚ ਹੈ। ਇਸ ਤੋਂ ਬਾਅਦ ਆਪ ਨੇ ਪੰਜਾਬ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਸਮੁੱਚੇ ਪੰਜਾਬ ਭਰ 'ਚ ਅਕਾਲ ਅਕੈਡਮੀਆ ਖੋਲ੍ਹੀਆਂ, ਜਿਸ ਦੀ ਸ਼ੁਰੂਆਤ ਪੰਜਾਬ 'ਚ ਪਹਿਲੀ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਅਤੇ ਦੂਜੀ ਅਕਾਲ ਅਕੈਡਮੀ ਚੀਮਾ ਸਾਹਿਬ ਵਿਖੇ ਖੋਲ੍ਹ ਕੇ ਕੀਤੀ। ਇਸ ਤੋਂ ਬਾਅਦ ਆਪ ਨੇ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਵਿਖੇ ਸੰਤਾਂ ਮਹਾਂਪੁਰਸ਼ਾਂ ਦੇ ਬਚਨਾਂ ਅਨੁਸਾਰ ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ 131 ਅਕਾਲ ਅਕੈਡਮੀਆਂ, ਦੋ ਯੂਨੀਵਰਸਿਟੀਆਂ, ਅਕਾਲ ਚੈਰੀਟੇਬਲ ਹਸਪਤਾਲ, ਦੋ ਅਕਾਲ ਨਸ਼ਾ ਛੁਡਾਊ ਕੇਂਦਰ, ਅਕਾਲ ਗੁਰਮਤਿ ਵਿਦਿਆਲਾ ਆਦਿ ਬਣਾਏ। ਆਪ ਵਲੋਂ ਖੋਲ੍ਹੀਆਂ ਅਕਾਲ ਅਕੈਡਮੀਆਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਆਧੁਨਿਕ ਵਿਗਿਆਨਕ ਵਿੱਦਿਆ ਦੇਣ ਤੋਂ ਇਲਾਵਾ ਇਹ ਅਕੈਡਮੀਆਂ ਵਿਦਿਆਰਥੀਆਂ ਨੂੰ ਉੱਤਮ ਵਿਸ਼ਵ-ਨਾਗਰਿਕ ਬਣਾਉਣ 'ਚ ਵੀ ਸਹਾਈ ਸਿੱਧ ਹੋਈਆਂ ਹਨ। ਵਿਸ਼ਵ ਦੀ ਪੰਜਵੀਂ ਮਹਾਨ ਸਿੱਖ ਹਸਤੀ ਬਾਬਾ ਇਕਬਾਲ ਸਿੰਘ ਵਲੋਂ ਸਿੱਖ ਧਰਮ ਲਈ ਨਿਭਾਈਆਂ ਮਾਣਮੱਤੀਆਂ ਸੇਵਾਵਾਂ ਦੀ ਬਦੌਲਤ ਜਿੱਥੇ ਅਨੇਕਾਂ ਹੀ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਉੱਥੇ ਨਾਲ ਹੀ ਸ਼੍ਰੋਮਣੀ ਪੰਥ ਰਤਨ ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ ਅਤੇ ਬਾਬਾ ਜੀ ਵਲੋਂ ਸਮਾਜ ਸੇਵਾ ਤੇ ਵਿੱਦਿਅਕ ਖੇਤਰ 'ਚ ਨਿਭਾਈ ਅਹਿਮ ਭੂਮਿਕਾ ਲਈ ਭਾਰਤ ਸਰਕਾਰ ਵਲੋਂ 'ਪਦਮਸ੍ਰੀ' ਪੁਰਸਕਾਰ ਵੀ ਦਿੱਤਾ ਗਿਆ। ਬਾਬਾ ਇਕਬਾਲ ਸਿੰਘ 29 ਜਨਵਰੀ 2022 ਨੂੰ ਭਾਵੇਂ 96 ਸਾਲ ਦੀ ਉਮਰ 'ਚ ਅਕਾਲ ਚਲਾਣਾ ਕਰ ਗਏ, ਪਰ ਉਨ੍ਹਾਂ ਦਾ ਮਿਸ਼ਨ ਹਮੇਸ਼ਾ ਚਲਦਾ ਰਹੇਗਾ। ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) ਵਿਖੇ ਬਾਬਾ ਇਕਬਾਲ ਸਿੰਘ ਦੀ ਚੌਥੀ ਬਰਸੀ 27 ਜਨਵਰੀ ਤੋਂ 29 ਜਨਵਰੀ ਤੱਕ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਕਰਾ ਕੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ ਤੇ ਸਮਾਗਮ ਦੇ ਅਖੀਰ 'ਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ (ਡਾ.) ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਸੰਗਤਾਂ ਨਾਲ ਗੁਰਮਤਿ ਵਚਨਾਂ ਦੀ ਸਾਂਝ ਪਾਉਣਗੇ।
-ਪ੍ਰਤੀਨਿਧ 'ਅਜੀਤ', ਧਰਮਗੜ੍ਹ (ਸੰਗਰੂਰ)।
ਮੋਬਾਈਲ : 95014-07381
ਈਮੇਲ :chahalajit333@rediffmail.com