02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕਣਕ ਦਾ ਰਿਕਾਰਡ ਉਤਪਾਦਨ ਹੋਣ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 03-02-2026

ਠੰਢ ਤੇ ਬਾਰਿਸ਼ ਕਣਕ ਦੀ ਫ਼ਸਲ ਲਈ ਬੜੇ ਲਾਹੇਵੰਦ ਹਨ। ਇਸ ਸਾਲ ਕੜਾਕੇ ਦੀ ਠੰਢ ਵੀ ਪੈ ਰਹੀ ਹੈ ਤੇ ਲੋੜੀਂਦੀ ਬਾਰਿਸ਼ ਵੀ ਹੋ ਰਹੀ ਹੈ। ਜਨਵਰੀ ਦੇ ਮਹੀਨੇ ਪੰਜਾਬ 'ਚ ਆਮ 19.1ਐਮਐਮ ਦੀ ਬਜਾਏ 34.3ਐਮਐਮ ਬਾਰਿਸ਼ ਹੋਈ, ਜੋ ਕਣਕ ਦੀ ਫ਼ਸਲ ਨੂੰ ਘਿਓ ਵਾਂਗ ਲੱਗੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ. ਜਸਵੰਤ ਸਿੰਘ ਅਨੁਸਾਰ ਇਸ ਸਾਲ ਕਣਕ ਦਾ ਰਿਕਾਰਡ ਉਤਪਾਦਨ ਹੋਣ ਦੀ ਸੰਭਾਵਨਾ ਹੈ, ਜੋ 185 186 ਲੱਖ ਟਨ ਤੱਕ ਪਹੁੰਚ ਜਾਵੇਗਾ। ਹੁਣ ਤੱਕ ਕਣਕ 'ਚ ਸਾਲ 2018 19 ਦਰਮਿਆਨ 182.62 ਲੱਖ ਟਨ ਦਾ ਰਿਕਾਰਡ ਉਤਪਾਦਨ ਹੋਇਆ ਸੀ। ਇਸ ਵਾਰ ਦਾ ਉਤਪਾਦਨ ਇਸ ਨੂੰ ਪਾਰ ਕਰ ਜਾਵੇਗਾ। ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ 'ਕ੍ਰਿਸ਼ੀ ਕਰਮਨ' ਪੁਰਸਕਾਰ ਪ੍ਰਾਪਤ ਕਰਨ ਵਾਲਾ, ਪੀ.ਏ.ਯੂ. ਤੋਂ ਸਨਮਾਨਿਤ ਅਤੇ ਆਈ.ਏ.ਆਰ.ਆਈ. ਦਾ ਫੈਲੋ ਫਾਰਮਰ ਐਵਾਰਡੀ ਪਟਿਆਲਾ ਨੇੜਲੇ ਬਿਸ਼ਨਪੁਰ ਛੰਨਾ ਦਾ ਅਗਹਾਂਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਕਹਿੰਦਾ ਹੈ ਕਿ ਪੀ.ਏ.ਯੂ. ਵਲੋਂ ਵਿਕਸਿਤ ਪੀਬੀਡਬਲਿਊ-872, ਪੀਬੀਡਬਲਿਊ-826, ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਵਿਕਸਿਤ ਐਚਡੀ-3386, ਐਚਡੀ-3226 ਅਤੇ ਆਈ.ਸੀ.ਏ.