ਭਾਰਤੀ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ ਜਿੱਤ ਕੇ ਨਾ ਸਿਰਫ਼ ਇਤਿਹਾਸ ਨੂੰ ਦੁਹਰਾਇਆ ਹੈ, ਸਗੋਂ ਦੇਸ਼ ਦੇ ਗੁਜਰਾਤ ਦੇ ਅਹਿਮਦਾਬਾਦ 'ਚ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਨਿਊਜ਼ੀਲੈਂਡ ਨੂੰ ਇਕਪਾਸੜ ਮੈਚ ਵਿਚ ਹਰਾ ਕੇ ਕਈ ਰਿਕਾਰਡ ਵੀ ਸਥਾਪਤ ਕੀਤੇ। ਪਿਛਲੇ ਕੁਝ ਸਾਲਾਂ ਤੋਂ ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕ੍ਰਿਕਟ ਜਗਤ ਵਿਚ ਆਪਣਾ ਦਬਦਬਾ ਬਣਾਇਆ ਹੋਇਆ ਹੈ ਅਤੇ ਮੌਜੂਦਾ ਵਿਸ਼ਵ ਕੱਪ ਵਿਚ ਵੀ ਭਾਰਤੀ ਟੀਮ ਨੇ ਲੀਗ ਮੈਚਾਂ ਤੋਂ ਲੈ ਕੇ ਸੁਪਰ-8, ਸੈਮੀਫਾਈਨਲ ਤੇ ਫਾਈਨਲ ਤੱਕ ਦੇ ਸਫ਼ਰ ਵਿਚ ਇਕ ਦੱਖਣੀ ਅਫਰੀਕਾ ਨੂੰ ਛੱਡ ਕੇ ਬਾਕੀ ਸਭ ਟੀਮਾਂ ਨੂੰ ਹਰਾਇਆ ਹੈ। ਲੀਗ ਮੈਚਾਂ ਵਿਚ ਭਾਰਤੀ ਟੀਮ ਨੇ ਆਪਣੇ ਚਰਚਿਤ ਮੁਕਾਬਲੇਬਾਜ਼ ਪਾਕਿਸਤਾਨ ਨੂੰ ਹਰਾ ਕੇ ਦੇਸ਼ ਨੂੰ ਪਹਿਲਾ ਤੋਹਫ਼ਾ ਦਿੱਤਾ ਸੀ।
ਭਾਰਤੀ ਟੀਮ ਨੇ ਟੀ-20 ਖ਼ਿਤਾਬ ਨੂੰ ਕੁੱਲ ਤਿੰਨ ਵਾਰ ਤੇ ਲਗਾਤਾਰ ਦੂਜੀ ਵਾਰ ਜਿੱਤ ਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ। ਵਿਸ਼ਵ ਕੱਪ ਦੇ ਮੈਚਾਂ ਵਿਚ ਮੇਜ਼ਬਾਨ ਦੇ ਤੌਰ 'ਤੇ ਵੀ ਟਰਾਫ਼ੀ ਜਿੱਤਣ ਵਾਲਾ ਭਾਰਤ ਪਹਿਲਾ ਦੇਸ਼ ਬਣਾ ਗਿਆ ਹੈ। ਸਾਲ 2024 ਵਿਚ ਇਹ ਖ਼ਿਤਾਬ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਜਿੱਤਿਆ ਗਿਆ ਸੀ। ਇਸ ਤੋਂ ਪਹਿਲਾਂ ਸਾਲ 2007 ਵਿਚ 'ਕੈਪਟਨ ਕੂਲ' ਵਜੋਂ ਜਾਣੇ ਜਾਂਦੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਭਾਰਤੀ ਟੀਮ ਨੇ ਇਸ ਕੱਪ 'ਤੇ ਕਬਜ਼ਾ ਕੀਤਾ ਸੀ। ਇਸ ਤੋਂ ਇਲਾਵਾ 1983 ਅਤੇ 2011 ਵਿਚ ਇਕ ਦਿਨਾ ਵਿਸ਼ਵ ਕੱਪ 'ਚ ਵੀ ਭਾਰਤ ਚੈਂਪੀਅਨ ਰਿਹਾ ਸੀ। 