07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਦੇਸ਼ ਲਈ ਮਾਰੂ ਸਿੱਧ ਹੋਵੇਗੀ ਧਾਰਮਿਕ ਕੱਟੜਤਾ

Ad Position 21
No active advertisement
ਅਜੀਤ ਡੈਸਕ 25-02-2026

ਸੱਚਮੁੱਚ ਅੰਗਰੇਜ਼ਾਂ ਦੇ ਦਿਮਾਗ ਦਾ ਕੋਈ ਤੋੜ ਨਹੀਂ। ਸਿਆਣੇ ਕਹਿੰਦੇ ਹੁੰਦੇ ਸੀ ਬਈ ਆਹ ਬੰਦੇ ਦਾ ਦਿਮਾਗ ਤਾਂ ਜਮ੍ਹਾ ਅੰਗਰੇਜ਼ਾਂ ਵਰਗਾ। ਅੰਗਰੇਜ਼ਾਂ ਦੀ ਅਕਲ ਦੀ ਦਾਦ ਦੇਣੀ ਬਣਦੀ ਹੈ। ਉਹ ਭਾਰਤ ਤੋਂ ਆਪਣਾ ਕਬਜ਼ਾ ਤਾਂ ਛੱਡ ਗਏ, ਪਰ ਜਾਣ ਲੱਗੇ ਆਪਣੀ ਸ਼ੈਤਾਨੀ ਚਾਲ ਨਾਲ ਭਾਰਤ ਤੇ ਪਾਕਿਸਤਾਨ ਦੀ ਵੰਡ ਕਰਾ ਗਏ ਤੇ ਦੋਵਾਂ ਦੇਸ਼ਾਂ 'ਚ ਏਨੀ ਕੱਟੜਤਾ ਭਰ ਗਏ ਕਿ ਅਸੀਂ ਉਸ ਦਾ ਖ਼ਮਿਆਜ਼ਾ ਹੁਣ ਤੱਕ ਭੁਗਤ ਰਹੇ ਹਾਂ। ਕੋਈ ਮੰਨੇ ਜਾਂ ਨਾ ਮੰਨੇ ਪਰ ਅੱਜ ਵੀ ਸਾਰਾ ਦੇਸ਼ ਧਾਰਮਿਕ ਕੱਟੜਤਾ ਦੀ ਅੱਗ 'ਚ ਝੁਲਸ ਰਿਹਾ ਹੈ। ਧਰਮ ਦਾ ਜਨੂੰਨ ਦੇਸ਼ ਦੀ ਤਰੱਕੀ ਦੇ ਰਾਹ 'ਤੇ ਭਾਰੀ ਪੈ ਰਿਹਾ ਹੈ।
ਧਰਮ ਲਈ ਜਾਨ ਕੁਰਬਾਨ ਕਰਨ ਵਾਲਿਆਂ ਦੀ ਗਿਣਤੀ ਦੇਸ਼ ਤੋਂ ਜਾਨ ਕੁਰਬਾਨ ਕਰਨ ਵਾਲਿਆਂ ਤੋਂ ਕਿਤੇ ਵੱਧ ਹੋ ਗਈ ਹੈ। ਦੇਸ਼ ਦੀ ਫਿਰਕੂ ਰਾਜਨੀਤੀ ਕਾਰਨ ਰਾਜਨੀਤਕ ਲੀਡਰਾਂ ਦੀਆਂ ਮਨ ਦੀਆਂ ਰੀਝਾਂ ਆਪ-ਮੁਹਾਰੇ ਪੂਰੀਆਂ ਹੋ ਰਹੀਆਂ ਹਨ। ਧਰਮ ਦੇ ਨਾਂਅ 'ਤੇ ਦਿੱਤਾ ਮਾਮੂਲੀ ਜਿਹਾ ਤੂਲ ਅਜਿਹਾ ਭਿਆਨਕ ਰੂਪ ਅਖ਼ਤਿਆਰ ਕਰ ਜਾਂਦਾ ਹੈ ਜਿਸ ਨਾਲ ਲੀਡਰਾਂ ਦੇ ਰਾਜਨੀਤਕ ਮਕਸਦ ਸਹਿਜੇ ਹੀ ਪੂਰੇ ਹੋ ਰਹੇ ਹਨ। ਲੀਡਰਾਂ ਨੂੰ ਆਪਣੀਆਂ ਕੁਰਸੀਆਂ ਬਚਾਉਣ ਲਈ ਅਨਪੜ੍ਹਤਾ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਜਾਂ ਆਰਥਿਕ ਮੁੱਦਿਆਂ 'ਤੇ ਆਪਣਾ ਧਿਆਨ ਲਗਾਉਣ ਦੀ ਲੋੜ ਹੀ ਨਹੀਂ ਪੈਂਦੀ, ਬਸ ਇਕ ਧਰਮ ਨੂੰ ਖ਼ਤਰੇ ਦਾ ਨਾਅਰਾ ਲਾਉਣ ਨਾਲ ਮੁਲਕ ਦੇ ਲੋਕ ਤੁਰੰਤ ਦੋ-ਤਿੰਨ ਹਿੱਸਿਆਂ 'ਚ ਵੰਡੇ ਜਾਂਦੇ ਹਨ। ਤੁਰੰਤ ਸੋਸ਼ਲ ਮੀਡੀਆ 'ਤੇ ਇਕ ਮੁਹਿੰਮ ਦਾ ਆਰੰਭ ਹੋ ਜਾਂਦਾ ਹੈ। ਰਾਜਨੀਤਕ ਦਲਾਂ ਦੁਆਰਾ ਬਣਾਏ ਆਈ.ਟੀ. ਸੈੱਲ ਕੁਝ ਦਿਨਾਂ 'ਚ ਹੀ ਦੇਸ਼ ਦਾ ਮਾਹੌਲ ਬਦਲ ਦਿੰਦੇ ਹਨ। ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਦੀ ਸੰਸਦ ਵਿਚ ਬੇਰੁਜ਼ਗਾਰੀ ਤੇ ਆਰਥਿਕ ਮੰਦਹਾਲੀ 'ਤੇ ਚਰਚਾ ਹੋਣ ਦੀ ਥਾਂ ਧਾਰਮਿਕ ਮੁੱਦਿਆਂ 'ਤੇ ਚਰਚਾ ਹੁੰਦੀ ਰਹਿੰਦੀ ਹੈ। ਇਕ-ਦੋ ਦੰਗਿਆਂ ਬਾਅਦ ਕੋਈ ਇਕ ਵਿਸ਼ੇਸ਼ ਪਾਰਟੀ ਆਪਣੇ ਮਕਸਦ ਵਿਚ ਕਾਮਯਾਬ ਹੋ ਜਾਂਦੀ ਹੈ ਤੇ ਟੀ.ਵੀ. ਮੀਡੀਆ ਰਾਹੀਂ ਦੇਸ਼ ਨੂੰ ਬਚਾਉਣ ਦਾ ਰਾਗ ਅਲਾਪਦੀ ਨਜ਼ਰ ਆਉਂਦੀ ਹੈ। ਦੇਸ਼ ਦੇ ਲੋਕਾਂ ਨੂੰ ਇਹੀ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਦੇਸ਼ ਨੂੰ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਥਾਂ ਧਾਰਮਿਕ ਸਥਾਨਾਂ ਦੀ ਵੱਧ ਲੋੜ ਹੈ। ਦੇਸ਼ ਦੀ ਆਜ਼ਾਦੀ ਦੇ ਬਾਅਦ ਜੇ ਲੀਡਰ ਚਾਹੁੰਦੇ ਤਾਂ ਭਾਰਤ ਵਿਕਸਿਤ ਦੇਸ਼ਾਂ ਦੀ ਕਤਾਰ 'ਚ ਖੜ੍ਹਾ ਹੋ ਸਕਦਾ ਸੀ ਤੇ ਦੇਸ਼ ਦੀ ਆਬਾਦੀ ਵੀ ਕਾਬੂ 'ਚ ਰਹਿ ਸਕਦੀ ਸੀ। ਦੇਸ਼ ਵਿਚ ਕੱਟੜ ਧਾਰਮਿਕ ਟਾਸਕ ਫੋਰਸਾਂ ਦੀਆਂ ਪਰੇਡਾਂ ਕਰਾ ਕੇ ਧਾਰਮਿਕ ਜਨੂੰਨ ਵਾਲੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾਂਦਾ ਹੈ ਤੇ ਫਿਰ ਉਨ੍ਹਾਂ ਨੂੰ ਭਰਤੀ ਕਰ ਕੇ ਸਾਰੀ ਉਮਰ ਜਨੂੰਨੀ ਲਹਿਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਧਰਮ ਦੇ ਨਾਂਅ 'ਤੇ ਬਣੀਆਂ ਇਹ ਧਾਰਮਿਕ ਫੋਰਸਾਂ ਕਦੇ ਕਿਸੇ ਸਰਹੱਦ 'ਤੇ ਲੜਦੀਆਂ ਨਹੀਂ ਦੇਖੀਆਂ ਗਈਆਂ। ਦੇਸ਼ ਨੂੰ ਭੀੜ ਪੈਣ 'ਤੇ ਦੇਸ਼ ਦੀਆਂ ਸੈਨਾਵਾਂ ਤੇ ਕੁਝ ਸਮਰਪਿਤ ਲੋਕਾਂ ਨੇ ਦੁਸ਼ਮਣ ਅੱਗੇ ਹਿੱਕਾਂ ਤਾਣ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਰਾਜਨੀਤਕ ਪਾਰਟੀਆਂ ਵਲੋਂ ਦੇਸ਼ ਵਿਚ ਫਿਰਕੂ ਰੰਗਤ ਵਾਲੀਆਂ ਅਜਿਹੀਆਂ ਫੋਰਸਾਂ ਹਮੇਸ਼ਾ ਬਣਾਈਆਂ ਜਾਣਗੀਆਂ, ਕਿਉਂਕਿ ਇਹ ਉਨ੍ਹਾਂ ਦੇ ਰਾਜਨੀਤਕ ਉਦੇਸ਼ਾਂ ਨੂੰ ਪੂਰਾ ਕਰਦੀਆਂ ਹਨ। ਦੇਸ਼ ਜਾਂ ਧਰਮ ਦੀ ਰੱਖਿਆ ਨਾਲ ਇਨ੍ਹਾਂ ਦਾ ਦੂਰ ਦਾ ਵਾਸਤਾ ਵੀ ਨਹੀਂ, ਨਾ ਹੀ ਇਹ ਸੱਚੇ ਧਰਮ 'ਤੇ ਚੱਲਣ ਵਾਲੇ ਲੋਕ ਹੁੰਦੇ ਹਨ।
ਦੇਸ਼ ਵਿਚ ਦੂਜੇ ਧਰਮਾਂ ਦੇ ਲੋਕਾਂ ਨੂੰ ਗਾਲਾਂ ਕੱਢਣ ਵਾਲਿਆਂ ਨੂੰ ਟਿਕਟਾਂ ਨਾਲ ਨਿਵਾਜਣਾ ਆਮ ਵਰਤਾਰਾ ਨਹੀਂ ਹੈ, ਇਹ ਸੋਚੀ ਸਮਝੀ ਚਾਲ ਹੈ। ਕਿਸੇ ਇਕ ਫਿਰਕੇ ਜਾਂ ਸੂਬੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ ਲੋਕਾਂ ਨੂੰ ਸੰਸਦ ਮੈਂਬਰ ਦੇ ਉਮੀਦਵਾਰਾਂ ਵਜੋਂ ਟਿਕਟਾਂ ਦੇਣੀਆਂ ਜਾਂ ਹਾਰਨ ਦੇ ਬਾਵਜੂਦ ਵਜ਼ੀਰੀਆਂ ਦੇਣੀਆਂ ਵੀ ਆਮ ਵਰਤਾਰਾ ਨਹੀਂ, ਇਹ ਦੂਜੇ ਫਿਰਕੇ ਦੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣਾ ਹੁੰਦਾ ਹੈ। ਕਿਸੇ ਬਹਾਦਰ ਫਿਰਕੇ ਜਾਂ ਕੌਮ ਦੇ ਹੌਸਲੇ ਪਸਤ ਕਰਨ ਲਈ ਰਾਜ ਕਰਨ ਵਾਲੇ ਅਜਿਹੀਆਂ ਚਾਲਾਂ ਹਮੇਸ਼ਾ ਚਲਦੇ ਰਹਿਣਗੇ। ਲੋਕਤੰਤਰ ਨੂੰ ਢਾਅ ਲਾਉਣਾ, ਰਾਜਿਆਂ ਵਾਂਗ ਦੇਸ਼ 'ਚ ਆਪਣੀ ਮਰਜ਼ੀ ਚਲਾਉਣੀ, ਦੇਸ਼ ਦੀਆਂ ਅਰਬਾਂ-ਖ਼ਰਬਾਂ ਦੀਆਂ ਜਾਇਦਾਦਾਂ ਕੌਡੀਆਂ ਦੇ ਭਾਅ ਆਪਣਿਆਂ ਨੂੰ ਦੇ ਕੇ ਵੋਟਾਂ ਸਮੇਂ ਉਨ੍ਹਾਂ ਦਾ ਪੈਸਾ ਆਪਣੇ ਮਕਸਦ ਲਈ ਵਰਤਣਾ, ਦੇਸ਼ ਲਈ ਘਾਤਕ ਸਿੱਧ ਹੋ ਰਿਹਾ ਹੈ। ਹੁਣ ਦੇਸ਼ ਵਿਚ ਬਹੁਤੀਆਂ ਰਾਜਨੀਤਕ ਪਾਰਟੀਆਂ ਦਾ ਉਦੇਸ਼ ਸਿਰਫ਼ ਤੇ ਸਿਰਫ਼ ਰਾਜ ਭਾਗ ਹਾਸਿਲ ਕਰਨਾ ਹੀ ਰਹਿ ਗਿਆ ਹੈ। ਸਾਮ, ਦਾਮ, ਦੰਡ, ਭੇਦ ਵਾਲੀਆਂ ਗੱਲਾਂ ਦਾ ਪ੍ਰਚਾਰ ਵੀ ਸ਼ਰੇਆਮ ਕੀਤਾ ਜਾਂਦਾ ਹੈ। ਲੋਕਾਂ ਦਾ ਸੁਭਾਅ ਹੀ ਸਭ ਕੁਝ ਸਹਿਣ ਕਰਨ ਵਾਲਾ ਬਣਾ ਦਿੱਤਾ ਗਿਆ ਹੈ। ਭਾਰਤ ਦੇ ਲੋਕ ਅਣਖੀ ਸਨ, ਪਰ ਹੁਣ ਬਹੁਤ ਹੱਦ ਤੱਕ ਅੱਖੀਂ ਦੇਖੀ ਮੱਖੀ ਵੀ ਨਿਗਲ ਜਾਂਦੇ ਹਨ।
ਰਾਜਨੀਤਕ ਚਰਿੱਤਰ ਦਾ ਮਿਆਰ ਏਨਾ ਡਿੱਗ ਗਿਆ ਹੈ ਕਿ ਜਬਰ ਜਨਾਹ ਤੇ ਹੱਤਿਆਵਾਂ ਦੇ ਦੋਸ਼ੀਆਂ ਦਾ ਰਾਜਨੀਤਕ ਆਗੂ ਇਵੇਂ ਸਵਾਗਤ ਕਰਦੇ ਮੀਡੀਆ 'ਚ ਦੇਖੇ ਜਾ ਸਕਦੇ ਹਨ, ਜਿਵੇਂ ਉਹ ਕੋਈ ਦੇਸ਼ ਲਈ ਜੰਗ ਜਿੱਤ ਕੇ ਆਏ ਹੋਣ। ਜੰਗ ਜਿੱਤ ਕੇ ਆਏ ਫ਼ੌਜੀਆਂ ਵਾਂਗ ਅਜਿਹੇ ਲੋਕਾਂ ਦਾ ਸਵਾਗਤ ਕਰਨਾ ਦੇਸ਼ ਨੂੰ ਸ਼ਰਮਸਾਰ ਕਰਦਾ ਹੈ। ਦੇਸ਼ ਵਿਚ ਕਿਸੇ ਬੁਰਾਈ ਜਾਂ ਧੱਕੇ ਵਿਰੁੱਧ ਹੋਣ ਵਾਲੇ ਸ਼ਾਂਤਮਈ ਅੰਦੋਲਨਾਂ ਨੂੰ ਕੁਚਲਣ ਲਈ ਸਰਕਾਰਾਂ ਦੁਆਰਾ ਅਜਿਹੇ ਹੱਥਕੰਡੇ ਅਪਣਾਏ ਜਾਂਦੇ ਹਨ, ਜਿਹੜੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਕਰਦੇ ਹਨ। ਸਰਕਾਰੀ ਸਾਧਨਾਂ ਦੀ ਵਰਤੋਂ ਸਰਕਾਰਾਂ ਦੁਆਰਾ ਲੋਕਾਂ ਦੀ ਆਵਾਜ਼ ਦਬਾਉਣ ਲਈ ਇਸ ਤਰ੍ਹਾਂ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਦੇਸ਼ 'ਚ ਕੋਈ ਰਾਜਤੰਤਰ ਹੋਵੇ। ਰਾਜਨੀਤਕ ਦਬਾਅ ਤਾਂ ਦੇਸ਼ 'ਤੇ ਇਸ ਤਰ੍ਹਾਂ ਭਾਰੂ ਹੋ ਗਿਆ ਹੈ ਕਿ ਕਾਰਜਪਾਲਿਕਾ ਤੇ ਨਿਆਂਪਾਲਿਕਾ ਵੀ ਬੇਵੱਸ ਹੋ ਕੇ ਰਹਿ ਗਈਆਂ ਹਨ। ਚੁਣੇ ਹੋਏ ਨੁਮਾਇੰਦੇ ਸਰਕਾਰੀ ਮਸ਼ੀਨਰੀ 'ਤੇ ਏਨਾ ਕੰਟਰੋਲ ਕਰੀ ਬੈਠੇ ਹਨ ਕਿ ਇਕ ਫ਼ੋਨ ਨਾਲ ਨਿਆਂ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ ਬੇਵੱਸ ਹੋ ਕੇ ਆਪਣੇ ਫ਼ੈਸਲੇ ਸਰਕਾਰੀ ਦਬਾਅ ਹੇਠ ਕਰ ਦਿੰਦੇ ਹਨ।
ਦੇਸ਼ ਵਿਚ ਲੋਕਤੰਤਰ ਤੇ ਨਿਆਂ ਦਾ ਏਨਾ ਘਾਣ ਇਸ ਲਈ ਹੋਇਆ, ਕਿਉਂਕਿ ਦੇਸ਼ ਦੇ ਨਾਗਰਿਕ ਧਰਮ ਦੇ ਆਧਾਰ 'ਤੇ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਰਾਜਨੀਤੀ ਵਿਚ ਅੱਗੇ ਲੈ ਕੇ ਆ ਰਹੇ ਹਨ। ਧਾਰਮਿਕ ਕੱਟੜਤਾ ਦੇਸ਼ ਲਈ ਬਹੁਤ ਮਾਰੂ ਸਿੱਧ ਹੋ ਰਹੀ ਹੈ। ਦੇਸ਼ ਦੀ ਰਾਜਨੀਤਕ ਪ੍ਰਣਾਲੀ ਧਰਮ ਦੇ ਆਲੇ-ਦੁਆਲੇ ਹੀ ਘੁੰਮਣ-ਘੇਰੀ 'ਚ ਫਸੀ ਨਜ਼ਰ ਆਉਂਦੀ ਹੈ। ਰਾਜ ਕਰਨ ਵਾਲਿਆਂ ਨੂੰ ਕੁਰਸੀਆਂ ਦੀ ਲਾਲਸਾ ਹੈ। ਦੇਸ਼ ਫਿਰਕਾਪ੍ਰਸਤੀ ਦੀ ਅੱਗ ਵਿਚ ਝੁਲਸ ਰਿਹਾ ਹੈ। ਰਾਜਨੀਤਕ ਪਾਰਟੀਆਂ ਮੁੱਦਿਆਂ ਅਤੇ ਵਿਕਾਸ ਦੇ ਨਾਂਅ 'ਤੇ ਨਹੀਂ, ਧਰਮ ਨੂੰ ਆਧਾਰ ਬਣਾ ਕੇ ਇਕ-ਦੂਜੇ ਨੂੰ ਦੱਬਣ ਵਿਚ ਲੱਗੀਆਂ ਹੋਈਆਂ ਹਨ। ਦੇਸ਼ ਦਾ ਵਿਕਾਸ ਧਰਮਾਂ ਦੀ ਬਲੀ ਚੜ੍ਹ ਰਿਹਾ ਹੈ। ਰਾਜਨੀਤਕ ਪਾਰਟੀਆਂ ਆਦਰਸ਼ਵਾਦੀ ਨਾ ਹੋ ਕੇ ਧਾਰਮਿਕ ਜਥੇਬੰਦੀਆਂ ਬਣ ਕੇ ਰਹਿ ਗਈਆਂ ਹਨ। ਰਾਜ ਕਰਨ ਵਾਲੇ ਲੋਕ ਵਿਕਾਸ ਦਾ ਮੁੱਦਾ ਛੱਡ ਕੇ ਧਰਮ ਵਿਕਾਸ ਦਾ ਮੁੱਦਾ ਫੜੀ ਦੇਸ਼ ਦਾ ਬੇੜਾ ਬੰਨੇ ਲਾਉਣ ਦੀ ਵੱਡੀ ਭੁੱਲ ਕਰ ਰਹੇ ਹਨ। ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਕੋਈ ਚਮਤਕਾਰ ਹੀ ਹੋਵੇਗਾ, ਜਦੋਂ ਲੋਕ ਧਾਰਮਿਕ ਕੱਟੜਤਾ ਛੱਡ ਕੇ ਦੇਸ਼ ਦੇ ਵਿਕਾਸ ਸੰਬੰਧੀ ਮੁੱਦਿਆਂ ਦੀ ਗੱਲ ਕਰਨਗੇ, ਕਿਉਂਕਿ ਭਾਈਚਾਰਕ ਸਾਂਝ ਅਤੇ ਸ਼ਾਂਤੀ ਨਾਲ ਹੀ ਦੇਸ਼ ਤਰੱਕੀ ਕਰ ਸਕਦਾ ਹੈ, ਫਿਰਕਾਪ੍ਰਸਤੀ ਨਾਲ ਨਹੀਂ।

ਮੋਬਾਈਲ : 98551-65696

Ad Position 22
No active advertisement
ਪਿਛਲੀ ਖ਼ਬਰ ਦਾਨ ਕੀਤੀਆਂ ਅੱਖਾਂ 'ਚੋਂ ਅੱਧੀਆਂ ਹੋ ਜਾਂਦੀਆਂ ਹਨ ਖ਼ਰਾਬ ਅਗਲੀ ਖ਼ਬਰ ਵੋਟਰ ਸੁਧਾਈ ਪ੍ਰਕਿਰਿਆ ਦੀਆਂ ਚੁਣੌਤੀਆਂ
Ad Position 24