07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮੀਡੀਆ ਦਾ ਬਦਲਦਾ ਸਰੂਪ, ਚੁਣੌਤੀਆਂ ਤੇ ਸੰਭਾਵਨਾਵਾਂ

Ad Position 21
No active advertisement
ਅਜੀਤ ਡੈਸਕ 25-02-2026

ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਮੀਡੀਆ 'ਚ ਭਾਰੀ ਤਬਦੀਲੀ ਆਈ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਰ ਵੀ ਬਦਲਾਅ ਵੇਖਣ ਨੂੰ ਮਿਲਣਗੇ । ਸੰਚਾਰ ਸਾਧਨਾਂ 'ਚ ਤੇਜ਼ੀ ਆਉਣ ਕਰਕੇ ਪ੍ਰਿੰਟ ਮੀਡੀਆ 'ਚ ਕਈ ਦਿਨਾਂ ਬਾਅਦ ਛਪਣ ਵਾਲੀ ਖ਼ਬਰ ਰੇਡੀਓ, ਟੀ.ਵੀ.ਚੈਨਲਾਂ 'ਤੇ ਆਉਣ ਸਾਰ ਲਾਈਵ ਹੋਣ ਲੱਗੀ ਹੈ ਤੇ ਅੱਜ ਦੇ ਯੁੱਗ 'ਚ ਸ਼ੋਸ਼ਲ ਮੀਡੀਆ ਦੀ ਸਹਾਇਤਾ ਨਾਲ ਖ਼ਬਰਾਂ ਮਿੰਟਾਂ, ਸਕਿੰਟਾਂ 'ਚ ਦੇਸ਼ਾਂ-ਵਿਦੇਸ਼ਾਂ ਦੇ ਲੋਕਾਂ ਕੋਲ ਪਹੁੰਚ ਜਾਂਦੀਆਂ ਹਨ। ਦੇਸ਼ ਨੂੰ ਚਲਾਉਣ ਵਾਲੇ ਪ੍ਰਮੁੱਖ ਥੰਮ੍ਹਾਂ-ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਤੋਂ ਬਾਅਦ ਮੀਡੀਆ ਨੂੰ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਨੇਤਾਵਾਂ ਨੂੰ ਪਤਾ ਸੀ ਕਿ ਦੇਸ਼ ਨੂੰ ਚਲਾਉਣ ਲਈ ਲੋਕ ਪੱਖੀ ਪੱਤਰਕਾਰੀ ਦੀ ਬਹੁਤ ਹੀ ਜ਼ਿਆਦਾ ਲੋੜ ਹੈ। ਉਨ੍ਹਾਂ 1952 ਵਿਚ ਪਹਿਲੇ ਪ੍ਰੈੱਸ ਕਮਿਸ਼ਨ ਦੀ ਸਥਾਪਨਾ ਕੀਤੀ ਅਤੇ ਸਮੇਂ ਦੇ ਹਾਲਤਾਂ ਦਾ ਜਾਇਜ਼ਾ ਲੈ ਕੇ ਵਰਕਿੰਗ ਜਰਨਲਿਸਟ ਐਕਟ 1955 ਬਣਾਇਆ ਤਾਂ ਜੋ ਪੱਤਰਕਾਰ ਆਜ਼ਾਦ ਰਹਿ ਕੇ ਕੰਮ ਕਰ ਸਕਣ।
ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਦੀ ਸੇਵਾ ਭਾਵਨਾ ਵਾਲੀ ਪੱਤਰਕਾਰਤਾ ਸਮੇਂ ਅਨੁਸਾਰ ਬਦਲ ਕੇ ਅਜੋਕੀ ਪੱਤਰਕਾਰੀ ਤੱਕ ਪਹੁੰਚ ਗਈ ਹੈ। ਪਿਛਲੇ 2-3 ਦਹਾਕਿਆਂ ਤੋਂ ਮੀਡੀਆ ਦਾ ਵਪਾਰੀਕਰਨ ਸ਼ੁਰੂ ਹੋ ਗਿਆ ਹੈ, ਜਿਸ ਵਿਚ ਕਾਰਪੋਰੇਟ ਘਰਾਣਿਆਂ ਦੇ ਗਲਬੇ ਹੇਠ ਦੱਬਣ ਕਾਰਨ ਅੱਜ ਪੱਤਰਕਾਰਾਂ ਲਈ ਬਹੁਤ ਜ਼ਿਆਦਾ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਇਨ੍ਹਾਂ ਚੁਣੌਤੀਆਂ ਕਾਰਨ ਪੱਤਰਕਾਰਤਾ ਦਾ ਪੱਧਰ ਵੀ ਡਿਗਦਾ ਜਾ ਰਿਹਾ ਹੈ, ਕਿਉਂਕਿ ਪੱਤਰਕਾਰਾਂ ਦੀ ਲਿਖਣ ਦੀ ਆਜ਼ਾਦੀ ਨੂੰ ਦਬਾ ਕੇ ਸਮੇਂ ਦੀਆਂ ਸਰਕਾਰਾਂ ਆਪਣੇ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਸੱਚ ਨੂੰ ਦਬਾ ਕੇ ਖ਼ਬਰਾਂ ਨੂੰ ਸਨਸਨੀਖੇਜ਼ ਤਰੀਕੇ ਨਾਲ ਪੇਸ਼ ਕਰ ਕੇ ਲੋਕਾਂ ਦੇ ਅਸਲ ਮਸਲਿਆ ਤੋਂ ਧਿਆਨ ਭਟਕਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸਰਕਾਰਾਂ ਪੱਖੀ ਨੀਤੀਆਂ ਬਣਨ ਲੱਗੀਆਂ ਹਨ, ਬਹੁਗਿਣਤੀ ਮੀਡੀਆ ਲੋਕਾਂ ਦੀ ਆਵਾਜ਼ ਉਠਾਉਣ ਤੋਂ ਗੁਰੇਜ਼ ਕਰਨ ਲੱਗ ਪਿਆ ਹੈ। ਪੱਤਰਕਾਰਾਂ ਲਈ ਵੱਡੀ ਚੁਣੌਤੀ ਇਹ ਹੈ ਕਿ ਉਨ੍ਹਾਂ ਕੋਲ ਨਿਰਪੱਖ ਪੱਤਰਕਾਰਤਾ ਲਈ ਸਰੋਤ ਨਹੀਂ ਹਨ। ਸਰਕਾਰ ਦੇ ਤਿੰਨੋਂ ਅੰਗ-ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਲੋਕਾਂ ਸਾਹਮਣੇ ਆਪਣੀ ਕਾਰਗੁਜ਼ਾਰੀ ਨੂੰ ਉਜਾਗਰ ਹੋਣ ਦੀ ਖੁੱਲ੍ਹ ਦੇਣ ਲਈ ਤਿਆਰ ਨਹੀਂ, ਜਦੋਂ ਕਿ ਇਨ੍ਹਾਂ ਨੇ ਲੋਕਾਂ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਬਰਾਬਰੀ ਤੇ ਇਨਸਾਫ਼ ਦੇਣਾ ਹੁੰਦਾ ਹੈ। ਸਾਨੂੰ ਬਰਾਬਰਤਾ, ਬੋਲਣ ਦੀ ਆਜ਼ਾਦੀ, ਲਿਖਣ ਦੀ ਆਜ਼ਾਦੀ ਦੇਣ ਵਾਲੀ ਪੂਰੀ ਮਸ਼ੀਨਰੀ (ਤੰਤਰ) ਖ਼ੁਦ ਚਰਮਰਾ ਚੁੱਕੀ ਹੈ। ਅੱਜ ਕਾਰਪੋਰੇਟ ਘਰਾਣੇ ਮੀਡੀਆ ਨੂੰ ਖ਼ਰੀਦ ਕੇ ਆਪਣਾ ਮੁਨਾਫ਼ਾ ਕਮਾਉਂਦਿਆ ਸਰਕਾਰ ਦੀ ਪਿੱਠ ਠੋਕਣ 'ਤੇ ਲੱਗੇ ਹੋਏ ਹਨ। ਆਪਣੀ ਮਨਮਰਜ਼ੀ ਦੀਆਂ ਖ਼ਬਰਾਂ ਲਗਵਾਉਣ ਲਈ ਸੱਤਾਧਾਰੀਆਂ ਵਲੋਂ ਪਾਇਆ ਜਾਂਦਾ ਦਬਾਅ ਪੱਤਰਕਾਰਾਂ ਲਈ ਵੱਡੀ ਚੁਣੌਤੀ ਹੈ। ਪੱਤਰਕਾਰ ਆਪਣੀ ਜਾਨ ਨੂੰ ਜੋਖ਼ਮ 'ਚ ਪਾ ਕੇ ਲੋਕਾਂ ਦੇ ਜਮੂਹਰੀ ਹੱਕਾਂ ਦੀ ਰਾਖ਼ੀ ਕਰਨ, ਗਿਆਨ 'ਚ ਵਾਧਾ ਕਰਨ ਤੇ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਸੱਚ ਤੋਂ ਜਾਣੂ ਕਰਵਾਉਂਦੇ ਹਨ, ਪਰ ਜਦੋਂ ਕਦੇ ਵੀ ਕਿਸੇ ਸੁਹਿਰਦ ਪੱਤਰਕਾਰ 'ਤੇ ਕੋਈ ਭੀੜ ਪੈਂਦੀ ਹੈ ਤਾਂ ਬਹੁਤੇ ਲੋਕ ਉਸ ਨਾਲ ਨਹੀਂ ਖੜ੍ਹਦੇ, ਅਜਿਹੇ 'ਚ ਪੱਤਰਕਾਰਾਂ ਦੇ ਚੁੱਪ ਹੋ ਜਾਣ ਨਾਲ ਲੋਕਾਂ ਨੂੰ ਕਿਸੇ ਵੀ ਮੁੱਦੇ ਦਾ ਪੂਰਾ ਸੱਚ ਤੇ ਸੂਚਨਾ ਮਿਲਣੀ ਬੰਦ ਹੋ ਜਾਵੇਗੀ।
ਅੱਜ ਲੋਕਾਂ ਲਈ ਬਹੁਤ ਜ਼ਰੂਰੀ ਹੈ ਕਿ ਪੱਤਰਕਾਰਤਾ ਆਜ਼ਾਦ ਤੇ ਨਿਰਪੱਖ ਰਹੇ। ਮੀਡੀਆ ਦਾ ਕੰਮ ਸਰਕਾਰਾਂ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੋਕਾਂ ਤੱਕ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਹੈ। ਪੱਤਰਕਾਰ ਭਾਈਚਾਰਾ ਵੀ ਸਮਾਜ ਦਾ ਇਕ ਹਿੱਸਾ ਹੈ, ਪਰ ਸਮੇਂ ਦੀਆਂ ਸਰਕਾਰਾਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਅਲੱਗ ਤਰ੍ਹਾਂ ਦੇਖਦੀਆਂ ਹਨ। ਪੱਤਰਕਾਰ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਪਹੁੰਚਾ ਕੇ ਹੱਲ ਕਰਵਾਉਂਦਾ ਹੈ, ਜਦਕਿ ਸਮੱਸਿਆ 'ਚ ਘਿਰਿਆ ਵਿਅਕਤੀ ਆਪਣੀ ਸਮੱਸਿਆ ਦੇ ਹੱਲ ਲਈ ਮੀਡੀਆ ਜਾਂ ਅਦਾਲਤਾਂ ਦਾ ਸਹਾਰਾ ਲੈਂਦਾ ਹੈ। ਕਿਸੇ ਵੀ ਖੇਤਰ 'ਚ ਸਰਕਾਰਾਂ ਨੂੰ ਸੂਚਨਾ ਦੇ ਕੇ ਸੁਚੇਤ ਕਰਨ ਵਾਲਾ ਪੱਤਰਕਾਰ ਜ਼ਮੀਨੀ ਪੱਧਰ 'ਤੇ ਬਹੁਤ ਤਣਾਅਪੂਰਨ ਸਥਿਤੀਆਂ 'ਚ ਕੰਮ ਕਰਦਾ ਹੈ, ਉਸ ਨੂੰ ਅਕਸਰ ਆਰਥਿਕ ਤੰਗੀ ਝੱਲਦਿਆਂ ਆਪਣਾ ਕੰਮ ਜਾਰੀ ਰੱਖਣਾ ਪੈਂਦਾ ਹੈ। ਅੱਜ ਦੀ ਪੱਤਰਕਾਰੀ ਵੱਡੇ ਨੈਤਿਕ ਸੰਕਟ 'ਚ ਹੈ। ਸਮੇਂ ਦੀਆਂ ਸਰਕਾਰਾਂ ਨੇ ਅਖ਼ਬਾਰਾਂ ਦੇ ਆਰਥਿਕ ਸੰਕਟ ਨੂੰ ਹੋਰ ਵਧਾ ਦਿੱਤਾ ਹੈ, ਕਿਉਂਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਮੀਡੀਆ ਹਮੇਸ਼ਾ ਉਨ੍ਹਾਂ ਦੀ ਜੀ ਹਜ਼ੂਰੀ ਕਰੇ, ਅਜਿਹਾ ਨਾ ਕਰਨ ਵਾਲੇ ਪੱਤਰਕਾਰਾਂ ਨੂੰ ਦਬਾਉਣ ਤੇ ਧਮਕਾਉਣ ਲਈ ਪਰਚੇ ਦਰਜ ਕਰਵਾਉਣ ਤੱਕ ਦੀ ਧਮਕੀ ਦਿੱਤੀ ਜਾਂਦੀ ਹੈ। ਹੁਣ ਬਹੁਤੇ ਆਗੂ ਲੋਕਾਂ ਵਿਚ ਵਿਚਰਨ ਦੀ ਬਜਾਏ ਜ਼ਿਆਦਾਤਰ ਘਰੇ ਬੈਠੇ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਰੂ-ਬ-ਰੂ ਹੋਣ ਲੱਗੇ ਹਨ, ਜਿਸ ਨਾਲ ਪੱਤਰਕਾਰੀ ਵੀ ਪ੍ਰਭਾਵਿਤ ਹੈ। ਲੀਡਰ ਆਪਣੇ ਵਿਚਾਰ ਆਪਣੀ ਮਰਜ਼ੀ ਅਨੁਸਾਰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਸਾਡੇ ਸੰਵਿਧਾਨ ਨੇ ਸਾਨੂੰ ਬੋਲਣ, ਵਿਚਾਰ ਪ੍ਰਗਟਾਉਣ ਤੇ ਬਰਾਬਰਤਾ ਦੀ ਆਜ਼ਾਦੀ ਦਿੱਤੀ ਹੈ। ਦੇਸ਼ ਦੀ ਜਮੂਹਰੀਅਤ ਨੂੰ ਜਿਉਂਦਾ ਰੱਖਣ ਲਈ ਆਲੋਚਨਾ ਕਰਨੀ ਤੇ ਸਹਿਣੀ ਬਹੁਤ ਜ਼ਰੂਰੀ ਹੈ, ਕਿਉਂਕਿ ਆਲੋਚਨਾ ਠੀਕ ਜਾਂ ਗ਼ਲਤ ਤੋਂ ਜਾਣੂ ਕਰਵਾਉਂਦੀ ਹੈ, ਪਰ ਅੱਜ ਕੋਈ ਵੀ ਵਰਗ ਆਲੋਚਨਾ ਸੁਣਨ ਨੂੰ ਤਿਆਰ ਨਹੀਂ ਹੈ।
ਕਿਸੇ ਵੀ ਪੱਤਰਕਾਰ ਵਲੋਂ ਦੋਵੇਂ ਧਿਰਾਂ ਦਾ ਤੱਥਾਂ 'ਤੇ ਅਧਾਰਿਤ ਪੱਖ ਰੱਖਣਾ ਹੀ ਨਿਰਪੱਖ ਪੱਤਰਕਾਰੀ ਹੈ। ਪੱਤਰਕਾਰ ਨੂੰ ਹਮੇਸ਼ਾ ਮਰਿਆਦਾ 'ਚ ਰਹਿੰਦਿਆਂ ਸਹਿਣਸ਼ੀਲਤਾ ਤੇ ਠਰੰਮ੍ਹਾ ਰੱਖਣਾ ਚਾਹੀਦਾ ਹੈ, ਉਸ ਲਈ ਜ਼ਰੂਰੀ ਹੈ ਕਿ ਉਹ ਖ਼ਬਰਾਂ ਨੂੰ ਸਨਸਨੀਖੇਜ਼ ਬਣਾਉਣ ਦੀ ਬਜਾਏ ਤੱਥਾਂ 'ਤੇ ਅਧਾਰਿਤ ਰੱਖਣ। ਪਰ ਅੱਜਕੱਲ੍ਹ ਜ਼ਿਆਦਾਤਰ ਪੱਤਰਕਾਰ ਖ਼ਬਰਾਂ ਬਣਾਉਣ ਸਮੇਂ ਤੱਥਾਂ ਨੂੰ ਘੋਖਣ ਦੀ ਬਜਾਏ ਖ਼ਬਰਾਂ ਨੂੰ ਜਲਦਬਾਜ਼ੀ 'ਚ ਅੱਗੇ ਭੇਜ ਦਿੰਦੇ ਹਨ, ਜੇਕਰ ਪੱਤਰਕਾਰ ਤੱਥਾਂ ਦੀ ਪੜਤਾਲ ਨਹੀਂ ਕਰੇਗਾ ਤਾਂ ਲੋਕਾਂ ਕੋਲ ਠੀਕ ਖ਼ਬਰ ਕਿਵੇਂ ਪਹੁੰਚੇਗੀ। ਚੰਗੀ ਪੱਤਰਕਾਰੀ ਲਈ ਪੱਤਰਕਾਰ ਕੋਲ ਹਰ ਖੇਤਰ ਦਾ ਗਿਆਨ ਹੋਣਾ ਬਹੁਤ ਹੀ ਜ਼ਰੂਰੀ ਹੈ। ਲੋਕਤੰਤਰ ਦਾ ਚੌਥਾ ਥੰਮ੍ਹ ਹੋਣ ਕਰ ਕੇ ਮੀਡੀਆ ਨੂੰ ਵੱਧ ਤੋਂ ਵੱਧ ਸਹੀ ਸੂਚਨਾ ਇਕੱਠੀ ਕਰਕੇ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਪੱਤਰਕਾਰ ਨੂੰ ਵੀ ਆਪਣੀ ਆਲੋਚਨਾ ਸੁਣ ਕੇ ਤੇ ਸਹਿਣ ਕਰ ਕੇ ਆਪਣੀ ਗ਼ਲਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ। ਜੇਕਰ ਸਮਾਜ 'ਚ ਵਧਦੇ ਜਾ ਰਹੇ ਅਪਰਾਧਾਂ ਨੂੰ ਘਟਾਉਣਾ ਤੇ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਇਨ੍ਹਾਂ ਨੂੰ ਪ੍ਰਸ਼ਾਸਨ ਸਾਹਮਣੇ ਲਿਆਉਣਾ ਪੱਤਰਕਾਰ ਦਾ ਮੁਢਲਾ ਫਰਜ਼ ਹੈ, ਕਿਉਂਕਿ ਉਹ ਸਮਾਜ ਦੀਆਂ ਅੱਖਾਂ, ਕੰਨ ਤੇ ਨੱਕ ਹਨ। ਮੀਡੀਆ ਸਮਾਜ ਦੀਆਂ ਗਿਆਨ ਇੰਦਰੀਆਂ ਵਾਂਗ ਹੁੰਦਾ ਹੈ। ਉਮੀਦ ਹੈ ਕਿ ਦੇਸ਼ ਦੀ ਜਮੂਹਰੀਅਤ ਨੂੰ ਬਚਾਉਣ ਦੇ ਲਈ ਸਰਕਾਰ ਦੇ ਤਿੰਨੋਂ ਅੰਗ ਆਪੋ-ਆਪਣੀ ਜ਼ਿੰਮੇਵਾਰੀ ਨੂੰ ਸਹੀ ਤੇ ਨਿਰਪੱਖਤਾ ਨਾਲ ਨਿਭਾਉਂਦਿਆ ਪੱਤਰਕਾਰਾਂ ਨੂੰ ਦਰਪੇਸ਼ ਚੁਣੌਤੀਆਂ ਦਾ ਕੋਈ ਸਾਰਥਿਕ ਹੱਲ ਕੱਢਣਗੇ।

-ਪੱਤਰਕਾਰ, 'ਅਜੀਤ' ਭਵਾਨੀਗੜ੍ਹ।
ਪਿੰਡ ਤੇ ਡਾਕਖ਼ਾਨਾ ਘਰਾਚੋਂ, ਜ਼ਿਲ੍ਹਾ ਸੰਗਰੂਰ।
ਮੋਬਾਈਲ : 91159-17355

Ad Position 22
No active advertisement
ਪਿਛਲੀ ਖ਼ਬਰ 25-02-26 ਅਗਲੀ ਖ਼ਬਰ ਦਾਨ ਕੀਤੀਆਂ ਅੱਖਾਂ 'ਚੋਂ ਅੱਧੀਆਂ ਹੋ ਜਾਂਦੀਆਂ ਹਨ ਖ਼ਰਾਬ
Ad Position 24