2025 ਦਾ ਇਕ ਦਿਨਾ ਮਹਿਲਾ ਵਿਸ਼ਵ ਕੱਪ, ਮਹਿਲਾ ਅੰਡਰ-19 ਵਿਸ਼ਵ ਕੱਪ-2025, ਬਲਾਈਂਡ ਮਹਿਲਾ ਵਿਸ਼ਵ ਕੱਪ-2025 ਅਤੇ ਅੰਡਰ-19 ਪੁਰਸ਼ ਵਿਸ਼ਵ ਕੱਪ ਜਿੱਤਣ ਦਾ ਮਾਣ ਵੀ ਭਾਰਤ ਕੋਲ ਹੀ ਹੈ। ਲੰਘੇ ਐਤਵਾਰ ਖੇਡੇ ਗਏ ਫਾਈਨਲ ਮੈਚ ਵਿਚ ਹਾਲਾਂਕਿ ਭਾਰਤੀ ਟੀਮ ਟਾਸ ਹਾਰ ਗਈ ਸੀ, ਪਰ ਨਿਊਜ਼ੀਲੈਂਡ ਵਲੋਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਭਾਰਤੀ ਟੀਮ ਲਈ ਬੱਦਲਾਂ 'ਚੋਂ ਚੰਨ ਦਿਸਣ ਵਾਂਗ ਸਾਬਿਤ ਹੋਇਆ ਅਤੇ ਭਾਰਤ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ 255 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਭਾਰਤੀ ਟੀਮ ਇਸ ਟੂਰਨਾਮੈਂਟ 'ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਸੀ ਤੇ ਉਸ ਨੇ ਕਈ ਵਾਰ 200 ਤੋਂ ਉੱਪਰ ਦੌੜਾਂ ਵੀ ਬਣਾਈਆਂ। ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 47 ਦੌੜਾਂ 'ਤੇ 3 ਵਿਕਟਾਂ ਗੁਆ ਕੇ ਮਾਨਸਿਕ ਦਬਾਅ 'ਚ ਘਿਰ ਗਈ, ਜਿਸ ਕਾਰਨ ਉਹ ਸਿਰਫ਼ 159 ਦੌੜਾਂ 'ਤੇ ਹੀ ਸਿਮਟ ਕੇ ਰਹਿ ਗਈ। ਮੌਜੂਦਾ ਟੂਰਨਾਮੈਂਟ ਦੇ ਸਾਰੇ ਮੈਚਾਂ ਦੌਰਾਨ 5 ਵਾਰ 253 ਤੋਂ 260 ਤੱਕ ਸਰਬੋਤਮ ਦੌੜਾਂ ਬਣਾਉਣ ਵਾਲੀਆਂ ਪੰਜ ਟੀਮਾਂ 'ਚੋਂ ਤਿੰਨ ਵਾਰ ਦਾ ਸਕੋਰ ਭਾਰਤੀ ਟੀਮ ਦਾ ਹੀ ਰਿਹਾ ਹੈ।
ਭਾਰਤੀ ਟੀਮ ਦੀ ਮੌਜੂਦਾ ਜਿੱਤ ਵਿਚ ਬੇਸ਼ੱਕ ਸਭ ਖਿਡਾਰੀਆਂ ਨੇ ਆਪਣੇ-ਆਪਣੇ ਪੱਧਰ 'ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਪਰ 4 ਮੈਚਾਂ ਵਿਚ ਬਾਹਰ ਬੈਠਣ ਤੋਂ ਬਾਅਦ ਟੀਮ 'ਚ ਆਉਣ ਵਾਲੇ ਸਲਾਮੀ ਬੱਲੇਬਾਜ਼ ਤੇ ਵਿਕਟ ਕੀਪਰ ਸੰਜੂ ਸੈਮਸਨ ਨੇ ਸੁਪਰ-8, ਸੈਮੀਫਾਈਨਲ ਤੇ ਫਾਈਨਲ ਵਿਚ ਸ਼ਾਨਦਾਰ ਪਾਰੀਆਂ ਖੇਡੀਆਂ। ਗੇਂਦਬਾਜ਼ ਜਸਪ੍ਰੀਤ ਬੁਮਰਾਹ ਤਾਂ ਹੈ ਹੀ ਮੈਚ ਜਿਤਾਉਣ ਵਾਲਾ ਖਿਡਾਰੀ, ਕਿਉਂਕਿ ਜਦੋਂ ਵੀ ਟੀਮ ਨੂੰ ਲੋੜ ਹੁੰਦੀ ਹੈ ਤਾਂ ਉਹ ਵਿਕਟ ਝਟਕਾਉਣ 'ਚ ਜ਼ਰੂਰ ਸਫ਼ਲ ਹੁੰਦਾ ਹੈ। ਕਪਤਾਨ ਸੂਰਿਆ ਕੁਮਾਰ ਯਾਦਵ ਨੇ ਉਸ ਨੂੰ 'ਰਾਸ਼ਟਰੀ ਖਿਡਾਰੀ' ਦੇ ਖ਼ਿਤਾਬ ਨਾਲ ਨਿਵਾਜਿਆ ਹੈ। ਈਸ਼ਾਨ ਕਿਸ਼ਨ, ਸ਼ਿਵਮ ਦੂਬੇ, ਤਿਲਕ ਵਰਮਾ ਤੇ ਹਾਰਦਿਕ ਪਾਂਡਿਆ ਵੀ ਕਿਸੇ ਨਾ ਕਿਸੇ ਮੌਕੇ ਮੈਚਾਂ ਨੂੰ ਆਪਣੇ ਸਹਾਰੇ ਅੱਗੇ ਵਧਾਉਂਦੇ ਰਹੇ। ਫਾਈਨਲ ਵਿਚ ਅਭਿਸ਼ੇਕ ਸ਼ਰਮਾ ਵਲੋਂ ਕੀਤੀ ਗਈ ਸ਼ਾਨਦਾਰ ਸ਼ੁਰੂਆਤ ਦੀ ਨੀਂਹ 'ਤੇ ਹੀ ਭਾਰਤ ਨੇ ਵਿਸ਼ਾਲ ਦੌੜਾਂ ਦਾ ਪਹਾੜ ਖੜ੍ਹਾ ਕੀਤਾ। ਸਭ ਤੋਂ ਵੱਡੀ ਗੱਲ ਇਹ ਕਿ ਜਦ ਵੀ ਲੋੜ ਪਈ ਸੂਰਿਆ ਕੁਮਾਰ ਨੇ ਕਪਤਾਨੀ ਦੀ ਚੰਗੀ ਪੇਸ਼ਕਾਰੀ ਕੀਤੀ ਹੈ।
ਭਾਰਤੀ ਟੀਮ ਦੀ ਜਿੱਤ ਦੇ ਕਾਰਨਾਂ 'ਚ ਪਾਵਰ-ਪਲੇਅ ਵਿਚ ਸਰਬੋਤਮ 92 ਦੌੜਾਂ ਬਣਾਉਣੀਆਂ ਤੇ ਕੀਵੀਆਂ ਦੁਆਰਾ ਇਸੇ ਕਾਲ 'ਚ 47 ਦੌੜਾਂ 'ਤੇ 3 ਵਿਕਟਾਂ ਗੁਆ ਦੇਣਾ ਮੁੱਖ ਹਨ। ਇਸ ਤੋਂ ਬਾਅਦ ਨਿਊਜ਼ੀਲੈਂਡ ਫਿਰ ਪੂਰੇ ਮੈਚ ਤੱਕ ਨਹੀਂ ਉੱਭਰ ਸਕਿਆ। ਭਾਰਤੀ ਖਿਡਾਰੀਆਂ ਵਲੋਂ ਦੋ ਕੈਚ ਛੱਡਣ ਦੇ ਬਾਵਜੂਦ ਸਭ ਖਿਡਾਰੀ ਬਿਹਤਰ ਪ੍ਰਦਰਸ਼ਨ ਕਰਦੇ ਰਹੇ। ਭਾਰਤੀ ਟੀਮ ਨੇ 18 ਛੱਕੇ ਤੇ 19 ਚੌਕੇ ਲਗਾਏ, ਜਦਕਿ ਕੀਵੀ 9 ਛੱਕੇ ਤੇ 8 ਚੌਕੇ ਹੀ ਲਾ ਸਕੇ। ਇਸ ਤਰ੍ਹਾਂ ਨਿਊਜ਼ੀਲੈਂਡ ਦੀਆਂ ਕੁੱਲ 159 ਦੌੜਾਂ ਤੋਂ ਵੱਧ 184 ਦੌੜਾਂ ਤਾਂ ਭਾਰਤੀ ਟੀਮ ਨੇ ਬਾਊਂਡਰੀ ਤੋਂ ਹੀ ਹਾਸਿਲ ਕਰ ਲਈਆਂ ਸਨ। ਨਿਊਜ਼ੀਲੈਂਡ ਦੀ ਇਸ ਕਰਾਰੀ ਹਾਰ ਦਾ ਇਕ ਵੱਡਾ ਕਾਰਨ ਭਾਰਤੀ ਸਲਾਮੀ ਜੋੜੀ ਦੀ ਵਿਸਫੋਟਕ ਬੱਲੇਬਾਜ਼ੀ ਰਹੀ, ਜਿਸ ਕਾਰਨ ਵਿਰੋਧੀ ਟੀਮ ਮਾਨਸਿਕ ਦਬਾਅ ਤੇ ਤਣਾਅ 'ਚ ਆ ਗਈ ਸੀ।
ਕੁੱਲ ਮਿਲਾ ਕੇ ਭਾਰਤ ਹੁਣ ਤੱਕ ਸੱਤ ਵੱਡੇ ਵਿਸ਼ਵ ਖ਼ਿਤਾਬ ਆਪਣੇ ਨਾਂਅ ਕਰ ਚੁੱਕਾ ਹੈ। ਇਕ ਵਾਰ ਇਸ ਨੂੰ ਸਾਂਝੇ ਰੂਪ 'ਚ ਜੇਤੂ ਹੋਣ ਦਾ ਮਾਣ ਪ੍ਰਾਪਤ ਹੈ। ਕ੍ਰਿਕਟ ਨੂੰ ਗੋਰਿਆਂ ਦੀ ਧਰਤੀ 'ਤੇ ਸ਼ੁਰੂ ਹੋਈ ਖੇਡ ਕਿਹਾ ਜਾਂਦਾ ਹੈ, ਪਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਭਾਰਤ ਨੇ ਇੰਗਲੈਂਡ ਨੂੰ ਵੀ ਹਰਾ ਦਿੱਤਾ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਵਲੋਂ ਕਿਹਾ ਜਾਂਦਾ ਸੀ, 'ਅਸੀਂ ਇਤਿਹਾਸ ਦੁਹਰਾਵਾਂਗੇ-ਅਸੀਂ ਇਤਿਹਾਸ ਹਰਾਵਾਂਗੇ।' ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਕਈ ਰਿਕਾਰਡ ਬਣਾਏ, ਜਿਨ੍ਹਾਂ 'ਤੇ ਇਤਿਹਾਸ ਲੰਬੇ ਸਮੇਂ ਤੱਕ ਮਾਣ ਕਰੇਗਾ। ਇਸ ਸ਼ਾਨਦਾਰ ਜਿੱਤ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ। ਦੇਸ਼ ਦੇ ਕ੍ਰਿਕਟ ਖਿਡਾਰੀ ਅਤੇ ਕ੍ਰਿਕਟ ਪ੍ਰੇਮੀ ਵੀ ਇਸ ਜਿੱਤ ਲਈ ਵਧਾਈ ਦੇ ਪਾਤਰ ਹਨ।
ਭਾਰਤੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ
ਅਜੀਤ ਡੈਸਕ
10-03-2026