ਆਰ. ਭਾਰਤੀ ਕਣਕ ਤੇ ਜੌਂਅ ਦੀ ਖੋਜ ਸੰਸਥਾਨ ਕਰਨਾਲ ਵਲੋਂ ਜਾਰੀ ਡੀਬੀਡਬਲਿਊ-327, ਡੀਬੀਡਬਲਿਊ-372 ਆਦਿ ਜਿਹੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਾਫੀ ਵੱਡੇ ਰਕਬੇ 'ਤੇ ਕੀਤੀ ਗਈ ਹੈ, ਉਨ੍ਹਾਂ ਦੇ ਖੇਤਾਂ 'ਚ ਖੜ੍ਹੀ ਫ਼ਸਲ ਦਰਸਾਉਂਦੀ ਹੈ ਕਿ ਪ੍ਰਤੀ ਹੈਕਟੇਅਰ ਝਾੜ 'ਚ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਵਾਧਾ ਹੋਵੇਗਾ। ਗੁੱਲੀ-ਡੰਡਾ ਨਦੀਨ ਜੋ ਕਣਕ ਦੇ ਝਾੜ ਨੂੰ ਕਈ ਖੇਤਾਂ 'ਚ 40% ਤੱਕ ਪ੍ਰਭਾਵਿਤ ਕਰਦਾ ਹੈ, ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਯੂ.ਪੀ.ਐਲ. ਜਿਹੀਆਂ ਸਟੈਂਡਰਡ ਕੰਪਨੀਆਂ ਵਲੋਂ ਦਿੱਤੇ ਗਏ ਸਪਰੂਸ, ਸ਼ਗਨ 21 11, ਟੋਟਲ ਤੇ ਝਟਕਾ ਜਿਹੇ ਨਦੀਨਨਾਸ਼ਕ ਦਾ ਸਮੇਂ ਸਿਰ ਛਿੜਕਾਅ ਕਰਨ 'ਤੇ ਖੇਤਾਂ 'ਚੋਂ ਲਗਭਗ ਨਾਬੂਦ ਹੋ ਗਿਆ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ ਅਮਲੋਹ ਨੇੜਲੇ ਧਰਮਗੜ੍ਹ ਪਿੰਡ ਦਾ ਅਗਾਂਹਵਧੂ ਕਿਸਾਨ ਬਲਬੀਰ ਸਿੰਘ ਜੜ੍ਹੀਆ ਕਹਿੰਦਾ ਹੈ ਕਿ ਉਸ ਨੇ ਆਪਣੀ ਜ਼ਮੀਨ ਲੇਜ਼ਰ ਕਰਾਹ ਨਾਲ ਪੱਧਰ ਕਰਾ ਕੇ ਕਣਕ ਬੀਜੀ ਤੇ ਮਿਆਰੀ ਨਦੀਨਨਾਸ਼ਕਾਂ ਦੀ ਸਪਰੇਅ ਕੀਤੀ, ਜਿਸ ਨਾਲ ਫ਼ਸਲ 'ਚ ਗੁੱਲੀ-ਡੰਡਾ ਬਿਲਕੁਲ ਨਹੀਂ ਹੋਇਆ।
ਆਈ.ਸੀ.ਏ.ਆਰ. (ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦਿੱਲੀ) ਦੇ ਕਣਕ ਦੇ ਮੁਖੀ ਬ੍ਰੀਡਰ ਡਾ. ਰਾਜਬੀਰ ਯਾਦਵ ਅਨੁਸਾਰ ਪੰਜਾਬ 'ਚ ਹੀ ਨਹੀਂ, ਭਾਰਤ ਵਿਚ ਵੀ ਕਣਕ ਦਾ ਰਿਕਾਰਡ ਉਤਪਾਦਨ ਹੋਣ ਦੀ ਸੰਭਾਵਨਾ ਹੈ ਅਤੇ ਭਾਰਤ ਵਿਚ ਕਣਕ ਦੀ ਕਾਸ਼ਤ ਹੇਠ ਇਕ ਮਿਲੀਅਨ ਹੈਕਟੇਅਰ ਰਕਬਾ ਵੀ ਵਧਿਆ ਹੈ, ਜੋ ਪਿਛਲੇ ਸਾਲ 32.80 ਮਿਲੀਅਨ ਹੈਕਟੇਅਰ ਰਕਬਾ ਸੀ, ਜਿਸ ਤੋਂ ਉਤਪਾਦਨ 117.90 ਮਿਲੀਅਨ ਟਨ ਹੋਇਆ ਸੀ। ਡਾ. ਯਾਦਵ ਨੇ ਕਿਹਾ ਕਿ ਕਣਕ ਦੇ ਅਨੁਮਾਨਿਤ ਉਤਪਾਦਨ ਨੂੰ ਪ੍ਰਾਪਤ ਕਰਨ ਲਈ ਆਉਣ ਵਾਲੇ ਦਿਨਾਂ 'ਚ ਕਿਸਾਨ ਪੀਲੀ ਕੁੰਗੀ ਤੋਂ ਫ਼ਸਲ ਦਾ ਬਚਾਅ ਰੱਖਣ ਤੇ ਖੇਤਾਂ ਦਾ ਮਤਵਾਤਰ ਸਰਵੇਖਣ ਕਰਦੇ ਰਹਿਣ। ਪੰਜਾਬ 'ਚ ਪਹਾੜਾਂ, ਤਲੈਹਟੀ ਦੇ ਇਲਾਕੇ ਤੋਂ ਪੀਲੀ ਕੁੰਗੀ ਰੋਪੜ, ਹੁਸ਼ਿਆਰਪੁਰ ਤੋਂ ਪ੍ਰਵੇਸ਼ ਕਰਦੀ ਹੈ ਤੇ ਜ਼ਿਆਦਾ ਨਮੀ ਵਾਲੇ ਇਲਾਕਿਆਂ 'ਚ ਨਹਿਰਾਂ ਕਿਨਾਰੇ ਅੰਮ੍ਰਿਤਸਰ, ਯਮੁਨਾਨਗਰ (ਹਰਿਆਣਾ) ਜ਼ਿਲ੍ਹਿਆਂ 'ਚ ਵੀ ਫ਼ਸਲ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਵਿਸ਼ੇਸ਼ ਧਿਆਨ ਦੀ ਲੋੜ ਹੈ। ਜਿਹੜੀਆਂ ਕਣਕਾਂ ਦੀ ਲੰਬਾਈ ਜ਼ਿਆਦਾ ਹੈ, ਉੱਥੇ ਕਿਸਾਨਾਂ ਨੂੰ 'ਲਿਹੋਸਿਨ' ਜਿਹੀ ਕਿਸੇ ਸਿਫ਼ਾਰਸ਼ ਕਿਸਮ ਦੀ ਦਵਾਈ ਦਾ ਸਪਰੇਅ ਕਰ ਦੇਣੀ ਚਾਹੀਦੀ ਹੈ। ਇਸ ਨਾਲ ਕਣਕ ਡਿਗਣ ਤੋਂ ਬਚ ਜਾਵੇਗੀ ਤੇ ਉਤਪਾਦਕਤਾ ਬਰਕਰਾਰ ਰਹੇਗੀ।
ਡਾ. ਰਾਜਬੀਰ ਯਾਦਵ ਕਹਿੰਦੇ ਹਨ ਕਿ ਕਣਕ ਦੀ ਫ਼ਸਲ ਲਈ ਹੁਣ ਤੱਕ ਮੌਸਮ ਬੜਾ ਅਨੁਕੂਲ ਰਿਹਾ ਹੈ। ਕੇਵਲ ਉਹ ਜ਼ਮੀਨਾਂ ਜਿੱਥੇ ਪਾਣੀ ਖੜ੍ਹ ਜਾਂਦਾ ਹੈ, ਉੱਥੇ ਥੋੜ੍ਹੀ-ਬਹੁਤੀ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ। ਕਿਸਾਨਾਂ ਨੇ ਪੀ.ਏ.ਯੂ., ਆਈ.ਸੀ.ਏ.ਆਰ. ਤੇ ਆਈ.ਏ.ਆਰ.ਆਈ. ਦੀਆਂ ਸਿਫ਼ਾਰਸ਼ਾਂ ਨੂੰ ਪੂਰੀ ਤਰ੍ਹਾਂ ਅਪਣਾਇਆ ਹੈ, ਜੋ ਕਣਕ ਦੇ ਉਤਪਾਦਨ ਤੇ ਉਤਪਾਦਕਤਾ ਵਧਾਉਣ 'ਚ ਕਾਫ਼ੀ ਸਹਾਈ ਹੋਣਗੀਆਂ। ਰਸਾਇਣਕ ਖਾਦਾਂ ਜਿਵੇਂ ਯੂਰੀਆ, ਡੀ.ਏ.