07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਦਾਨ ਕੀਤੀਆਂ ਅੱਖਾਂ 'ਚੋਂ ਅੱਧੀਆਂ ਹੋ ਜਾਂਦੀਆਂ ਹਨ ਖ਼ਰਾਬ

Ad Position 21
No active advertisement
ਅਜੀਤ ਡੈਸਕ 25-02-2026

ਉੱਤਰੀ ਭਾਰਤ ਦੀ ਨਾਮਵਰ ਸਿਹਤ ਸੰਸਥਾ ਪੀ.ਜੀ.ਆਈ. ਦੇਸ਼ ਭਰ ਵਿਚ 'ਆਰਗਨ ਟਰਾਂਸਪਲਾਂਟ' ਦੇ ਮੋਹਰੀ ਸਰਕਾਰੀ ਹਸਪਤਾਲਾਂ 'ਚੋਂ ਇਕ ਹੈ, ਜਿੱਥੇ ਦਿਲ, ਜਿਗਰ, ਗੁਰਦੇ, ਪੈਂਕ੍ਰੀਆਜ ਤੇ ਅੱਖਾਂ ਆਦਿ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤੇ ਜਾਂਦੇ ਹਨ। ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਵਿਚ ਅੰਗ ਦਾਨ ਨਾਲ ਜੁੜਿਆ ਇਕ ਅੱਖਾਂ ਖੋਲ੍ਹਣ ਵਾਲਾ ਸੱਚ ਸਾਹਮਣੇ ਆਇਆ ਹੈ, ਸੂਬੇ ਵਿਚ 60 ਹਜ਼ਾਰ ਲੋਕ ਜੋਤ ਹੀਣ ਹਨ, ਫਿਰ ਵੀ ਨੇਤਰਦਾਨ ਵਿਚ ਕਈ ਪੱਧਰਾਂ 'ਤੇ ਕੁਤਾਹੀ ਵਰਤੀ ਜਾ ਰਹੀ ਹੈ। ਹੁਣ ਤੱਕ ਪੀ.ਜੀ.ਆਈ. ਵਿਚ 9,768 ਨੇਤਰਹੀਣਾਂ ਦੀਆਂ ਅੱਖਾਂ ਅਤੇ 5,769 ਮਰੀਜ਼ਾਂ ਦੇ ਗੁਰਦੇ ਬਦਲਣ ਤੋਂ ਇਲਾਵਾ ਦਿਲ ਟਰਾਂਸਪਲਾਂਟ ਦੇ 14 ਸਫਲ ਆਪ੍ਰੇਸ਼ਨ ਹੋ ਚੁੱਕੇ ਹਨ ਅਤੇ ਜਿਗਰ ਤੇ ਪੈਂਕ੍ਰੀਆਜ਼ ਟਰਾਂਸਪਲਾਂਟ ਦੇ ਮਰੀਜ਼ਾਂ ਦੀ ਗਿਣਤੀ 16 ਤੋਂ ਟੱਪ ਚੁੱਕੀ ਹੈ। ਲੋਕ ਪੀ.ਜੀ.ਆਈ. ਨੂੰ ਅੱਖਾਂ ਤੋਂ ਇਲਾਵਾ ਪੂਰਾ ਸਰੀਰ ਦਾਨ ਕਰਨ ਲਈ ਵੀ ਅੱਗੇ ਆ ਰਹੇ ਹਨ। ਪੀ.ਜੀ.ਆਈ. ਦੀ ਖ਼ਾਸੀਅਤ ਹੈ ਕਿ ਇੱਥੇ ਦਾਖ਼ਲ ਮਰੀਜ਼ਾਂ 'ਚੋਂ ਕਿਸੇ ਦੇ ਦਾਨ ਕੀਤੇ ਅੰਗ ਫਿੱਟ ਨਾ ਆਉਣ ਦੀ ਸੂਰਤ 'ਚ ਉਨ੍ਹਾਂ ਨੂੰ ਤੁਰੰਤ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ, ਮੁੰਬਈ ਤੇ ਬੈਂਗਲੁਰੂ ਸਮੇਤ ਹੋਰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿਚ ਭੇਜ ਦਿੱਤਾ ਜਾਂਦਾ ਹੈ। ਦੇਰੀ ਤੋਂ ਬਚਣ ਲਈ ਪੀ.ਜੀ.ਆਈ. ਤੋਂ ਲੈ ਕੇ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੱਕ ਗ੍ਰੀਨ ਕੋਰੀਡੋਰ ਬਣਾਇਆ ਜਾਂਦਾ ਹੈ।
ਉਧਰ ਹਰਿਆਣਾ ਵਿਚ ਨੇਤਰਦਾਨ ਨੂੰ ਲੈ ਕੇ ਸਰਕਾਰੀ ਤੇ ਸਮਾਜਿਕ ਸੰਸਥਾਵਾਂ ਵਲੋਂ ਚਲਾਈ ਜਾਗਰੂਕਤਾ ਮੁਹਿੰਮ ਦੇ ਚਲਦਿਆਂ ਪਿਛਲੇ 5 ਸਾਲਾਂ ਦੌਰਾਨ ਦਾਨ ਹੋਈਆਂ 7,774 ਅੱਖਾਂ 'ਚੋਂ 4,113 ਅੱਖਾਂ ਲੋੜਵੰਦ ਮਰੀਜ਼ਾਂ ਨੂੰ ਰੌਸ਼ਨੀ ਦੇਣ ਤੋਂ ਪਹਿਲਾਂ ਹੀ ਬਰਬਾਦ ਹੋਣ ਕਰਕੇ ਕੂੜੇਦਾਨ ਵਿਚ ਸੁੱਟੀਆਂ ਜਾ ਚੁੱਕੀਆਂ ਹਨ। ਹਰਿਆਣਾ ਆਈ ਬੈਂਕ ਦੀ ਰਿਪੋਰਟ ਅਨੁਸਾਰ ਲੋਕਾਂ ਵਲੋਂ ਦਾਨ ਕੀਤੀਆਂ ਅੱਖਾਂ ਡਾਕਟਰਾਂ ਤੇ ਦੂਜੇ ਮੈਡੀਕਲ ਸਟਾਫ ਦੀ ਘਾਟ ਕਾਰਨ ਸਮੇਂ ਸਿਰ ਲੋੜਵੰਦ ਮਰੀਜ਼ਾਂ ਨੂੰ ਨਾ ਦੇ ਹੋਣ ਕਾਰਨ ਬਰਬਾਦ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਨੇਤਰਦਾਨ ਕਰਨ ਵਾਲੇ ਦੀ ਮੌਤ ਦੇ 6 ਘੰਟੇ ਦੇ ਅੰਦਰ-ਅੰਦਰ ਅੱਖਾਂ ਲੋੜਵੰਦ ਮਰੀਜ਼ ਦੇ ਲਗਾਉਣੀਆਂ ਜ਼ਰੂਰੀ ਹਨ। ਮ੍ਰਿਤਕ ਦੇਹਾਂ ਹਸਪਤਾਲ ਵਿਚ ਸਮੇਂ ਸਿਰ ਨਾ ਪੁੱਜਣ ਕਰਕੇ ਲਗਭਗ 10 ਫ਼ੀਸਦੀ ਅੱਖਾਂ ਟਰਾਂਸਪਲਾਂਟ ਹੋਣ ਤੋਂ ਰਹਿ ਗਈਆਂ ਤੇ 20 ਤੋਂ 25 ਫ਼ੀਸਦੀ ਅੱਖਾਂ ਮਰੀਜ਼ਾਂ ਨੂੰ ਐਚ.ਆਈ.ਵੀ., ਕਾਲਾ ਪੀਲੀਆ ਜਾਂ ਹੋਰ ਕੋਈ ਗੰਭੀਰ ਬਿਮਾਰੀ ਹੋਣ ਕਾਰਨ ਖ਼ਰਾਬ ਹੋ ਗਈਆਂ ਸਨ। ਕਈ ਆਈ ਬੈਂਕਾਂ ਵਿਚ ਅੱਖਾਂ ਰੱਖਣ ਦੀ ਢੁਕਵੀਂ ਸਹੂਲਤ ਦੀ ਅਣਹੋਂਦ ਕਾਰਨ ਅੱਖਾਂ ਟਰਾਂਸਪਲਾਂਟ ਹੋਣ ਤੋਂ ਰਹਿ ਗਈਆਂ ਹਨ।
ਆਈ ਬੈਂਕ ਦੀ ਰਿਪੋਰਟ ਅਨੁਸਾਰ 2021 ਵਿਚ ਨੇਤਰਦਾਨ ਹੋਈਆਂ 1,315 ਅੱਖਾਂ 'ਚੋਂ ਸਿਰਫ਼ 708 ਹੀ ਟਰਾਂਸਪਲਾਂਟ ਹੋ ਸਕੀਆਂ ਤੇ 607 ਖ਼ਰਾਬ ਹੋ ਗਈਆਂ। ਸਾਲ 2022 ਦੌਰਾਨ 1,996 ਅੱਖਾਂ 'ਚੋਂ ਸਿਰਫ਼ 943 ਹੀ ਮਰੀਜ਼ਾਂ ਨੂੰ ਦਿੱਤੀਆਂ ਜਾ ਸਕੀਆਂ ਤੇ 1,053 ਖ਼ਰਾਬ ਗਈਆਂ, ਜਦਕਿ 2023 ਦੌਰਾਨ 1,802 ਅੱਖਾਂ 'ਚੋਂ 1,055 ਖ਼ਰਾਬ ਹੋ ਗਈਆਂ ਤੇ 747 ਨੂੰ ਹੀ ਟਰਾਂਸਪਲਾਂਟ ਕੀਤਾ ਜਾ ਸਕਿਆ ਸੀ । ਸਾਲ 2024 ਵਿਚ 1,624 ਅੱਖਾਂ 'ਚੋਂ ਸਿਰਫ਼ 781 ਟਰਾਂਸਪਲਾਂਟ ਹੋ ਸਕੀਆਂ ਤੇ 843 ਸੁੱਟਣੀਆਂ ਪੈ ਗਈਆਂ। ਪਿਛਲੇ ਸਾਲ ਦਾਨ ਕੀਤੀਆਂ ਗਈਆਂ 1007 ਅੱਖਾਂ 'ਚੋਂ ਸਿਰਫ਼ 420 ਟਰਾਂਸਪਲਾਂਟ ਹੋਈਆਂ ਤੇ 587 ਬੇਕਾਰ ਹੋ ਗਈਆਂ। ਅੱਖਾਂ ਦੇ ਮਾਹਿਰਾਂ ਅਨੁਸਾਰ ਦਾਨ ਕੀਤੀਆਂ ਅੱਖਾਂ ਟਰਾਂਸਪਲਾਂਟ ਕਰਨ ਵਿਚ ਵੱਧ ਸਮਾਂ ਲੱਗਣ ਕਾਰਨ ਖ਼ਰਾਬ ਹੋ ਜਾਂਦੀਆਂ ਹਨ। ਅਕਸਰ ਲੋਕ ਮ੍ਰਿਤਕ ਦੇਹ ਨੂੰ ਜਲਦੀ ਨਾਲ ਹਸਪਤਾਲ ਲਿਜਾਣ ਦੀ ਬਜਾਏ ਰਿਸ਼ਤੇਦਾਰਾਂ ਦੇ ਦਰਸ਼ਨਾਂ ਲਈ ਰੱਖ ਦਿੰਦੇ ਹਨ ਅਤੇ ਦਾਨ ਕੀਤੀਆਂ ਅੱਖਾਂ 'ਚੋਂ 50 ਫ਼ੀਸਦੀ ਦੇਰੀ ਜਾਂ ਕਿਸੇ ਹੋਰ ਵਜ੍ਹਾ ਕਰਕੇ ਟਰਾਂਸਪਲਾਂਟ ਹੋਣ ਤੋਂ ਰਹਿ ਜਾਂਦੀਆਂ ਹਨ। ਹਰਿਆਣਾ ਸਿਹਤ ਵਿਭਾਗ ਦੇ ਨਿਰਦੇਸ਼ਕ ਅਨੁਸਾਰ ਜੇਕਰ ਕੌਰਨੀਆਂ ਇਸਤੇਮਾਲ ਹੋਣ ਦੇ ਲਾਇਕ ਨਾ ਹੋਵੇ ਤਾਂ ਅਜਿਹੀਆਂ ਅੱਖਾਂ ਹੋਰ ਸੂਬਿਆਂ ਨੂੰ ਟਰੇਨੀ ਡਾਕਟਰਾਂ ਨੂੰ ਮੈਡੀਕਲ ਤਜ਼ਰਬੇ ਲਈ ਵਰਤਣ ਵਾਸਤੇ ਭੇਜ ਦਿੱਤੀਆਂ ਜਾਂਦੀਆਂ ਹਨ।
ਪੰਜਾਬ ਵਿਚ ਖ਼ੂਨਦਾਨ ਨੂੰ ਮਹਾਂਦਾਨ ਸਮਝਿਆ ਜਾਂਦਾ ਹੈ ਤੇ ਸੂਬੇ ਭਰ ਤੋਂ ਲੋਕ ਖ਼ੂਨਦਾਨ ਕਰਨ ਲਈ ਖ਼ੁਦ ਅੱਗੇ ਆਉਣ ਲੱਗੇ ਹਨ। ਇਕ ਰਿਪੋਰਟ ਅਨੁਸਾਰ ਲੋਕਾਂ ਵਲੋਂ ਦਾਨ ਕੀਤਾ ਗਿਆ ਸਾਰਾ ਖ਼ੂਨ ਮਰੀਜ਼ਾਂ ਨੂੰ ਚੜ੍ਹਾਇਆ ਨਹੀਂ ਜਾਂਦਾ ਤੇ ਕਈ ਕਾਰਨਾਂ ਕਰਕੇ ਕੂੜੇਦਾਨ ਵਿਚ ਸੁੱਟ ਦਿੱਤਾ ਜਾਂਦਾ ਹੈ। ਹੁਣ ਪੀ.ਜੀ.ਆਈ. ਵਲੋਂ ਅੰਗ ਦਾਨ ਤੋਂ ਅੱਗੇ ਸਰੀਰ ਦਾਨ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੀ.ਜੀ.ਆਈ. ਵਿਚ ਇਕ ਵੱਖਰੇ 'ਅਨਾਟਮੀ' ਵਿਭਾਗ 'ਚ ਮ੍ਰਿਤਕ ਦੇ ਦਾਨ ਕੀਤੇ ਸਰੀਰ ਬੜੇ ਸਤਿਕਾਰ ਨਾਲ ਸੰਭਾਲੇ ਜਾਂਦੇ ਹਨ। ਕਈ ਵਿਲੱਖਣ ਸ਼ਖਸੀਅਤਾਂ ਦੇ ਦਿਮਾਗ਼ ਦੀ ਵੱਖਰੀ ਤਰ੍ਹਾਂ ਨਾਲ ਪੂਰੀ ਖੋਜ ਕੀਤੀ ਜਾਂਦੀ ਹੈ, ਜਦਕਿ ਆਮ ਦੇਹਾਂ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕਰਨ ਲਈ ਦਿੱਤੀਆਂ ਜਾਂਦੀਆਂ ਹਨ। ਪੰਜਾਬੀ ਦੇ ਨਾਮਵਰ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਦੇਹ ਦਾਨ ਕੀਤੀ ਗਈ ਸੀ ਅਤੇ ਡਾਕਟਰ ਉਨ੍ਹਾਂ ਦੇ ਦਿਮਾਗ 'ਤੇ ਵਿਸ਼ੇਸ਼ ਖੋਜ ਕਰ ਰਹੇ ਹਨ ਕਿ ਇਕ ਘੱਟ ਪੜ੍ਹਿਆ-ਲਿਖਿਆ ਵਿਅਕਤੀ ਇੰਨਾ ਵਧੀਆ ਸਾਹਿਤ ਕਿਵੇਂ ਰਚ ਸਕਿਆ ਸੀ। ਅਨਾਟਮੀ ਵਿਭਾਗ ਦੀ ਡਾਇਰੈਕਟਰ ਡਾਕਟਰ ਰੋਜ਼ੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਦੇਹ ਦਾਨ ਕਰਨ ਬਾਰੇ ਭਰਮ ਭੁਲੇਖਿਆਂ 'ਚੋਂ ਬਾਹਰ ਨਿਕਲ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਸਰਕਾਰਾਂ, ਸਿਹਤ ਵਿਭਾਗ ਤੇ ਹਸਪਤਾਲਾਂ ਨੂੰ ਅੰਗ ਦਾਨੀਆਂ ਵਲੋਂ ਦਾਨ ਕੀਤੇ ਅੰਗਾਂ ਨੂੰ ਖ਼ਰਾਬ ਹੋਣ ਤੋਂ ਪਹਿਲਾਂ ਲੋੜਵੰਦ ਮਰੀਜ਼ਾਂ ਤੱਕ ਪੁੱਜਦੇ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਤਾਂ ਕਿ ਜ਼ਿੰਦਗੀ ਜਿਉਣ ਦੀ ਆਸ ਮੁਕਾ ਚੁੱਕੇ ਲੋਕਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕੇ।

ਪਿੰਡ ਤੇ ਡਾਕ-ਉੜਾਪੜ, ਜ਼ਿਲ੍ਹਾ ਨਵਾਂਸ਼ਹਿਰ।
ਮੋਬਾਈਲ : 98147-34035

 

Ad Position 22
No active advertisement
ਪਿਛਲੀ ਖ਼ਬਰ ਮੀਡੀਆ ਦਾ ਬਦਲਦਾ ਸਰੂਪ, ਚੁਣੌਤੀਆਂ ਤੇ ਸੰਭਾਵਨਾਵਾਂ ਅਗਲੀ ਖ਼ਬਰ ਦੇਸ਼ ਲਈ ਮਾਰੂ ਸਿੱਧ ਹੋਵੇਗੀ ਧਾਰਮਿਕ ਕੱਟੜਤਾ
Ad Position 24