14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਮੁੜ ਚੰਗੇ ਸੰਬੰਧਾਂ ਦੀ ਆਸ

Ad Position 21
No active advertisement
ਅਜੀਤ ਡੈਸਕ 26-02-2026

ਭਾਰਤ ਤੇ ਕੈਨੇਡਾ ਦੇ ਸੰਬੰਧ ਸਦੀਆਂ ਪੁਰਾਣੇ ਹਨ। ਕੈਨੇਡਾ ਦਾ ਆਧੁਨਿਕ ਇਤਿਹਾਸ ਕੁਝ ਸੌ ਵਰ੍ਹੇ ਪਹਿਲਾਂ ਸ਼ੁਰੂ ਹੋਇਆ, ਜਦੋਂ ਇਸ ਵਿਸ਼ਾਲ ਧਰਤੀ 'ਤੇ ਪਹਿਲਾਂ ਯੂਰਪ, ਫਿਰ ਏਸ਼ੀਆ ਤੇ ਫਿਰ ਅਫਰੀਕੀ ਮਹਾਂਦੀਪਾਂ ਦੇ ਲੋਕ ਆ ਕੇ ਇਥੇ ਵਸਣੇ ਸ਼ੁਰੂ ਹੋਏ। ਉਨ੍ਹਾਂ ਵਲੋਂ ਆਪਣੇ-ਆਪਣੇ ਮੁਲਕ ਦੀਆਂ ਜੀਵਨ-ਤਰਜ਼ਾਂ ਨੂੰ ਵੀ ਇਸ ਸਮਾਜ ਵਿਚ ਸ਼ਾਮਿਲ ਕੀਤਾ ਗਿਆ, ਕਿਉਂਕਿ ਯੂਰਪੀਅਨ ਮੁਲਕਾਂ 'ਚੋਂ ਵੱਡੀ ਗਿਣਤੀ ਵਿਚ ਲੋਕ ਇਥੇ ਆ ਵਸੇ ਸਨ। ਅੱਜ ਵੀ ਇਥੇ ਬਹੁਗਿਣਤੀ 'ਚ ਉਹ ਵਸੇ ਹੋਏ ਹਨ। ਇਸ ਦੇ ਕੁਝ ਰਾਜਾਂ ਵਿਚ ਫਰਾਂਸ ਦੀ ਬੋਲੀ ਤੇ ਸੱਭਿਆਚਾਰ ਵੀ ਇਸ ਲਈ ਵਧੇਰੇ ਪ੍ਰਭਾਵਸ਼ਾਲੀ ਬਣੇ ਰਹੇ ਕਿਉਂਕਿ ਉਨ੍ਹਾਂ ਥਾਵਾਂ 'ਤੇ ਫਰਾਂਸ ਤੋਂ ਆਏ ਸ਼ਰਨਾਰਥੀ ਵੱਡੀ ਗਿਣਤੀ 'ਚ ਆ ਕੇ ਆਪਣੀਆਂ ਬਸਤੀਆਂ ਵਸਾ ਕੇ ਵਸ ਗਏ ਸਨ। ਬਾਕੀ ਰਾਜਾਂ ਵਿਚ ਬਰਤਾਨੀਆ ਤੋਂ ਆਏ ਲੋਕਾਂ ਦੀ ਬਹੁਗਿਣਤੀ ਹੋਣ ਕਾਰਨ ਇਥੇ ਅੰਗਰੇਜ਼ੀ ਸੱਭਿਆਚਾਰ ਦਾ ਪ੍ਰਭਾਵ ਵੀ ਬਣਿਆ ਰਿਹਾ।
ਭਾਰਤ ਵੀ ਅੰਗਰੇਜ਼ੀ ਰਾਜ ਸਮੇਂ ਉਨ੍ਹਾਂ ਦੀ ਇਕ ਬਸਤੀ ਹੀ ਸੀ। ਉਨ੍ਹਾਂ ਦੇ ਗ਼ੁਲਾਮ ਦੇਸ਼ਾਂ ਦੀਆਂ ਬਸਤੀਆਂ 'ਚੋਂ ਵੀ ਲੋਕ ਇਥੇ ਜਾ ਕੇ ਵਸਦੇ ਰਹੇ। ਉਸ ਸਮੇਂ ਭਾਰਤੀ ਵੀ ਇਥੇ ਆਉਂਦੇ ਜਾਂਦੇ ਰਹੇ ਸਨ ਤੇ ਵੱਡੀ ਗਿਣਤੀ 'ਚ ਇਥੇ ਹੀ ਵੱਸ ਗਏ ਸਨ। ਬਹੁਗਿਣਤੀ 'ਚ ਉਥੇ ਮਜ਼ਦੂਰੀ ਕਰਨ ਗਏ ਭਾਰਤੀਆਂ 'ਚ ਆਪਣੇ ਮੁਲਕ ਦੇ ਗੁਲਾਮ ਹੋਣ ਦਾ ਅਹਿਸਾਸ ਵੀ ਇਥੇ ਆਉਣ ਤੋਂ ਬਾਅਦ ਪੈਦਾ ਹੋਇਆ। ਇਹ ਵੀ ਇਕ ਵੱਡਾ ਕਾਰਨ ਸੀ ਕਿ 20ਵੀਂ ਸਦੀ ਦੇ ਸ਼ੁਰੂ ਵਿਚ ਕੈਨੇਡਾ ਤੇ ਅਮਰੀਕਾ 'ਚ ਵਸੇ ਹੋਏ ਭਾਰਤੀਆਂ 'ਚੋਂ ਕੁਝ ਵਧੇਰੇ ਜਾਗਰੂਕ ਵਿਅਕਤੀਆਂ ਨੇ ਇਥੇ ਆਪਣੇ ਸੰਗਠਨ ਬਣਾ ਕੇ ਦੂਰ ਬੈਠਿਆਂ ਹੀ ਭਾਰਤ ਦੀ ਆਜ਼ਾਦੀ ਲਈ ਯਤਨ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਦੇ ਯਤਨਾਂ ਨਾਲ ਹੀ ਗ਼ਦਰ ਲਹਿਰ ਮੁਢਲੇ ਰੂਪ 'ਚ ਸਾਹਮਣੇ ਆਈ ਸੀ। ਇਸ ਸੰਗਠਨ ਦੀਆਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਦੇਸ਼ ਨੂੰ ਮਿਲੀ ਆਜ਼ਾਦੀ ਤੋਂ ਬਾਅਦ ਵੀ ਕੈਨੇਡਾ ਨਾਲ ਭਾਰਤ ਦੇ ਚੰਗੇ ਸੰਬੰਧ ਬਣੇ ਰਹੇ। ਇਸੇ ਕਰਕੇ ਆਜ਼ਾਦੀ ਤੋਂ ਬਾਅਦ ਵੀ ਭਾਰਤੀਆਂ ਨੇ ਕੈਨੇਡਾ ਵੱਲ ਰੁਖ਼ ਕਰਨਾ ਜਾਰੀ ਰੱਖਿਆ। ਕੈਨੇਡਾ ਅੱਜ ਵੀ ਇਕ ਵਿਸ਼ਾਲ ਧਰਤੀ ਵਾਲਾ ਮੁਲਕ ਹੈ, ਜਿਸ ਦੀ ਆਬਾਦੀ ਕੁਝ ਕਰੋੜਾਂ ਤੱਕ ਸੀਮਿਤ ਹੈ। ਪਿਛਲੇ ਕੁਝ ਦਹਾਕਿਆਂ 'ਚ ਭਾਰਤੀਆਂ ਦਾ ਇਥੇ ਆਵਾਸ ਬੜੀ ਤੇਜ਼ੀ ਨਾਲ ਹੋਇਆ। ਉਨ੍ਹਾਂ ਆਪਣੀ ਸਖ਼ਤ ਮਿਹਨਤ ਅਤੇ ਸਿਦਕਦਿਲੀ ਨਾਲ ਇਥੇ ਦੇ ਸਮਾਜ ਵਿਚ ਆਪਣੀ ਵਧੀਆ ਤੇ ਪ੍ਰਭਾਵਸ਼ਾਲੀ ਥਾਂ ਬਣਾ ਲਈ। ਇਥੇ ਭਾਰਤ ਤੋਂ ਆ ਕੇ ਵਸਣ ਵਾਲਿਆਂ ਵਿਚ ਪੰਜਾਬੀਆਂ ਦੀ ਵਧੇਰੇ ਗਿਣਤੀ ਸੀ। ਪੰਜਾਬ ਵਿਚ ਪਿਛਲੇ ਕੁਝ ਦਹਾਕਿਆਂ 'ਚ ਜੋ ਗੜਬੜ ਵਾਲਾ ਮਾਹੌਲ ਬਣਿਆ ਰਿਹਾ ਸੀ, ਉਸ ਸਮੇਂ ਵੀ ਪੰਜਾਬ ਤੋਂ ਕੈਨੇਡਾ ਨੂੰ ਪ੍ਰਵਾਸ ਵਿਚ ਹੋਰ ਵਾਧਾ ਹੋ ਗਿਆ ਸੀ। ਕੈਨੇਡਾ ਦੇ ਕਾਨੂੰਨ ਹਾਲੇ ਤੱਕ ਵੀ ਬੜੇ ਉਦਾਰ ਹਨ, ਜਿਨ੍ਹਾਂ ਦਾ ਲਾਭ ਉਠਾ ਕੇ ਪੰਜਾਬ 'ਚੋਂ ਆਏ ਵੱਡੀ ਗਿਣਤੀ 'ਚ ਖ਼ਾਲਿਸਤਾਨ ਪੱਖੀਆਂ ਨੇ ਵੀ ਇਥੇ ਆ ਕੇ ਕੁਝ ਖੇਤਰਾਂ 'ਚ ਆਪਣਾ ਆਧਾਰ ਬਣਾ ਲਿਆ ਹੈ। ਉਹ ਭਾਰਤ ਵਿਰੁੱਧ ਲਗਾਤਾਰ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇਣ 'ਚ ਲੱਗੇ ਰਹਿੰਦੇ ਹਨ। ਭਾਰਤ ਸਰਕਾਰ ਲਈ ਲਗਾਤਾਰ ਇਹ ਮਸਲਾ ਸਿਰਦਰਦੀ ਵਾਲਾ ਬਣਿਆ ਰਿਹਾ ਹੈ। ਪੰਜਾਬ ਵਿਚੋਂ ਹੀ ਕਿਸੇ ਨਾ ਕਿਸੇ ਤਰ੍ਹਾਂ ਪ੍ਰਵਾਸ ਕਰ ਕੇ ਕੈਨੇਡਾ ਜਾ ਵਸੇ ਇਨ੍ਹਾਂ ਸੰਗਠਨਾਂ ਤੇ ਵਿਅਕਤੀਆਂ ਨੇ ਇਕ ਤਰ੍ਹਾਂ ਨਾਲ ਭਾਰਤ ਤੇ ਸੂਬਾ ਸਰਕਾਰ ਲਈ ਵੱਡੀ ਚੁਣੌਤੀ ਪੈਦਾ ਕਰ ਰੱਖੀ ਹੈ। ਭਾਰਤ ਸਰਕਾਰ ਲਗਾਤਾਰ ਕੈਨੇਡਾ ਸਰਕਾਰ ਕੋਲ ਇਨ੍ਹਾਂ ਵਿਅਕਤੀਆਂ ਤੇ ਸੰਗਠਨਾਂ ਦੀਆਂ ਦੇਸ਼-ਵਿਰੋਧੀ ਕਾਰਵਾਈਆਂ ਦੀਆਂ ਸ਼ਿਕਾਇਤਾਂ ਕਰਦੀ ਰਹੀ ਹੈ ਪਰ ਕੈਨੇਡਾ ਦੀ ਕਿਸੇ ਵੀ ਸਰਕਾਰ ਨੇ ਇਸ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ, ਜਿਸ ਨਾਲ ਇਨ੍ਹਾਂ ਤਾਕਤਾਂ ਨੂੰ ਲਗਾਤਾਰ ਉਤਸ਼ਾਹ ਮਿਲਦਾ ਰਿਹਾ। ਜੂਨ, 2023 'ਚ ਪੰਜਾਬ ਤੋਂ ਗਏ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਇਥੇ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਜਸਟਿਨ ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਸੀ। ਉਸ ਨੂੰ ਖਾਲਿਸਤਾਨੀਆਂ ਪ੍ਰਤੀ ਉਦਾਰ ਮੰਨਿਆ ਜਾਂਦਾ ਸੀ। ਹਰਦੀਪ ਸਿੰਘ ਨਿੱਝਰ ਦੇ ਇਸ ਕਤਲ ਨੂੰ ਲੈ ਕੇ ਜਿਸ ਤਰ੍ਹਾਂ ਟਰੂਡੋ ਨੇ ਸ਼ਰੇਆਮ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਦੀ ਨਿੰਦਿਆ ਕੀਤੀ, ਉਸ ਨਾਲ ਦੋਹਾਂ ਦੇਸ਼ਾਂ ਦੇ ਸੰਬੰਧ ਵਿਗੜ ਗਏ ਤੇ ਫਿਰ ਲਗਾਤਾਰ ਖ਼ਰਾਬ ਹੀ ਹੁੰਦੇ ਗਏ। ਇਥੋਂ ਤੱਕ ਕਿ ਦੋਹਾਂ ਦੇਸ਼ਾਂ ਨੇ ਇਕ-ਦੂਜੇ ਦੇਸ਼ ਵਿਚਲੀਆਂ ਆਪਣੀਆਂ ਅੰਬੈਸੀਆਂ ਤੱਕ ਦੇ ਸਟਾਫ਼ ਨੂੰ ਵੀ ਘਟਾ ਦਿੱਤਾ ਸੀ। ਆਪਸੀ ਅਦਾਨ-ਪ੍ਰਦਾਨ ਤੇ ਵਪਾਰ ਨੂੰ ਵੀ ਸੀਮਤ ਹੀ ਕਰ ਦਿੱਤਾ ਸੀ। ਅੱਜ ਵੀ ਲੱਖਾਂ ਹੀ ਪੰਜਾਬੀ ਕੈਨੇਡਾ ਵਿਚ ਵਸੇ ਹੋਏ ਹਨ। ਉਨ੍ਹਾਂ 'ਚੋਂ ਬਹੁਤੇ ਭਾਰਤ ਦੀ ਪ੍ਰਭੂਸੱਤਾ ਦਾ ਸਨਮਾਨ ਕਰਦੇ ਹਨ ਤੇ ਹਮੇਸ਼ਾ ਇਸ ਨਾਲ ਹਰ ਤਰ੍ਹਾਂ ਖੜ੍ਹੇ ਹੋਣ ਨੂੰ ਤਰਜੀਹ ਦਿੰਦੇ ਰਹੇ ਹਨ। ਉਦੋਂ ਜਸਟਿਨ ਟਰੂਡੋ ਦੀ ਹੋਰ ਅਨੇਕਾਂ ਕਾਰਨਾਂ ਕਰਕੇ ਕੈਨੇਡਾ ਵਿਚ ਵੱਡੀ ਪੱਧਰ 'ਤੇ ਆਲੋਚਨਾ ਹੋਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਉਸ ਨੂੰ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਉਸ ਦੀ ਥਾਂ ਆਏ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਦੇਸ਼ ਦੀਆਂ ਨੀਤੀਆਂ 'ਚ ਵੱਡੀ ਪੱਧਰ 'ਤੇ ਤਬਦੀਲੀਆਂ ਲਿਆਂਦੀਆਂ ਹਨ। ਇਸੇ ਕੜੀ 'ਚ ਭਾਰਤ ਨਾਲ ਮੁੜ ਚੰਗੇ ਸੰਬੰਧ ਸਥਾਪਤ ਕਰਨ ਦੀ ਪਹਿਲ ਵੀ ਉਸ ਵਲੋਂ ਕੀਤੀ ਗਈ ਹੈ, ਜਿਸ ਨੂੰ ਭਾਰਤ ਸਰਕਾਰ ਨੇ ਜੀ ਆਇਆਂ ਕਿਹਾ ਹੈ। ਪਿਛਲੇ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਦੇਸ਼ਾਂ ਦੇ ਕੈਨੇਡਾ 'ਚ ਹੋਏ ਸੰਮੇਲਨ 'ਚ ਸ਼ਿਰਕਤ ਕੀਤੀ ਸੀ। ਇਥੇ ਮਾਰਕ ਕਾਰਨੀ ਨਾਲ ਹੋਈਆਂ ਨਿੱਘੀਆਂ ਮੁਲਾਕਾਤਾਂ ਵਿਚ ਦੋਵੇਂ ਦੇਸ਼ ਇਕ-ਦੂਜੇ ਦੇ ਨੇੜੇ ਹੋਣੇ ਸ਼ੁਰੂ ਹੋ ਗਏ ਸਨ।
ਇਸੇ ਹੀ ਸਮੇਂ ਕੈਨੇਡਾ ਦੇ ਗੁਆਂਢੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਸੰਬੰਧੀ ਸਖ਼ਤ ਨੀਤੀਆਂ ਲਾਗੂ ਕਰਨ ਦੇ ਐਲਾਨ ਨੇ ਦੁਨੀਆ ਭਰ ਵਿਚ ਇਕ ਵਾਰ ਫਿਰ ਤਰਥੱਲੀ ਮਚਾ ਦਿੱਤੀ ਸੀ। ਉਸਦਾ ਗੁਆਂਢੀ ਤੇ ਪੁਰਾਣਾ ਅਜ਼ਮਾਇਆ ਹੋਇਆ ਦੋਸਤ ਕੈਨੇਡਾ ਵੀ ਇਨ੍ਹਾਂ ਨੀਤੀਆਂ ਕਰਕੇ ਉਸ ਤੋਂ ਦੂਰ ਹੋ ਗਿਆ। ਅੱਜ ਦੋਹਾਂ ਦੇਸ਼ਾਂ 'ਚ ਇਹ ਦੂਰੀ ਦੁਸ਼ਮਣੀ 'ਚ ਬਦਲਦੀ ਨਜ਼ਰ ਆ ਰਹੀ ਹੈ, ਕਿਉਂਕਿ ਡੋਨਾਲਡ ਟਰੰਪ ਨੇ ਕਈ ਵਾਰ ਇਹ ਐਲਾਨ ਵੀ ਕੀਤੇ ਹਨ ਕਿ ਉਹ ਆਪਣੇ ਗੁਆਂਢੀ ਦੇਸ਼ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਇੱਛੁਕ ਹੈ। ਅਜਿਹੇ ਬਿਆਨਾਂ ਨਾਲ ਦੋਹਾਂ ਦੇਸ਼ਾਂ 'ਚ ਆਪਸੀ ਤਣਾਅ ਹੋਰ ਵੀ ਵਧ ਗਿਆ ਹੈ ਅਤੇ ਇਨ੍ਹਾਂ ਵਿਚਾਲੇ ਹੁੰਦੇ ਆਪਸੀ ਵਪਾਰ ਉਤੇ ਵੀ ਵੱਡਾ ਅਸਰ ਪਿਆ ਹੈ। ਕੈਨੇਡਾ ਨੇ ਇਸੇ ਹੀ ਸਮੇਂ ਦੁਨੀਆ ਦੇ ਹੋਰ ਵੱਡੇ ਮੁਲਕਾਂ ਨਾਲ ਆਪਣੀ ਨੇੜਤਾ ਵਧਾਉਣ ਦਾ ਯਤਨ ਕੀਤਾ ਹੈ। ਇਸੇ ਹੀ ਕੜੀ ਵਿਚ ਮਾਰਕ ਕਾਰਨੀ 26 ਫਰਵਰੀ ਨੂੰ ਭਾਰਤ ਦੇ ਦੌਰੇ 'ਤੇ ਆ ਰਿਹਾ ਹੈ, ਇਥੇ ਉਹ ਮੁੜ ਕੇ ਭਾਰਤ ਨਾਲ ਕੈਨੇਡਾ ਦੇ ਪਹਿਲਾਂ ਵਰਗੇ ਰਿਸ਼ਤੇ ਨੂੰ ਮੁੜ ਬਹਾਲ ਕਰਨ ਲਈ ਭਾਰਤ ਦੇ ਆਗੂਆਂ ਨਾਲ ਚਰਚਾ ਕਰੇਗਾ। ਦੋਵੇਂ ਦੇਸ਼ ਆਪਸੀ ਵਪਾਰ ਨੂੰ ਵੀ ਮੁੜ ਲੀਹਾਂ 'ਤੇ ਲਿਆਉਣ ਦੀ ਯੋਜਨਾਬੰਦੀ ਕਰਨਗੇ। ਪਿਛਲੇ ਸਮੇਂ 'ਚ ਪੰਜਾਬ ਤੋਂ ਕੈਨੇਡਾ ਨੂੰ ਪ੍ਰਵਾਸ ਕਰਨ ਵਾਲੇ ਵੱਡੀ ਗਿਣਤੀ 'ਚ ਨੌਜਵਾਨ ਵਿਦਿਆਰਥੀਆਂ ਤੇ ਹੋਰ ਲੋਕਾਂ 'ਤੇ, ਜੋ ਕੈਨੇਡਾ ਵਲੋਂ ਵੀਜ਼ਿਆਂ 'ਤੇ ਵਰਕ ਪਰਮਿਟਾਂ ਦੀਆਂ ਪਾਬੰਦੀਆਂ ਆਇਦ ਕੀਤੀਆਂ ਗਈਆਂ ਸਨ, ਉਨ੍ਹਾਂ ਸੰਬੰਧੀ ਵੀ ਵਿਚਾਰ ਕਰ ਕੇ ਕੋਈ ਹੱਲ ਕੱਢਣ ਦੀ ਆਸ ਕੀਤੀ ਜਾਂਦੀ ਹੈ, ਦੇਸ਼ ਤੇ ਖ਼ਾਸ ਤੌਰ 'ਤੇ ਪੰਜਾਬ ਲਈ ਬਿਨਾਂ ਸ਼ੱਕ ਮਾਰਕ ਕਾਰਨੀ ਦੀ ਭਾਰਤ ਫੇਰੀ ਇਕ ਚੰਗਾ ਸੁਨੇਹਾ ਹੋ ਸਕਦੀ ਹੈ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਬੀਜ, ਬੀਜ ਬਿੱਲ ਤੇ ਪੇਂਡੂ ਸਮਾਜਿਕ ਅਰਥਚਾਰਾ ਅਗਲੀ ਖ਼ਬਰ ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ
Ad Position 24