ਪੀ. ਤੇ ਹੋਰ ਖਾਦ ਦੀ ਪੂਰੀ ਖ਼ੁਰਾਕ ਨਾਲੋਂ ਵੱਧ ਮਾਤਰਾ 'ਚ ਪਾਏ ਹਨ, ਭਾਵੇਂ ਉਨ੍ਹਾਂ ਨੂੰ ਇਨ੍ਹਾਂ ਖਾਦਾਂ ਦਾ ਸਮੇਂ ਸਿਰ ਪ੍ਰਬੰਧ ਕਰਨ 'ਚ ਮੁਸ਼ਕਿਲ ਪੇਸ਼ ਆਈ ਪਰ ਉਨ੍ਹਾਂ ਨੇ ਮਿਕਸਚਰਾਂ ਨੂੰ ਡੀ.ਏ.ਪੀ. ਦੀ ਥਾਂ ਬਿਜਾਈ ਵੇਲੇ ਵਰਤ ਕੇ ਫ਼ਸਲ ਦਾ ਪੂਰੀ ਤਰ੍ਹਾਂ ਪਾਲਣ ਪੋਸ਼ਣ ਕੀਤਾ, ਜਿਸ ਨਾਲ ਉਤਪਾਦਕਤਾ ਵਧੇਗੀ। ਹੁਣ ਕਿਸਾਨਾਂ ਨੂੰ ਪਛੇਤੀ ਬੀਜੀ ਕਣਕ 'ਚ ਆਮ ਸਮੇਂ ਬੀਜੀ ਕਣਕ ਲਈ ਕੀਤੀ ਗਈ ਨਾਈਟ੍ਰੋਜਨ ਪਾਉਣ ਸੰਬੰਧੀ ਸਿਫ਼ਾਰਸ਼ ਤੋਂ 25% ਯੂਰੀਏ ਦੀ ਮਾਤਰਾ ਘਟਾ ਦੇਣੀ ਚਾਹੀਦੀ ਹੈ।
ਇਸ ਸਾਲ ਕਣਕ ਦਾ ਲੋੜ ਨਾਲੋਂ ਵੱਧ ਜ਼ਖ਼ੀਰਾ ਪਿਆ ਹੈ। ਬੀਜ ਵਿਕਰੇਤਾਵਾਂ ਤੇ ਉਤਪਾਦਕਾਂ ਦਾ ਪ੍ਰਮਾਣਿਤ ਕਿਸਮਾਂ ਦੇ ਬੀਜ ਦੀ ਵੀ ਵੱਡੀ ਮਾਤਰਾ ਇਸ ਸਾਲ ਨਹੀਂ ਵਿਕੀ। ਹੁਣ ਜੋ ਉਸ ਨੂੰ ਕਣਕ ਦੇ ਭਾਅ ਵੇਚ ਰਹੇ ਹਨ, ਉਨ੍ਹਾਂ ਨੂੰ ਮੰਡੀ 'ਚ ਲਾਹੇਵੰਦ ਭਾਅ ਨਹੀਂ ਮਿਲ ਰਿਹਾ। ਜੋ ਸਰਕਾਰ ਨੇ ਘੱਟੋ ਘੱਟ ਸਹਾਇਕ ਕੀਮਤ ਐਲਾਨੀ ਹੈ, ਉਸ ਦੇ ਆਲੇ ਦੁਆਲੇ ਹੀ ਲਗਭਗ 2600 ਰੁਪਏ ਪ੍ਰਤੀ ਕੁਇੰਟਲ ਦਾ ਮੁੱਲ ਮਿਲ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ। ਕਿਸਾਨ ਚਿੰਤਾ 'ਚ ਹਨ ਕਿ ਉਨ੍ਹਾਂ ਨੂੰ ਕਣਕ ਦੇ ਮੰਡੀਕਰਨ 'ਚ ਕਿਤੇ ਮੁਸ਼ਕਿਲਾ ਨਾ ਆਵੇ। ਇਸ ਸੰਬੰਧੀ ਸਰਕਾਰ ਵਲੋਂ ਯੋਗ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਈ-ਮੇਲ : bhagwandass226@gmail.com

Ad Position 22
No active advertisement
ਪਿਛਲੀ ਖ਼ਬਰ ਭਾਰਤ-ਯੂਰਪੀਅਨ ਸੰਘ ਸਮਝੌਤੇ ਕਾਰਨ ਅਮਰੀਕਾ ਹੋਇਆ ਪ੍ਰੇਸ਼ਾਨ ਅਗਲੀ ਖ਼ਬਰ ਭਾਜਪਾ ਲਈ ਸਮੱਸਿਆ ਬਣ ਗਿਆ ਹੈ ਯੂ.ਜੀ.ਸੀ. ਦੇ ਨਿਯਮਾਂ ਦਾ ਵਿਵਾਦ
Ad Position 24